ਨਿਸ਼ਾਨ ਸਿੰਘ | nishan singh

ਐਤਵਾਰ ਸੀ ਸ਼ਾਇਦ ਇਸੇ ਕਰਕੇ ਗੱਡੀ ਵਿਚ ਭੀੜ ਥੋੜੀ ਘੱਟ ਸੀ..

ਮੈਂ ਛੇਤੀ ਨਾਲ ਅੰਦਰ ਵੜ ਵਿਚਕਾਰਲੀ ਸੀਟ ਮੱਲ ਲਈ..ਤੇ ਫੇਰ ਚੱਲ ਪਈ ਗੱਡੀ ਵਿਚ ਆਣ ਚੜਿਆ ਇੱਕ ਚੇਹਰਾ ਮੈਨੂੰ ਕੁਝ ਜਾਣਿਆਂ ਪਹਿਚਾਣਿਆਂ ਜਿਹਾ ਲੱਗਾ..!

ਗਹੁ ਨਾਲ ਤੱਕਿਆ..ਓਹੀ ਸੀ..ਕਿੰਨੇ ਵਰੇ ਪਹਿਲਾਂ ਰੋਜਾਨਾ ਗੱਡੀ ਵਿਚ ਆਉਂਦਾ ਨਿਸ਼ਾਨ ਸਿੰਘ..!

ਬਾਰੀ ਵਾਲੇ ਪਾਸੇ ਬੈਠ ਲਗਾਤਾਰ ਬਾਹਰ ਵੱਲ ਨੂੰ ਵੇਖਦੇ ਹੋਏ ਨੇ ਇੱਕ ਵਾਰ ਵੀ ਨਜਰ ਚੁੱਕ ਮੇਰੇ ਵੱਲ ਨਾ ਵੇਖਿਆ..!

ਪਰ ਮੈਂ ਸਾਮਣੇ ਬੈਠੇ ਬਜ਼ੁਰਗ ਜੋੜੇ ਤੋਂ ਨਜਰ ਬਚਾ ਕੇ ਬਿੰਦ ਕੂ ਲਈ ਉਸ ਵੱਲ ਤੱਕ ਲਿਆ ਕਰਦੀ..!

ਏਨੇ ਸਾਲਾਂ ਵਿਚ ਕੋਈ ਖਾਸ ਫਰਕ ਨਹੀਂ ਸੀ ਪਿਆ..ਓਨਾ ਕੂ ਹੀ ਭਾਰ..ਓਹੀ ਦਿੱਖ..ਅਤੇ ਪੱਗ ਦਾ ਸਟਾਈਲ ਵੀ ਬਿਲਕੁਲ ਓਹੀ..ਸਿਵਾਏ ਫੌਜੀ ਰੰਗੀ ਪੱਗ ਦੇ ਪਹਿਲੇ ਅਤੇ ਆਖਰੀ ਲੜ ਅੰਦਰੋਂ ਝਾਤੀ ਮਾਰਦੇ ਚੰਦ ਕੂ ਚਿੱਟੇ ਵਾਲ..!

ਸੁਰਤ ਦਸ ਬਾਰਾਂ ਸਾਲ ਪਿੱਛੇ ਪਰਤ ਗਈ..!

ਕੱਥੂਨੰਗਲ ਤੋਂ ਜਾਣ-ਬੁੱਝ ਕੇ ਹੀ ਮੇਰੇ ਵਾਲੇ ਡੱਬੇ ਵਿਚ ਚੜ੍ਹ ਜਾਂਦਾ ਮੁਸ਼ਟੰਡਿਆਂ ਦਾ ਉਹ ਵੱਡਾ ਸਾਰਾ ਟੋਲਾ..ਘਰੇ ਦੱਸਿਆ ਤਾਂ ਮਾਂ ਆਖਣ ਲੱਗੀ ਜਿਆਦਾ ਤੰਗ ਕਰਦੇ ਤਾਂ ਬੱਸੇ ਚਲੀ ਜਾਇਆ ਕਰ..!

ਪਰ ਦੋ ਗੁਣਾਂ ਕਿਰਾਇਆ ਅਤੇ ਘਰੋਂ ਕਾਫੀ ਦੂਰ ਪੈਂਦਾ ਬੱਸ ਅੱਡਾ..ਮੈਂ ਗੱਡੀ ਤੇ ਹੀ ਜਾਣਾ ਜਾਰੀ ਰੱਖਿਆ..!

ਗੱਡੀ ਕਥੂਨੰਗਲ ਅੱਪੜਦੀ ਤਾਂ ਮੇਰਾ ਦਿੱਲ ਫੜਕ ਫੜਕ ਵੱਜਣਾ ਸ਼ੁਰੂ ਹੋ ਜਾਂਦਾ..

ਸਾਰੇ ਡੱਬੇ ਵਿਚੋਂ ਕਿਸੇ ਦੀ ਹਿੰਮਤ ਨਾ ਪੈਂਦੀ ਕੇ ਓਹਨਾ ਮੁਸ਼ਟੰਡਿਆਂ ਨੂੰ ਵਰਜ ਸਕੇ..ਅਖੀਰ ਇੱਕ ਦਿਨ ਉਸ ਉਚੇ ਲੰਮੇ ਮੁੰਡੇ ਨੇ ਸਾਰਿਆਂ ਨਾਲ ਪੰਗਾ ਲੈ ਲਿਆ..ਇੱਕ ਨੂੰ ਸਿਰਫ ਦੋ ਕੂ ਘਸੁੰਨ ਹੀ ਵੱਜੇ..ਬਾਕੀ ਏਦਾਂ ਗਵਾਚੇ ਜਿੱਦਾਂ ਖੋਤੇ ਦੇ ਸਿਰ ਤੋਂ ਸਿੰਗ..!

ਉਸ ਦਿਨ ਮਗਰੋਂ ਕਿਸੇ ਦੀ ਵੀ ਮੈਨੂੰ ਛੇੜਨ ਦੀ ਹਿੰਮਤ ਨਾ ਪਈ..!

ਮੇਰੀ ਹਰ ਮੁਸ਼ਕਿਲ ਅੱਗੇ ਕੰਧ ਬਣ ਖਲੋ ਜਾਇਆ ਕਰਦਾ..!

ਹਾਲਾਂਕਿ ਕਦੀ ਵੀ ਗੱਲਬਾਤ ਨਹੀਂ ਸੀ ਹੋਈ ਪਰ ਫੇਰ ਵੀ ਗੱਡੀ ਵਿਚ ਕਿੰਨੀਆਂ ਤਰਾਂ ਦੀਆਂ ਦੰਦ ਕਥਾਵਾਂ ਜਰੂਰ ਪ੍ਰਚੱਲਿਤ ਹੋ ਗਈਆਂ..!

ਫੇਰ ਇੱਕ ਦਿਨ ਆਥਣ ਵੇਲੇ ਵਾਪਸੀ ਤੇ ਰੇਲਵੇ ਰੋਡ ਬਜਾਰ ਕੋਲ ਅੱਗੇ ਖਲੋਤੇ ਨਿਸ਼ਾਨ ਸਿੰਘ ਨੇ ਸਤਿ ਸ੍ਰੀ ਅਕਾਲ ਬੁਲਾ ਇੱਕ ਰੁੱਕਾ ਫੜਾ ਦਿੱਤਾ..!

ਉਸਦੀ ਇਹ ਹਰਕਤ ਅਜੀਬ ਜਿਹੀ ਜਰੂਰ ਲੱਗੀ ਪਰ ਬੁਰੀ ਬਿਲਕੁਲ ਵੀ ਨਹੀਂ..ਗੱਡੀ ਚੜ ਹੌਲੀ ਜਿਹੀ ਕੱਢ ਪੜਨਾ ਸ਼ੁਰੂ ਕਰ ਦਿੱਤਾ..!

ਅੰਦਰ ਕਿੰਨਾ ਕੁਝ ਲਿਖਿਆ ਸੀ..

ਪਰ ਰੁੱਕੇ ਦੇ ਹੇਠਾਂ ਨਿੱਕੀ ਜਿਹੀ ਲਾਈਨ ਵਿਚ ਏਨੀ ਵੱਡੀ ਗੱਲ ਲਿਖ ਮਾਰੀ ਸੀ ਕੇ ਮੇਰੇ ਦਿਸੰਬਰ ਮਹੀਨੇ ਮੁੜਕੇ ਛੁੱਟ ਗਏ..ਅਖ਼ੇ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ..!

ਪੜ ਕੇ ਮੁੱਠੀ ਅਤੇ ਅੱਖੀਆਂ ਆਪਮੁਹਾਰੇ ਹੀ ਮੀਚੀਆਂ ਗਈਆਂ..ਕਮਲਿਆ ਏਨੀ ਦੇਰ ਕਰ ਦਿੱਤੀ..ਕੱਲ ਕੋਰਸ ਦਾ ਆਖਰੀ ਦਿਨ ਅਤੇ ਅਗਲੇ ਮਹੀਨੇ ਧਰ ਦਿੱਤਾ ਵਿਆਹ..ਜੇ ਮਾਂ ਨਾਲ ਗੱਲ ਕਰਦੀ ਤਾਂ ਉਸਨੇ ਕਿਹੜੀ ਨਾਂਹ ਕਰਨੀ ਸੀ..!

ਅਗਲੇ ਦਿਨ ਗੱਡੀ ਵਿਚ ਬੈਠੀ ਦੀਆਂ ਨਜਰਾਂ ਉਸਨੂੰ ਲੱਭਦੀਆਂ ਰਹੀਆਂ ਪਰ ਕਿਧਰੇ ਵੀ ਨਾ ਦਿਸਿਆ..!

ਏਨੇ ਨੂੰ ਟੀ.ਟੀ ਨੇ ਆ ਕੇ ਜਦੋਂ ਮੈਨੂੰ ਟਿਕਟ ਵਿਖਾਉਣ ਲਈ ਆਖਿਆ ਤਾਂ ਮੇਰੀ ਸੂਰਤ ਇੱਕ ਵਾਰ ਫੇਰ ਵਰਤਮਾਨ ਵਲ ਪਰਤ ਆਈ..!

ਉਸਦੀ ਵਾਰੀ ਆਈ ਤਾਂ ਆਖਣ ਲੱਗਾ ਜੀ ਮੇਰੀ ਵੀ ਅੰਮ੍ਰਿਤਸਰ ਦੀ ਹੀ ਕੱਟ ਦਿਓ..ਕਾਹਲੀ ਕਾਹਲੀ ਲਈ ਨਹੀਂ ਸੀ ਗਈ..!

ਝੱਟ ਸਮਝ ਗਈ ਕੇ ਅੱਜ ਵੀ ਉਹ ਮੈਨੂੰ ਅਚਾਨਕ ਕੱਲੀ ਨੂੰ ਵੇਖ ਮੇਰੀ ਰਾਖੀ ਲਈ ਹੀ ਮੇਰੇ ਵਾਲੇ ਡੱਬੇ ਵਿੱਚ ਆਣ ਚੜਿਆ ਹੋਵੇਗਾ..!

ਫੇਰ ਅਮ੍ਰਿਤਸਰ ਤੱਕ ਉਡੀਕ ਕਰਦੀ ਰਹੀ ਕੇ ਇੱਕ ਵਾਰ ਨਜਰਾਂ ਮਿਲਾਵੇ..ਗੱਲ ਕਰ ਸਕਾਂ..ਜਿੰਦਗੀ ਵਿਚ ਮਗਰੋਂ ਆਏ ਕਿੰਨੇ ਸਾਰੇ ਜਵਾਰ-ਭਾਟਿਆ ਬਾਰੇ ਦੱਸ ਸੱਕਾਂ..!

ਪਰ ਜਿਊਣ ਜੋਗਾ ਅਮ੍ਰਿਤਸਰ ਪਲੇਟਫਾਰਮ ਦੀ ਭੀੜ ਵਿਚ ਐਸਾ ਗਵਾਚਾ ਕੇ ਮੁੜ ਕਿਧਰੇ ਵੀ ਨਾ ਦਿਸਿਆ!

ਫੇਰ ਦੋ ਵਰ੍ਹਿਆਂ ਬਾਅਦ ਅਖਬਾਰ ਦੇ ਇੱਕ ਪੰਨੇ ਤੇ ਕਾਰਗਿਲ ਜੰਗ ਵਿੱਚ ਸ਼ਹੀਦੀ ਪਾ ਗਏ ਫੌਜੀਆਂ ਦੀਆਂ ਛਪੀਆਂ ਫੋਟੋਆਂ ਵੇਖਦੀ ਹੋਈ ਦੀ ਨਜਰ ਇੱਕ ਫੋਟੋ ਤੇ ਆ ਕੇ ਗੱਡੀ ਜਿਹੀ ਗਈ..ਨਾਲ ਹੀ ਕਾਲਜੇ ਦਾ ਰੁੱਗ ਵੀ ਭਰਿਆ ਗਿਆ..!

ਓਹੀ ਉਚਾ ਲੰਮਾ..ਅਡੋਲ ਅਤੇ ਬੇਖੌਫ..ਥਹੁ ਪਤਾ ਦੱਸੇ ਬਗੈਰ ਹੀ ਰਵਾਨਗੀ ਪਾ ਗਿਆ ਨਿਸ਼ਾਨ ਸਿੰਘ..!

ਮੈਨੂੰ ਬਦਕਿਸਮਤ ਨੂੰ ਏਨਾ ਵੀ ਨਹੀਂ ਸੀ ਪਤਾ ਕੇ ਉਸਨੇ ਵਿਆਹ ਕਰਵਾਇਆ ਵੀ ਸੀ ਕੇ ਨਹੀਂ..!

ਅੱਜ ਏਨੇ ਵਰ੍ਹਿਆਂ ਬਾਅਦ ਜਦੋਂ ਕਦੇ ਕੱਲੀ ਕਾਰੀ ਤੇ ਕੋਈ ਭੀੜ ਬਣਦੀ ਨਜਰ ਆਵੇ ਤਾਂ ਪਤਾ ਨਹੀਂ ਕਿਓਂ ਇੰਝ ਲੱਗਦਾ ਜਿੱਦਾਂ ਨਿਸ਼ਾਨ ਸਿੰਘ ਕੋਲੇ ਹੀ ਕਿਧਰੇ ਖਲੋਤਾ ਮੇਰੀ ਰਾਖੀ ਕਰ ਰਿਹਾ ਹੋਵੇ..!

ਸੋ ਦੋਸਤੋ ਹਰੇਕ ਦੀ ਜਿੰਦਗੀ ਵਿੱਚ ਕੋਈ ਨਾ ਕੋਈ ਨਿਸ਼ਾਨ ਸਿੰਘ ਐਸਾ ਜਰੂਰ ਹੁੰਦਾ ਜਿਹੜਾ ਆਪਣਾ ਵਜੂਦ ਭਾਵੇਂ ਗਵਾ ਦੇਵੇ ਪਰ ਭੀੜ ਬਣੀ ਤੇ ਵੇਲੇ ਸਿਰ ਅੱਪੜ ਕੇ ਆਪਣੇ ਮਿੱਤਰ ਪਿਆਰਿਆਂ ਦੀ ਰਾਖੀ ਕਰਨ ਦਾ ਮੌਕਾ ਕਦੇ ਵੀ ਨਹੀਂ ਖੁੰਝਾਉਂਦਾ..!

ਹਰਪ੍ਰੀਤ ਸਿੰਘ ਜਵੰਦਾ

3 comments

  1. kuj hunde ne jo aise Nishan nu pehchanan wich bahut der kr dinde ne , samaj nahi aaundi kyo kadar nahi paindi chalde sahha de naal fanni jagat sub ne chadna.

Leave a Reply

Your email address will not be published. Required fields are marked *