ਮਿੰਨੀ ਕਹਾਣੀ – ਪਾਪਾਂ ਵਾਲਾ ਪਹਾੜ | papa wala harh

” ਨੀ ਗੇਲੋ ਘਰੇ ਈ ਐਂ ! ”
” ਆਜਾ…. ਆਜਾ ਲੰਘ ਆ ਸ਼ਾਂਤੀਏ , ਮੈਂ ਕਿੱਥੇ ਜਾਣਾ । ਪੁੱਤ ਗੁੱਡੀ ਤੇਰੀ ਭੂਆ ਆਈ ਏ ਦੋ ਕੱਪ ਚਾਹ ਦੇ ਬਣਾ ਲਿਆ । ”
” ਹੁਣੇ ਲਿਆਈ ਬੀਬੀ ਜੀ । ”
ਆਪਣਾ ਕੰਮ ਵਿਚਾਲੇ ਛੱਡਕੇ ਦੋ ਕੱਪ ਚਾਹ ਲੈ ਕੇ ਆਈ । ਮੱਥਾ ਟੇਕਦਿਆਂ ਦੋਹਾਂ ਨੂੰ ਚਾਹ ਦੇ ਕੱਪ ਫੜਾ ਕੇ ਪੇਟੀ ਵਿੱਚੋਂ ਕੱਪੜੇ ਕੱਢਣ ਲੱਗ ਪਈ । ਮੰਜੇ ‘ਤੇ ਬੈਠੀ ਭੂਆ ਨੇ ਕਿਹਾ, ” ਸੁਖ ਨਾਲ ਦਸ ਸਾਲ ਵਿਆਹ ਨੂੰ ਹੋਣ ਵਾਲੇ ਨੇ ਨਾ ਪੋਤਾ ਨਾ ਪੋਤੀ ਦਿਖਾਈ ਨਹੀਂ ਦੇ ਰਹੇ। ”
ਵਿਹੜੇ ਵਿੱਚ ਝਾੜੂੂ ਕੱਢ ਰਹੀ ਗੇਲੋ ਨੇ ਕਿਹਾ, “ਪਤਾ ਨੀ ਕਿਹੜੇ ਅਸੀਂ ਪਾਪ ਕੀਤੇ ਹੋਏ ਆ, ਜਿਹੜਾ ਰੱਬ ਸਾਡੀ ਸੁਣਦਾ ਨਹੀਂ । ” ਗੁੱਡੀ ਦੇ ਕੰਨੀਂ ਇਹ ਗੱਲ ਪੈਂਦਿਆਂ ਹੀ ਅੰਦਰ ਅੱਗ ਦਾ ਭਾਂਬੜ ਬਲ ਉੱਠਿਆ। ” ਮੇਰਾ ਤਾਂ ਜੀਅ ਕਰਦਾ ਇਹਨਾਂ ਸਾਰੀਆਂ ਚੂਹੀਆਂ ਨੂੰ ਮਾਰ ਦੇਵਾਂ, ਸਾਰੇ ਕੱਪੜੇ ਟੁੱਕ ਦਿੱਤੇ ਨੇ । ”
” ਨਾ ਪੁੱਤ ਨਾ , ਇਹ ਵੀ ਰੱਬ ਦੇ ਜੀਅ ਨੇ ਆਪਾਂ ਨੂੰ ਤਾਂ ਪਹਿਲਾਂ ਹੀ ਪਤਾ ਨਹੀਂ ਕਿਹੜੇ ਪਾਪਾਂ ਨੇ ਮਾਰਿਆ ਹੋਇਆ । ” ਇਹ ਸੁਣਦੇ ਸਾਰ ਅੱਠ ਸਾਲ ਪਿਛਲੇ ਯਾਦ ਆਉਂਦਿਆਂ ਹੀ ਅੰਦਰ ਬੰਬ ਦੀ ਤਰ੍ਹਾਂ ਫਟ ਗਿਆ , ਉਹ ਰੋਂਦੀ ਬੋਲੀ , ” ਨਾ ਉਹ ਰੱਬ ਦਾ ਜੀਅ ਨਹੀਂ ਸੀ ? ਜਦੋਂ ਮੈਨੂੰ ਮਜ਼ਬੂਰ ਕਰਕੇ ਤੁਸੀਂ ਜੰਮਣ ਤੋਂ ਪਹਿਲਾਂ ਹੀ ਇੱਕ ਨਿਰਦੋਸ਼ ਨੰਨੀ ਛਾਂ ਦਾ ਕਤਲ ਕਰਵਾ ਦਿੱਤਾ ਸੀ। ਉਹੀ ਪਾਪ ਦੀ ਸਜ਼ਾ ਮੈਂ ਹੁਣ ਤੱਕ ਭੋਗਦੀ ਆ ਰਹੀ ਆਂ। ”
ਇਹ ਗੱਲ ਸੁਣਕੇ ਭੂਆ ‘ ਵਾਹਿਗੁਰੂ ਵਾਹਿਗੁਰੂ ‘ ਕਰਦੀ ਦਰਵਾਜ਼ੇ ਤੋਂ ਬਾਹਰ ਹੋ ਗਈ । ਇਹ ਕੌੜੇ ਬੋਲ ਸੁਣਕੇ ਗੁੱਡੀ ਦੀ ਸੱਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸਦੇ ਉੱਪਰ ਪਾਪਾਂ ਵਾਲਾ ਪਹਾੜ ਡਿੱਗ ਗਿਆ ਹੋਵੇ ।।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637

Leave a Reply

Your email address will not be published. Required fields are marked *