ਕੌਫ਼ੀ ਵਿਦ ਚੰਨ ਬਠਿੰਡਵੀ | coffee with chan

#ਕੌਫ਼ੀ_ਵਿਦ_ਚੰਨ_ਬਠਿੰਡਵੀ।
ਮੇਰੀ ਅੱਜ ਸ਼ਾਮ ਦੀ ਕੌਫ਼ੀ ਦੇ ਮਹਿਮਾਨ ਕਲਮ ਦੇ ਓਹ ਧਨੀ ਸਨ ਜਿਸਨੂੰ ਕਵਿਤਾ ਵਿਰਾਸਤ ਵਿੱਚ ਮਿਲੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਕਵਿਤਾ ਉਸਦੇ ਖੂਨ ਵਿੱਚ ਹੀ ਹੈ।ਆਪਣੇ ਪਿਤਾ ਸ੍ਰੀ ਕ੍ਰਿਸ਼ਨ ਚੰਦ ਜੀ ਦੀ ਕਲਮ ਨੂੰ ਅੱਗੇ ਵਧਾਉਣ ਵਾਲੇ ਸ਼ਖਸ਼ ਦਾ ਨਾਮ ਚੰਨ ਬਠਿੰਡਵੀ ਹੈ। ਆਪਣੇ ਪਿਤਾ ਜੀ ਦੇ ਲਿਖੇ ਸ਼ਬਦਾਂ ਨੂੰ ਕਿਤਾਬ ਦਾ ਰੂਪ ਦੇਕੇ ਖੁਦ ਉਸੇ ਰਾਹ ਦੇ ਪਾਂਧੀ ਬਣੇ #ਚੰਨ ਨੇ ਆਪਣੀ ਕਲਮ ਨੂੰ ਝਰੀਟਦੇ ਹੋਏ ਨੇ ਬਹੁਤ ਕਵਿਤਾਵਾਂ ਨੂੰ ਜਨਮ ਦਿੱਤਾ। ਹਮ ਸ਼ਾਇਰ ਨਾਮ ਦੀ ਕਿਤਾਬ ਤੋਂ ਆਪਣਾ ਸਫਰ ਸ਼ੁਰੂ ਕਰਨ ਵਾਲੇ ਸ੍ਰੀ #ਅਤੁਲ_ਕੰਬੋਜ ਨੇ 2021 ਵਿੱਚ #ਤਰਾਟਾਂ ਪਾਠਕਾਂ ਦੀ ਝੋਲੀ ਪਾਈ ਤੇ 2022 ਵਿੱਚ #ਮਿਸ਼ਰੀ ਅਤੇ #ਤੇਰੀਆਂ_ਉਡੀਕਾਂ ਲ਼ੈਕੇ ਪਾਠਕਾਂ ਦੀ ਕਚਿਹਰੀ ਵਿੱਚ ਹਾਜ਼ਰ ਹੋਏ।
ਸ੍ਰੀ ਚੰਨ ਮੁਤਾਬਿਕ ਉਹ ਕਵਿਤਾ ਨਹੀਂ ਲਿਖਦੇ ਸਗੋਂ ਕਵਿਤਾ ਦੀਆਂ ਕਰੂੰਬਲਾਂ ਉਸਦੇ ਅੰਦਰੋਂ ਹੀ ਫੁੱਟਦੀਆਂ ਹਨ। ਜਿੱਥੇ ਉਹ ਬਾਥਰੂਮ ਵਿੱਚ ਨਹਾਉਣ ਗਏ ਇੱਕ ਕਵਿਤਾ ਨੂੰ ਜਨਮ ਦੇ ਦਿੰਦੇ ਹਨ ਤਾਂ ਘਰੋਂ ਦਫਤਰ ਯ ਦਫਤਰੋਂ ਘਰੇ ਆਉਂਦੇ ਵੀ ਕੋਈਂ ਨਾ ਕੋਈਂ ਕਵਿਤਾ ਝਰੀਟ ਹੀ ਦਿੰਦੇ ਹਨ। ਵੈਸੇ ਤਾਂ ਤਕਰੀਬਨ ਹਰ ਬੰਦਾ ਆਪਣੇ ਪਿਤਾ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ ਤੇ ਚੰਨ ਬਠਿੰਡਵੀ ਨੇ ਤਾਂ ਆਪਣੀ ਕਿਤਾਬ ਤਰਾਟਾਂ ਆਪਣੇ ਪਿਤਾ ਸ੍ਰੀ ਨੂੰ ਸਮਰਪਣ ਕੀਤੀ ਹੈ। ਚੰਨ ਜੀ ਨੇ ਆਪਣੀ ਮਿਸ਼ਰੀ ਇੱਕ ਪਿਆਰ ਕਰਨ ਵਾਲੀ ਰੂਹ ਨੂੰ ਸਮਰਪਿਤ ਕੀਤੀ। ਇੱਥੇ ਉਹ ਮੁਹੱਬਤ ਜਿੰਦਾਬਾਦ ਦੇ ਰਸਤੇ ਤੇ ਚਲਦਾ ਹੈ। ਚੰਨ ਲਿਖਦਾ ਹੈ
” ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ,
ਇਸ਼ਕ ਦੀ ਬਾਜ਼ੀ ਹਾਰੀ ਚੰਗੀ।
ਹੁਸਨ ਸਮੁੰਦਰ ਤੋਂ ਮੈਂ ਕੀ ਲੈਣਾ,
ਮੈਨੂੰ ਇਸ਼ਕ ਕਿਆਰੀ ਚੰਗੀ।
ਰੱਬ ਨੂੰ ਭਾਲਕੇ ਮੈਂ ਕੀ ਕਰਨਾ,
ਮੈਨੂੰ ਮਹਿਬੂਬ ਖੁਮਾਰੀ ਚੰਗੀ।
ਪੱਥਰ ਬਣਿਆ ਕੰਮ ਨਾ ਚੱਲੇ,
ਪੰਛੀਆਂ ਵਾਂਗ ਉਡਾਰੀ ਚੰਗੀ।”
ਜਿੱਥੇ ਉਹ ਇਸ਼ਕ ਮੁਸ਼ਕ ਦੀਆਂ ਗੱਲਾਂ ਕਰਦਾ ਹੈ ਓਥੇ ਉਹ ਮਹਿਬੂਬ ਦੀ ਮਿਲਣੀ ਦਾ ਜਿਕਰ ਕਰਦਾ ਹੋਇਆ ਲਿਖਦਾ ਹੈ
“ਕੋਸੇ ਕੋਸੇ ਸਾਹਾਂ ਦੀਆਂ,
ਟਕੋਰਾਂ ਜਦ ਕਰਦਾ,
ਪਲਾਂ ਚ ਮੁਕਾ ਦਿੰਦਾ,
ਦੁੱਖ ਉਮਰ ਭਰ ਦਾ,
ਖੁਸ਼ੀਆਂ ਜਮਾਨੇ ਦੀਆਂ,
ਝੋਲੀ ਮੇਰੀ ਪਾਉਂਦਾ ਹੈ,
ਰਾਤੀ ਸੁੱਤੇ ਪਏ ਨੂੰ,
ਮਜ਼ਾ ਬੜਾ ਆਉਂਦਾ ਹੈ।”
ਸਿੱਧੇ ਸ਼ਬਦਾਂ ਵਿੱਚ ਧੁਰ ਅੰਦਰਲੀ ਗੱਲ ਕਹਿਣ ਤੇ ਆਪਬੀਤੀ ਹੱਡਬੀਤੀ ਵਰਗਾ ਅਹਿਸਾਸ ਕਰਾਉਣ ਦੀ ਮੁਹਾਰਤ ਅਤੁਲ ਜੀ ਦੀ ਕਵਿਤਾ ਚੋ ਝਲਕਦੀ ਹੈ।
ਅਤੁਲ ਆਪਣੇ ਪੇਸ਼ੇ ਦੇ ਉਲਟ ਉਹ ਕਵੀ ਹੈ ਜਿਸ ਦੀ ਭਾਸ਼ਾ ਸਰਲ ਹੀ ਨਹੀਂ ਸਰਲਤਮ ਹੋ ਜਾਂਦੀ ਹੈ। ਇਸਨੇ ਆਪਣੇ ਅੰਦਰੋਂ ਉਪਜੇ ਸ਼ਬਦਾਂ ਦੀ ਯੋਗ ਵਰਤੋਂ ਕਰਕੇ ਆਮ ਜਿਹੀਆਂ ਕਵਿਤਾਵਾਂ ਦੀ ਰਚਨਾ ਕੀਤੀ ਹੈ। ਜੋ ਹਰ ਆਦਮੀ ਗੁਣਗੁਣਾ ਸਕਦਾ ਹੈ। ਕਿਸੇ ਕਵਿਤਾ ਵਿੱਚ ਕੋਈਂ ਫਿਲਾਸਫੀ ਨਹੀਂ ਘੋਟੀ ਸਗੋਂ ਇਹ ਆਮਜਨ ਦੀ ਆਵਾਜ ਨੂੰ ਚਿਤਰਿਆ ਹੈ। ਜਿੰਨੀ ਇਸ ਦੀ ਕਵਿਤਾ ਵਿੱਚ ਸਾਦਗ਼ੀ ਹੈ ਉੱਨਾ ਹੀ ਅਤੁਲ ਆਮ ਜਿਹਾ ਇਨਸਾਨ ਨਜ਼ਰ ਆਉਂਦਾ ਹੈ ਜੋ ਆਸਾਨੀ ਨਾਲ ਖੰਡ ਵਾੰਗੂ ਘੁਲਮਿਲ ਜਾਂਦਾ ਹੈ। ਮੇਰੇ ਚਸ਼ਮੇ ਦਾ ਨੰਬਰ ਗਲਤ ਹੋ ਸਕਦਾ ਹੈ ਪਰ ਇਸ ਪ੍ਰਤੀ ਮੇਰੀ ਸੋਚ ਕਦੇ ਗਲਤ ਨਹੀਂ ਹੋ ਸਕਦੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *