ਰਹਿਮਤ ਦਾ ਦਰ 1 | rehmat da dar 1

ਇਹ 1990 ਦੇ ਨੇੜੇ ਤੇੜੇ ਦੀ ਗੱਲ ਹੈ। ਪਿੰਡ ਬਾਦਲ ਦੇ ਨੇੜਲੇ ਪਿੰਡ ਦਾ ਇੱਕ ਸਰਦਾਰ ਆਪਣੀਆਂ ਦੋ ਤਿੰਨ ਬੇਟੀਆਂ ਦਾ ਦਾਖਿਲਾ ਕਰਾਉਣ ਮੇਰੇ ਕੋਲੇ ਬਾਦਲ ਸਕੂਲ ਆਇਆ। ਇਸ ਸਿਲਸਿਲੇ ਵਿੱਚ ਉਹ ਮੈਨੂੰ ਦੋ ਤਿੰਨ ਵਾਰ ਪਹਿਲਾਂ ਦਫਤਰ ਚ ਮਿਲਿਆ ਵੀ ਸੀ। ਬੱਚਿਆਂ ਦਾ ਦਾਖਿਲਾ ਟੈਸਟ ਹੋਇਆ ਤੇ ਦਾਖਿਲਾ ਵੀ ਹੋ ਗਿਆ। ਉਹ ਮੇਰਾ ਦਿਲੀ ਧੰਨਵਾਦ ਕਰਨ ਤੋਂ ਬਾਅਦ ਵੀ ਉਹ ਮੇਰੇ ਦਫਤਰ ਵਿੱਚ ਬੈਠਾ ਰਿਹਾ। ਮੌਕਾ ਜਿਹਾ ਵੇਖਕੇ ਉਸਨੇ ਮੇਰੀ ਮੁੱਠੀ ਵਿੱਚ ਪੰਜ ਪੰਜ ਸੌ ਦੇ ਕੁਝ ਨੋਟ ਸ਼ੁਕਰਾਨੇ ਵਜੋਂ ਫੜਾਉਣ ਦੀ ਕੋਸ਼ਿਸ਼ ਕੀਤੀ। ਅਖੇ ਇਹ ਬੱਚਿਆਂ ਦੀ ਮਿਠਾਈ ਵਾਸਤੇ ਹਨ। ਮੈਂ ਨਿਮਰਤਾ ਪੂਰਵਕ ਉਸ ਦੀ ਇਹ ਆਫ਼ਰ ਠੁਕਰਾ ਦਿੱਤੀ। ਉਸ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਉਹ ਵੀ ਸੰਤਮਤ ਦਾ ਪੁਜਾਰੀ ਸੀ। ਮੇਰਾ ਪਰਿਵਾਰ ਵੀ ਸੰਤਮਤ ਦਾ ਧਾਰਨੀ ਸੀ। ਸੋ ਮੈਨੂੰ ਅਪਣੱਤ ਜਿਹੀ ਮਹਿਸੂਸ ਹੋਈ। ਓਹਨਾ ਲੜਕੀਆਂ ਦਾ ਫੁਫੜ ਡੇਰੇ ਦੇ ਪ੍ਰਬੰਧਕਾਂ ਵਿਚੋਂ ਇੱਕ ਸੀ ਤੇ ਮਹਾਰਾਜ ਜੀ ਦੀ ਗੱਡੀ ਵੀ ਚਲਾਉਂਦਾ ਸੀ। ਖੈਰ ਉਸ ਸਰਦਾਰ ਨੇ ਮੇਰੇ ਅਤੇ ਬਾਦਲ ਸਕੂਲ ਬਾਰੇ ਉਸ ਪ੍ਰਬੰਧਕ ਕੋਲ ਗੱਲ ਕੀਤੀ। ਕੁਝ ਦਿਨਾਂ ਬਾਅਦ ਹੀ ਉਸ ਪ੍ਰਬੰਧਕ ਨੇ ਵੀ ਆਪਣੀ ਲੜਕੀ ਦਾ ਦਾਖਿਲਾ ਵੀ ਬਾਦਲ ਸਕੂਲ ਵਿੱਚ ਕਰਵਾ ਦਿੱਤਾ । ਇਸ ਤਰਾਂ ਨਾਲ ਮੇਰੀ ਉਸ ਪ੍ਰਬੰਧਕ ਨਾਲ ਵੀ ਪੂਰੀ ਜਾਣ ਪਹਿਚਾਣ ਹੋ ਗਈ। ਸ਼ਾਇਦ ਇਹ ਮੇਰਾ ਕੋਈਂ ਇਮਤਿਹਾਨ ਸੀ। ਫਿਰ ਕੁਝ ਕੁ ਦਿਨਾਂ ਬਾਅਦ ਹੀ ਮੈਨੂੰ ਬਾਈ ਮੋਹਨ ਲਾਲ ਜੀ ਤੇ ਬਾਈ ਮਿੱਠੂ ਸਿੰਘ ਜੀ ਮਿਲੇ ਅਤੇ ਉਹਨਾਂ ਨੇ ਮੇਰੇ ਨਾਲ ਵੱਡੀ ਸਹਿਯਾਦੀ ਭੈਣ ਦੇ ਦਾਖਿਲੇ ਦੀ ਗੱਲ ਕੀਤੀ ਅਤੇ ਮੈਨੂੰ ਇਸ ਬਾਰੇ ਪੂਰਾ ਪਰਦਾ ਰੱਖਣ ਲਈ ਵੀ ਆਖਿਆ ਗਿਆ। ਨਿਰਧਾਰਿਤ ਦਿਨ ਨੂੰ ਪੂਰਾ ਸ਼ਾਹੀ ਪਰਿਵਾਰ ਸਕੂਲ ਵਿੱਚ ਭੈਣ ਦਾ ਦਾਖਿਲਾ ਕਰਾਉਣ ਆਇਆ। ਬਾਪੂ ਜੀ, ਵੱਡੇ ਮਾਤਾ ਜੀ ਛੋਟੇ ਮਾਤਾ ਜੀ ਅਤੇ ਨਾਲ ਬਾਈ ਮੋਹਨ ਲਾਲ ਤੇ ਬਾਈ ਮਿੱਠੂ ਸਿੰਘ ਜੀ ਸਨ। ਭੈਣ ਨੂੰ ਬਾਦਲ ਹੋਸਟਲ ਛੱਡ ਦਿੱਤਾ ਗਿਆ। ਕੁਝ ਕੁ ਦਿਨ ਭੈਣ ਨੇ ਜੀਅ ਨਾ ਲਗਾਇਆ ਤੇ ਫਿਰ ਹੋਲੀ ਹੋਲੀ ਉਹ ਸਭ ਵਿੱਚ ਮਿਕਸ ਹੋ ਗਈ। ਮੈਂ ਉਸਦੀ ਪੜ੍ਹਾਈ ਦਾ ਖਿਆਲ ਰੱਖਦਾ ਤੇ ਕਦੇ ਉਸ ਲਈ ਘਰੋਂ ਉਚੇਚੀ ਸਬਜ਼ੀ ਬਣਾਕੇ ਲਿਜਾਂਦਾ। ਬਾਕੀ ਕਿਸੇ ਛੁੱਟੀ ਵਾਲੇ ਦਿਨ ਉਸਨੂੰ ਆਪਣੇ ਨਾਲ ਘਰ ਵੀ ਲ਼ੈ ਆਉਂਦਾ। ਭੈਣ ਇਸ ਬਹਾਨੇ ਸਾਡੇ ਘਰ ਰਾਤ ਵੀ ਰਹਿ ਜਾਂਦੀ। ਬਹੁਤ ਵਾਰੀ ਪੂਰਾ ਸ਼ਾਹੀ ਪਰਿਵਾਰ ਆਉਂਦਾ ਜਾਂਦਾ ਆਪਣੇ ਘਰ ਆਉਂਦਾ। ਕਈ ਵਾਰੀ ਪਰਿਵਾਰ ਖਾਣਾ ਵੀ ਖਾਂਦਾ ਤੇ ਕਈ ਵਾਰੀ ਚਾਹ ਵੀ ਨਾ ਪੀਂਦੇ ਕਿਉਂਕਿ ਸ੍ਰੀ ਗੁਰੂਸਰ ਮੋੜੀਆ ਜਾਣਾ ਹੁੰਦਾ ਸੀ। ਲੰਮਾ ਸਫ਼ਰ ਜੀਪ ਤੇ ਮੌਸਮ ਅਨੁਸਾਰ ਜਾਣਾ ਔਖਾ ਹੁੰਦਾ ਸੀ। ਇੱਕ ਵਾਰੀ ਅਸੀਂ ਵੀ ਭੈਣ ਨਾਲ ਸਾਰਾ ਪਰਿਵਾਰ ਸ੍ਰੀ ਗੁਰੂਸਰ ਮੋੜੀਆ ਗਏ। ਬਾਪੂ ਜੀ, ਵੱਡੇ ਮਾਤਾ ਜੀ ਤੇ ਛੋਟੇ ਮਾਤਾ ਜੀ ਨੇ ਬਹੁਤ ਪਿਆਰ ਦਿੱਤਾ। ਭੈਣ ਕੋਈਂ ਡੇਢ ਕੁ ਸਾਲ ਬਾਦਲ ਸਕੂਲ ਰਹੀ। ਭੈਣ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਸੀ ਫਿਰ ਵੀ ਪਿਤਾ ਜੀ ਉਸਦੇ ਨੰਬਰਾਂ ਤੋਂ ਬਾਹਲੇ ਖੁਸ਼ ਨਹੀਂ ਸਨ। ਮੈਂ ਆਪਣੀਆਂ ਖਾਸ ਜਾਣਕਾਰ ਟੀਚਰਾਂ ਦੀ ਉਚੇਚੀ ਡਿਊਟੀ ਭੈਣ ਨੂੰ ਪੜ੍ਹਾਉਣ ਲਈ ਲਗਵਾਈ। ਪਿਤਾ ਜੀ ਚਾਹੁੰਦੇ ਸਨ ਕਿ ਭੈਣ ਇੱਕ ਸਾਲ ਵਿੱਚ ਦੋ ਜਮਾਤਾਂ ਪਾਸ ਕਰੇ। ਤੇ ਪਿਤਾ ਜੀ ਦੀ ਰਹਿਮਤ ਨਾਲ ਇਹੀ ਹੋਇਆ। ਦਰਬਾਰ ਤੋਂ ਵੀ ਕਈ ਵਾਰੀ ਕੋਈਂ ਨਾ ਕੋਈਂ ਜਿੰਮੇਵਾਰ ਭੈਣ ਨੂੰ ਮਿਲਣ ਆਇਆ ਰਹਿੰਦਾ। ਪ੍ਰਬੰਧਕ ਵੀ ਅਕਸਰ ਗੇੜਾ ਮਾਰਦੇ ਰਹਿੰਦੇ। ਸਕੂਲ ਦੇ ਸਲਾਨਾ ਸਮਾਰੋਹ ਚ ਵੀ ਪ੍ਰਬੰਧਕ ਸ਼ਾਮਿਲ ਹੁੰਦੇ। ਸਾਡੀ ਬਾਰ ਬਾਰ ਕੀਤੀ ਅਰਜ਼ ਨੂੰ ਮਨਜ਼ੂਰ ਕਰਦੇ ਹੋਏ ਪਿਤਾ ਜੀ ਨੇ ਸਤਾਰਾਂ ਮਈ ਉੱਨੀ ਸੋ ਤਿਰਾਸੀ ਨੂੰ ਸਾਡੇ ਘਰ ਆਪਣੇ ਪਾਵਨ ਚਰਨ ਟਿਕਾਏ। ਜਿਸ ਦਿਨ ਸਵੇਰੇ ਸਵੇਰੇ ਪਿਤਾ ਜੀ ਨੇ ਸਾਡੇ ਘਰ ਚਰਨ ਟਿਕਾਏ ਸਨ ਸਾਨੂੰ ਵੀ ਪਹਿਲਾਂ ਕੁੱਝ ਨਹੀਂ ਸੀ ਪਤਾ। ਸਭ ਕੁੱਝ ਅਚਾਨਕ ਹੀ ਹੋਇਆ। ਇਹ ਵੀ ਕੁਲ ਮਾਲਿਕ ਦਾ ਇੱਕ ਕ੍ਰਿਸ਼ਮਾ ਸੀ। ਜਦੋਂ ਵੱਡੇ ਮਾਤਾ ਜੀ ਨੂੰ ਇਸ ਅਚਾਨਕ ਫੇਰੀ ਦਾ ਪਤਾ ਲੱਗਿਆ ਤਾਂ ਇਹ ਬਹੁਤ ਖੁਸ਼ ਹੋਏ। ਓਹਨਾ ਨੇ ਮੇਰੇ ਮਾਤਾ ਜੀ ਨੂੰ ਉਚੇਚੀ ਵਧਾਈ ਦਿੱਤੀ।
ਫਕੀਰਾਂ ਦੀ ਰਮਜ਼ ਨੂੰ ਕੋਈਂ ਸਮਝ ਨਹੀਂ ਸਕਦਾ। ਇਹਨਾਂ ਦੇ ਚੋਜ ਨਿਰਾਲੇ ਹੁੰਦੇ ਹਨ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *