ਕਈ ਸਾਲ ਹੋਗੇ ਅਸੀਂ ਹਿਸਾਰ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ੍ਹਦੀ ਮੇਰੇ ਦੋਸਤ ਦੀ ਬੇਟੀ ਨੂੰ ਮਿਲਣ ਗਏ। ਖਾਣਪੀਣ ਲਈ ਅਸੀਂ ਉਸਨੂੰ ਨਜ਼ਦੀਕੀ ਮਾਲ ਵਿੱਚ ਲੈ ਗਏ। ਫਸਟ ਫਲੋਰ ਤੇ ਬਣੇ ਕੈਫ਼ੇਟੇਰੀਆ ਦਾ ਮੀਨੂ ਵੇਖਕੇ ਮੇਰਾ ਦਿਮਾਗ ਹੀ ਹਿੱਲ ਗਿਆ। ਲੱਗਿਆ ਚਾਰ ਜਣਿਆ ਲਈ ਹਜ਼ਾਰ ਦਾ ਨੋਟ ਤਾਂ ਗਿਆ ਸਮਝੋ। ਬਹੁਤ ਸੋਚ ਵਿਚਾਰਕੇ ਅਸੀਂ ਚਾਰ ਪਲੇਟ ਗੋਲ ਗੱਪੇ ਦਾ ਆਰਡਰ ਦੇ ਦਿੱਤਾ। ਹੁਣ ਇੱਕ ਹਰੇ ਨੋਟ ਨਾਲ ਬੁੱਤਾ ਸਰ ਜਾਣਾ ਸੀ। ਥੋੜੀ ਦੇਰ ਬਾਅਦ ਕਰੀਮ ਰੰਗ ਦਾ ਥ੍ਰੀ ਸੂਟ ਵਾਲਾ ਆਦਮੀ ਸਾਡਾ ਆਰਡਰ ਲੈਕੇ ਆਇਆ। ਕੋਈ ਪੰਜਾਹ ਪਚਵੰਜਾ ਸਾਲ ਦੀ ਉਮਰ ਦੇ ਉਸ ਸਖਸ਼ ਦੀਆਂ ਮੁੱਛਾਂ ਤੇ ਸਿਰ ਦੇ ਵਾਲ ਸਫੈਦ ਸਨ। ਆਪਣੀ ਪਰਸਨੇਲਿਟੀ ਤੋਂ ਉਹ ਵੇਟਰ ਨਹੀਂ ਇੱਕ ਵੱਡਾ ਅਫਸਰ ਯ ਡਾਕਟਰ ਲਗਦਾ ਸੀ। ਉਸਦਾ ਚੇਹਰਾ ਮੋਹਰਾ ਤੇ ਅਦਾ ਵੇਖਕੇ ਸਾਨੂੰ ਬਹੁਤ ਹੈਰਾਨੀ ਹੋਈ। ਅਸੀਂ ਡਰਦੇ ਹੋਇਆ ਨੇ ਉਸ ਕੋਲੋਂ ਆਰਡਰ ਲਿਆ ਤੇ ਬਿਨਾਂ ਹੀਲ ਹੁੱਜਤ ਦੇ ਉਹ ਗੋਲ ਗੱਪੇ ਖਾ ਲਏ। ਗੋਲ ਗੱਪਿਆਂ ਦੀ ਪਲੇਟ ਪਤਲੇ ਮੋਮੀ ਕਾਗਜ਼ ਨਾਲ ਸੀਲ ਬੰਦ ਸੀ ਤੇ ਪਾਣੀ ਦਾ ਗਿਲਾਸ ਵੀ ਪੈਕਡ ਸੀ। ਉਥੇ ਸਾਡਾ ਪਿਛੜਾਪਣ ਸਾਫ ਝਲਕਦਾ ਸੀ। ਉਸ ਵੇਟਰ ਮੂਹਰੇ ਅਸੀਂ ਆਪਣੇ ਆਪ ਨੂੰ ਛੋਟੇ ਮਹਿਸੂਸ ਕੀਤਾ।
ਇਸੇ ਤਰਾਂ ਕੇਰਾਂ ਅਸੀਂ ਮੇਰੇ ਬਣੀਆਂ ਦੋਸਤ ਦੀ ਬੇਟੀ ਦੇ ਵਿਆਹ ਤੇ ਮਲੇਰਕੋਟਲਾ ਗਏ। ਕਿਉਂਕਿ ਓਥੇ ਸਾਰਾ ਇੰਤਜ਼ਾਮ ਲੜਕੇ ਵਾਲਿਆਂ ਨੇ ਹੀ ਕੀਤਾ ਸੀ। ਉੱਥੇ ਖੁੱਲ੍ਹਕੇ ਦਾਰੂ ਚੱਲੀ। ਫਰਬਰੀ ਦਾ ਮਹੀਨਾ ਸੀ। ਫੇਰਿਆਂ ਦਾ ਲਗਨ ਸਵੇਰੇ ਸਵਾ ਚਾਰ ਵਜੇ ਦਾ ਸੀ। ਅਸੀਂ ਖੁੱਲੇ ਪੈਲੇਸ ਦੇ ਟੈਂਟ ਥੱਲੇ ਕੁੰਗੜੇ ਜਿਹੇ ਪਲਾਸਟਿਕ ਦੀਆਂ ਕੁਰਸੀਆਂ ਤੇ ਬੈਠੇ ਸੀ। ਮੇਰੇ ਨਾਲ ਮੇਰੇ ਇੱਕ ਕੁਲੀਗ ਤੋਂ ਇਲਾਵਾ ਮੇਰਾ ਇੱਕ ਹੋਰ ਦੋਸਤ ਵੀ ਬੈਠਾ ਸੀ ਜੋ ਖੇਡ ਵਿਭਾਗ ਵਿੱਚ ਸਹਾਇਕ ਡਾਇਰੈਕਟਰ ਸੀ। ਉਸ ਵਿਆਹ ਵਿੱਚ ਤਕਰੀਬਨ ਸਾਰੇ ਵੇਟਰ ਹੀ ਪਗੜੀਧਾਰੀ ਪੰਜਾਬੀ ਯੁਵਕ ਸਨ। ਪਰ ਟਰੇ ਵਿੱਚ ਸ਼ਰਾਬ ਦੇ ਭਰੇ ਗਿਲਾਸ ਸਰਵ ਕਰਨ ਵਾਲੇ ਤਾਂ ਵੱਡੀ ਵੱਡੀ ਖੁੱਲੀ ਦਾਹੜੀ ਵਾਲੇ ਸਰਦਾਰ ਜੀ ਸਨ। ਜਦੋ ਵੀ ਉਹ ਸਾਡੇ ਮੂਹਰੇ ਟਰੇ ਕਰਦੇ ਤਾਂ ਅਸੀਂ ਨਿਮਰਤਾ ਨਾਲ ਹੱਥ ਜੋੜਕੇ ਇਨਕਾਰ ਕਰ ਦਿੰਦੇ। ਕਿਉਂਕਿ ਅਸੀਂ ਤਿੰਨੇ ਹੀ ਸ਼ਰਾਬ ਦਾ ਸੇਵਨ ਕਰਨ ਵਾਲੇ ਨਹੀਂ ਸੀ।
“ਯਾਰ ਮੈਨੂੰ ਇਹਨਾਂ ਤੋਂ ਡਰ ਲਗਦਾ ਹੈ ਕਿਤੇ ਵਾਰ ਵਾਰ ਸਾਡਾ ਇਨਕਾਰ ਸੁਣਕੇ ਇਹ ਗੁੱਸੇ ਚ ਆਕੇ ਸਾਡੇ ਗਲ ਹੀ ਨਾ ਪੈ ਜਾਣ।” ਮੇਰੇ ਨਾਲ ਬੈਠੇ ਮੇਰੇ ਦੋਸਤ ਨੇ ਸ਼ੰਕਾ ਜਾਹਿਰ ਕੀਤੀ। ਮੈਨੂੰ ਉਸਦੀ ਗੱਲ ਵਾਜਿਬ ਲੱਗੀ ਕਿਉਂਕਿ ਮੈਂ ਵੀ ਇਹੀ ਸੋਚ ਰਿਹਾ ਸੀ। ਭਾਵੇਂ ਇਹ ਅਣਹੋਣੀ ਜਿਹੀ ਸੋਚ ਸੀ ਪਰ ਬੇਗਾਨਾ ਮੁਲਕ ਬੇਗਾਨਾ ਸ਼ਹਿਰ ਤੇ ਅਣਜਾਣ ਜਿਹੇ ਲੋਕ। ਪਰ ਸਾਡੇ ਕੋਲ ਕੋਈ ਹੋਰ ਬਦਲ ਵੀ ਨਹੀਂ ਸੀ। ਕਿਉਂਕਿ ਉਹਨਾਂ ਨੇ ਮਹਿਮਾਨਾਂ ਦੇ ਆਰਾਮ ਕਰਨ ਦਾ ਹੋਰ ਕੋਈ ਇੰਤਜ਼ਾਮ ਨਹੀਂ ਸੀ ਕੀਤਾ। ਸਰਦੀ ਨੂੰ ਦਾਰੂ ਨਾਲ ਨਜਿੱਠਣ ਦਾ ਹੀ ਪ੍ਰਬੰਧ ਕੀਤਾ ਹੋਇਆ ਸੀ। ਅੱਜ ਵੀ ਉਹਨਾਂ ਵੇਟਰਾਂ ਦਾ ਚਿਹਰਾ ਯਾਦ ਕਰਕੇ ਡਰ ਜਿਹਾ ਆਉਣ ਲੱਗ ਪੈਂਦਾ ਹੈ। ਨਾਲੇ ਅਸੀਂ ਬਰਾਤੀ ਨਹੀਂ ਲੜਕੀ ਵਾਲੇ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ