ਮਿੰਨੀ ਕਹਾਣੀ – ਚਿੱਟਾ | minni kahani chitta

ਪਿੰਡ ਵਿੱਚ ਵਿਕਰਮ ਦੀ ਸਭ ਤੋਂ  ਉੱਚੀ ਹਵੇਲੀ ਹੈ। ਉਹ ਨਸ਼ਿਆ ਦਾ ਵਪਾਰੀ ਹੈ। ਉਹ ਚਿੱਟਾ ਵੇਚਣ ਲੱਗ ਗਿਆ ਹੈ।
ਪਿੰਡ ਦਾ ਸਰਪੰਚ ਬਹੁਤ ਹੀ ਸਾਊ ਤੇ ਨੇਕ ਇਨਸਾਨ ਹੈ। ਜਦ ਉਸਨੂੰ  ਵਿਕਰਮ ਦੇ ਸਿੰਥੈਟਿਕ ਨਸ਼ੇ (ਚਿੱਟਾ) ਵੇਚਣ ਬਾਰੇ ਪਤਾ ਲੱਗਦਾ, ਉਹ ਸਿੱਧਾ ਉਸਦੀ ਹਵੇਲੀ ਪਹੁੰਚ ਗਿਆ।
ਆਉ ਸਰਪੰਚ ਸਾਹਿਬ ਆਉ, ਤੁਹਾਡਾ ਬਹੁਤ ਸਤਿਕਾਰ ਹੈ।ਬੈਠੋ ਚਾਹ ਪੀਵੋ। ਉਸਨੇ ਆਪਣੀ ਪਤਨੀ ਨੂੰ ਅਵਾਜ਼ ਮਾਰੀ ਸਰਪੰਚ ਸਾਹਿਬ ਲਈ ਸਵਾਦ ਜਿਹੀ ਚਾਹ, ਅਦਰਕ, ਇਲਾਚੀ ਪਾ ਕੇ ਬਣਾ।
“ਤੁਸੀਂ ਇਹ ਜੋ ਧੰਦਾ ਕਰਦੇ ਹੋ ਬਿਲਕੁਲ ਠੀਕ ਨਹੀਂ ਹੈ।” ਦਲੇਰ ਸਰਪੰਚ ਨੇ ਸਿੱਧੀ ਗੱਲ ਕਹੀ।
“ਕਿਹੜਾ ਧੰਦਾ, ਸਰਪੰਚ ਸਾਹਿਬ ?”
“ਜਿਆਦਾ ਭੋਲਾ ਨਾ ਬਣ। ਸਾਰੇ ਪਿੰਡ ਵਾਲਿਆਂ ਨੂੰ ਪਤਾ ਹੈ। ਤੂੰ ਤਾਂ  ਆਪਣੇ ਪਿੰਡ ਦੇ ਬੱਚਿਆਂ ਨੂੰ ਮੌਤ ਵੇਚ ਰਿਹਾ ਹੈ।”
“ਮੈਂ ਕਿਹੜਾ ਕਿਸੇ ਦੇ ਪੁੱਤ-ਧੀ ਨੂੰ ਜਬਰਦਸਤੀ ਨਸ਼ੇ ਖਿਲਾ ਰਿਹਾ। ਆਪਣੀ ਮਰਜ਼ੀ ਨਾਲ ਲੈਂ ਜ਼ਾਂਦੇ। ਉਹ ਸਰਪੰਚ ਦੀ ਇਕ ਵੀ ਗੱਲ  ਸੁਣਨ ਨੂੰ ਤਿਆਰ ਨਹੀਂ ਸੀ। ਸਰਪੰਚ ਆਪਣੇ ਘਰ ਵਾਪਸੀ ਲਈ ਚਲ ਪਿਆ।
ਉਸੇ ਸਮੇਂ ਵਿਕਰਮ ਤੇ ਉਸਦੀ ਪਤਨੀ ਦੇ ਉੱਚੇ-ਉੱਚੇ ਰੋਣ ਦੀਆਂ ਅਵਾਜ਼ਾਂ ਆਣ ਲੱਗੀਆਂ। ਸਰਪੰਚ ਉਨੀ ਪੈਰੀ ਵਾਪਸ ਵਿਕਰਮ ਦੇ ਘਰ ਆ ਗਿਆ।
ਵਿਕਰਮ ਦਾ ਇਕਲੌਤਾ ਮੁੰਡਾ ਤੜਪ ਰਿਹਾ ਸੀ। ਪਾਪਾ! ਪਾਪਾ! ਮੈਨੂੰ ਬਚਾ ਲਵੋ, ਮੈਂ ਜੀਣਾ ਚਾਹੁੰਦਾ ਹਾਂ। ਤੁਹਾਡੇ ਚਿੱਟੇ ਨੇ ਮੇਰੀ ਜਾਨ ਲੈ ਲਈ, ਉਹ ਅਟਕ-ਅਟਕ ਕੇ ਬੜੀ ਮੁਸ਼ਕਲ ਨਾਲ ਬੋਲ ਰਿਹਾ ਹੈ।
ਉਸੇ ਵੇਲੇ ਉਸਦੀ ਜਾਨ ਨਿਕਲ ਜਾਂਦੀ ਹੈ।
ਵਿਕਰਮ ਰੋਂਦਾ ਹੋਇਆ ਕਹਿੰਦਾ ਹੈ “ਚਿੱਟੇ ਨੇ ਮੇਰੇ ਬੱਚੇ ਨੂੰ ਖਾ ਲਿਆ। ਹਾਏ! ਹਾਏ! ਸਾਰੀ ਗੱਲ ਸੁਣ ਕੇ ਉਸਦੀ ਪਤਨੀ ਉੱਚੀ-ਉੱਚੀ ਹੱਸਣ ਲੱਗ ਗਈ।।
ਦੇਖ! ਦੇਖ! ਸਾਡੇ ਜਵਾਨ ਪੁੱਤ ਦੀ ਮੌਤ ਹੋ ਗਈ ਪਰ ਉਹ ਉੱਚੀ-ਉੱਚੀ ਹੱਸੀ ਜਾ ਰਹੀ ਹੈ।
ਵਿਕਰਮ ਕਦੇ ਆਪਣੇ ਪੁੱਤਰ ਦੀ ਲਾਸ਼ ਵੱਲ ਦੇਖ ਰਿਹਾ ਹੈ ਤੇ ਕਦੇ ਪਾਗਲ ਹੋਈ ਪਤਨੀ ਵੱਲ। ਉਹ ਫੇਰ ਉੱਚੀ-ਉੱਚੀ ਧਾਹ ਮਰ ਕੇ ਰੋਣ ਲੱਗ ਜਾਂਦਾ ਹੈ।

Leave a Reply

Your email address will not be published. Required fields are marked *