ਮਾਂ | maa

ਰਮੇਸ਼ ਦਾ ਬਿਜ਼ਨਸ ਲਗਾਤਾਰ ਘਾਟੇ ਵਿੱਚ ਜਾ ਰਿਹਾ ਸੀ। ਸੋਚਾਂ ਤੇ ਫਿਕਰਾਂ ਨੇ ਉਸ ਨੂੰ ਪ੍ਰੇਸ਼ਾਨ ਕਰ ਛੱਡਿਆ ਸੀ। ਇਸੇ ਕਾਰਨ ਉਹ ਬਿਮਾਰ ਵੀ ਰਹਿਣ ਲੱਗਾ ਸੀ। ਦਵਾਈਆਂ ‘ਤੇ ਬਹੁਤ ਖਰਚ ਆਉਣ ਲੱਗ ਗਿਆ। ਉਸ ਨੇ ਬਿਜ਼ਨਸ ਸੰਭਾਲਣ ਲਈ ਹਰ ਕੋਸ਼ਿਸ਼ ਕੀਤੀ,ਪਰ ਸਭ ਵਿਆਰਥ।ਹਾਰ ਕੇ ਉਸ ਨੇ ਪਰਮਾਤਮਾ ਦਾ ਲੜ ਫੜ ਲਿਆ। ਰੱਬ ਅੱਗੇ ਅਰਦਾਸਾਂ ਕੀਤੀਆਂ, ਚੜਾਵੇ ਚੜਾਏ।ਘਰ ਪਾਠ ਕਰਵਾਇਆ,ਲੰਗਰ ਲਗਾਇਆ, ਗਰੀਬਾਂ ਨੂੰ ਦਾਨ ਵੀ ਕੀਤਾ,ਪਰ ਰੱਬ ਤਾਂ ਖੁਸ਼ ਹੀ ਨਹੀਂ ਸੀ ਹੋ ਰਿਹਾ। ਆਖਿਰ ਉਹ ਕਰੇ ਤਾਂ ਕੀ ਕਰੇ, ਉਸ ਨੂੰ ਸਮਝ ਨਹੀਂ ਸੀ ਆ ਰਹੀ ਰੱਬ ਨੂੰ ਕਿਵੇਂ ਖੁਸ਼ ਕਰੇ ਕਿ ਰੱਬ ਪੂਰੀ ਤਰ੍ਹਾਂ ਉਸ ਤੇ ਮੇਹਰਬਾਨ ਹੋ ਜਾਵੇ, ਉਹ ਹਰ ਵੇਲੇ ਇਵੇਂ ਹੀ ਸੋਚਦਾ ਰਹਿੰਦਾ।
ਅੱਜ ਬੈਂਡ ਤੇ ਪਿਆ ਸੋਚਾਂ ਸੋਚਦਿਆਂ ਅਚਾਨਕ ਹੀ ਰਮੇਸ਼ ਨੂੰ ਮਾਂ ਦਾ ਖਿਆਲ ਆ ਗਿਆ। “ਮਾਂ ਨੂੰ ਮਿਲਿਆਂ ਵੀ ਦੋ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਕਿਉਂ ਨਾ ਇੱਕ ਵਾਰ ਮਾਂ ਵੱਲ ਗੇੜਾ ਮਾਰ ਆਵਾਂ।” ਸੋਚਦਿਆਂ ਹੀ ਉਸ ਨੇ ਪਤਨੀ ਤੇ ਬੱਚਿਆਂ ਨੂੰ ਕੁਝ ਦਿਨ ਪਿੰਡ ਜਾ ਕੇ ਰਹਿਣ ਵਾਸਤੇ ਤਿਆਰ ਹੋਣ ਲਈ ਕਿਹਾ,ਪਰ ਪਤਨੀ ਨੇ ਕਈ ਕੰਮਾਂ ਦੀ ਲਿਸਟ ਗਿਣਾਉਂਦਿਆਂ ਕਿਹਾ ਕਿ ‘ਬੱਚਿਆਂ ਦੇ ਸਕੂਲ ਐਗਜਾਮ ਹਨ, ਵੈਸੇ ਵੀ ਉੱਥੇ ਤਾਂ ਬੈਠਣ ਲਈ ਵੀ ਥਾਂ ਨਹੀਂ, ਰਾਤੀਂ ਕਿੱਥੇ ਸੌਵਾਗੇ?’ ਕਹਿੰਦਿਆਂ ਉਸ ਨੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਖੈਰ! ਉਹ ਉੱਠ ਕੇ ਇਕੱਲਾ ਹੀ ਤਿਆਰ ਹੇਇਆ ਤੇ ਪਿੰਡ ਤੁਰ ਪਿਆ। ਉਹ ਸੋਚਣ ਲੱਗਾ ” ਪਤਾ ਨਹੀਂ ਮਾਂ ਕਿਵੇਂ ਹੋਵੇਗੀ ? ਉਸ ਨੂੰ ਵੇਖ ਕੇ ਕਿੱਧਰੇ ਨਰਾਜ਼ ਹੀ ਨਾਂ ਹੋ ਜਾਵੇ। ਪਿਛਲੇ ਏਨੇ ਸਮੇਂ ਤੋਂ ਉਹ ਮਾਂ ਕੋਲ ਨਹੀਂ ਜਾ ਸਕਿਆ।ਇਸ ਲਈ ਕਿੱਧਰੇ ਉਹ ਗਿਲੇ ਸ਼ਿਕਵੇ ਈ ਨਾਂ ਕਰਨ ਬਹਿ ਜਾਵੇ। ਚਲੋ ਜੋ ਵੀ ਹੋਇਆਦੇਖਿਆ ਜਾਵੇਗਾ। ਮਾਂ ਨੂੰ ਮਿਲ ਕੇ ਉਹ ਬੱਸ ਸਵੇਰੇ ਹੀ ਵਾਪਿਸ ਆ ਜਾਵੇਗਾ।” ਉਸ ਨੂੰ ਖਿਆਲ ਆਇਆ ਕਿ ਪਿਤਾ ਜੀ ਦੀ ਮੌਤ ਮਗਰੋਂ ਉਸ ਨੇ ਸਾਰੇ ਘਰ ਦਾ ਝੱਟ ਹੀ ਸੌਦਾ ਕਰ ਲਿਆ ਸੀ। ਬੱਸ ਮਾਂ ਜੋਗਾ ਇੱਕ ਛੋਟਾ ਜਿਹਾ ਕਮਰਾ ਤੇ ਬਾਥਰੂਮ ਹੀ ਛੱਡਿਆ। ਮਾਂ ਨੇ ਬੜੇ ਤਰਲੇ ਕੱਢੇ “ਵੇ ਮੇਰੇ ਮਰਨ ਪਿੱਛੋਂ ਵੇਚੀ। ਅਜੇ ਰਹਿਣ ਦੇ।” ਪਰ ਉਸ ਨੇ ਤਰਕ ਦਿੱਤਾ ਸੀ, ‘ਮਾਂ ਏਨੇ ਵੱਡੇ ਘਰ ਵਿੱਚ ਇਕੱਲੀ ਕੀ ਕਰੇਂਗੀ? ਸਾਫ – ਸਫ਼ਾਈ ਵੀ ਤਾਂ ਔਖੀ ਹੈ’ ਤੇ ਉਨ੍ਹਾਂ ਦੋਵਾਂ ਜੀਆਂ ਨੇ ਉੱਪਰਲੇ ਮਨੋਂ ਮਾਂ ਨੂੰ ਉਨ੍ਹਾਂ ਦੇ ਨਾਲ ਸ਼ਹਿਰ ਚੱਲ ਕੇ ਰਹਿਣ ਲਈ ਕਿਹਾ ਸੀ, ਪਰ ਘਰ ਦੇ ਮੋਹ ਕਾਰਨ ਮਾਂ ਨੇ ਇਨਕਾਰ ਕਰ ਦਿੱਤਾ ਸੀ ਤੇ ਦੋਵੇਂ ਮਨ ਈ ਮਨ ਖੁਸ਼ ਹੋ ਗਏ ਸਨ।
ਪਿੰਡ ਪਹੁੰਚਦਿਆਂ ਉਹ ਹੈਰਾਨ ਰਹਿ ਗਿਆ । ਮਾਂ ਬੁਖਾਰ ਨਾਲ ਤਪਦੀ ਤੜਫ ਰਹੀ ਸੀ। ਕੋਲ ਉਹਨਾਂ ਦੀ ਗੁਆਂਢਣ ਬੈਠੀ ਸੀ। ਰਮੇਸ਼ ਨੂੰ ਵੇਖਦਿਆਂ ਹੀ ਉਹ ਬੋਲੀ , “ਹਾਏ ਵੇ ਰਮੇਸ਼,ਵੇ ਤੈਨੂੰ ਖ਼ਿਆਲ ਆ ਗਿਆ ਮਾਂ ਦਾ? ਕਿੱਥੇ ਰਿਹਾ ਤੂੰ ਏਨੀ ਦੇਰ? ਵੇਖ ਤੇਰੀ ਉਡੀਕ ਵਿੱਚ ਰੋ- ਰੋ ਕੇ ਤਾਂ ਇਸ ਨੇ ਆਪਣੀਆਂ ਅੱਖਾਂ ਦੀ ਅੱਧੀ ਜੋਤੀ ਵੀ ਗੁਆ ਲਈ। ਵੇਖ ਕਿਵੇਂ ਤੜਫ਼ਦੀ ਪਈ ਊ। ਰੱਬ ਦਾ ਲੱਖ-ਲੱਖ ਸ਼ੁਕਰ ਏ ਤੂੰ ਅੱਜ ਆ ਗਿਆ। ਲੈ ਸਾਂਭ ਆਪਣੀ ਮਾਂ ਨੂੰ ! ”
ਰਮੇਸ਼ ਨੇ ਵੇਖਿਆ ਮਾਂ ਬੇਹੋਸ਼ੀ ਜਿਹੀ ਦੀ ਹਾਲਤ ਵਿੱਚ ਵੀ ਉਸ ਦਾ ਈ ਨਾਂ ਲੈ ਰਹੀ ਸੀ। ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਅੰਤਰ- ਆਤਮਾ ਜਿਵੇਂ ਉਸ ਨੂੰ ਝੰਜੋੜਨ ਲੱਗੀ। ਮਕਾਨ ਵੇਚ ਕੇ ਲੱਖਾਂ ਰੁਪਏ ਤਾਂ ਉਹ ਝੱਟ ਲੈ ਉੱਡਿਆ ਤੇ ਜਾਂਦਿਆਂ ਹੀ ਬਿਜ਼ਨਸ ਵਿਚ ਲਗਾ ਦਿੱਤੇ,ਪਰ ਮਾਂ ਨੂੰ ਮੁੜ ਕੇ ਵੇਖਿਆ ਵੀ ਨਹੀਂ। ਬੱਸ ਉਸ ਮਗਰੋਂ ਕੁਝ ਦੇਰ ਉਹ ਮਾਂ ਵੱਲ ਆਉਂਦਾ ਰਿਹਾ ਅਤੇ ਫਿਰ ਗੁੰਮ ਹੋ ਗਿਆ, ਆਪਣੀ ਸ਼ਾਹੀ ਜ਼ਿੰਦਗੀ ਵਿੱਚ। ਬੇਸ਼ੱਕ ਵਿਆਹ ਮਗਰੋਂ ਉਸ ਦੇ ਪਤਨੀ ਅਤੇ ਬੱਚਿਆਂ ਪ੍ਰਤੀ ਕੁਝ ਫ਼ਰਜ਼ ਸਨ , ਪਰ ਮਾਂ ਨੂੰ ਉਹ ਕਿਵੇਂ ਭੁੱਲ ਗਿਆ? ਏਨਾ ਬੇਰਹਿਮ ਕਿਵੇਂ ਹੋ ਗਿਆ ਉਹ? ਕਿਨ੍ਹਾਂ ਦੁੱਖ ਦਿੱਤਾ ਉਸ ਨੇ ਮਾਂ ਨੂੰ? ਉਸ ਤੇ ਰੱਬ ਭਲਾ ਕਿਵੇਂ ਖੁਸ਼ ਹੁੰਦਾ, ਜਿਸ ਦੀ ਮਾਂ ਹੀ ਦੁੱਖੀ ਹੈ।” ਉਸ ਦੀ ਅੰਤਰ- ਆਤਮਾ ਨੇ ਉਸ ਨੂੰ ਲਾਹਣਤ ਪਾਈ। ਪਰ ਸ਼ੁਕਰ ਹੈ ਸਮੇ ਸਿਰ ਰੱਬ ਨੇ ਮੈਨੂੰ ਇੱਧਰ ਘੱਲ ਦਿੱਤਾ। ਉਹ ਪਸ਼ਚਾਤਾਪ ਕਰਦਾ ਰੱਬ ਦਾ ਧੰਨਵਾਦ ਕਰਨ ਲੱਗਾ।
ਉਸ ਨੇ ਬਿਨਾਂ ਦੇਰ ਕੀਤੇ ਮਾਂ ਨੂੰ ਸ਼ਹਿਰ ਲਿਜਾ ਕੇ ਵੱਡੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਹਸਪਤਾਲ ਵਿੱਚ ਜਦ ਮਾਂ ਨੂੰ ਹੋਸ਼ ਆਇਆ ਤਾਂ ਰਮੇਸ਼ ਨੂੰ ਦੇਖਦਿਆਂ ਹੀ ਉਹ ਚੀਕ ਕੇ ਰੋ ਪਈ,”ਹਾਏ ਵੇ ਮੇਰੇ ਰਮੇਸ਼ ਪੁੱਤ ਤੈਨੂੰ ਖ਼ਿਆਲ ਆ ਗਿਆ ਮਾਂ ਦਾ? ਵੇ ਮੈਨੂੰ ਤਾਂ ਲੱਗਦਾ ਸੀ ਹੁਣ ਤੈਨੂੰ ਦੇਖੇ ਬਿਨਾਂ ਹੀ ਮਰ ਜਾਵਾਂਗੀ।” “ਨਾਂ ਮਾਂ, ਇਵੇਂ ਦੀਆਂ ਗੱਲਾਂ ਨਾਂ ਕਰ। ਹੁਣ ਤੂੰ ਛੇਤੀ ਠੀਕ ਹੋ ਜਾਣਾ ਏ।” ਰਮੇਸ਼ ਨੇ ਮਾਂ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ।
ਕੁਝ ਦਿਨ ਹਸਪਤਾਲ ਰਹਿਣ ਮਗਰੋਂ ਮਾਂ ਦੀ ਤਬੀਅਤ ਕੁਝ ਠੀਕ ਹੋ ਗਈ। ਰਮੇਸ਼ ਨੇ ਪਤਨੀ ਤੇ ਬੱਚਿਆਂ ਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ ਬਈ ਮੈਂ ਮਾਂ ਨੂੰ ਘਰ ਲੈ ਕੇ ਆ ਰਿਹਾ ਹਾਂ। ਕਿਸੇ ਨੇ ਚੂੰ ਤੱਕ ਨਹੀਂ ਕਰਨੀ। ਮਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਬੱਚੇ ਤਾਂ ਖੁੱਸ ਹੋ ਗਏ ਕਿ ਦਾਦੀ ਆ ਰਹੀ ਹੈ। ਬੱਸ ਫਿਰ ਕੀ ਸੀ? ਮਹੀਨੇ ਭਰ ਵਿੱਚ ਹੀ ਸੇਵਾ-ਟਹਿਲ ਤੇ ਸਭ ਦੇ ਪਿਆਰ ਨਾਲ ਮਾਤਾ ਨੌ ਬਰ ਨੌ ਹੋ ਗਈ। ਹੁਣ ਸਵੇਰੇ ਹਰ ਰੋਜ਼ ਕੰਮ ਤੇ ਜਾਣ ਤੋਂ ਪਹਿਲਾਂ ਰਮੇਸ਼ ਮਾਂ ਦੇ ਪੈਰੀਂ ਹੱਥ ਲਗਾਉਂਦਾ ਤਾਂ ਮਾਂ ਅਸੀਸਾਂ ਦੀ ਝੜੀ ਲਗਾ ਦਿੰਦੀ। ਰਮੇਸ਼ ਦਾ ਬਿਜ਼ਨਸ ਹੌਲੀ -ਹੌਲੀ ਵਧਣ ਫੁੱਲਣ ਲੱਗਾ। ਰਮੇਸ਼ ਨੂੰ ਹੁਣ ਸਮਝ ਆਈ ਕਿ ਰੱਬ ਦਾ ਦੂਜਾ ਰੂਪ ਤਾਂ ਮਾਂ ਹੈ। ਮਾਂ ਖ਼ੁਸ਼ ਤਾਂ ਰੱਬ ਖ਼ੁਸ਼ ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ. ਏ, ਬੀ .ਐੱਡ। ਫਿਰੋਜ਼ਪੁਰ ਸ਼ਹਿਰ ।

Leave a Reply

Your email address will not be published. Required fields are marked *