ਚਾਚਾ ਚੇਤ ਰਾਮ | chacha chet ram

#ਅੱਜ_ਬਰਸੀ_ਤੇ_ਵਿਸ਼ੇਸ਼
ਮੇਰੀ ਸ਼ਾਦੀ ਤੋਂ ਕੁਝ ਸਮੇਂ ਬਾਅਦ ਘਰਾਂ ਵਿੱਚੋਂ ਲਗਦਾ ਮੇਰੀ ਘਰ ਆਲੀ ਦਾ ਚਾਚਾ ਮਾਸਟਰ ਚੇਤ ਰਾਮ ਗਰੋਵਰ ਮਹਿਮੇ ਸਰਕਾਰੀ ਤੋਂ ਆਪਣੀ ਭਤੀਜੀ ਨੂੰ ਮਿਲਣ ਸਾਡੇ ਘਰ ਆਇਆ। ਮੇਰੀ ਘਰਵਾਲੀ ਹਰਿਆਂਣੇ ਵਿੱਚ ਜੇ ਬੀ ਟੀ ਅਧਿਆਪਿਕਾ ਸੀ। ਅਤੇ ਉਹ ਚਾਚਾ ਚੇਤ ਰਾਮ ਜੀ ਦੀ ਵਿਦਿਆਰਥਣ ਵੀ ਸੀ। ਚਾਚੇ ਚੇਤ ਰਾਮ ਨੂੰ ਆਪਣੀ ਪੜ੍ਹਾਈ ਅਤੇ ਨੌਕਰੀ ਲੱਗੀ ਆਪਣੀ ਭਤੀਜੀ ਤੇ ਮਾਣ ਸੀ। ਮੇਰੇ ਮਾਤਾ ਜੀ ਨਿਰੋਲ ਅਨਪੜ੍ਹ ਸਨ। ਉਹਨਾਂ ਨੂੰ ਆਪਣੀ ਨੂੰਹ ਦੀ ਸਰਕਾਰੀ ਨੌਕਰੀ ਤੇ ਮਾਣ ਘੱਟ ਤੇ ਮਾਂ ਨੂੰ ਤਰਸਦੇ ਪੋਤਿਆਂ ਦਾ ਜ਼ਿਆਦਾ ਫਿਕਰ ਸੀ। ਸ਼ਪਸ਼ਟ ਗੱਲ ਇਹ ਕਿ ਉਸਨੂੰ ਨੌਕਰੀ ਦੀ ਕਦਰ ਨਹੀਂ ਸੀ। ਕਿਉਂਕਿ ਉਹ ਪੋਤਿਆਂ ਦੇ ਮੋਹ ਮੂਹਰੇ ਬੇਬਸ ਸੀ। ਚਾਚਾ ਚੇਤ ਰਾਮ ਜੀ ਦੇ ਪੜ੍ਹਾਈ ਵਾਲਾ ਕੀੜਾ ਸੀ। ਉਹ ਆਪ ਵੀ ਤਾਂ ਦਸਵੀ ਕਰਕੇ ਮਾਸਟਰ ਲੱਗੇ ਸਨ ਫਿਰ ਨੌਕਰੀ ਦੌਰਾਨ ਬੀ ਏ ਐੱਮ ਏ ਕਰਕੇ ਲੈਕਚਰਾਰ ਬਣ ਗਏ ਸਨ। ਗੱਲਾਂ ਕਰਦੇ ਕਰਦੇ ਉਹ ਮੇਰੀ ਸਾਹਿਬਾਂ ਨੂੰ ਐਮ ਏ ਕਰਨ ਦੀਆਂ ਸਲਾਹਾਂ ਦੇਣ ਲੱਗੇ। ਉਹ ਫਾਰਮ ਭਰਨ ਤੋਂ ਲੈ ਕੇ ਸਿਲੇਬਸ ਦੇ ਨੋਟਿਸ ਬਣਾਉਣ ਤੱਕ ਦੀ ਜਿੰਮੇਵਾਰੀ ਆਪਣੇ ਸਿਰ ਲੈਣ ਨੂੰ ਤਿਆਰ ਸਨ। ਮੇਰੀ ਮਾਂ ਨੂੰ ਓਹਨਾ ਦੀ ਗੱਲ ਬਾਤ ਦੀ ਕਨਸੋ ਮਿਲ ਗਈ। ਉਂਜ ਵੀ ਆਮ ਘਰਾਂ ਵਿੱਚ ਸੱਸਾਂ ਨੂੰਹਾਂ ਦੀ ਪੇਕਿਆਂ ਨਾਲ ਹੁੰਦੀ ਗਲਬਾਤ ਤੇ ਤਿਰਸ਼ੀ ਨਜ਼ਰ ਰੱਖਦੀਆਂ ਹੀ ਹਨ। ਤੇ ਮੇਰੀ ਮਾਂ ਵੀ ਉਸੇ ਸਮਾਜ ਦਾ ਹਿੱਸਾ ਸੀ। ਉਸਨੂੰ ਲਗਿਆ ਕੇ ਕੁੜੱਮ ਜੀ ਮੇਰੀ ਨੂੰਹ ਨੂੰ ਪੁਠੀ ਪੱਟੀ ਪੜ੍ਹਾ ਰਹੇ ਹਨ। ਕਿਉਂਕਿ ਉਹ ਲਗਭਗ ਇੱਕੋ ਉਮਰ ਦੇ ਪੋਤਿਆਂ ਨੂੰ ਮਾਂ ਦੀ ਗੈਰ ਹਾਜ਼ਰੀ ਵਿੱਚ ਸਿਸਕਦੇ ਵੇਖਦੀ।ਤੇ ਉਸ ਨੂੰ ਤਰਸ ਆਉਂਦਾ । ਮੇਰੀ ਘਰ ਵਾਲੀ ਦੀ ਨੌਕਰੀ ਉਸਨੂੰ ਆਪਣੇ ਹੀ ਬੱਚਿਆਂ ਤੇ ਅੱਤਿਆਚਾਰ ਲਗਦੀ ਸੀ।
ਮਾਸਟਰ ਜੀ ਤੁਸੀਂ ਇਸ ਨੂੰ ਹੋਰ ਪੜ੍ਹਨ ਦੀਆਂ ਮੱਤਾਂ ਦਿੰਦੇ ਹੋ ਅਸੀਂ ਤਾਂ ਪਹਿਲਾਂ ਦੀਆਂ ਪੜ੍ਹੀਆਂ ਭਲਾਉਣ ਨੂੰ ਫਿਰਦੇ ਹਾਂ। ਮਾਸਟਰ ਚੇਤ ਰਾਮ ਨੂੰ ਸਿਖਿਆ ਸ਼ਾਸ਼ਤਰੀ ਇਸੇ ਲਈ ਆਖਿਆ ਜਾਂਦਾ ਸੀ ਕਿ ਉਹ ਹਰ ਧੀ ਭੈਣ ਨੂੰ ਹੋਰ ਅੱਗੇ ਪੜ੍ਹਾ ਕੇ ਖ਼ਸ਼ ਹੁੰਦੇ ਸਨ। ਉਹ ਮੇਰੀ ਮਾਂ ਦਾ ਭੋਲਾਪਣ ਅਤੇ ਪੋਤਿਆਂ ਪ੍ਰਤੀ ਲਗਾਵ ਵੇਖ ਕੇ ਖੂਬ ਹੱਸੇ।
ਫਿਰ ਵੀ ਓਹਨਾ ਨੇ ਆਪਣੀਆਂ ਦਲੀਲਾਂ ਦੇ ਕੇ ਉਸਦੇ ਐੱਮ ਏ ਹਿਸਟਰੀ ਦੇ ਫਾਰਮ ਭਰਾ ਹੀ ਦਿੱਤੇ। ਪਰ ਸਾਡੀ ਨਲਾਇਕੀ ਕਾਰਨ ਉਹ ਪੇਪਰ ਨਹੀਂ ਦੇ ਸਕੀ। ਪੋਸਟ ਗਰੈਜੂਏਟ ਕਰਵਾਉਣ ਦਾ ਮਾਸਟਰ ਚੇਤ ਰਾਮ ਦਾ ਸੁਫਨਾ ਵਿਚਾਲੇ ਹੀ ਦਮ ਤੋੜ ਗਿਆ।
ਹੁਣ ਮਾਸਟਰ ਚੇਤ ਰਾਮ ਜੀ ਦੀ ਪੜ੍ਹਾਈ ਤੇ ਅਧਿਆਪਕ ਲੱਗੀ ਮੇਰੀ ਸਾਹਿਬਾਂ 30 ਨਵੰਬਰ 2017 ਨੂੰ ਸਰਕਾਰੀ ਨੌਕਰੀ ਦੇ 34 ਸਾਲ ਪੂਰੇ ਕਰਕੇ ਸੇਵਾ ਮੁਕਤ ਹੋ ਗਈ।
ਇਸ ਨੌਕਰੀ ਦੇ ਲੱਗਣ ਵਿੱਚ ਚਾਚਾ ਚੇਤ ਰਾਮ ਅਤੇ ਮਹਿਮਾ ਸਰਜਾਂ ਦੇ ਸਕੂਲ ਦੇ ਯੋਗਦਾਨ ਨੂੰ ਨਹੀਂ ਭੁਲਾਇਆ ਜਾ ਸਕਦਾ। ਉਸੇ ਚਾਚੇ ਦਾ ਹੀ ਪ੍ਰਤਾਪ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *