” ਹੋਰ ਕੋਈ ਸਮਾਨ ਹੈ ਤਾਂ ਦੇ ਦਿਓ ਬੀਬੀ ਜੀ।ਦੇਖ ਲਵੋ ਚੰਗੀ ਤਰ੍ਹਾਂ ਜੇ ਕੋਈ ਲੋਹਾ, ਕਾਂਸਾ ਜਾਂ ਕੋਈ ਹੋਰ ਕਬਾੜ ਹੈ ਤਾਂ ਲੈ ਆਓ । ਰਾਮੂ ਕਬਾੜੀਆ ਬੋਲਿਆ। ਵੀਰੋ ਅੰਦਰ ਗਈ ਤੇ ਕਈ ਰੰਗ ਬਿਰੰਗੇ ਮੈਡਲ ਜੋ ਅਲੱਗ ਅਲੱਗ ਰੰਗਾਂ ਦੇ ਰਿਬਨ ਨਾਲ ਬਹੁਤ ਸੋਹਣੇ ਲੱਗ ਰਹੇ ਸਨ,ਲੇ ਆਈ।।
“ਦਸ ਭਾਈ ਇਹਨਾਂ ਦਾ ਕੀ ਮੁੱਲ ਦੇਣਾ?”ਇਸ ਤੋਂ ਪਹਿਲਾਂ ਕੀ ਰਾਮ ਕਬਾੜੀਆ ਕੁੱਝ ਬੋਲਦਾ ਗਮਨੇ ਨੇ ਜੋਰ ਲਗਾ ਕੇ ਸਾਰੇ ਮੈਡਲ ਵੀਰੋ ਹੱਥੋਂ ਖੋਹ ਲਏ।
“ਪਾਗਲ ਹੋ ਗਈ ਤੂੰ ?ਇਹ ਕੀ ਕਰ ਰਹੀ! ਇਹ ਮੇਰੀ ਮਿਹਨਤ ਦੇ ਪ੍ਰਤੀਕ ਹਨ।ਤੂੰ ਇਹਨੂੰ ਕਬਾੜ ਚ ਵੇਚਣ ਲੱਗੀ ਸੀ ? “ਗਮਨਾ ਉੱਚੀ ਆਵਾਜ਼ ਵਿਚ ਬੋਲਿਆ। “ਕਬਾੜ ਹੀ ਹਨ,ਵੇਚ ਕੇ ਚਾਰ ਪੈਸੇ ਆ ਜਾਂਦੇ ਤੇ ਚਾਰ ਦਿਨ ਜਵਾਕ ਰੱਜ ਕੇ ਰੋਟੀ ਖਾ ਲੈਂਦੇ। ਵੀਰੋ ਹੌਂਕਾ ਭਰ ਕੇ ਬੋਲੀ।
“ਕੋਈ ਗੱਲ ਨਹੀਂ ਮੈਂ ਕਰਦਾ ਕੋਈ ਇੰਤਜ਼ਾਮ।” ਇਹ ਕਹਿ ਕੇ ਗਮਨਾ ਕੋਈ ਦਿਹਾੜੀ ਦੱਪਾ ਲੱਭਣ ਲਈ ਤੁਰ ਪਿਆ। ਸਾਰਾ ਦਿਨ ਖੱਜਲ ਖਵਾਰ ਹੋਣ ਤੋਂ ਬਾਦ ਵੀ ਜਦ ਕੋਈ ਕੰਮ ਨਾ ਮਿਲਿਆ ਤਾਂ ਉਹ ਵਾਪਿਸ ਘਰ ਆ ਗਿਆ।ਆਪਣੇ ਦੋਸਤ ਤੋਂ ਕੁੱਝ ਪੈਸੇ ਉਧਾਰ ਲੈ ਕੇ ਉਹ ਇਕ ਦੋ ਦਿਨ ਦਾ ਰਾਸ਼ਨ ਘਰ ਕੇ ਆਇਆ।
ਰਾਤ ਨੂੰ ਮੰਜੇ ਤੇ ਪਏ ਨੂੰ ਉਸਨੂੰ ਯਾਦ ਆਇਆ ਕਿੰਨਾ ਸ਼ੌਕ ਸੀ ਉਸਨੂੰ ਕਬੱਡੀ ਦਾ,ਕਿੰਨੇ ਮੈਡਲ ਜਿੱਤੇ।ਸਾਰਾ ਪਿੰਡ ਇੱਜ਼ਤ ਮਾਣ ਕਰਦਾ।ਘਰ ਦਾ ਗੁਜ਼ਾਰਾ ਬਹੁਤ ਵਧੀਆ ਚਲ ਰਿਹਾ ਸੀ।
ਪਤਾ ਨਹੀਂ ਕੀ ਹਨੇਰੀ ਵਗ ਗਈ ਨਾਮੀ ਕਬੱਡੀਖਿਡਾਰੀਆਂ ਨੂੰ ਮੈਦਾਨ ਵਿਚ ਹੀ ਗੋਲੀਆਂ
ਨਾਲ ਭੁੰਨ ਦਿੱਤਾ ਗਿਆ।ਸਾਰੇ ਪਾਸੇ ਡਰ ਦਾ ਮਾਹੌਲ ਬਣ ਗਿਆ। ਉਸਦੀ ਪਤਨੀ ਨੇ ਬੱਚਿਆਂ ਦਾ ਵਾਸਤਾ ਦਿੰਦੇ ਕਿਹਾ ਸੁਣੋ ਜੀ। ਜਾਨ ਹੈ ਤਾਂ ਜਹਾਨ ਹੈ। ਤੁਹਾਨੂੰ ਬੱਚਿਆਂ ਦੀ ਸੌਂਹ ਲਗੇ ਤੁਸੀਂ ਕਬੱਡੀ ਨਹੀਂ ਖੇਡ ਸਕਦੇ।ਜੇ ਤੁਹਾਨੂੰ ਕੁੱਝ ਹੋ ਗਿਆ …. ਰੋਣ ਲੱਗ ਜਾਂਦੀ ਹੈ।
ਉਸਨੇ ਨਾ ਚਾਉਦੇ ਹੋਏ ਵੀ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ।ਸਰਕਾਰ ਨੇ ਕਦੇ ਕਿਸੇ ਖਿਡਾਰੀ ਦੀ ਕੋਈ ਮਦਦ ਨਹੀਂ ਕੀਤੀ।
ਅਪਣਾ ਢਿੱਡ ਭਰਨ ਲਈ ਦਿਹਾੜੀ ਕਰਨ ਲਈ ਮਜ਼ਬੂਰ ਗਮਨੇ ਨੂੰ ਅੱਜ ਆਪਣੇ ਸਾਰੇ ਜਿੱਤੇ ਹੋਏ ਮੈਡਲ ਕਬਾੜ ਹੀ ਦਿਖਾਈ ਦੇਣ ਲੱਗ ਗਏ ਸੀ।
“ਵੀਰੋ ਕਲ ਇਹ ਸਾਰਾ ਕਬਾੜ ਕਬਾੜੀਏ ਨੂੰ ਦੇ ਦੇਵੀ।ਚਾਰ ਦਿਨ ਦਾ ਰਾਸ਼ਨ ਆ ਜਾਵੇਗਾ।
“ਮੈਡਲਾਂ ਵਲ ਇਸ਼ਾਰਾ ਕਰਦਾ ਗਮਨਾ ਅੱਖਾਂ ਭਰ ਕੇ ਬੋਲਿਆ