ਕਰੇਲਿਆਂ ਵਾਲੀ ਅੰਟੀ | krelya wali aunty

“ਨੀ ਕਾਂਤਾ ਇੱਕ ਵਾਰੀ ਮਿਲਾਦੇ।ਬਸ ਦੋ ਹੀ ਮਿੰਟਾ ਲਈ।” ਆਂਟੀ ਆਪਣੀ ਵੱਡੀ ਨੂੰਹ ਦੀ ਮਿੰਨਤ ਕਰ ਰਹੀ ਸੀ। ਆਂਟੀ ਬਹੁਤ ਕਮਜੋਰ ਤੇ ਦੁਖੀ ਨਜਰ ਆਉਂਦੀ ਸੀ। ਮੈਨੂੰ ਦੇਖ ਕੇ ਇਹੀ ਆਂਟੀ ਦੀ ਰੂਹ ਖਿੜ ਜਾਂਦੀ ਸੀ। ਪਰ ਅੱਜ ਆਂਟੀ ਨੇ ਕੋਈ ਖਾਸ ਖੁਸੀ ਜਿਹੀ ਜਾਹਿਰ ਨਹੀ ਕੀਤੀ। ਭਾਬੀ ਨੇ ਵੀ ਪਰਲੇ ਜਿਹੇ ਪਾਸੇ ਮੂੰਹ ਕਰਕੇ ਕਿਹਾ। “ਆ ਜਾ ਸਰਲਾ ਬਹਿ ਜਾ।” ਤੇ ਮੈਂ ਆਂਟੀ ਕੋਲੇ ਮੰਜੀ ਤੇ ਦੋਣ ਆਲੇ ਪਾਸੇ ਬੈਠ ਗਈ।ਭਾਬੀ ਆਵਦੇ ਕੰਮ ਲੱਗੀ ਰਹੀ ਤੇ ਆਂਟੀ ਨੇ ਵੀ ਕੋਈ ਖਾਸ ਨਹੀ ਬੁਲਾਇਆ। ਆਂਟੀ ਮੰਜੇ ਤੇ ਬੈਠੀ ਇਉਂ ਲਗਦੀ ਸੀ ਜਿਵੇਂ ਕਈ ਦਿਨਾਂ ਤੋ ਬੀਮਾਰ ਹੋਵੇ।
ਮੈਂ ਕਲ੍ਹ ਹੀ ਪੇਕੇ ਆਈ ਸੀ। ਨਿੱਕਾ ਅੱਜ ਕੱਲ ਦਾ ਹੀ ਬਾਹਲਾ ਹੀ ਰੋਈ ਜਾਂਦਾ ਸੀ। ਤੇ ਮੈਂ ਸੋਚਿਆ ਨਾਲੇ ਆਂਟੀ ਨੂੰ ਮਿਲ ਆਵਾਂਗੀ ਨਾਲੇ ਆਂਟੀ ਤੋਂ ਪੁੱਛ ਆਂਵਾਂਗੀ। ਆਂਟੀ ਵਾਹਵਾ ਸਿਆਣੀ ਸੀ ਤੇ ਅਕਸਰ ਕੋਈ ਨਾ ਕੋਈ ਅੋੜ ਪੋੜ ਦੱਸ ਦਿੰਦੀ ਸੀ। ਅੱਸੀਆਂ ਦੇ ਨੇੜੇ ਢੁੱਕ ਚੁੱਕੀ ਆਂਟੀ ਨੂੰ ਜਿੰਦਗੀ ਦਾ ਬਹੁਤ ਤਜੁਰਬਾ ਸੀ। ਆਂਟੀ ਦਾਦੀ ਮਾਂ ਦੇ ਨੁਸਖਿਆਂ ਵਾਲੀ ਜਿੰਦੀ ਜਾਗਦੀ ਖੁੱਲੀ ਕਿਤਾਬ ਸੀ। ਪਹਿਲਾਂ ਵੀ ਕਈ ਵਾਰੀ ਹੋਇਆ ਸੀ ਜਦੋਂ ਇਹ ਬੱਚੇ ਮੈਨੂੰ ਤੰਗ ਕਰਦੇ ਤੇ ਮੈ ਇਹਨਾ ਨੂੰ ਆਂਟੀ ਕੋਲੇ ਲੈ ਜਾਂਦੀ ਤੇ ਆਂਟੀ ਕਦੇ ਕਹਿੰੰਦੀ ਢੁੱਢਰੀ ਪਈ ਹੈ ਤੇ ਕਦੇ ਕਹਿੰਦੀ ਹਸਲੀ ਪਈ ਹੈ ਤੇ ਆਪ ਹੀ ਠੀਕ ਕਰ ਦਿੰਦੀ। ਜਵਾਕ ਮਿੰਟਾਂ ਵਿੱਚ ਭਲੇ ਚੰਗੇ ਹੋ ਜਾਂਦੇ। ਇੱਕ ਵਾਰੀ ਮੈਂ ਆਈ ਤੇ ਸਿੰਮੀ ਰਾਤ ਨੂੰ ਬਾਹਲਾ ਰੋਣ ਲੱਗ ਪਈ ਤੇ ਮੈਂ ਘਬਰਾ ਗਈ। ਉਸ ਵੇਲੇ ਡਾਕਟਰ ਵੀ ਕੋਈ ਨਹੀ ਸੀ ਮਿਲਣਾ। ਨਾਲੇ ਕਈ ਵਾਰੀ ਡਾਕਟਰਾਂ ਨੂੰ ਵੀ ਬੀਮਾਰੀ ਦੀ ਪੂਰੀ ਸਮਝ ਨਹੀ ਆਉਂਦੀ ਬਸ ਐਂਵੇ ਗੋਲੀਆਂ ਕੈਪਸੂਲ ਤੇ ਸਿਰਪ ਲਿਖ ਦਿੰਦੇ ਹਨ ਅਖੇ ਜੇ ਨਾ ਫਰਕ ਪਿਆ ਤਾਂ ਕਲ੍ਹ ਨੂੰ ਦੁਬਾਰਾ ਵਿਖਾ ਜਾਇਓ। ਬਸ ਫੀਸ ਲਈ ਤੇ ਕਿੱਸਾ ਖਤਮ।
ਮੈਂ ਮੇਰੀ ਭਾਬੀ ਨੂੰ ਨਾਲ ਲੈ ਕੇ ਆਂਟੀ ਘਰ ਗਈ ਤੇ ਆਂਟੀ ਨੂੰ ਉਠਾਇਆ। ਆਂਟੀ ਕਾ ਪੂਰਾ ਪਰਿਵਾਰ ਬਾਹਰ ਵਹਿੜੇ ਚ ਹੀ ਟੇਬਲ ਫੈਨ ਲਾ ਕੇ ਸੌਂਦਾ ਹੈ। ਉਹਨਾ ਕੋਲ ਪੈਸਾ ਚਾਹੇ ਵਾਧੂ ਹੈ। ਆਂਟੀ ਦਾ ਬੇਟਾ ਤੇ ਨੂੰਹ ਦੋਨੇ ਲੈਕਚਰਾਰ ਹਨ। ਆਪਣੀ ਕੋਠੀ ਹੈ। ਪਰ ਉਹਨਾਂ ਨੇ ਏਸੀ ਨਹੀ ਲਗਵਾਇਆ ਅਜੇ ਤੱਕ। ਆਂਟੀ ਦਾ ਬੇਟਾ ਕੁਝ ਚੀਪੜ ਜਿਹਾ ਹੀ ਹੈ। ਸਾਰਾ ਦਿਨ ਸਾਇਕਲ ਤੇ ਹੀ ਆਉਂਦਾ ਜਾਂਦਾ ਹੈ। ਕਾਰ ਤੇ ਸਕੂਟਰ ਤਾਂ ਬਸ ਘਰੇ ਹੀ ਖੜ੍ਹੇ ਰਹਿੰਦੇ ਹਨ। ਆਂਟੀ ਉਠੀ ਤੇ ਉਸ ਨੇ ਸਿੰਮੀ ਨੂੰ ਦੇਖਿਆ ਤੇ ਕਹਿੰਦੀ ਇਸ ਦੇ ਚਮੂਣੇ ਲੜਦੇ ਹਨ। ਕੁਝ ਸੋਚ ਕੇ ਜੇ ਆਪਣੀ ਨੂੰਹ ਨੂੰ ਕਹਿੰਦੀ “ਕਾਂਤਾ ਆਪਣੇ ਹਿੰਗ ਪਈ ਹੈ ਨਾ ? ਥੋੜੀ ਜਿਹੀ ਲੀਰ ਚ ਬੰਨ ਕੇ ਇਹਦੇ ਲੱਕ ਦੁਆਲੇ । ‘ ਸੱਚੀ ਗੁਰੂ ਦੀ ਸੋਂਹ ਸਿੰਮੀ ਦੱਸ ਮਿੰਟਾਂ ਚ ਚੁੱਪ ਕਰਗੀ।
ਆਂਟੀ ਕਾ ਘਰ ਸਾਡੇ ਨਾਲ ਮਾਡਲ ਟਾਊਨ ਵਿੱਚ ਸਾਡੇ ਘਰ ਤੋ ਦੋ ਤਿੰਨ ਘਰ ਅੱਗੇ ਸੀ। ਵੈਸੇ ਤਾਂ ਸਾਡੇ ਮਾਡਲ ਟਾਊਨ ਵਿੱਚ ਆਂਢੀ ਗੁਆਂਢੀ ਦਾ ਕੋਈ ਮਤਲਵ ਨਹੀ ਹੁੰਦਾ । ਪਰ ਇਹ ਆਂਟੀ ਸਾਰਾ ਦਿਨ ਘਰ ਇਕੱਲੀ ਹੁੰਦੇ ਸੀ। ਐਡੀ ਵੱਡੀ ਚਾਰ ਸੋ ਗਜ ਦੀ ਕੋਠੀ। ਤੇ ਬਜੁਰਗ ਆਂਟੀ । ਘਰ ਦਾ ਨਿੱਕ ਸੁਕ ਨਿਪਟਾ ਕੇ ਬਾਹਰ ਬੈਠ ਜਾਂਦੀ। ਘਰੇ ਕੋਈ ਕੰਮ ਵਾਲੀ ਵੀ ਨਹੀ ਸੀ ਰੱਖੀ ਹੋਈ। ਇਕੱਲੀ ਨੂੰ ਘਰ ਖਾਣ ਨੂੰ ਆਉਂਦਾ ਕਿਉਂਕਿ ਉਹ ਦੋਨੋ ਜੀਅ ਰੋਜ ਸਵੇਰੇ ਨੋਕਰੀ ਤੇ ਚਲੇ ਜਾਂਦੇ। ਅੰਕਲ ਤਾਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਸੀ। ਆਂਟੀ ਦਸਦੀ ਸੀ ਕਿ ਉਹਨਾ ਨੂੰ ਅਟੈਕ ਦਾ ਦੋਰਾ ਪਿਆ ਸੀ ਤੇ ਸੁੱਤੇ ਪਏ ਹੀ ਚਲ ਬਸੇ। ਮੈਂ ਆਂਟੀ ਦੇ ਅਟੈਕ ਦੇ ਦੋਰੇ ਆਲੀ ਗੱਲ ਤੇ ਬਹੁਤ ਹੱਸਦੀ। ਉਦੋ ਮੈਂ ਅਜੇ ਕੰਵਾਰੀ ਸੀ ਤੇ ਆਂਟੀ ਮੈਨੂੰ ਧੱਕੇ ਨਾਲ ਕੋਲ ਬਹਾ ਲੈਂਦੀ ਤੇ ਮੇਰੇ ਨਾਲ ਖੂਬ ਗੱਲਾਂ ਕਰਦੀ।
ਤੇ ਕਦੇ ਕਦੇ ਆਂਟੀ ਦੀ ਧੀ ਦਾ ਫੋਨ ਆ ਜਾਂਦਾ ਤਾਂ ਆਂਟੀ ਖੂਬ ਗੱਲਾਂ ਮਾਰਦੀ। ਆਂਟੀ ਨੇ ਮੈਂਨੂੰ ਇੱਕ ਦਿਨ ਦੱਸਿਆ ਕਿ ਆਹ ਮੁਬੇਲ ਮੇਰੇ ਧੀ ਜਵਾਈ ਨੇ ਤੇਰੇ ਐਂਕਲ ਨੂੰ ਲੈ ਕੇ ਦਿੱਤਾ ਸੀ ਤੇ ਹੁਣ ਇਹ ਮੇਰੇ ਕੋਲ ਹੀ ਹੁੰਦਾ ਹੈ। ਮੈਂ ਹਰਾ ਬਟਨ ਦੱਬ ਕੇ ਸੁਣ ਲੈਂਦੀ ਹਾਂ। ਬਸ ਮੈਨੂੰ ਮੇਰੀ ਧੀ ਦਾ ਹੀ ਫੋਨ ਆਉਂਦਾ ਹੈ ਹੋਰ ਨਹੀ ਕਿਸੇ ਦਾ ਆਉਂਦਾ। ਮੈਨੂੰ ਆਂਟੀ ਮੇਰੀ ਦਾਦੀ ਮਾਂ ਹੀ ਲੱਗਦੀ। ਭਾਂਵੇ
ਮੈਂ ਮੇਰੀ ਦਾਦੀ ਵੇਖੀ ਨਹੀ ਪਰ ਮੈਨੂੰ ਆਂਟੀ ਤੇ ਮੋਹ ਜਿਹਾ ਆਉਂਦਾ। ਮੈਨੂੰ ਪਤਾ ਹੁੰਦਾ ਸੀ ਬਈ ਆਂਟੀ ਤਾਂ ਵਹਿਲੀ ਹੈ ਤੇ ਟਾਇਮ ਪਾਸ ਭਾਲਦੀ ਹੈ। ਪਰ ਮੈਂ ਫਿਰ ਵੀ ਆਂਟੀ ਕੋਲੇ ਬੈਠ ਜਾਂਦੀ। ਆਂਟੀ ਖੂਬ ਗੱਲਾਂ ਕਰਦੀ। ਗੱਲਾਂ ਦਾ ਵਿਸ਼ਾ ਉਸਦੀ ਧੀ ਹੀ ਹੁੰਦਾ ਤੇ ਜਾਂ ਉਹ ਅੰਕਲ ਦੀਆਂ ਗੱਲਾਂ ਕਰਦੀ।
ਉਹ ਦੱਸਦੀ ਉਸ ਨੇ ਰੱਬ ਤੋਂ ਸੁਖਣਾ ਸੁਖਕੇ ਮੰਗਕੇ ਧੀ ਲਈ । ਚਾਹੇ ਪਹਿਲਾਂ ਹੀ ਉਸ ਦੇ ਚਾਰ ਮੁੰਡੇ ਸਨ। ਧੀ ਉਸਦਾ ਬੁਢਾਪੇ ਚ ਦੁੱਖ ਸੁਣਿਆ ਕਰੂਗੀ। ਉਸਨੇ ਧੀ ਨੂੰ ਪੜ੍ਹਾਇਆ ਲਿਖਾਇਆ ਤੇ ਸਰਕਾਰੀ ਟੀਚਰ ਲਵਾਇਆ। ਉਸ ਨੇ ਧੀ ਦਾ ਵਿਆਹ ਵੀ ਨੇੜੇ ਹੀ ਪ੍ਰਾਈਵੇਟ ਨੋਕਰੀ ਕਰਦੇ ਮੁੰਡੇ ਨਾਲ ਕਰ ਦਿੱਤਾ। ਤਾਂਕਿ ਜਦੋਂ ਜੀ ਕੀਤਾ ਧੀ ਆਕੇ ਮਿਲ ਜਾਵੇ ਜਾਂ ਉਹ ਧੀ ਨੂੰ ਮਿਲ ਆਵੇ। ਵੈਸੇ ਵੀ ਆਂਟੀ ਦੀ ਧੀ ਹਰ ਐਤਵਾਰ ਨੂੰ ਆਕੇ ਮਿਲ ਜਾਂਦੀ। ਫਿਰ ਮਾਂਵਾਂ ਧੀਆਂ ਖੂਬ ਗੁਰਬਤ ਕਰਦੀਆਂ। ਦੋਹਾਂ ਨੂੰ ਇਕੱਠੀਆਂ ਬੈਠੀਆ ਦੇਖਕੇ ਆਂਟੀ ਦੀ ਨੂੰਹ ਘੂਰਦੀ । ਉਸ ਨੂੰ ਲੱਗਦਾ ਕਿ ਉਹ ਉਸ ਦੀਆਂ ਹੀ ਗੱਲਾਂ ਕਰਦੀਆਂ ਹਨ। ਪਰ ਮਾਂਵਾਂ ਧੀਆਂ ਦੀ ਗੱਲਬਾਤ ਦਾ ਵਿਸ਼ਾ ਕੋਈ ਖਾਸ ਨਹੀ ਸੀ ਹੁੰਦਾ। ਉਹ ਤਾਂ ਬਸ ਆਪਣਾ ਦਿਲ ਹੋਲਾ ਹੀ ਕਰਦੀਆਂ। ਧੀ ਵੀ ਮਾਂ ਨਾਲ ਸਾਰੀਆਂ ਗੱਲਾਂ ਕਰ ਲੈਂਦੀ।
ਭਾਵੇਂ ਆਂਟੀ ਜਵਾਂ ਅਣਪੜ ਸੀ ਪਰ ਉਹ ਸਰਕਾਰੀ ਕਾਇਦੇ ਕਨੂੰਨ ਪੈਨਸ਼ਨ, ਡੀ ਏ , ਕਿਸਤ, ਐਲ ਟੀ ਸੀ, ਆਦਿ ਬਾਰੇ ਸਭ ਜਾਣਦੀ ਸੀ। ਉਹ ਇੰਨਕਰੀਮੈਂਟ ਨੂੰ ਐਂਕਰੀਮਿੰਟ ਆਖਦੀ। ਆਂਟੀ ਮੇਰੇ ਕੋਲੇ ਅੰਕਲ ਦੀਆਂ ਮਿੱਠੀਆਂ ਯਾਦਾਂ ਵੀ ਸਾਂਝੀਆਂ ਕਰਦੀ। ਤੇਰਾ ਅੰਕਲ ਤਾਂ ਬਿਲਕੁਲ ਸਾਧੂ ਸੁਭਾਅ ਦਾ ਸੀ । ਮੇਰੀ ਕੋਈ ਗੱਲ ਨਹੀ ਸੀ ਮੋੜਦਾ। ਜਿਵੇਂ ਆਖਦੀ ਉਵੇ ਮੰਨ ਲੈਂਦਾ ਸੀ। ਮੈਂ ਧੀ ਨੂੰ ਜੋ ਦੇਣ ਵਾਸਤੇ ਕਹਿੰਦੀ ਉਹੀ ਲਿਆ ਦਿੰਦਾ। ਜਦੋ ਆਖਦੀ ਸੈਂਕਲ ਤੇ ਜਾਕੇ ਬਿਸਕੁਟ ਲਿਆ ਦਿੰਦਾ। ਜਿਨ੍ਹੇ ਪੈਸੇ ਆਖਦੀ ਓੁਨੇ ਹੀ ਦੇ ਦਿੰਦਾ। ਕਦੇ ਕਿੰਤੂ ਪਰੰਤੂ ਨਾ ਕਰਦਾ। ਪਰ ਹੁਣ ਤਾਂ ਮੈਨੂੰ ਫੂਕ ਫੂਕਕੇ ਕਦਮ ਰੱਖਣਾ ਪੈਂਦਾ ਹੈ ਨੂੰਹ ਪੁੱਤਾਂ ਦਾ ਰਾਜ ਹੈ।
ਆਂਟੀ ਆਪਣੇ ਜਵਾਈ ਦੀਆਂ ਗੱਲਾਂ ਵੀ ਕਰਦੀ। ਕਦੇ ਕਦੇ ਉਹ ਜਵਾਈ ਦੀਆਂ ਸਿਫਤਾਂ ਦੇ ਪੁਲ ਬੰਨ ਦਿੰਦੀ ਤੇ ਕਦੇ ਜਵਾਈ ਤੇ ਖੂਬ ਤਵਾ ਲਾਉਂਦੀ। ਅਖੇ ਖਾਂਦਾ ਪੀਂਦਾ ਨਹੀ, ਕੋਈ ਵੈਲ ਨਹੀ।ਕੋਈ ਬੀੜੀ ਸਿਗਰੇਟ ਦੀ ਲੱਤ ਨਹੀ। ਬਹੁਤ ਚੰਗਾ ਹੈ। ਪਰ ਇਕੱਲੇ ਚੰਗੇ ਨੂੰ ਕੀ ਚੱਟਣਾ ਹੈ। ਕਦੇ ਦੋ ਦਿਨ ਲਈ ਵੀ ਨਹੀ ਛੱਡਦਾ ਮੇਰੀ ਧੀ ਨੂੰ ਮੇਰੇ ਕੋਲ। ਸੱਗੀ ਨਾਲ ਪਰਾਂਦੇ ਤਰਾਂ ਨਾਲ ਹੀ ਚੁੰਬੜਿਆ ਰਹਿੰਦਾ ਹੈ।ਸਵੇਰੇ ਆਊ ਨਾਲ ਹੀ ਕਾਰ ਤੇ ਸਾਮ ਨੂੰ ਵਾਪਿਸ। ਸਾਡੇ ਘਰੇ ਤਾਂ ਰੋਟੀ ਵੀ ਨਹੀ ਖਾਂਦੇ। ਬਸ ਬਾਹਰ ਖਾਣ ਦਾ ਹੀ ਚਸਕਾ ਲੱਗਿਆ ਰਹਿੰਦਾ ਹੈ। ਕੁਸ ਭਾਈ ਇਹ ਵੀ ਨਹੀ ਕਰਦੇ। ਬਈ ਜਵਾਈ ਭਾਈ ਧੀ ਆਏ ਹਨ ਇਹ ਵੀ ਤਾਂ ਘੇਸਲ ਵੱਟ ਜਾਂਦੇ ਹਨ। ਹੁਣ ਇਹਨਾਂ ਦੇ ਹੁੰਦਿਆਂ ਮੈਂ ਕਿਵੇਂ ਪੈਸੇ ਕੱਢ ਕੇ ਦੇਵਾਂ ਵੇ ਜਾਉ ਬਜਾਰੋ ਕੁਝ ਫ੍ਹੜ ਲਿਆਉ ਖਾਣ ਲਈ। ਫੇਰ ਕਹਿਣਗੇ ਬੀਜੀ ਤੁਸੀ ਸਾਡੀ ਬੇਜੱਤੀ ਖਰਾਬ ਕਰਤੀ ਅਸੀਂ ਕਿਹੜਾ ਕਰਦੇ ਨੀ।
ਇਹ ਕਦੇ ਮੈਨੂੰ ਪੈਰੀ ਪੋਣਾ ਨਹੀ ਕਰਦਾ। ਕਦੇ ਮੇਰਾ ਹਾਲ ਚਾਲ ਨਹੀ ਪੁੱਛਦਾ। ਮੇਰੇ ਮੁੰਡਿਆਂ ਨਾਲ ਉਸਦੀ ਨਹੀ ਬਣਦੀ। ਹਰ ਵੇਲੇ ਰੁੱਸਿਆ ਹੀ ਰਹਿੰਦਾ ਹੈ। ਕੋਈ ਵਿਆਹ ਸ਼ਾਦੀ ਉਸ ਸੁੱਕਾ ਨਹੀ ਜਾਣ ਦਿੱਤਾ। ਜਦੋ ਇਹ ਨਾ ਰੁੱਸਿਆ ਹੋਵੇ। ਕੁਝ ਤਾਂ ਮੇਰੇ ਆਵਦੇ ਮੁੰਡੇ ਹੀ ਠੀਕ ਨਹੀ । ਇਹ ਵੀ ਉਸਨੂੰ ਆਪਣੇ ਨਾਲ ਨਹੀ ਰਲਾਉਂਦੇ । ਸੁਰੂ ਤੋ ਹੀ ਓਪਰਾ ਸਮਝਦੇ ਹਨ। ਹਰ ਗੱਲ ਦਾ ਉਸ ਤੋ ਪਰਦਾ ਰੱਖਦੇ ਹਨ। ਪਰ ਇਹ ਵੀ ਸਦਾ ਜਵਾਈ ਬਣਿਆ ਰਹਿੰਦਾ ਹੈ। ਕਦੇ ਪੁੱਤ ਨਹੀ ਬਣਿਆ।
ਮੈਂ ਆਂਟੀ ਨੂੰ ਕੋਠੀ ਦੇ ਪਿਛਲੇ ਪਾਸੇ ਬਣੀ ਬਗੀਚੀ ਕੋਲ ਖੜੀ ਦੇਖਦੀ ਤੇ ਆਉਦੀ ਜਾਂਦੀ ਨੂੰ ਆਂਟੀ ਰੋਕ ਲੈਂਦੀ। ਇੱਕ ਦਿਨ ਆਂਟੀ ਬਗੀਚੀ ਤੋਂ ਕੁਝ ਫਲ ਜਿਹੇ ਤੋੜ ਰਹੀ ਸੀ। “ਆਹ ਕੀ ਹੈ ਆਂਟੀ।” ਉਹਨਾ ਅਜੀਬ ਜਿਹੇ ਫਲ ਨੂੰ ਵੇਖ ਕੇ ਪੁਛਿਆ। ਇਹ ਝਾੜ ਕਰੇਲੇ ਹਨ। ਇਹਨਾਂ ਦੀ ਸਬਜੀ ਬਣਦੀ ਹੈ। ਤੇ ਇਹ ਸੂਗਰ ਦੇ ਮਰੀਜਾਂ ਲਈ ਵੀ ਚੰਗੀ ਹੁੰਦੀ ਹੈ। ਕਲ੍ਹ ਮੇਰੀ ਧੀ ਨੇ ਆਉਣਾ ਹੈ ਤੇ ਮੈਂ ਉਹਨਾ ਨੂੰ ਦੇਣੇ ਹਨ। ਮਾਂ ਦਾ ਧੀ ਲਈ ਪਿਆਰ ਜਿਹਾ ਦੇਖਕੇ ਮੈਨੂੰ ਬਹੁਤ ਵਧੀਆ ਲੱਗਦਾ। ਮੇਰੀ ਮਾਂ ਵੀ ਮੇਰਾ ਇਸ ਤਰ੍ਹਾਂ ਕਰਿਆ ਕਰੂਗੀ ਮੇਰੇ ਵਿਆਹ ਤੋਂ ਬਾਦ। ਪਰ ਮੇਰੀ ਤੇ ਮਾਂ ਮੇਰੇ ਵਿਆਹ ਤੋਂ ਪਹਿਲਾਂ ਹੀ ਮਰ ਗਈ ਤੇ ਵਿਆਹ ਤੋ ਬਾਦ ਆਂਟੀ ਨੂੰ ਵੇਖ ਕੇ ਮੈਨੂੰ ਮੇਰੀ ਮਾਂ ਯਾਦ ਆਉਂਦੀ। ਉਸ ਦਿਨ ਮੈਂ ਘਰੇ ਜਾ ਕੇ ਮੇਰੀ ਮਾਂ ਨੂੰ ਕਰੇਲਿਆਂ ਵਾਲੀ ਗੱਲ ਦੱਸੀ। ਕਿ ਕਿਵੇਂ ਆਂਟੀ ਧੀ ਲਈ ਕੀ ਉਹ ਕਰੇਲੇ ਜਿਹੇ ਇੱਕਠੇ ਕਰੀ ਜਾਂਦੀ ਸੀ। ਉਸ ਤੋਂ ਬਾਦ ਮੈ ਆਂਟੀ ਨੂੰ ਕਰੇਲਿਆਂ ਵਾਲੀ ਆਂਟੀ ਹੀ ਆਖਦੀ।
ਜਦੋ ਵੀ ਮੈਂ ਪੇਕੇ ਆਉਂਦੀ ਕਰੇਲਿਆਂ ਵਾਲੀ ਆਂਟੀ ਨੂੰ ਜਰੂਰ ਮਿਲਕੇ ਆਉਂਦੀ। ਆਂਟੀ ਨੂੰ ਖੁਸ ਕਰਣ ਦੀ ਮਾਰੀ ਮੈਂ ਅੰਟੀ ਦੀ ਧੀ ਦੀ ਗੱਲ ਜਰੂਰ ਛੇੜਦੀ। ਪਰ ਹੁਣ ਆਂਟੀ ਧੀ ਦੀਆਂ ਗੱਲਾਂ ਖੁੱਲਕੇ ਨਾ ਕਰਦੀ। ਧੀ ਦੀ ਗੱਲ ਕਰਣ ਵੇਲੇ ਆਂਟੀ ਇੱਧਰ ਉਧਰ ਨੂੰਹ ਵੱਲ ਜਰੂਰ ਦੇਖਦੀ। ਇਹ ਕੋੜਦੇ ਹਨ ਮੇਰੀ ਧੀ ਤੇ। ਮੇਰੀ ਧੀ ਜਦੋਂ ਮੇਰੀ ਪੋਤੀ ਦੀ ਵਿਚੋਲਣ ਬਣੀ ਤਾਂ ਇਹਨਾ ਨੇ ਉਸ ਨਾਲ ਭੈੜੀ ਕੀਤੀ। ਇਹਨਾਂ ਨੇ ਮੇਰੀ ਧੀ ਨੂੰ ਮੇਰੇ ਪੋਤੇ ਦੇ ਵਿਆਹ ਤੇ ਵੀ ਨਹੀ ਬੁਲਾਇਆ। ਹੁਣ ਮੈਨੂੰ ਲੱਗਦਾ ਕਿ ਮਾਂ ਧੀ ਦੇ ਵਿਚਕਾਰ ਪੁੱਤਾਂ ਦੀ ਹਊਮੈ ਆੜੇ ਆ ਗਈ ਸੀ।
ਹੋਲੀ ਹੋਲੀ ਧੀ ਜਵਾਈ ਨੇ ਆਉਣਾ ਬੰਦ ਕਰ ਦਿੱਤਾ। ਬੱਸ ਫੋਨ ਤੇ ਹੀ ਹਏ ਹੈਲੋ ਹੁੰਦੀ ਸੀ ਮਾਂ ਧੀ ਦੀ। ਪਿਛਲੀ ਵਾਰ ਆਈ ਤਾਂ ਆਂਟੀ ਬੁੱਕ ਬੁੱਕ ਰੋਂਦੀ ਸੀ। “ਨੀ ਕਾਂਤਾ ਮਿਲਾਦੇ ਇੱਕ ਵਾਰੀ ਫੋਨ । ਤੂੰ ਵੀ ਤਾਂ ਆਪਣੀ ਧੀ ਨਾਲ ਘੰਟਾ ਘੰਟਾ ਲੱਗੀ ਰਹਿੰਦੀ ਹੈਂ।” ਆਂਟੀ ਨੇ ਨੂੰਹ ਨੂੰ ਤਰਲਾ ਜਿਹਾ ਪਾਇਆ ਤੇ ਨੂੰਹ ਅਣਸੁਣਾ ਕਰ ਗਈ। “ ਕੀ ਕਰਣਾ ਹੈ ਆਂਟੀ ਮੈਂ ਕਰ ਦਿੰਦੀ ਹਾਂ । ਮੈ ਹਮਦਰਦੀ ਨਾਲ ਆਂਟੀ ਨੂੰ ਪੁੱਛਿਆ। “ਨੀ ਕਰਣਾ ਕੀ ਹੈ ਮੈਂ ਮੇਰੀ ਧੀ ਨਾਲ ਗੱਲ ਕਰਨੀ ਹੈ ਫੋਨ ਤੇ । ਕੜ੍ਹਮੀ ਇੱਥੇ ਤਾਂ ਨਹੀ ਆ ਸਕਦੀ ਇੱਕ ਫੋਨ ਤੇ ਹੀ ਗੱਲ ਕਰਦੀ ਸੀ ਹੁਣ ਹਫਤਾ ਹੋ ਗਿਆ ਨਾ ਉਸ ਦਾ ਫੋਨ ਆਇਆ ਹੈ ਤੇ ਨਾ ਹੀ ਇਹ ਮੇਰੀ ਗੱਲ ਕਰਾਉਂਦੇ ਹਨ। ਮੇਰੀ ਤਾਂ ਭੁੱਖ ਹੀ ਮਰ ਗਈ ਹੈ। ਮੈਨੂੰ ਰੋਟੀ ਤੇ ਦਵਾਈਆਂ ਦੀ ਨਹੀ ਬੱਸ ਧੀ ਨਾਲ ਗੱਲ ਕਰਣ ਦੀ ਲੋੜ ਹੈ। ਮੇਰੀ ਇੱਕ ਵਾਰੀ ਗੱਲ ਕਰਾ ਦਿਉ ਮੇਰੇ ਚਾਰ ਦਿਨ ਸੋਖੇ ਨਿਕਲ ਜਾਣਗੇ । ਕੁੜੀਏ ਤੂੰ ਹੀ ਮਿਲਾਦੇ ਨੋ ਚਾਰ ਛੇ ਛੇ ਚਾਰ ਦੋ ਸੱਤ ਤੇ ਤਿੰਨ ਤੀਏ।” ਆਂਟੀ ਦੀ ਬੇਬਸੀ ਤੇ ਆਂਟੀ ਦੀ ਨੂੰਹ ਦੀ ਕੋੜੀ ਝਾਕਣੀ ਵੇਖ ਕੇ ਰੋਂਦੀ ਰੋਂਦੀ ਮੈਂ ਬਾਹਰ ਆ ਗਈ।

ਰਮੇਸ ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *