ਖੇਡਾਂ ਬਚਪਨਾ ਦੀਆਂ | kheda bachpan diyan

ਓਦੋਂ ਸ਼ਾਮੀ ਚਾਰ ਪੰਜ ਵਜੇ ਅਸੀਂ ਪਿੜਾਂ ਵਿੱਚ ਖੇਡਣ ਚਲੇ ਜਾਂਦੇ। ਪਿੜ ਪਿੰਡ ਦੀ ਫਿਰਨੀ ਦੇ ਨਾਲ ਤੇ ਨਿਆਈ ਵਾਲੇ ਖੇਤਾਂ ਦੇ ਨੇੜੇ ਛੱਡੇ ਖੁੱਲੇ ਪੱਕੇ ਮੈਦਾਨਾਂ ਨੂੰ ਕਹਿੰਦੇ ਸਨ। ਜਿੱਥੇ ਫਸਲ ਵੱਢਣ ਤੋਂ ਬਾਦ ਕੱਢੀ ਜਾਂਦੀ ਸੀ। ਉਦੋਂ ਫਲਿਆਂ ਦਾ ਜ਼ਮਾਨਾ ਸੀ। ਮਸ਼ੀਨਾਂ ਹੜਭੇ ਕੰਬਾਈਨਾਂ ਦਾ ਯੁੱਗ ਬਾਦ ਵਿੱਚ ਆਇਆ ਹੈ। ਫਸਲ ਕੱਢਣ ਤੋਂ ਬਾਦ ਪਿੜ ਸਾਰਾ ਸਾਲ ਵੇਹਲੇ ਹੀ ਹੁੰਦੇ ਸਨ ਇਹ ਮੁੰਡਿਆਂ ਦੇ ਖੇਡਣ ਯ ਫਿਰ ਸਾਉਣ ਵਿੱਚ ਤੀਆਂ ਲਾਉਣ ਦੇ ਕੰਮ ਆਉਂਦੇ। ਖੇਡਾਂ ਵੀ ਕਿਹੜੀਆਂ ਹੁੰਦੀਆਂ ਸਨ ਖਿੱਦੋ ਖੂੰਡੀ, ਮਾਰ ਕੁਟਾਈ, ਕੌਡੀ ਤੇ ਬਾਂਦਰ ਕਿੱਲਾ। ਪੁਰਾਣੀਆਂ ਲੀਰਾਂ ਨੂੰ ਕਿਸੇ ਰੱਸੀ ਨਾਲ ਮੜ੍ਹਕੇ ਬਣਾਈ ਖਿੱਦੋ ਦੀ ਮਾਰ ਭਿਆਨਕ ਹੁੰਦੀ ਸੀ। ਖਿੱਦੋ ਮੜ੍ਹਨੀ ਵੀ ਇੱਕ ਕਲਾ ਹੁੰਦੀ ਸੀ। ਤੇ ਖੂੰਡੀ ਕਿਸੇ ਦਰਖਤ ਦੇ ਡਾਹਣੇ ਨੂੰ ਹਾਕੀ ਨੁਮਾ ਛਾਂਗਕੇ ਬਣਾਈ ਜਾਂਦੀ ਸੀ। ਅਸਲ ਹਾਕੀ ਖਰੀਦਣ ਦੀ ਔਕਾਤ ਨਹੀਂ ਸੀ ਹੁੰਦੀ। ਬਹੁਤ ਸਾਲਾਂ ਬਾਅਦ ਪਤਾ ਲੱਗਿਆ ਕਿ ਜਿਸਨੂੰ ਅਸੀਂ ਕੌਡੀ ਕਹਿੰਦੇ ਹਾਂ ਉਸ ਖੇਡ ਨੂੰ ਅਸਲ ਵਿਚ ਕਬੱਡੀ ਕਹਿੰਦੇ ਹਨ ਤੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਉਂਜ ਸਕੂਲ ਦੇ ਸੀਨੀਅਰ ਵਿਦਿਆਰਥੀ ਤੇ ਮਾਸਟਰ ਸ਼ਾਮੀ ਨੂੰ ਸਕੂਲ ਦੇ ਗਰਾਊਂਡ ਵਿੱਚ ਵਾਲੀਬਾਲ ਖੇਡਦੇ। ਅਸੀਂ ਘੰਟਿਆਂ ਬੱਧੀ ਉਥੇ ਇਸ ਝਾਕ ਵਿੱਚ ਬੈਠੇ ਰਹਿੰਦੇ ਕਿ ਕਦੋਂ ਵਾਲੀਬਾਲ ਗਰਾਉਂਡ ਤੋਂ ਬਾਹਰ ਜਾਵੇ ਤੇ ਅਸੀਂ ਚੁੱਕਕੇ ਫੜਾਈਏ। ਜਦੋਂ ਇਹ ਸੁਨਹਿਰਾ ਮੌਕਾ ਮਿਲਦਾ ਤਾਂ ਬੇਹੱਦ ਖੁਸ਼ੀ ਹੁੰਦੀ। ਵਾਲੀਬਾਲ ਨੂੰ ਹੱਥ ਲਾਕੇ ਵੇਖਣ ਦਾ ਮਤਲਬ ਜਿਵੇ ਕੋਹਿਨੂਰ ਨੂੰ ਹੱਥ ਲਾਇਆ ਹੋਏ। ਕ੍ਰਿਕੇਟ ਦਾ ਕਦੇ ਨਾਮ ਹੀ ਨਹੀਂ ਸੀ ਸੁਣਿਆ। ਕ੍ਰਿਕੇਟ ਖੇਡਦੇ ਵੇਖਣਾ ਤਾਂ ਦੂਰ ਦੀ ਗੱਲ ਸੀ। ਬਹੁਤੇ ਜੁਆਕ ਕੱਚ ਦੀਆਂ ਗੋਲੀਆਂ, ਕੌਡੀਆਂ ਵੀ ਖੇਡਦੇ। ਕੱਚ ਦੀਆਂ ਗੋਲੀਆਂ ਨੂੰ ਸਹਿਰੀਏ ਬੰਟੇ ਆਖਦੇ ਸਨ। ਕੁੜੀਆਂ ਮੁੰਡੇ ਮਿਲਕੇ ਚੱਪੂ ਵੀ ਖੇਡਦੇ। ਤਾਸ ਤੇ ਬਾਰਾਂ ਡੀਟੀ ਖੇਡਣ ਦਾ ਮਜ਼ਾ ਹੀ ਹੋਰ ਸੀ। ਬਾਰਾਂ ਡੀਟੀ ਸ਼ਹਿਰੀ ਸ਼ਤਰੰਜ ਦਾ ਮੁਕਾਬਲਾ ਕਰਦੀ ਸੀ। ਬਾਰਾਂ ਡੀਟੀ ਲਈ ਸੁਕੀਆਂ ਗਿਟਕਾਂ, ਡੱਕਿਆ, ਠੀਕਰੀਆਂ ਯ ਬਜਰੀ ਦੇ ਟੁਕੜਿਆਂ ਨੂੰ ਵਰਤਿਆ ਜਾਂਦਾ ਸੀ। ਤਾਸ ਵਿੱਚ ਭਾਬੀ ਦਿਉਰ, ਬਾਦਸ਼ਾਹ ਕੁੱਟ, ਸ਼ੀਪ, ਸਰਾਂ ਬਣਾਉਣ ਤੇ ਨੰਬਰੀ ਹੀ ਮੁੱਖ ਖੇਡਾਂ ਸਨ। ਪਤੰਗਾਂ ਦੀ ਰੁੱਤੇ ਜੁਆਕ ਅਸੀਂ ਘਰੇ ਬਣਾਕੇ ਪਤੰਗ ਉਡਾਉਂਦੇ। ਪਰ ਡੋਰ ਸੂਤਨ ਵਾਲਾ ਕੰਮ ਸ਼ਹਿਰ ਆਕੇ ਹੀ ਵੇਖਿਆ। ਜਿਸ ਕੋਲ ਝੂਟੇ ਲੈਣ ਨੂੰ ਸਾਈਕਲ ਹੁੰਦਾ ਸੀ ਉਸਨੂੰ ਕਿਸੇ ਹੋਰ ਖੇਡ ਦੀ ਜਰੂਰਤ ਨਹੀਂ ਸੀ ਹੁੰਦੀ। ਕੈਂਚੀ ਡੰਡਾ ਤੇ ਕਾਠੀ ਤਿੰਨ ਪੜਾਅ ਹੁੰਦੇ ਸਨ ਸਾਈਕਲ ਚਲਾਉਣ ਦੇ।
ਕਹਿੰਦੇ ਅੱਜ ਕੱਲ ਤਾਂ ਹਰ ਖੇਡ ਮੋਬਾਈਲ ਤੇ ਹੀ ਖੇਡੀ ਜਾ ਸਕਦੀ ਹੈ। ਕਾਰ ਜੀਪ ਚਲਾਉਣ ਦਾ ਸ਼ੋਕ ਵੀ ਮੋਬਾਈਲ ਤੇ ਪੂਰਾ ਕੀਤਾ ਜਾ ਸਕਦਾ ਹੈ। ਕੰਪਿਊਟਰ ਹਰ ਖੇਡ ਵਿੱਚ ਮਾਹਿਰ ਹੁੰਦਾ ਹੈ। ਫਿਰ ਜੁਆਕਾਂ ਨੂੰ ਪਿੜਾਂ ਬਾਰੇ ਸੋਚਣ ਦੀ ਕੀ ਲੋੜ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *