ਮੱਥੇ ਦੇ ਨਿਸ਼ਾਨ | mathe de nishaan

ਨਾਲ ਪੜਾਉਂਦਾ ਹਿਸਾਬ ਦਾ ਮਾਸਟਰ ਰੇਸ਼ਮ ਸਿੰਘ ਅਕਸਰ ਦੁੱਖੜੇ ਫੋਲਣ ਲੱਗ ਜਾਂਦਾ..ਅਖ਼ੇ ਔਲਾਦ ਉਸ ਹਿਸਾਬ ਦੀ ਨਹੀਂ ਨਿੱਕਲੀ ਜਿਹੜਾ ਹਿਸਾਬ ਕਿਤਾਬ ਸਾਰੀ ਜਿੰਦਗੀ ਮੈਂ ਲਾਉਂਦਾ ਰਿਹਾ..!

ਨਾਲਦੀ ਨਸੀਬ ਕੌਰ ਥੋੜਾ ਢਿੱਲੀ ਰਹਿੰਦੀ ਏ..ਉਸਤੋਂ ਬਗੈਰ ਕਿਸੇ ਹੋਰ ਕੋਲ ਪੂਣੀਂ ਕਰਾਉਣ ਜੋਗੀ ਵੀ ਵੇਹਲ ਹੈਨੀ..ਸਾਰਾ ਦਿਨ ਬੱਸ ਆਪਣੀ ਦੁਨੀਆ ਵਿਚ ਹੀ ਮਸਤ ਰਹਿੰਦੇ..ਫੇਰ ਵੀ ਡਿੱਗਦੀ ਢਹਿੰਦੀ ਪੱਗ ਦਾ ਇੱਕ ਪਾਸਾ ਫੜ ਹੀ ਲੈਂਦੀ ਏ..!

ਬਿਨਾ ਪੂਣੀ ਤੋਂ ਬੰਨੀ ਪੱਗ ਥੋੜਾ ਕੱਸ ਕੇ ਬੰਨਣੀ ਪੈਂਦੀ ਏ..ਦੁਪਹਿਰ ਨੂੰ ਫੇਰ ਸਿਰ ਪੀੜ ਜਿਹੀ ਸ਼ੁਰੂ ਹੋ ਜਾਂਦੀ ਤੇ ਜਦੋਂ ਸ਼ਾਮੀਂ ਘਰੇ ਅੱਪੜ ਸਿਰੋਂ ਲਾਹੀਦੀ ਏ ਤੇ ਕੰਨ ਲਾਲ ਹੋਏ ਹੁੰਦੇ ਅਤੇ ਮੱਥੇ ਤੇ ਫਿਫਟੀ ਦਾ ਡੂੰਗਾ ਨਿਸ਼ਾਨ ਪੈ ਜਾਂਦਾ ਏ..!

ਮੈਂ ਅੱਗਿਓਂ ਅਕਸਰ ਆਖਦਾ ਮਿੱਤਰਾ ਕੁੰਡੇ ਨਾਲ ਬੰਨ ਕੇ ਕਰਨੀ ਸਿੱਖ ਲੈ..ਅੱਗੋਂ ਆਖਦਾ ਯਾਰ ਇੰਝ ਕਰਦਿਆਂ ਵੇਖ ਨਸੀਬ ਕੌਰ ਗੁੱਸੇ ਹੋ ਜਾਂਦੀ ਏ..ਆਖਦੀ ਏ ਜਿੱਦਣ ਮੈਂ ਮਰ ਜਾਊ ਉਸ ਦਿਨ ਬੇਸ਼ਕ ਕੁੰਡੇ ਯਾ ਮੰਜੇ ਨਾਲ ਬੰਨ ਕੇ ਕਰ ਲਵੀਂ..!

ਫੇਰ ਇੱਕ ਦਿਨ ਵਾਕਿਆ ਹੀ ਖਬਰ ਮਿਲ ਗਈ ਨਸੀਬ ਕੌਰ ਚਲੀ ਗਈ..!

ਭੋਗ ਤੇ ਗਏ ਵੇਖਿਆ ਰੇਸ਼ਮ ਸਿੰਘ ਬੁਰੀ ਤਰਾਂ ਟੁੱਟ ਗਿਆ ਸੀ..ਸਾਨੂੰ ਵੇਖ ਅੰਦਰ ਡੱਕਿਆ ਕਿੰਨਾ ਕੁਝ ਬਾਹਰ ਆ ਗਿਆ..ਹੋਂਸਲਾ ਦਿੱਤਾ..ਆਖਿਆ ਤੇਰੇ ਨਾਲ ਹਾਂ ਭਾਵੇਂ ਅੱਧੀ ਰਾਤ ਵਾਜ ਮਾਰ ਕੇ ਵੇਖ ਲਵੀਂ..!

ਅੱਗੋਂ ਹੋਰ ਜਜਬਾਤੀ ਹੋ ਗਿਆ..ਆਖਣ ਲੱਗਾ ਯਾਰ ਨਾਲਦਾ ਚਲਾ ਜਾਵੇ ਤਾਂ ਇਨਸਾਨ ਨੂੰ ਅੱਖੀਆਂ ਹੁੰਦੇ ਹੋਏ ਵੀ ਦਿਸਣੋ ਹਟ ਜਾਂਦਾ..ਮੈਨੂੰ ਵੀ ਹਟ ਗਿਆ ਏ..ਦੋ ਜੁਆਨ ਔਲਾਦਾਂ ਦਾ ਪਿਓ ਹਾਂ..ਫੇਰ ਵੀ ਉਹ ਗੱਲ ਨਹੀਂ ਬਣਦੀ ਲੱਗਦੀ ਜਿਸਦੇ ਬਾਰੇ ਇਹਨਾਂ ਦੇ ਜਨਮ ਵੇਲੇ ਕਦੀ ਸੋਚਿਆ ਸੀ..!

ਮਹੀਨੇ ਦੀ ਛੁੱਟੀ ਮਗਰੋਂ ਸਕੂਲੇ ਆਇਆ ਤਾਂ ਦੁਪਹਿਰੇ ਪੱਗ ਤੇ ਫਿਫਟੀ ਲਾਹ ਨੰਗੇ ਸਿਰ ਸਟਾਫ ਰੂਮ ਬੇਂਚ ਤੇ ਲੰਮਾ ਪੈ ਗਿਆ..!

ਪੁੱਛਿਆ ਤਾਂ ਆਖਣ ਲੱਗਾ ਸਿਰ ਜਿਹਾ ਦੁਖੀ ਜਾਂਦਾ..!

ਗਹੁ ਨਾਲ ਵੇਖਿਆ ਤਾਂ ਮੱਥੇ ਤੇ ਫਿਫਟੀ ਦਾ ਇਕ ਡੂੰਗਾ ਨਿਸ਼ਾਨ ਉੱਕਰਿਆ ਹੋਇਆ ਸੀ..ਆਖਣ ਲੱਗਾ ਚਾਰ ਦਿਨ ਹੋ ਗਏ ਕੋਈ ਪੂਣੀ ਕਰਾਉਣ ਵਾਲਾ ਹੀ ਨਹੀਂ ਲੱਭਿਆ..ਬੱਸ ਇੱਕੋ ਪਾਸਾ ਵਾਰ-ਵਾਰ ਬੰਨੀ ਜਾਂਦਾ ਹਾਂ..!

ਫੇਰ ਏਧਰ ਓਧਰ ਵੇਖ ਥੋੜਾ ਹੋਰ ਕੋਲ ਹੁੰਦਾ ਹੋਇਆ ਆਖਣ ਲੱਗਾ..ਮੱਥੇ ਦਾ ਨਿਸ਼ਾਨ ਵੇਖ ਕੇ ਹੈਰਾਨ ਨਾ ਹੋ ਮਿੱਤਰਾ..ਇੱਕ ਨਿਸ਼ਾਨ ਜਾਂਦੀ ਜਾਂਦੀ ਨਸੀਬ ਕੌਰ ਦਿਲ ਤੇ ਵੀ ਪਾ ਗਈ ਏ..ਉਹ ਇਸਤੋਂ ਵੀ ਕਿਧਰੇ ਵੱਧ ਡੂੰਗਾ ਏ..!

True Story

ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *