ਤੂੰ ਮੇਰੇ ਕੋਲ ਹੈਂ ਨਾ – ਭਾਗ 1 | tu mere kol hai na part 1

        ਤੂੰ ਮੇਰੇ ਕੋਲ ਹੈ ਨਾ  !  ਭਾਗ 1
ਕਾਲਜ ਵਿਚ ਮੇਰਾ ਪਹਿਲਾ ਦਿਨ ਸੀ। ਡਰੀ ਸਹਿਮੀ ਜੀ ਮੈਂ ਕਾਲਜ ਦੇ ਗੇਟ ਵਿੱਚ ਐਂਟਰ ਹੋਈ ਤਾਂ ਅੱਗੋਂ ਸੀਨੀਅਰਜ਼ ਦੀ ਟੀਮ ਘੇਰਾ ਬੰਨ੍ਹੀ ਖੜ੍ਹੀ ਸੀ। ਉਨ੍ਹਾਂ ਨੂੰ ਦੇਖਦਿਆਂ ਹੀ ਮੇਰੇ ਦਿਮਾਗ ਵਿੱਚ “ਰੈਗਿੰਗ” ਸ਼ਬਦ ਆਇਆ ਅਤੇ ਮੇਰਾ ਮੱਥਾ ਠਣਕਿਆ। “ਰੈਗਿੰਗ” ਦੇ ਨਾਮ ਤੇ ਕੀਤੇ ਜਾਂਦੇ ਗ਼ਲਤ ਵਿਵਹਾਰ ਤੋਂ ਮੈਂ ਕੰਬ ਉੱਠੀ।
ਪਰ ਉਸ ਟੀਮ ਦੀ ਸੀਨੀਅਰ ਕੁੜੀ ਨੇ ਬੜੇ ਪਿਆਰ ਨਾਲ ਮੈਨੂੰ ‘ਹੈਲੋ” ਕਿਹਾ ਅਤੇ ਇਹ ਵੀ ਕਿਹਾ ਕਿ ਸਾਰਿਆਂ ਨੂੰ ਹਾਲ ਦੇ ਵਿਚ ਬੁਲਾਇਆ ਗਿਆ ਹੈ। ਉਸ ਦੀ ਹਲੀਮੀ ਵੇਖ ਮੈਨੂੰ ਥੋੜ੍ਹਾ ਜਿਹਾ ਹੌਸਲਾ ਤਾਂ ਹੋਇਆ ਪਰ ਮਨ ਅੰਦਰਲਾ ਡਰ ਹਾਲੇ ਵੀ ਕਾਇਮ ਸੀ। ਮੈਂ ਹਾਲ ਦਾ ਰਸਤਾ ਪੁੱਛ, ਭਾਰੇ ਕਦਮਾਂ ਨਾਲ ਤੁਰ ਪਈ।
ਜਦ ਮੈਂ ਹਾਲ ਵਿਚ ਪਹੁੰਚੀ ਤਾਂ ਹਾਲ ਨਵੇਂ ਵਿਦਿਆਰਥੀਆਂ ਨਾਲ ਅਤੇ ਸੀਨੀਅਰ ਟੀਮ ਦੇ ਕੁਝ ਹੋਰ ਵਿਦਿਆਰਥੀਆਂ ਨਾਲ ਖਚਾਖਚ ਭਰਿਆ ਹੋਇਆ ਸੀ। ਬਲੈਕਬੋਰਡ ਤੇ ਉੱਤੇ “ਵੈਲਕਮ” ਲਿਖਿਆ ਹੋਇਆ ਸੀ। ਸਾਰੇ ਨਵੇਂ ਮੁੰਡੇ ਕੁੜੀਆਂ ਸਹਿਮੇ ਹੋਏ ਬੈਠੇ ਸਨ। ਹਾਲ ਵਿੱਚ ਪੂਰਨ ਖ਼ਾਮੋਸ਼ੀ ਸੀ। ਮੈਂ ਕਾਹਲੀ ਨਾਲ ਹਾਲ ਚ ਨਿਗ੍ਹਾ ਮਾਰੀ ਅਤੇ ਜਿਹੜੀ ਵੀ ਕੁਰਸੀ ਖਾਲੀ ਪਈ ਦਿਸੀ ਉਸ ਤੇ ਧੜੰਮ ਕਰਕੇ ਬੈਠ ਗਈ। ਕੁਰਸੀ ਦੀਆਂ ਕਮਜ਼ੋਰ ਲੱਤਾਂ ਨੇ ਚੂੰ ਚੂੰ ਦੀ ਆਵਾਜ਼ ਕੀਤੀ ਤਾਂ ਸੀਨੀਅਰ ਟੀਮ ਜੋ ਕਿ ਸਟੇਜ ਤੇ ਖਡ਼੍ਹੀ ਸੀ ਠਾਹ ਠਾਹ ਕਰਕੇ ਹੱਸ ਪਈ।ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਮੈਂ ਆਪਣੀ ਹੀ ਚੁੰਨੀ ਨਾਲ ਆਪਣਾ ਮੂੰਹ ਢੱਕ ਲਿਆ।
ਕੁਝ ਹੀ ਮਿੰਟਾਂ ਬਾਅਦ ਇਕ ਸੋਹਣਾ ਸੁਨੱਖਾ ਜਿਹਾ ਗੱਭਰੂ ਹਾਲ ਵਿਚ ਆਇਆ ਅਤੇ ਉਸ ਦੇ ਪਿੱਛੇ ਕਾਲਜ ਦੇ ਮੇਨ ਗੇਟ ਤੇ ਖੜ੍ਹੀ ਸਾਰੀ ਟੀਮ ਵੀ ਅੰਦਰ ਆ ਗਈ।
ਸੀਨੀਅਰ ਟੀਮ ਦੀ ਲੀਡਰ ਕੁੜੀ ਨੇ ਲੈਕਚਰ ਸਟੈਂਡ ਤੇ ਰੱਖੇ ਮਾਈਕ ਨੂੰ ਠੀਕ ਕਰਦਿਆਂ “ਹੈਲੋ ਐਵਰੀ ਬਡੀ” ਕਿਹਾ।
“ਤੁਸੀਂ ਸਾਰੇ ਤਾਂ ਇੰਜ ਚੁੱਪ ਬੈਠੇ ਹੋ ਜਿਵੇਂ ਅਸੀਂ ਤੁਹਾਡਾ ਕਤਲ ਕਰਨਾ ਹੋਵੇ! ਡਰੋ ਨਾ ਅਸੀਂ ਹੋਰਨਾਂ ਕਾਲਜਾਂ ਵਾਂਗ ਤੁਹਾਡੇ ਨਾਲ ਬੁਰਾ ਵਿਵਹਾਰ ਨਹੀਂ ਕਰਾਂਗੇ। ਬਸ ਤੁਸੀਂ ਸਾਰਿਆਂ ਨੇ ਇਕ – ਇਕ ਕਰਕੇ ਇਸ ਲੈਕਚਰ ਸਟੈਂਡ ਤੇ ਆਉਣਾ ਹੈ ਅਤੇ ਆਪਣੇ ਬਾਰੇ ਪੂਰੀ ਇੰਟਰੋਡੈਕਸ਼ਨ ਦੇਣੀ ਹੈ।”
ਇੰਨੀ ਗੱਲ ਸੁਣ ਕੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਹਾਲ ਦੇ ਵਿਚ ਹਲਕੀ ਜਿਹੀ ਹਲਚਲ ਹੋਈ। ਤੇ ਫੇਰ ਵਾਰੀ ਵਾਰੀ ਹਰ ਵਿਦਿਆਰਥੀ ਲੈਕਚਰ ਸਟੈਂਡ ਤੇ ਪਹੁੰਚਦਾ ਅਤੇ ਆਪਣਾ ਨਾਮ ਆਪਣੇ ਪਿੰਡ ਦਾ ਨਾਂ ਅਤੇ ਆਪਣੇ ਸ਼ੌਂਕ ਦੇ ਬਾਰੇ ਵਿਚ ਦੱਸਦਾ ਅਤੇ ਇਕ ਹੋਰ ਸਵਾਲ ਜੋ ਪੁੱਛਿਆ ਜਾ ਰਿਹਾ ਸੀ ਉਹ ਇਹ ਸੀ ਕਿ “ਤੁਸੀਂ ਇਹ ਕਾਲਜ ਕਿਉਂ ਜੁਆਇਨ ਕੀਤਾ ਹੈ ?”
ਹਰ ਕੋਈ ਹੀ ਇਸ ਕਾਲਜ ਨੂੰ ਜੁਆਇਨ ਕਰਨ ਬਾਰੇ ਆਪਣੇ ਵਿਚਾਰ ਦੱਸ ਰਿਹਾ ਸੀ।
ਜਦੋਂ ਹਾਲ ਵਿਚ ਸਭ ਤੋਂ ਅਖੀਰ ਤੇ ਦਾਖ਼ਲ ਹੋਣ ਵਾਲੇ ਉਸ ਸੁਨੱਖੇ ਮੁੰਡੇ ਦੀ ਵਾਰੀ ਆਈ ਤਾਂ ਹਰੇਕ ਅੱਖ ਉਸ ਤੇ ਗੱਡੀ ਗਈ। ਉਹ ਮਿਣਵੇੈ ਕਦਮਾਂ ਨਾਲ ਤੁਰਦਾ ਲੈਕਚਰ ਸਟੈਂਡ ਕੋਲ ਪਹੁੰਚਿਆ।
ਬੜੇ ਨਖਰੇ ਨਾਲ ਉਸ ਨੇ ਮਾਈਕ ਸੰਭਾਲਿਆ ਅਤੇ ਬੋਲਿਆ,” ਮੈਨੂੰ ਤਾਂ ਮੇਰੇ ਪਾਪਾ ਨੇ ਕਿਹਾ ਸੀ ਇਹ ਕਾਲਜ ਜੁਆਇਨ ਕਰਨ ਵਾਸਤੇ। ਪੁੱਛੋ ਕਿਉਂ???
ਸਾਰੇ ਹਾਲ ਵਿੱਚ ਪਹਿਲਾਂ ਤਾਂ ਹਾਸਾ ਪਸਰ ਗਿਆ ਅਤੇ ਫੇਰ ਇਕਦਮ ਸਾਰਿਆਂ ਨੇ ਕਿਹਾ
“ਕਿਉਂ  ???????”
ਉਸ ਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ, ਕਿਉਂਕਿ ਮੈਂ ਆਪਣੇ ਬਾਪ ਦਾ ਇਕਲੌਤਾ ਪੁੱਤ ਹਾਂ। ਤੇ ਮੇਰਾ ਬਾਪ ਕੋਈ ਬਹੁਤਾ ਅਮੀਰ ਬੰਦਾ ਨਹੀਂ ਹੈ । ਪਰ ਉਸ ਨੇ ਮੈਨੂੰ ਇਹ ਕਿਹਾ ਹੈ ਕਿ ਪੁੱਤ ਤੂੰ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਈ  ਤੇ ਖ਼ਾਸ ਕਰ ਕੇ ਉਸ ਨਾਲ, ਜੋ ਤੈਨੂੰ ਪਿਆਰ ਕਰੇ ਪਰ ਕਦੇ ਕਿਸੇ ਕੁੜੀ ਦਾ ਪਿੱਛਾ ਵੀ ਨਾ ਕਰੀਂ । ਤੇ ਮੈਂ ਬਸ ਉਹ ਕੁੜੀ ਲੱਭਣ ਵਾਸਤੇ ਹੀ ਕਾਲਜ ਜੁਆਇਨ ਕੀਤਾ ਹੈ ਜੋ ਮੈਨੂੰ ਪਿਆਰ ਕਰ ਸਕੇ।”
ਇੰਨਾ ਆਖ ਉਹ ਸਟੇਜ ਤੋਂ ਉੱਤਰ ਹਾਲ ਕਮਰੇ ਤੋਂ ਬਾਹਰ ਚਲਿਆ ਗਿਆ। ਹਾਲ ਕਮਰਾ  ਚੀਕਾਂ, ਸੀਟੀਆਂ ਅਤੇ ਤਾੜੀਆਂ ਨਾਲ ਗੂੰਜ ਉੱਠਿਆ।
ਉਸ ਮੁੰਡੇ ਦਾ ਇੱਕ ਇੱਕ ਸ਼ਬਦ ਮੇਰੇ ਦਿਲ ਵਿੱਚ ਉੱਤਰਦਾ ਗਿਆ।
” ਲੈ ਦੱਸ ਐ ਤੇਰਾ ਬਿਨਾਂ ਕੋਈ ਗੁਣ ਦੇਖਿਆ ਪਰਖਿਆ ਤੇਰੇ ਨਾਲ ਕੋਈ ਪਿਆਰ ਕਿਵੇਂ ਕਰ ਲਓ ।” ਮੇਰੇ ਮੂੰਹੋਂ ਇਹ ਬੋਲ ਕਿਰੇ ਤਾਂ ਪ੍ਰੀਤੀ ਬੋਲੀ,”ਜੇ ਪਿਆਰ ਵੇਖ ਕੇ ਕੀਤਾ ਤਾਂ ਕੀ ਕੀਤਾ  …..   !”
“ਵੱਡੀ ਫਿਲਾਸਫਰ ਚੁੱਪ ਕਰਕੇ ਬਹਿ ਜਾ ਐਵੇਂ ਨੀਂ ਪਿਆਰ ਪੁੋਓਰ ਹੁੰਦਾ ਕਿਸੇ ਨਾਲ।” ਮੈਂ ਆਖਣ ਨੂੰ ਤਾਂ ਉਸ ਨੂੰ ਕਹਿ ਦਿੱਤਾ ਪਰ ਮੇਰਾ ਦਿਲ ਸੀ ਕਿ ਉਸ ਮੁੰਡੇ ਦੇ ਕਦਮਾਂ ਨਾਲ ਉਲਝਦਾ ਹੀ ਚਲਿਆ ਜਾ ਰਿਹਾ ਸੀ।
“ਪ੍ਰੀਤੀ ਉਸ ਮੁੰਡੇ ਨੇ ਆਪਣਾ ਕੀ ਨਾ ਦੱਸਿਆ ਸੀ ਭਲਾ !”
“ਕੀ ਗੱਲ ਸੁਣਿਆ ਨੀਂ ਸੀਗਾ ਜੀਤ! ਜੀਤ ਨਾਂ  ਦੱਸਿਆ ਸੀ ਉਸਨੇ ਆਪਣਾ ! ਲੱਗਦਾ ਤੇਰੇ ਤੇ  ਤਾਂ  ਜਿੱਤ ਪ੍ਰਾਪਤ ਕਰ ਗਿਆ ਉਹ !” ਪ੍ਰੀਤੀ ਨੇ ਅੱਖ ਦੱਬੀ ਅਤੇ ਹੱਸ ਪਈ । ਮੇਰੇ ਮੂੰਹੋਂ ਕੋਈ ਜਵਾਬ ਨਾ ਨਿਕਲਿਆ।
ਬਸ ਪਤਾ ਹੀ ਨਾ ਚੱਲਿਆ ਕਦੋਂ ਮੇਰੀ ਅਤੇ ਜੀਤ ਦੀ ਦੋਸਤੀ ਪੈ ਗਈ । ਸਾਡਾ ਹਰ ਖਾਲੀ ਪੀਰੀਅਡ ਤਾਂ ਕੰਟੀਨ ਤੇ ਬੀਤਦਾ ਹੀ ਕਈ ਵਾਰ ਅਸੀਂ ਲੈਕਚਰ ਵੀ ਬੰਕ ਮਾਰ ਦਿੰਦੇ ।
ਇੱਕ ਦਿਨ ਜੀਤ ਮੇਰਾ ਹੱਥ ਫੜ ਕਹਿਣ ਲੱਗਾ “ਦੇਖ ਰੂਪੀ ਮੈਂ ਸਿਰਫ਼ ਉਸੇ ਕੁੜੀ ਨਾਲ ਪਿਆਰ ਕਰਨਾ ਚਾਹੁੰਦਾ ਹਾਂ ਜੋ ਮੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਹੋ ਸਕੇ। ਕੀ ਤੂੰ ਤਿਆਰ ਹੈ?”
“ਹਾਂ ਮੈਂ ਤਿਆਰ ਤਾਂ ਹਾਂ ਪਰ ਇਹ ਕੀ ਸ਼ਰਤ ਹੋਈ? ਪਿਆਰ ਕੋਈ ਸ਼ਰਤਾਂ ਤੇ ਕੀਤਾ ਜਾਂਦਾ?”  
“ਨਹੀਂ ਰੂਪੀ ਪਰ ਮੈਂ ਇਹ ਚਾਹੁੰਦਾ ਹਾਂ ਕਿ ਤੂੰ ਮੇਰੇ ਨਾਲ ਵਿਆਹ ਲਈ ਹਾਂ ਕਰਨ ਤੋਂ ਪਹਿਲਾਂ ਇੱਕ ਵਾਰ ਘਰ ਚੱਲ ਕੇ ਮੇਰੇ ਮੰਮੀ ਨੂੰ ਮਿਲ ਲਵੇ ।”
“ਵਿਆਹ ਤੋਂ ਪਹਿਲਾਂ ਆਪਣੀ  ਹੋਣ ਵਾਲੀ ਸੱਸ ਨੂੰ ਮਿਲ ਲਵਾਂ!”
“ਬਿਲਕੁਲ! ਬਾਕੀ ਮੈਂ ਇਹ ਚਾਹੁੰਦਾ ਹਾਂ ਕਿ ਤੂੰ ਉਸ ਨੂੰ ਮਿਲ ਕੇ ਹੀ ਆਪਣੀ ਸੱਸ ਬਣਾਉਣ ਦਾ ਫ਼ੈਸਲਾ ਕਰਨਾ ਹੈ। ਜੇ ਤੈਨੂੰ ਨਾ ਚੰਗੀ ਲੱਗੀ ਤਾਂ ਤੂੰ ਆਪਣੇ ਰਸਤੇ ਤੇ ਮੈਂ ਆਪਣੇ ਰਸਤੇ ।”
“ਮੈਂ ਬੜੀ ਵਾਰ ਤੇਰੀਆਂ ਇਹੋ ਜਿਹੀਆਂ ਨਿਰਮੋਹੀਆਂ ਗੱਲਾਂ ਤੋਂ ਡਰ ਜਾਂਦੀ ਹਾਂ ।”
“ਡਰਨ ਵਾਲੀ ਤਾਂ ਕੋਈ ਗੱਲ ਨ੍ਹੀਂ ਰੂਪੀ ਪਰ ਮੈਂ ਚਾਹੁੰਦਾ ਹਾਂ ਕਿ ਤੂੰ ਇੱਕ ਵਾਰ ਮੇਰੇ ਘਰ ਦੇ ਹਾਲਾਤ ਨੂੰ ਆਪਣੇ ਅੱਖੀਂ ਦੇਖ ਸਕੇ।”
ਤੇ ਅਗਲੇ ਦਿਨ ਹੀ ਮੈਂ ਜੀਤ ਦੇ ਮੋਟਰਸਾਈਕਲ ਪਿੱਛੇ ਬੈਠੀ ਆਪਣੇ ਹੋਣ ਵਾਲੇ ਸਹੁਰਿਆਂ ਦੇ ਘਰ ਨੂੰ ਚਲੀ ਗਈ।
ਦਹਿਲੀਜ਼ ਅੰਦਰ ਕਦਮ ਰੱਖਦਿਆਂ ਹੀ ਮੈਂ ਚੌਂਕ ਗਈ ਅੱਤ ਦਰਜੇ ਦੀ ਸਫ਼ਾਈ ਸੀ ਘਰ ਵਿਚ। ਇਕ ਤਿਣਕਾ ਤਕ ਵੀ ਕਿਧਰੇ ਨਜ਼ਰ ਨਹੀਂ ਸੀ ਆ ਰਿਹਾ ।
“ਓ ਮਾਈ ਗੌਡ ਐਨੀ ਸਫ਼ਾਈ ਰੱਖਦੇ ਨੇ ਮੰਮੀ।” 
“ਮੰਮੀ ਨਹੀਂ ਜਨਾਬ ਮੇਰੇ ਪਾਪਾ!”
“ਪਾਪਾ ਹੈਅ!!!!!”
“ਜੀ ਪਾਪਾ!! ਪਾਪਾ ਕੰਮ ਕਰਦੇ ਨੇ ਸਾਰਾ!”” “ਮੰਮੀ! ਮੰਮੀ!! ਕਿਓਂ ਨਹੀਂ ?”
“ਆ ਜਾ ਅੰਦਰ ਲੱਗਜੂ ਸਬ ਪਤਾ।”
ਅਚਾਨਕ ਜੀਤ ਦੇ ਪਾਪਾ ਨੇ ਦਹਿਲੀਜ਼ ਤੇ ਤੇਲ ਚੋ ਕੇ ਮੈਨੂੰ ਅੰਦਰ ਲੰਘਾਇਆ। ਮੇਰੇ ਸਿਰ ਤੇ ਪਿਆਰ ਦਿੱਤਾ। ਜਦ ਮੈਂ ਮੰਮੀ ਨੂੰ ਮਿਲੀ ਤਾਂ ਪਾਪਾ ਦੇ ਮੁਕਾਬਲੇ ਓਨਾ ਦਾ ਗੋਰਾ ਰੰਗ ਤੇ ਸੁਹੱਪਣ ਦੇਖ ਇਕ ਵਾਰ ਤਾਂ ਚਕਰਾ ਗਈ। ਪਰ ਪਾਪਾ ਦਾ ਵਿਵਹਾਰ ਇਸ ਫਰਕ ਨੂੰ ਮਿਟਾ ਗਿਆ।
ਫਿਰ ਉੱਥੇ ਬਿਤਾਏ ਦੋ ਘੰਟਿਆਂ ਨੇ ਮੈਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ । ਮੰਮੀ ਡਿਪ੍ਰੈਸ਼ਨ ਦੇ ਮਰੀਜ਼ ਸਨ। ਉਨ੍ਹਾਂ ਨੂੰ ਹਰ ਚੀਜ਼ ਸਾਫ਼ ਚਾਹੀਦੀ ਸੀ। ਜਿੱਥੇ ਕਿਤੇ ਵੀ ਉਹ ਮੈਲ ਜਾਂ ਕਾਲਖ ਦੇਖਦੇ ਤਾਂ ਲਗਾਤਾਰ ਉਸ ਚੀਜ਼ ਨੂੰ ਰਗੜਦੇ ਰਹਿੰਦੇ। ਰਗੜ ਰਗੜ ਕੇ ਸਾਫ ਕਰਦੇ । ਵਾਰ ਵਾਰ ਸਾਫ ਕਰਦੇ। ਤੇ ਫੇਰ ਹਫ਼ ਕੇ ਡਿੱਗ ਪੈਂਦੀ। ਪਾਪਾ ਜੀ  ਤੁਰੰਤ ਡਾਕਟਰ ਨੂੰ ਫੋਨ ਕਰਦੇ।  ਪਰ ਅਜਿਹਾ ਥੋੜੇ ਸਮੇਂ ਲਈ ਹੁੰਦਾ। ਫਿਰ ਮੰਮੀ ਬਹੁਤ ਚਿਰ ਠੀਕ ਰਹਿੰਦੇ । ਪਾਪਾ ਜੀ ਇਸ ਔਖੇ ਸਮੇਂ  ਆਪਣਾ ਸਾਰਾ ਕੰਮ ਧੰਦਾ ਛੱਡ ਸਿਰਫ ਮੰਮੀ ਦੀ ਦੇਖਭਾਲ ਕਰਦੇ। ਓਨਾ ਲਈ ਮੰਮੀ ਹੀ ਸਭ ਕੁਛ ਸਨ।
ਮੈਂ ਜੀਤ ਨੂੰ ਵਿਸ਼ਵਾਸ ਦਿਵਾਇਆ ਕਿ ਮੈਨੂੰ ਮੰਮੀ ਦੀ ਇਸ ਬਿਮਾਰੀ ਬਾਰੇ ਕੋਈ ਦਿੱਕਤ ਨਹੀਂ। ਬਲਕਿ ਮੈਂ ਮੰਮੀ ਤੋਂ ਕਿਤੇ ਵੱਧ ਪਾਪਾ ਜੀ ਨੇ ਪ੍ਰਭਾਵਤ   ਕੀਤਾ। ਹਰ ਕੁੜੀ ਹੀ ਐਨਾ ਸਮਰਪਿਤ ਪਤੀ ਚਾਉਂਦੀ ਹੈ। ਮੈਨੂੰ ਜੀਤ ਚ ਵੀ ਓਨਾ ਦੇ ਪਾਪਾ ਦੀ ਛਵੀ ਨਜ਼ਰ ਆਉਂਦੀ ਸੀ। ਪਾਪਾ ਦੇ ਵਿਵਹਾਰ ਤੇ  ਮੰਮੀ ਦੇ ਡਿਪ੍ਰੈਸ਼ਨ ਦੀ ਗੱਲ ਸਮਝ ਨਹੀਂ ਸੀ ਆਯੀ। ਇਹ ਰਾਜ ਤਾਂ ਮੇਰੇ ਜੀਤ ਨਾਲ ਵਿਆਹ ਤੋਂ ਸੱਤ ਸਾਲ ਬਾਅਦ ਖੁਲਿਆ।
ਭਾਪਾ ਜੀ ਦੀ ਰਿਸ਼ਤੇਦਾਰੀ ਚ ਕਿਸੇ ਦਾ ਵਿਆਹ ਸੀ। ਪਾਪਾ ਨੇ ਮੰਮੀ ਦੀਆਂ ਬਹੁਤ ਮਿੰਨਤਾਂ ਕੀਤੀਆਂ ਜਾਣ ਲਈ ਪਰ ਮੰਮੀ ਨਾ ਮੰਨੇ।
ਆਖ਼ਰ ਜੀਤ ਅਤੇ ਪਾਪਾ ਹੀ ਵਿਆਹ ਚਲੇ ਗਏ। ਮੰਮੀ ਮੂੰਹ ਸਿਰ ਲਪੇਟ ਕੇ ਪੈ ਗਈ। ਪਾਪਾ ਜੀ ਜਾਂਦੇ ਹੋਏ ਕਹਿਣ ਲੱਗੇ,” ਰੂਪੀ ਬੇਟੇ ਆਹ ਦੇਵੀ ਜੀ ਨੂੰ ਪਈ ਰਹਿਣ ਦੇਵੀਂ। ਜਦ ਆਪੇ ਉੱਠੇ ਤਾਂ ਚਾਹ ਪਾਣੀ ਪੁੱਛ ਲਵੀਂ।” ਭਾਪਾ ਜੀ ਦੀ ਗੱਲ ਮੈਨੂੰ ਅਜੀਬ ਤਾਂ ਲੱਗੀ ਪਰ ਮੈਂ ਪਾਪਾ ਜੀ ਦੀ ਗੱਲ ਨਾ ਪਹਿਲਾਂ ਕਦੇ ਮੋੜੀ ਸੀ ਤੇ ਨਾ ਹੀ ਉਸ ਦਿਨ ਮੋੜੀ।
ਦੋ ਵਜੇ ਦੇ ਕਰੀਬ ਘਰ ਦੇ ਲੈਂਡਲਾਈਨ ਤੇ ਘੰਟੀ ਵੱਜੀ ਪਰ ਦੋ ਘੰਟੀਆਂ ਵੱਜ ਕੇ ਫੋਨ ਬੰਦ ਹੋ ਗਿਆ। ਮੈਂ ਰਸੋਈ ਵਿਚ ਭਾਂਡੇ ਧੋਂਦਿੀ ਸਾਂ। ਅਚਾਨਕ ਦੋ ਕੁ ਮਿੰਟਾਂ ਬਾਅਦ ਫਿਰ ਘੰਟੀ ਵੱਜੀ ਤਾਂ ਲਗਾਤਾਰ ਵੱਜਦੀ ਰਹੀ ।       
ਮੈਂ ਰਿਸੀਵਰ ਚੁੱਕਿਆ ਤਾਂ ਕੋਈ ਨਾ ਬੋਲਿਆ। ਹੈਲੋ ਹੈਲੋ ਕਰ ਫੋਨ ਰੱਖ ਦਿੱਤਾ। ਫਿਰ ਕੁਝ ਚਿਰ ਪਿੱਛੋਂ ਤੀਸਰੀ ਘੰਟੀ ਵੱਜੀ ਤਾਂ ਮੰਮੀ ਜੀ ਹੜਬੜਾ ਕੇ ਉੱਠ ਬੈਠੇ। ਮੈਂ ਕੁਨੱਖੀ ਅੱਖ ਨਾਲ ਉਨ੍ਹਾਂ ਦੇ ਕਮਰੇ ਵੱਲ ਝਾਕਦੀ ਨੇ ਫੋਨ ਚੁੱਕਿਆ ਤਾਂ ਮੇਰੀ ਹੈਲੋ ਤੋਂ ਪਹਿਲਾਂ ਹੀ ਉਧਰੋਂ ਆਵਾਜ਼ ਆਈ,”ਮੈਂ ਹਰਦੇਵ ਸਿੰਘ ਬੋਲਦਾ ਹਾਂ ਨਰਿੰਦਰ ਜੀ ਨਾਲ ਗੱਲ ਕਰਨੀ ਹੈ।” ਮੰਮੀ ਦਾ ਨਾਂ ਸੁਣ ਕੇ ਮੈਂ ਥੋੜ੍ਹਾ ਘਬਰਾਈ ਵੀ ਪਰ ਫੇਰ ਮੰਮੀ ਨੂੰ ਸੁਣਾਉਣ ਲਈ ਪੁੱਛਿਆ, “ਹਰਦੇਵ ਸਿੰਘ ਕਿੱਥੋਂ ਜੀ?”
“——- ਇਹਨੂੰ ਕੁੱਤੇ ਨੂੰ ਆਖਦੇ ਮਰਗੀ ਨਰਿੰਦਰ ਕੌਰ ਅੱਗੇ ਤੋਂ ਫੋਨ ਨਾ ਕਰੇ ਇੱਥੇ!”
ਆਖ ਮੰਮੀ ਜੀ ਨੇ ਗੋਦੀ ਵਿੱਚ ਰੱਖਿਆ ਸਿਰਹਾਣਾ ਚਲਾ ਕੇ ਮਾਰਿਆ ਨੰਗੇ ਪੈਰੀਂ ਹੀ ਮੰਮੀ ਭੱਜ ਕੇ ਬਾਥਰੂਮ ਵੜ ਗਈ।
“ਸ਼ਾਇਦ ਤੁਹਾਨੂੰ ਸੁਣ ਹੀ ਗਿਆ ਹੋਵੇਗਾ” ਤੁਸੀਂ ਅੱਗੇ ਤੋਂ ਇੱਥੇ ਫੋਨ ਨਾ ਕਰਨਾ।” ਮੈਂ  ਉਸ ਬੰਦੇ ਨੂੰ ਕਿਹਾ।
“ਕੀ ਤੁਸੀਂ ਇਹ ਜਾਣਨਾ ਨਹੀਂ ਚਾਹੋਗੇ ਕਿ ਮੇਰਾ ਤੁਹਾਡੀ ਮੰਮੀ ਨਾਲ ਕੀ ਰਿਸ਼ਤਾ ਹੈ? ਕੌਣ ਹਾਂ ਮੈਂ ਭਲਾ?”
“ਜੀ ਨਹੀਂ ਮੇਰੀ ਕੋਈ ਇੱਛਾ ਨਹੀਂ ਜਾਨਣ ਦੀ! ਜੇ ਦੱਸਣਾ ਹੋਇਆ ਤਾਂ ਮੰਮੀ ਜੀ ਆਪੇ ਹੀ ਦੱਸ ਦੇਣਗੇ।” ਇਹ ਆਖ ਮੈਂ ਫੋਨ ਰੱਖ ਦਿੱਤਾ ਅਤੇ ਬਾਥਰੂਮ ਵੱਲ ਵਧੀ।
“ਮੰਮੀ ਜੀ ਚਾਹ ਬਣਾਵਾਂ ਕੇ ਰੋ…. ਟੀ….?”
ਪਰ ਮੰਮੀ ਜੀ ਤਾਂ ਮੂੰਹ ਤੇ ਸਾਬਣ ਲਾ ਕੇ ਸਕਰੱਬ ਨਾਲ ਮੱਥਾ ਚੰਗੀ ਤਰ੍ਹਾਂ ਰਗੜ ਰਹੇ ਸਨ। ਮੇਰਾ ਦਿਲ ਬੈਠ ਗਿਆ।
“ਲੈ ਬਈ ਹੋ ਗਈ ਫੇਰ ਕੋਈ ਗੜਬੜ!” ਮੈਂ ਮੰਮੀ ਦੇ ਹੱਥੋਂ ਸਕਰੱਬ ਫੜਦਿਆਂ ਕਿਹਾ,
“ਮੰਮੀ ਜੀ ਤੁਸੀਂ ਜਲਦੀ ਮੂੰਹ ਧੋਵੋ ਮੈਂ ਚਾਹ ਬਣਾਉਣ ਲੱਗੀ ਹਾਂ।” ਵਾਹਵਾ ਮੰਮੀ ਜੀ ਨੇ ਜਲਦੀ ਮੂੰਹ ਤੇ ਛਿੱਟੇ ਮਾਰ ਸਾਬਣ ਲਾਹੀ ਪਰ ਫੇਰ ਉਹ ਤੌਲੀਏ ਨਾਲ ਮੂੰਹ ਰਗੜਨ ਲੱਗੇ। ਮੈਂ ਘਬਰਾ ਤਾਂ ਗਈ ਸਾਂ ਪਰ ਪਾਪਾ ਜੀ ਵਾਂਗ ਕੁਝ ਨਹੀਂ ਬੋਲੀ ਅਤੇ ਤੌਲੀਆ ਫੜ ਕੇ ਰੱਖ ਦਿੱਤਾ।
   ਮੇਰੀ ਘਬਰਾਹਟ ਵਧ ਰਹੀ ਸੀ ਪਰ ਮੇਰੀ ਨਜ਼ਰ ਮੰਮੀ ਜੀ ਦੀ ਹਰ ਹਰਕਤ ਤੇ ਸੀ। ਮੰਮੀ ਜੀ ਐਵੇਂ ਹੀ ਇੱਧਰ ਉਧਰ ਪਈਆਂ ਚੀਜ਼ਾਂ ਚੁੱਕ ਕੇ ਕੱਪੜੇ ਨਾਲ ਝਾੜਣ ਲੱਗੇ। ਮੈਂ ਚਾਹ ਦੇ ਨਾਲ ਹੀ ਪਰੌਂਠਾ ਬਣਾ ਫਟਾਫਟ ਉਨ੍ਹਾਂ ਨੂੰ ਬਾਂਹ ਫੜ ਕੇ ਬੈੱਡ ਤੇ ਬਿਠਾਇਆ ਅਤੇ ਪਲੇਟ ਮੂਹਰੇ ਰੱਖ ਦਿੱਤੀ। ਰੱਬ ਦਾ ਸ਼ੁਕਰ ਕੇ ਮੰਮੀ ਰੋਟੀ ਖਾਣ ਲੱਗ ਪਏ। ਮੈਂ ਮੌਕਾ ਵੇਖ ਕੇ ਪਾਪਾ ਜੀ ਨੂੰ ਫੋਨ ਕਰਕੇ ਸਾਰੀ ਸਥਿਤੀ ਦੱਸੀ ਪਰ ਫੋਨ ਵਾਲੀ ਗੱਲ ਲੁਕੋ ਲਈ ।  
” ਓ ਹੋ ਫੇਰ ਸਿਆਪਾ ਛਿੜ ਗਿਆ। ਬਸ ਪੁੱਤ ਆ ਗਏ ਅਸੀਂ। ਤੂੰ ਉਸ ਨੂੰ ਜਵਾਕਾਂ ਵਾਂਗ ਆਹਰੇ ਲਾਈ ਰੱਖੀਂ।” ਤੇ ਸੱਚਮੁੱਚ ਹੀ ਮੈਨੂੰ ਮੰਮੀ ਜੀ ਨੂੰ ਆਹਰੇ ਲਾਉਣ ਲਈ ਬਹੁਤ ਮਿਹਨਤ ਕਰਨੀ ਪਈ ਕਿਉਂਕਿ ਉਹ ਵਾਰ ਵਾਰ ਆਪਣੇ ਹੱਥ ਤੇ ਮੂੰਹ ਧੋਣ ਚਲੇ ਜਾਂਦੇ ਸਨ। 
ਪਾਪਾ ਜੀ ਤੇ ਜੀਤ ਹਵਾ ਵਾਂਗੂੰ ਹੀ ਘੰਟੇ ਡੇਢ ਵਿੱਚ ਪਹੁੰਚ ਗਏ। ਪਾਪਾ ਨੂੰ ਦੇਖ ਮੰਮੀ ਨੂੰ ਦੌਰਾ ਪੈ ਗਿਆ।। ਉਹ ਗੁੰਮ ਸੁੰਮ ਹੀ ਹੋ ਗਈ। ਜਲਦੀ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਨਾ ਪਿਆ।  ਜੀਤ ਨੂੰ ਮਾਈਗਰੇਨ ਪੀੜ ਉੱਠ ਪਈ। ਉਹ ਤੇਜ਼ ਸੰਗੀਤ ਦੀ ਆਵਾਜ਼ ਸਹਿ ਨਹੀਂ ਸਕਦੇ ਉੱਪਰੋਂ ਇਸ ਟੈਨਸ਼ਨ ਨੇ ਉਨ੍ਹਾਂ ਦਾ ਸਿਰਦਰਦ ਅਥਾਹ ਵਧਾ ਦਿੱਤਾ।
ਮੈਂ ਜੀਤ ਨੂੰ ਘਰ ਹੀ ਰਹਿਣ ਦੀ ਤਾਕੀਦ ਕੀਤੀ ਅਤੇ ਆਪ ਪਾਪਾ ਜੀ ਨਾਲ ਮੰਮੀ ਨੂੰ ਹਸਪਤਾਲ ਲੈ ਗਈ। ਪਾਪਾ ਜੀ ਵੀ ਜੀਤ ਅਤੇ ਮੰਮੀ ਵਿੱਚ ਅੱਧੇ ਅੱਧੇ ਵੰਡੇ ਪਏ ਸਨ। 
ਇਸ ਤਰ੍ਹਾਂ ਦੀ ਹਾਲਤ ਵਿੱਚ ਮੰਮੀ ਨੂੰ ਇੱਕ ਲੰਮੀ ਨੀਂਦ ਦੇਣੀ ਪੈਂਦੀ ਸੀ। ਮੰਮੀ ਨੂੰ ਹਸਪਤਾਲ ਦਾਖਲ ਕਰਵਾ ਕੇ ਹੀ ਅਜਿਹਾ ਹੋ ਸਕਦਾ ਸੀ।  ਮੰਮੀ ਨੂੰ ਹਸਪਤਾਲ ਦਾਖਲ ਕਰਵਾਉਣ ਤੋਂ ਬਾਅਦ ਸ਼ਾਮ ਤਕ ਉੱਥੇ ਰਹੀ ਪਰ ਮੈਂ ਵੀ ਆਥਣੇ ਰੋਟੀ ਟੁੱਕ ਪਕਾਉਣ ਅਤੇ ਜੀਤ ਤੇ ਰੌਬਿਨ ਨੂੰ ਦੇਖਣ ਘਰ ਵੀ ਆਉਣਾ ਸੀ।   
ਇਸ ਸਭ ਕਾਸੇ ਦੌਰਾਨ ਉਹ ਸ਼ਖ਼ਸ ਹਰਦੇਵ ਸਿੰਘ ਵਾਰ ਵਾਰ ਕੰਨਾਂ ਵਿੱਚ ਗੂੰਜ ਰਿਹਾ ਸੀ। ਉੱਪਰੋਂ ਮੈਂ ਭਾਪਾ ਜੀ ਤੋਂ ਉਸ ਦੇ ਫੋਨ ਵਾਲੀ ਗੱਲ ਲੁਕੋ ਤਾਂ ਲਈ ਸੀ ਪਰ ਦਿਲ ਉਸ ਬਾਰੇ ਜਾਨਣ ਨੂੰ  ਕਾਹਲਾ ਵੀ ਸੀ। ਮੈਂ ਹਰਦੇਵ ਸਿੰਘ ਨੂੰ ਤਾਂ ਠੋਕ ਕੇ ਜਵਾਬ ਦੇ ਦਿੱਤਾ ਸੀ ਪਰ ਉਹ ਹੈ ਕੌਣ? ਕੀ ਮੰਮੀ ਜੀ ਦੀ ਬਿਮਾਰੀ ਦੀ ਕੋਈ ਤੰਦ ਉਸ ਨਾਲ ਤਾਂ ਨਹੀਂ ਜੁੜੀ ਹੋਈ? 
ਇਹ ਸਵਾਲ ਮੇਰੇ ਅੰਦਰ ਭੜਥੂ ਪਾ ਰਹੇ ਸਨ। ਕੀ ਮੈਨੂੰ ਭਾਪਾ ਜੀ ਨੂੰ ਦੱਸ ਦੇਣਾ ਚਾਹੀਦਾ ਹੈ? ਕੀ ਜੀਤ ਵੀ ਇਸ ਹਰਦੇਵ ਸਿੰਘ ਨਾਂ ਦੇ ਸ਼ਖ਼ਸ ਬਾਰੇ ਜਾਣਦੇ ਹੋਣਗੇ? ਮੰਮੀ ਜੀ ਨਾਲ ਉਸ ਦਾ ਕੀ ਰਿਸ਼ਤਾ ਹੈ?
ਓ ਹੋ!!! ਇਹ ਸਾਰੇ ਸੁਆਲ ਮੈਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਸਨ। ਆਖ਼ਰ ਜਲਦੀ ਜਲਦੀ ਕੰਮ ਮੁਕਾ ਰੌਬਿਨ ਤੇ ਜੀਤ ਨੂੰ ਸੁਆ ਕੇ  ਮੈਂ ਆਪਣੀ ਅਤੇ ਪਾਪਾ ਜੀ ਰੋਟੀ ਡੱਬੇ ਵਿੱਚ ਪੈਕ ਕਰ ਹਸਪਤਾਲ ਪਹੁੰਚੀ। ਪਾਪਾ ਜੀ ਬਰਾਂਡੇ ਚ ਹੀ ਬੈਂਚ ਤੇ ਬੈਠੇ ਸਨ। ਉਨ੍ਹਾਂ ਨੇ ਅੰਗੂਠੇ ਤੇ ਉਂਗਲ ਨਾਲ ਆਪਣੇ ਕੋਏ ਘੁੱਟੇ ਹੋਏ ਸਨ। ਮੈਂ ਕੋਲ ਬੈਠਦਿਆਂ ਪੁੱਛਿਆ,
” ਕਿਵੇਂ ਨੇ ਮੰਮੀ ਜੀ ਹੁਣ?”
“ਹੈ!!! ਆਖਦਿਆਂ ਉਹ ਉਭੜਵਾਏ ਉੱਠੇ।”
“ਠੀਕ ਹੈ ਬੱਸ ਹੁਣ। ਦੋ ਦਿਨ ਸੁਆਈ ਰੱਖਣਾ ਇਸ ਡਾਕਟਰ ਨੇ ਉਸ ਨੂੰ।” 
“ਚਲੋ ਠੀਕ ਹੈ! ਆ ਜੋ ਰੋਟੀ ਖਾ ਲਈਏ!”
“ਮਤਲਬ ਤੂੰ ਵੀ ਨਹੀਂ ਖਾਧੀ?”
“ਨਹੀਂ ਪਾਪਾ ਜੀ, ਜੀਤ ਤੇ ਰੌਬਿਨ ਨੂੰ ਖੁਆ ਆਈ ਹਾਂ। ਮੇਰਾ ਦਿਲ ਨਹੀਂ ਕੀਤਾ। ਸੋਚਿਆ ਤੁਹਾਡੇ ਨਾਲ ਹੀ ਖਾਊਂਗੀ।। ਤੁਸੀਂ ਵੀ ਤਾਂ ਬਰਾਤੋਂ ਬਿਨਾਂ ਕੁਝ ਖਾਧੇ ਮੁੜ ਆਏ ਸੀ।” 
“ਰੂਪੀ ਬੇਟੇ ਕੋਈ ਖ਼ਾਸ ਗੱਲ ਹੋਈ ਹੋਵੇ ਜਾਂ ਕੀਤੀ ਹੋਵੇ! ਜਿਸ ਕਾਰਨ ਤੇਰੀ ਮੰਮੀ ਬਾਥਰੂਮ ਵਿੱਚ ਜਾ ਕੇ ਮੂੰਹ ਰਗੜਣ ਲੱਗੀ ਸੀ।” ਪਾਪਾ ਨੇ ਬੁਰਕੀ ਤੋੜਦਿਆਂ ਪੁੱਛਿਆ।
ਪਰ ਮੇਰੀ ਬੁਰਕੀ ਮੂੰਹ ਵਿਚ ਹੀ ਫੁੱਲ ਗਈ।
” ਕੋਈ ਨਾ ਪਾਪਾ ਜੀ, ਤੁਸੀਂ ਪਹਿਲਾਂ ਰੋਟੀ ਖਾਓ।”  ਮੈਂ ਪਾਣੀ ਦੀ ਘੁੱਟ ਨਾਲ ਬੁਰਕੀ ਲੰਘਾਉਂਦਿਆਂ ਕਿਹਾ। ਨਹੀਂ ਚਾਹੁੰਦੀ ਸੀ ਕਿ ਪਾਪਾ ਜੀ ਪਰੇਸ਼ਾਨ ਹੋਣ ਪਰ ਕੀ ਇਹ ਗੱਲ ਛੁਪਾ ਲੈਣੀ ਖ਼ਤਰਨਾਕ ਤਾਂ ਨਹੀਂ ਹੋਵੇਗੀ? ਮੈਂ ਰੋਟੀ ਖਾਂਦੀ ਵੀ  ਪੈਂਡੂਲਮ ਵਾਂਗ ਇੱਧਰ ਉੱਧਰ ਸੋਚ ਰਹੀ ਸੀ। ਫਿਰ ਰੋਟੀ ਖਾ ਕੇ ਡੱਬਾ ਬੰਦ ਕਰਦਿਆਂ ਕਿਹਾ, 
“ਸੌਰੀ ਪਾਪਾ ਜੀ, ਮੈਂ ਦੱਸਣਾ ਤਾਂ ਸੀ ਪਰ ਫ਼ੈਸਲਾ ਨਹੀਂ ਸੀ ਕਰ ਪਾ ਰਹੀ ਇਹ ਦੱਸਾਂ ਜਾਂ ਨਾ ਪਰ ਕਿਸੇ ਹਰਦੇਵ ਸਿੰਘ ਦਾ ਫੋਨ ਆਇਆ ਸੀ  ਕਰੀਬ ਦੋ ਵਜੇ। ਮੰਮੀ ਮੇਰੇ ਮੂੰਹੋਂ ਇਹ ਨਾਂ ਸੁਣਦਿਆਂ ਹੀ  ਭੜਕ ਉੱਠੇ ਤੇ ਉਸ ਨੂੰ ਗਾਲ੍ਹਾਂ ਕੱਢਦੇ ਹੋਏ ਹੀ ਬਾਥਰੂਮ ਵਿੱਚ ਵੜ ਗਏ।  ਜਦ ਕਾਫੀ ਦੇਰ ਬਾਹਰ ਨਾ ਨਿਕਲੇ ਤਾਂ ਮੈਂ ਵੇਖਣ ਲਈ ਸਾਂ! 
ਮੇਰੀ ਗੱਲ ਸੁਣਦਿਆਂ ਹੀ ਪਾਪਾ ਜੀ ਦੇ ਮੂੰਹ ਤੇ ਪਿਲੱਤਣ ਫਿਰ ਗਈ। ਉਹ ਇਕਦਮ ਚੁੱਪ ਕਰ ਗਏ। ਮੇਰੇ ਤੋਂ ਵੀ ਕੋਈ ਗੱਲ ਨਹੀਂ ਸੀ ਹੋ ਰਹੀ। 
ਕਾਫੀ ਚਿਰ ਮਗਰੋਂ ਪਾਪਾ ਜੀ ਉੱਠੇ ਅਤੇ ਬੋਲੇ,” ਚੱਲ ਬੇਟੇ ਤੈਨੂੰ ਘਰ ਛੱਡ ਆਵਾਂ।” 
“ਨਹੀਂ ਪਾਪਾ ਜੀ , ਮੈਂ ਇੱਥੇ ਹੀ ਰਹਾਂਗੀ ਤੁਹਾਡੇ ਕੋਲ। ਜੇ ਤੁਹਾਨੂੰ ਜਾਂ ਮੰਮੀ ਨੂੰ ਕਿਸੇ ਚੀਜ਼ ਦੀ ਲੋੜ ਪਈ ਤਾਂ ਫੇਰ ਲੈ ਤਾਂ ਆਵਾਂਗੀ।” 
“ਤੇਰੀ ਮੰਮੀ ਨੂੰ ਤਾਂ ਖ਼ੈਰ ਕੋਈ ਲੋੜ ਨਹੀਂ ਪੈਂਦੀ ਹੁਣ। ਆਖ ਉਹ ਮੰਮੀ ਦੇ ਕਮਰੇ ਵਿਚ ਆ ਗਏ। ਚੱਲ ਰਹੇ ਗੁਲੂਕੋਜ਼ ਨੂੰ ਦੇਖਿਆ ਮੰਮੀ ਦੇ ਸਿਰ ਤੇ ਹੱਥ ਫੇਰ ਉਹ ਬਾਹਰ ਆ ਗਏ। 
“ਚੱਲ ਬੇਟੇ ਕੰਟੀਨ ਤੇ ਚਾਹ ਪੀਣ ਚੱਲੀਏ!” ਆਖ ਉਹ ਅੱਗੇ ਤੁਰ ਪਏ। ਮੈਨੂੰ ਕੰਟੀਨ ਦੇ ਬਾਹਰ ਰੁਕਣ ਲਈ ਕਿਹਾ। ਉਹ ਅੰਦਰ ਗਏ ਅਤੇ ਦੋ ਗਿਲਾਸ ਚਾਹ ਦੇ ਲਿਆਏ। ਅਸੀਂ ਕੁਝ ਦੂਰ ਕੁਰਸੀਆਂ ਤੇ ਬਹਿ ਗਏ। 
“ਰੂਪੀ ਜਦ ਮੇਰਾ ਤੇਰੀ ਮੰਮੀ ਨਾਲ ਵਿਆਹ ਹੋਇਆ ਸੀ ਤਾਂ ਮੈਂ ਬਹੁਤ ਖੁਸ਼ ਸਾਂ ਪਰ ਇਹ ਖ਼ੁਸ਼ੀ ਸਿਰਫ਼ ਇੱਕ ਦਿਨ ਦੀ ਹੀ ਸੀ। ਅਗਲੇ ਦਿਨ ਮੇਰੀ ਸਾਲੀ ਤੇ ਸਾਢੂ ਇਸ ਨੂੰ ਲੈਣ ਆਏ। ਮੈਨੂੰ ਅੰਦਰ ਚਾਹ ਫੜਾਉਣ ਜਾਂਦੇ ਨੂੰ ਸੁਣਿਆ ਕਿ ਆਪਣੀ ਭੈਣ ਨੂੰ ਕਹਿ ਰਹੀ ਸੀ,
” ਹਾਲ ਨੂੰ ਹੋਰ ਕੀ ਹੋਣਾ? ਜਦੋਂ ਤੁਸੀਂ ਖ਼ੁਦ ਹੱਥੀਂ ਦੁੱਧ ਦਾ ਕਟੋਰਾ ਕਾਲੇ ਨਾਗ ਮੂਹਰੇ ਧਰ ਦਿੱਤਾ! ਹੁਣ ਇਹ ਇਹ ਪੁੱਛਣ ਦਾ ਕੀ ਫ਼ਾਇਦਾ ਬਈ ਦੁੱਧ ਜ਼ਹਿਰੀਲਾ ਹੋਇਆ ਹੈ ਕਿ ਨਹੀਂ?”
ਇਹ ਸੁਣ ਮੇਰੇ ਹੱਥੋਂ ਚਾਹ ਵਾਲੀ ਟਰੇਅ ਡੋਲ ਗਈ ਸੀ। ਮੈਂ ਪੈਰ ਤਿਲਕਣ ਦਾ ਬਹਾਨਾ ਕੀਤਾ ਪਰ  ਇਹ ਗੱਲ ਮੈਨੂੰ ਅੰਦਰੋਂ ਕਤਲ ਕਰ ਗਈ। ਜਦ ਇਹ ਵਾਪਸ ਆਈ ਤਾਂ ਮੇਰੇ ਵਿੱਚ ਇਸ ਨੂੰ ਹੱਥ ਲਗਾਉਣ ਦੀ ਹਿੰਮਤ ਵੀ ਨਹੀਂ ਸੀ। ਮੈਨੂੰ ਇੰਜ ਲੱਗਦਾ ਜਿਵੇਂ ਮੈਂ ਸੱਚੀ ਕਾਲਾ ਨਾਗ ਹੋਵਾਂ। ਮੈਂ ਖ਼ੁਦ ਨੂੰ ਯਕੀਨ ਇਹ ਦਵਾਉਣ ਲਈ ਉਸ ਦੀ ਗੋਰੀ ਬਾਂਹ ਕੋਲ ਆਪਣੀ ਬਾਂਹ ਰੱਖਦਾ ਤਾਂ ਮੈਨੂੰ ਇੰਜ ਹੀ ਲੱਗਣਾ ਜਿਵੇਂ ਚੰਦਨ ਦੀ ਗੇਲੀ ਕੋਲ ਕਾਲਾ ਨਾਗ ਹੋਵੇ। ਵਿਆਹ ਤੋਂ ਹਫ਼ਤਾ ਬਾਅਦ ਹੀ ਮੈਂ  ਆਪਣੀ ਟ੍ਰੇਨਿੰਗ ਦਾ ਬਹਾਨਾ ਲਾ ਮੈਡੀਕਲ ਛੁੱਟੀ ਲੈ ਮਹੀਨੇ ਲਈ ਬਾਹਰ ਜਾਣ ਦਾ ਫ਼ੈਸਲਾ ਕੀਤਾ। ਮੇਰੀ ਮਾਂ ਮੇਰੇ ਦਿਲ ਨੂੰ ਸਮਝਦੀ ਸੀ ਪਰ ਉਹ ਕੁਝ ਨਾ ਕਹਿ ਸਕੀ। ਮੇਰੀ ਨਾਨੀ ਦੱਸਦੀ ਹੁੰਦੀ ਸੀ ਕਿ ਇਕ ਵਾਰ ਮੇਰੇ ਮਾਮੇ ਨੇ ਮੈਨੂੰ ਮੋਢੇ ਲਾਇਆ ਹੋਇਆ ਸੀ। ਮੇਰੀ ਮਾਮੀ ਨੇ ਕਿਤੇ ਹੱਸਦੀ ਨੇ ਕਹਿ ਦਿੱਤਾ,
“ਇਹਨੂੰ ਕਾਲੇ ਟਿੱਟਣ ਨੂੰ ਲਾਹ ਦੇ ਮੋਢਿਓਂ! ਕਿਤੇ ਤੇਰਾ ਮੋਢਾ ਈ ਨਾ ਕਾਲਾ ਹੋ ਜੇ!”  ਇਸ ਗੱਲ ਦਾ ਮੇਰੀ ਮਾਂ ਨੇ ਏਨਾ ਬੁਰਾ ਮੰਨਿਆ ਕਿ ਉਹ ਕਦੇ ਮੁੜ ਕੇ ਪੇਕੇ ਨਹੀਂ ਸੀ ਗਈ। ਸਾਰੀ ਉਮਰ ਮੇਰੀ ਨਾਨੀ ਤੇ ਮਾਮਾ ਹੀ ਸਾਨੂੰ ਸਾਲ ਛਿਮਾਹੀ ਮਿਲਣ ਆਉਂਦੇ। ਤੇ ਹੁਣ ਉਹ ਮਾਂ ਇਹ ਗੱਲ ਕਿਵੇਂ  ਸਹਿ ਸਕਦੀ ਸੀ। ਉਸ ਨੇ ਮੇਰੀ ਇਸ ਹਿਜਰਤ ਨੂੰ ਰਾਜ਼ ਹੀ ਰੱਖਿਆ ਪਰ  ਪਰ ਮੈਨੂੰ ਜਾਣ ਲੱਗੇ ਨੂੰ ਕਿਹਾ,
” ਚੰਗਾ ਪੁੱਤ! ਹੋਰ ਸਿਆਣਾ ਬਣ ਕੇ ਆਈ! ਘਰ ਕੋਈ ਰੋਜ਼ ਰੋਜ਼ ਨਹੀਂ ਬੱਝਦੇ ਹੁੰਦੇ। ਹੁਣ ਤਾਂ ਇੱਥੇ ਹੀ ਨਿਭਾਅ ਕਰਨਾ ਪਊ। ਮੇਰੇ ਵਾਂਗੂੰ ਇਹ ਰਿਸ਼ਤਾ ਛੱਡਿਆ ਤਾਂ ਜਾਣਾ ਨਹੀਂ  ਹਿੰਮਤ ਨਾਲ ਵਾਪਸ ਮੁੜੀ!”
ਤੇ ਮੈਂ ਸੱਚਮੁੱਚ ਹੀ ਪੰਦਰਾਂ ਦਿਨਾਂ ਬਾਅਦ  ਪਹਿਲਾਂ ਨਾਲੋਂ ਦੁੱਗਣੀ ਹਿੰਮਤ ਨਾਲ ਘਰ ਪਰਤਿਆ। 
ਮੈਂ ਸਭ ਕੁਝ ਆਮ ਵਾਂਗ ਕਰਨ ਦੀ ਕੋਸ਼ਿਸ਼ ਚ ਸਾਂ ਪਰ ਫਿਰ ਵੀ ਰਾਤ ਹੁੰਦਿਆਂ ਹੀ ਮੇਰੀ ਹਿੰਮਤ ਜਵਾਬ ਦੇ ਜਾਂਦੀ। ਮੈਂ ਜਲਦੀ ਸੌਂ ਜਾਣ ਦਾ ਨਾਟਕ ਕਰਦਾ। ਸਾਡੇ ਦਰਮਿਆਨ ਕਦੇ ਕਦੇ ਦੋ ਚਹੁੰ ਮਹੀਨਿਆਂ ਬਾਅਦ ਹੀ ਕੋਈ  ਗੱਲ ਹੁੰਦੀ। ਇਸ ਦਰਮਿਆਨ ਜੀਤ ਪੈਦਾ ਹੋ ਗਿਆ ਤਾਂ ਅਸੀਂ ਬਸ ਉਸੇ ਨਾਲ ਪਰਚ ਗਏ। ਉਹ ਦੋ ਚਹੁੰ ਮਹੀਨਿਆਂ ਵਾਲਾ ਮੇਲ ਵੀ ਸਾਲਾਂ ਬੱਧੀ ਚਲਾ ਗਿਆ। 
ਮਸਾਂ ਸੱਤ ਅੱਠ ਸਾਲਾਂ ਦਾ ਸੀ ਜੀਤ ਜਦੋਂ ਹਰਦੇਵ ਸਾਡਾ ਕਿਰਾਏਦਾਰ ਬਣ ਕੇ ਆਇਆ। ਮੇਰੇ ਹੀ ਦਫ਼ਤਰ ਵਿੱਚ ਸੀ ਅਤੇ ਮੈਂ ਸੋਚਿਆ ਕਿ ਕਿਉਂ ਨਾ ਉਪਰਲੇ ਚੁਬਾਰੇ ਚ ਰੱਖ ਕੇ ਉਸ ਦੀ ਸਮੱਸਿਆ ਹੱਲ ਕਰ ਦੇਵਾਂ। ਉਹ ਕਸ਼ਮੀਰ ਤੋਂ ਸੀ ਪਰ… ਪਰ… ਮੇਰੀ ਨਰਮੀ ਹੀ ਮੇਰੀ ਸਮੱਸਿਆ ਬਣ ਗਈ। ਹਰਦੇਵ ਹਰ ਦਿਨ ਦੋ ਵਜੇ ਇਸ ਨੂੰ ਫੋਨ ਕਰਨ ਲੱਗਾ ਕਿਉਂਕਿ ਮੈਂ ਦੋ ਤੋਂ ਚਾਰ ਵਜੇ ਤਕ ਆਪਣੇ ਬੌਸ ਦੇ ਨਾਲ ਫੈਕਟਰੀ ਦਾ ਗੇੜਾ ਲਾਉਣਾ ਹੁੰਦਾ ਸੀ ਤੇ ਮੈਂ ਕੋਈ ਫੋਨ ਨਾ ਕਰ ਸਕਦਾ ਸੀ, ਨਾ ਸੁਣ ਸਕਦਾ ਸੀ। ਇਸ ਦਰਮਿਆਨ ਹਰਦੇਵ ਦੀ ਨੇੜਤਾ  ਨਰਿੰਦਰ ਨਾਲ ਵਧਣ ਲੱਗੀ। ਨਰਿੰਦਰ ਦੀ ਖੁਸ਼ੀ ਸਾਹਮਣੇ ਮੈਂ ਅੱਖੀਂ ਵੇਖ ਕੇ ਵੀ ਇਹ ਸਭ ਬਰਦਾਸ਼ਤ ਕਰ ਗਿਆ । ਮੈਨੂੰ ਲੱਗਦਾ ਸੀ ਕਿ ਚੱਲ ਫੋਨ ਤੇ ਹੀ ਗੱਲਬਾਤ ਹੁੰਦੀ ਹੈ ਕੀ ਫਰਕ ਪੈਣਾ ਹੈ?
ਪਰ ਉਸ ਦਿਨ ਮੈਂ ਸੁਣ ਲਿਆ ਕਿ ਇਹ ਮੈਨੂੰ ਮਾਰ ਦੇਣ ਦੀ ਸਾਜ਼ਿਸ਼ ਘੜ ਰਹੇ ਸਨ। ਮੇਰਾ ਖ਼ੂਨ ਬਹੁਤ ਖੋਲ੍ਹਿਆ ਪਰ …..
ਪਾਪਾ ਜੀ ਨੇ ਹੁਣ ਵੀ ਮੁੱਠੀਆਂ ਪੂਰੇ ਗੁੱਸੇ ਨਾਲ ਮੀਚੀਆਂ ।
“ਫਿਰ ਕੀ ਹੋਇਆ ਪਾਪਾ ਜੀ ?”
ਫੇਰ … ਉਸ ਰਾਤ ਇਸ ਨੂੰ ਆਪਣਾ ਸਾਮਾਨ ਪੈਕ ਕਰਦੀ ਨੂੰ ਮੈਂ ਦੇਖ ਲਿਆ।  ਇਨ੍ਹਾਂ ਨੇ ਪਲੈਨ ਮੁਤਾਬਕ ਮੇਰੇ ਰਾਤ ਦੇ ਦੁੱਧ ਵਿੱਚ ਜ਼ਹਿਰ ਮਿਲਾ ਕੇ ਸਦਾ ਦੀ ਨੀਂਦ ਸੁਆ ਦੇਣਾ ਸੀ। ਜਦ ਇਹ ਦੁੱਧ ਗਰਮ ਕਰਨ ਲੱਗੀ ਤਾਂ ਮੈਂ ਹੋਰ ਚੁਕੰਨਾ ਹੋ ਗਿਆ। ਰੰਗੇ ਹੱਥੀਂ ਫੜਨ ਲਈ ਮੈਂ … ਦੱਬੇ ਪੈਰੀਂ ਗਿਆ ਅਤੇ ਇਸ ਦੇ ਹੱਥ ਵਿਚੋਂ ਉਹ ਸ਼ੀਸ਼ੀ ਫੜ ਲਈ ਅਤੇ ਕਿਹਾ,  “ਮਾਫ਼ ਕਰੀਂ ਨਰਿੰਦਰ! ਮੇਰੇ ਤੋਂ ਤਾਂ ਤੇਰਾ ਦੁੱਧ ਦਾ ਕਟੋਰਾ ਬਸ ਸੰਜੋਗੀ ਹੀ ਜ਼ਹਿਰੀਲਾ ਹੋਇਆ ਸੀ ਪਰ ਪਲੀਜ਼ ਤੂੰ ਮੇਰਾ ਦੁੱਧ ਦਾ ਗਲਾਸ ਜਾਣ ਬੁੱਝ ਕੇ ਹੱਥੀਂ ਜ਼ਹਿਰੀਲਾ ਨਾ ਕਰ। ਮੈਨੂੰ ਆਪਣੇ ਬੱਚੇ ਖ਼ਾਤਰ ਜਿਊਂ ਲੈਣ ਦੇ।” ਇਹ ਪੀਲੀ ਭੂਕ ਹੋ ਗਈ ਪਰ ਮੈਂ ਇਸ ਦੀ ਬਾਂਹ ਫੜ ਲਈ ਤੇ ਅੰਦਰ ਇਸ ਦਾ ਪੈਕ  ਕੀਤਾ ਹੋਇਆ ਅਟੈਚੀ ਚੁੱਕ ਲਿਆ।
” ਆ ਤੈਨੂੰ ਆਪ ਛੱਡ ਆਵਾਂ ਹਰਦੇਵ ਕੋਲ! ਲੋਕਾਂ ਨੂੰ ਕਹਿ ਦੂੰ ਕਿ ਤੂੰ ਆਪਣੇ ਮਾਂ ਪਿਓ ਕੋਲ ਇੰਗਲੈਂਡ ਗਈ ਹੈ!” ਤੇ ਮੈਂ ਸੱਚਮੁੱਚ ਹੀ ਇਸ ਨੂੰ ਹਰਦੇਵ ਦੇ  ਫੈਕਟਰੀ ਵਾਲੇ ਕੁਆਰਟਰ ਵਿਚ ਛੱਡ ਆਇਆ।
        ਇਹ ਦੋ ਮਹੀਨੇ ਬਾਅਦ ਹੀ ਆਪਣਾ ਸਾਮਾਨ ਚੁੱਕ ਵਾਪਸ ਆ ਗਈ ਪਰ ਉਦੋਂ ਇਹ ਇਕੱਲੀ ਨਹੀਂ ਸੀ ਆਈ ਬਲਕਿ ਇਹ ਡਿਪਰੈਸ਼ਨ ਦੀ ਬਿਮਾਰੀ  ਨਾਲ ਲੈ ਕੇ ਆਈ ਸੀ। ਵਾਰ ਵਾਰ ਮੈਨੂੰ ਪੁੱਛਦੀ “ਤੂੰ ਮੇਰੇ ਕੋਲ ਹੈ ਨਾ?”
ਮੈਂ ਹਮੇਸ਼ਾਂ ਇਹੀ ਜੁਆਬ ਦੇਂਦਾ, “ਬਿਲਕੁਲ ਹਾਂ ਅਤੇ ਹਮੇਸ਼ਾ ਰਹਾਂਗਾ” ਪਰ  ਇਹ ਅਕਸਰ ਬਿਮਾਰੀ ਕਾਰਨ ਮੈਨੂੰ ਕਾਲਾ ਟਿੱਟਣ, ਨਾਗ ਆਖ ਚੰਦਨਗੀਰੀ ਵਾਂਗ ਆਪਣੀ ਹੀ ਖੁੱਡ ਦੇ ਬਾਹਰ ਆਪਣਾ ਜ਼ਹਿਰ ਉਗਲ ਕੇ ਸ਼ਾਂਤ ਹੋ ਜਾਂਦੀ। ਮੈਂ  ਇਸ ਦੇ ਸੁਪਨਿਆਂ ਦਾ ਗੋਰਾ ਚਿੱਟਾ ਰਾਜ ਕੁਮਾਰ ਨਾ ਬਣ ਸਕਿਆ ਅਤੇ ਇਹ ਮੇਰਾ ਦੁੱਧ ਚਿੱਟਾ ਬੇਦਾਗ ਪਿਆਰ ਨਾ ਦੇਖ ਸਕੀ। 
ਭਾਵੇਂ ਮੈਂ ਖ਼ੁਦ ਇਸ ਲਈ ਗੋਰਾ ਚਿੱਟਾ ਨਹੀਂ ਬਣ ਸਕਦਾ ਪਰ ਇਸ ਦਾ ਆਲਾ ਦੁਆਲਾ ਹਮੇਸ਼ਾਂ ਚਮਕਾ ਕੇ ਰੱਖਣ ਲੱਗਾ। ਕਿਉਂਕਿ ਇਹ ਕਾਲਖ ਕਿਤੇ ਵੀ ਵੇਖਦੀ ਤਾਂ ਉਸ ਨੂੰ ਲਗਾਤਾਰ ਰਗੜਨ ਲੱਗ ਜਾਂਦੀ।
” ਪਰ ਪਾਪਾ ਜੀ ਕੀ ਤੁਸੀਂ ਮੰਮੀ ਜੀ ਨੂੰ ਵਾਪਸ ਆਉਣ ਦਾ ਕਾਰਨ ਨਹੀਂ ਪੁੱਛਿਆ ਕਦੇ?” 
” ਨਾ ਬੇਟੇ ਨਾ! ਮੈਂ ਤੇਰੀ ਮੰਮੀ ਨੂੰ ਸ਼ਰਮਿੰਦਾ ਨਹੀਂ ਸੀ ਕਰਨਾ ਚਾਹੁੰਦਾ! ਉਹ ਆਪਣੀ ਮਰਜ਼ੀ ਨਾਲ ਗਈ ਸੀ ਅਤੇ ਮਰਜ਼ੀ ਨਾਲ ਵਾਪਸ ਆ ਗਈ। ਤੇ ਲੋਕਾਂ ਨੂੰ ਬੋਲਿਆ ਮੇਰਾ ਝੂਠ ਵੀ ਸੱਚ ਸਾਬਤ ਹੋ ਗਿਆ ਕਿ ਦੋ ਮਹੀਨੇ ਬਾਅਦ ਇੰਗਲੈਂਡੋਂ ਮੁੜੀ ਹੈ। 
ਪਾਪਾ ਜੀ ਆਪਣੀ ਗੱਲ ਕਹਿ ਕੇ ਸੁਰਖ਼ਰੂ ਹੋ ਗਏ ਸਨ ਪਰ ਮੈਂ ਉਦਾਸ ਹੋ ਗਈ ਕਿ ਐਨਾ ਪਿਆਰਾ ਬੰਦਾ ਸਿਰਫ਼ ਪੱਕੇ ਰੰਗ ਕਾਰਨ ਹੀ ਐਨੀਆਂ ਤਕਲੀਫਾਂ ਵਿੱਚੋਂ ਗੁਜ਼ਰਿਆ! 
ਪਾਪਾ ਜੀ ਕਮਰੇ ਵੱਲ ਮੁੜਦੇ ਬੋਲੇ,” ਬਸ ਤੇਰੀ ਮੰਮੀ ਦੀ ਇੱਕੋ ਗੱਲ ਜੋ ਉਹ ਬਿਮਾਰੀ ਵਿਚ ਅਕਸਰ ਪੁੱਛਦੀ ਰਹਿੰਦੀ ਸੀ, ‘ਤੂੰ ਮੇਰੇ ਕੋਲ ਹੈ ਨਾ’ ਨੇ ਹੀ ਮੈਨੂੰ ਜਿਊਂਦਾ ਰੱਖਿਆ।  ਚਾਹੇ ਉਹ ਇਹ ਗੱਲ ਆਪਣੇ ਅਪਰਾਧ ਬੋਧ ਤੋਂ ਮੁਕਤ ਹੋਣ ਲਈ ਜਾਂ ਹੋਰ ਕਿਸੇ ਮਰਜ਼ੀ ਭਾਵ ਕਾਰਨ ਕਹਿੰਦੀ ਹੋਵੇ ਪਰ ਮੈਂ ਇਸੇ ਨੂੰ ਤਮਗਾ ਸਮਝਦਾ ਹਾਂ। ਭਾਵੇਂ ਤੇਰੀ ਮੰਮੀ ਸਾਰੀ ਉਮਰ ਮੇਰੇ ਨਾਲ ਨਹੀਂ ਤੁਰੀ, ਨਾ ਕਿਸੇ ਵਿਆਹ ਸ਼ਾਦੀ ਤੇ, ਨਾ ਕਿਸੇ ਪਾਰਟੀ ਤੇ। ਨਾ ਗੁਰਦੁਆਰੇ ਨਾ ਕਿਤੇ ਹੋਰ ਗਈ ਪਰ ਰਾਤ ਨੂੰ  ਸੁਪਨੇ ਵਿੱਚ ਡਰਦੀ ਹੈ ਤਾਂ ਮੇਰਾ ਹੱਥ ਜ਼ਰੂਰ ਫੜ ਲੈਂਦੀ ਸੀ ‘ਤੂੰ ਮੇਰੇ ਕੋਲ ਹੈ ਨਾ’ ਆਖ ਤਸੱਲੀ ਨਾਲ ਸੌਂ ਜਾਂਦੀ ਸੀ।
ਮੈਂ ਪਾਪਾ ਜੀ ਦੇ ਮਗਰ ਹੀ ਕਮਰੇ ਚ ਆਈ। ਪਾਪਾ ਜੀ ਨੇ ਫਿਰ ਮੰਮੀ ਦੇ ਸਿਰ ਤੇ ਹੱਥ ਰੱਖਿਆ। ਉਨ੍ਹਾਂ ਦਾ ਮੱਥਾ ਛੂਹਿਆ।
” ਕਾਸ਼ ਕਿਤੇ ਪਾਪਾ ਜੀ ਕੋਲ ਵੀ ਇਹ ਕਹਿਣ ਵਾਲਾ ਜੀਵਨ ਸਾਥੀ ਹੁੰਦਾ  ਹੁੰਦਾ ਕਿ ਮੈਂ ਤੇਰੇ ਕੋਲ ਹਾਂ ਨਾ”!
ਪਾਪਾ ਜੀ ਨੇ ਮੈਨੂੰ ਨਾਲ ਦੇ ਖਾਲੀ ਬੈੱਡ ਤੇ ਸੌਣ ਲਈ ਕਿਹਾ ਤੇ ਆਪ ਕੁਰਸੀ ਖਿੱਚ ਮੰਮੀ ਕੋਲ ਹੀ ਬਹਿ ਗਏ। 
ਸਵੇਰ ਹੁੰਦਿਆਂ ਹੀ ਮੰਮੀ ਜੀ ਕੁਝ ਦੇਰ ਲਈ ਜਾਗੀ ਤਾਂ ਘਬਰਾ ਕੇ ਪਾਪਾ ਜੀ ਦਾ ਹੱਥ ਟਟੋਲਣ ਲੱਗੇ ਅਤੇ ਬੋਲੇ,
” ਮੈਂ ਕਿਹਾ ਬੋਲਦਾ ਨੀ! ਤੂੰ ਮੇਰੇ ਕੋਲ ਹੈ ਨਾ?”
ਪਾਪਾ ਜੀ ਸੁੱਤੇ ਪਏ ਹੀ ਇਕਦਮ ਬੋਲੇ, “ਹਾਂ ਹਾਂ ਨਿੰਦਰੀ ਸੌਂ ਜਾ ਤੂੰ! ਮੈਂ ਤੇਰੇ ਕੋਲ ਹੀ ਹਾਂ!” ਇਹ ਸੁਣ ਮੰਮੀ ਫੇਰ ਅੱਖਾਂ ਮੀਚ ਲਈਆਂ।
ਐਨੇ ਨੂੰ ਜੀਤ ਸਵੇਰ ਦੀ ਚਾਹ ਲੈ ਕੇ ਆ ਗਿਆ।  ਪਾਪਾ ਜੀ ਉੱਠ ਕੇ ਮੂੰਹ ਹੱਥ ਧੋਣ ਗਏ ਤਾਂ ਮੇਰੀਆਂ ਉਨੀਂਦਰੇ ਨਾਲ ਸੁੱਜੀਆਂ ਅੱਖਾਂ ਵੇਖ ਜੀਤ ਬੋਲਿਆ,
” ਸੌਰੀ ਰੂਪ ਮੈਨੂੰ ਪਤਾ ਤੂੰ ਉਨੀਂਦਰਾ ਨਹੀਂ ਕੱਟ ਸਕਦੀ। ਤੇਰੀਆਂ ਅੱਖਾਂ ਸੁੱਜ ਜਾਂਦੀਆਂ ਨੇ ਪਰ ਯਾਰ ਕੀ ਕਰਾਂ, ਮੰਮੀ ਜੀ ਦੀ ਟੈਨਸ਼ਨ ਨਾਲ ਫਿਰ ਮਾਈਗਰੇਨ ਪੀੜ ਉੱਠ ਪਈ। ਸਹਿ ਹੀ ਨਹੀਂ ਸਕਿਆ।”
ਤੇ ਮੈਂ ਉਸ ਦੇ ਬੁੱਲ੍ਹਾਂ ਤੇ ਉਂਗਲ ਰੱਖਦਿਆਂ ਕਿਹਾ,
” ਕੋਈ ਨਾ ਜੀਤ, ‘ਮੈਂ ਤੇਰੇ ਕੋਲ ਹਾਂ ਨਾ’ ਸਭ ਠੀਕ ਹੋ ਜੂ! ਤੂੰ ਫ਼ਿਕਰ ਨਾ ਕਰ।” 
ਪਾਪਾ ਜੀ ਨੇ ਅੰਦਰ ਵੜਦਿਆਂ ਸ਼ਾਇਦ ਮੇਰੀ ਗੱਲ ਸੁਣ ਲਈ ਸੀ। ਉਨ੍ਹਾਂ ਦੇ ਚਿਹਰੇ ਤੇ ਬਹੁਤ ਸੋਹਣੀ ਮੁਸਕਾਨ ਸੀ। ਉਨ੍ਹਾਂ ਨੇ ਸਾਨੂੰ ਦੋਹਾਂ ਨੂੰ ਜੱਫੀ ਵਿੱਚ ਲੈ ਲਿਆ। 
ਸਮਾਪਤ

5 comments

  1. ਬਹੁਤ ਵਧੀਆ ਤੇ ਭਾਵੁਕ ਕਰ ਦੇਣ ਵਾਲੀ ਕਹਾਣੀ। ਆਪਸੀ ਪ੍ਰੇਮ ਦੀ ਕਹਾਣੀ। ਹੰਝੂ ਆ ਗਏ। ਫੁੱਲ ਵਟਾ ਫੁੱਲ ਨੰਬਰ।

  2. ਮੇਰੀ ਕਹਾਣੀ ਨੂੰ ਆਪਣੀ ਐਪ ਤੇ ਸਥਾਨ ਦੇਣ ਲਈ ਬਹੁਤ ਸ਼ੁਕਰੀਆ ਜੀ। ਮੈਨੂੰ ਇਸ app ਬਾਰੇ ਹਾਲੇ ਕੁਛ ਜ਼ਿਆਦਾ ਪਤਾ ਨਹੀਂ ਹੈ। ਮੈਂ ਪਾਠਕਾਂ ਦਾ ਵੀ ਧੰਨਵਾਦ ਕਰਦੀ ਹਾਂ।

Leave a Reply

Your email address will not be published. Required fields are marked *