ਪਛਤਾਵਾ | pachtava

ਅੱਜ ਐਤਵਾਰ ਵਾਲੇ ਦਿਨ ਮੈਂ ਆਪਣੇ ਪਿੰਡ ਜਾਣ ਦਾ ਮਨ ਬਣਾਇਆ, ਭਾਵੇਂ ਮੈਨੂੰ ਆਪਣੇ ਪਰਿਵਾਰ ਸਮੇਤ ਪਿੰਡੋਂ ਸ਼ਹਿਰ ਵਸਿਆਂ ਕਈ ਵਰ੍ਹੇ ਹੋ ਗਏ ਸੀ। ਪਰ ਪਿੰਡ, ਜਿਥੇ ਮੈਂ ਆਪਣਾ ਬਚਪਨ ਗੁਜਾਰਿਆ,ਜਿੱਥੇ ਜਵਾਨੀ ਬੀਤੀ ਨਾਲ ਮੈਨੂੰ ਅੰਤਾਂ ਦਾ ਮੋਹ ਸੀ l ਸੋ ਆਪਣੇ ਪੁਰਾਣੇ ਬੇਲੀ -ਮਿੱਤਰਾਂ ਨੂੰ ਮਿਲਣ ਦਾ ਮਨ ਬਣਾ ਮੈਂ ਆਪਣੇ ਪਿੰਡ ਵੱਲ ਚੱਲ ਪਿਆ l ਅੱਜ ਕਈ ਵਰ੍ਹਿਆਂ ਬਾਅਦ ਪੁਰਾਣੇ ਲੰਗੋਟੀਏ ਯਾਰ ਮੈਨੂੰ ਮਿਲ ਕੇ ਅੰਤਾਂ ਦੇ ਪ੍ਰਸੰਨ ਹੋਏ l ਸਭ ਨਾਲ ਹਾਸਾ- ਠੱਠਾ ਕਰ ਕੇ ਦੁਪਿਹਰੋਂ ਬਾਅਦ ਮੈਂ ਵਾਪਿਸ ਮੁੜ ਪਿਆ, ਪਰ ਘਰ ਪਰਤਣ ਤੋਂ ਪਹਿਲਾ ਮੈਂ ਉਸ ਗਲੀ ‘ਚੋਂ, ਉਸ ਘਰ ਕੋਲੋਂ ਗੁਜ਼ਰਨਾ ਚਾਹੁੰਦਾ ਸੀ, ਜਿਥੇ ਅਸੀਂ ਪੂਰਾ ਪਰਿਵਾਰ ਚਾਚੇ -ਤਾਏ ਸਭ ਮਿਲ ਜੁਲ ਕੇ ਇਕੱਠੇ ਰਿਹਾ ਕਰਦੇ ਸੀ, ਪਰ ਜਰੂਰਤਾਂ ਤੇ ਸਹੂਲਤਾਂ ਦੀ ਲੋੜ ਕਾਰਨ ਸਭ ਅਲੱਗ -ਅਲੱਗ ਸ਼ਹਿਰਾਂ ‘ਚ ਜਾ ਵਸੇ ਸੀ l ਸੋ ਉਸ ਗਲੀ ‘ਚ ਹੁੰਦੇ ਹੋਏ ਆਪਣੇ ਘਰ ਦੇਖਕੇ, ਜੋ ਕਦੇ ਸਾਡਾ ਹੁੰਦਾ ਸੀ, ਮੈਨੂੰ ਚਾਅ ਜਿਹਾ ਚੜ੍ਹ ਗਿਆ । ਹੁਣ ਇਸ ਦੀ ਦਿੱਖ ਵੀ ਬਦਲ ਕੇ ਬਹੁਤ ਸੋਹਣੀ ਹੋ ਗਈ ਸੀ। ਆਸੇ -ਪਾਸੇ ਹੋਰ ਵੀ ਘਰ ਕਾਫੀ ਵਧੀਆ ਬਣ ਗਏ ਸੀ, ਪਰ ਸਾਡੇ ਬਿਲਕੁਲ ਗੁਆਂਢ ਵਾਲਾ ਘਰ, ਜੋ ਕਿ ਕਦੇ ਪਿੰਡ ‘ਚੋਂ ਸਭ ਤੋਂ ਵਧੀਆ ਹੁੰਦਾ ਸੀ, ਹੁਣ ਬਹੁਤ ਹੀ ਖਸਤਾ ਹਾਲਤ ਵਿਚ ਸੀl ਇਹ ਦੇਖ ਕੇ ਮੈਨੂੰ ਦੁੱਖ ਵੀ ਹੋਇਆ ਹੈ ਅਤੇ ਹੈਰਾਨੀ ਵੀ l ਮੈਂ ਇਸ ਬਾਰੇ ਸੋਚ ਹੀ ਰਿਹਾ ਸੀ ਕੇ ਅਚਾਨਕ ਮੈਨੂੰ ਕਿਸੇ ਔਰਤ ਦੇ ਉੱਚੀ-ਉੱਚੀ ਹੱਸਣ ਤੇ ਫਿਰ ਰੋਣ ਦੀ ਆਵਾਜ਼ ਸੁਣਾਈ ਦਿਤੀ, ਜੋ ਕਿ ਉਸੇ ਗੁਆਂਢ ਵਾਲੇ ਘਰ ‘ਚੋਂ ਆ ਰਹੀ ਸੀ l ਮੈਂ ਹੈਰਾਨ ਹੋਇਆ ਉਸ ਘਰ ਅੰਦਰ ਵੜ ਗਿਆ, ਪਰ ਅੰਦਰ ਦਾ ਦ੍ਰਿਸ਼ ਬੜਾ ਹੀ ਡਰਾਉਣਾ ਜਿਹਾ ਸੀ l ਅਜ਼ੀਬ ਜਿਹੀ ਹੁੰਮਸ ਸਾਰੇ ਘਰ ਵਿਚ ਫੈਲੀ ਹੋਈ ਸੀ l ਇਕ ਕਮਜ਼ੋਰ ਜਿਹੀ ਬਜੁਰਗ ਔਰਤ ਹੇਠਾਂ ਜ਼ਮੀਨ ‘ਤੇ ਬੈਠੀ ਹੋਈ ਆਪਣੇ- ਆਪ ਵਿੱਚ ਈ ਬੁੜ-ਬੁੜ ਕਰ ਰਹੀ ਸੀ l ਉਸ ਦੇ ਵਾਲ ਬੁਰੀ ਤਰਾਂ ਖਿਲਰੇ ਪਏ, ਗੰਦੇ ਜਿਹੇ ਕੱਪੜੇ ਪਾਏ ਹੋਏ,ਜਿਵੇੰ ਕਈ ਦਿਨਾਂ ਤੋਂ ਨਹਾਤੀ ਨਾ ਹੋਵੇ l ਉਸ ਦੇ ਸਰੀਰ ਅਤੇ ਕੱਪੜਿਆਂ ਤੇ ਗੋਡੇ -ਗੋਡੇ ਮੈਲ ਦੂਰੋਂ ਹੀ ਲਿਸ਼ਕਾਂ ਮਾਰ ਰਹੀ ਸੀl ਪੂਰੇ ਘਰ ਵਿਚ ਅਜ਼ੀਬ ਜਿਹੀ ਬਦਬੂ ਫੈਲੀ ਹੋਈ ਸੀ l ਮੈਂ ਜਲਦੀ ਨਾਲ ਬਾਹਰ ਵੱਲ ਜਾਣ ਲੱਗਾ ਤਾਂ ਉਹ ਔਰਤ ਚੀਕੀ, “ਜਰਨੈਲ ਪੁੱਤ ! ਆ ਗਿਆ ਤੂੰ….l” ਤੇ ਉਹ ਭੱਜ ਕੇ ਮੇਰੇ ਨਾਲ ਆ ਲੱਗੀ l
ਮੈਂ ਜਿਵੇੰ ਅਚਾਨਕ ਹੋਏ ਹਮਲੇ ਤੋਂ ਘਬਰਾ ਗਿਆ l “ਮੈਂ…. ਮੈਂ ….ਜਰਨੈਲ ਨਹੀਂ….. l” ਮੈਂ ਉਸ ਔਰਤ ਨੂੰ ਪਰਾਂ ਕਰਨ ਲਈ ਗੁੱਸੇ ਵਿੱਚ ਜ਼ੋਰ ਲਗਾਇਆ, ਪਰ ਉਸ ਨੇ ਮੈਨੂੰ ਘੁੱਟ ਕੇ ਫੜ ਲਿਆ ਅਤੇ ਉੱਚੀ-ਉੱਚੀ ਰੋਣ ਲੱਗੀ l ਮੈਂ ਧਿਆਨ ਨਾਲ ਦੇਖਿਆ, ਇਹ ਹੱਡੀਆਂ ਦੀ ਮੁੱਠ ਬਣੀ ਪਈ ਔਰਤ ਤਾਂ ਸ਼ਰਨਜੀਤ ਸੀ, ਜੋ ਕਈ ਸਾਲ ਪਹਿਲਾ ਹੱਟੀ -ਕੱਟੀ, ਬੜੇ ਹੀ ਰੋਅਬ -ਦਾਅਬ ਵਾਲੀ ਔਰਤ ਸੀ l ਉਦੋਂ ਪੂਰੇ ਪਿੰਡ ਵਿੱਚ ਇਹਨਾਂ ਦੇ ਪਰਿਵਾਰ ਦੀ ਬੜੀ ਧੌਂਸ ਹੁੰਦੀ ਸੀ l ਸਾਰੇ ਪਿੰਡ ਵਾਲੇ ਇਹਨਾਂ ਕੋਲੋਂ ਡਰਦੇ ਸੀ l ਇਨ੍ਹਾਂ ਦਾ ਇਕੋ -ਇੱਕ ਮੁੰਡਾ ਜਰਨੈਲ ਪੂਰਾ ਬਦਮਾਸ਼ ਸੀ, ਪਰ ਜਦ ਇਨ੍ਹਾਂ ਨੇ ਜਰਨੈਲ ਨੂੰ ਵਿਆਹਿਆ ਸੀ, ਤਾਂ ਪੂਰੇ ਪਿੰਡ ਇਨ੍ਹਾਂ ਦੀ ਵਾਹ -ਵਾਹ ਹੋ ਗਈ ਸੀ l ਇਨ੍ਹਾਂ ਦੀ ਨੂੰਹ ਜਸਬੀਰ ਸਾਰੇ ਪਿੰਡ ‘ਚੋਂ ਸੋਹਣੀ ਤੇ ਗੁਣੀ ਆਈ ਹੋਣ ਕਾਰਨ ਸਾਰਿਆਂ ਦੀ ਜ਼ੁਬਾਨ ‘ਤੇ ਉਸ ਦਾ ਹੀ ਨਾਂਅ ਰਹਿੰਦਾ l ਉਸ ਨੇ ਆਉਂਦਿਆਂ ਹੀ ਸਾਰਾ ਘਰ ਸੰਭਾਲ ਲਿਆ ਸੀ ਤੇ ਉਹ ਸੱਸ-ਸੁਹਰੇ, ਪਤੀ ਦਾ ਬਹੁਤ ਆਦਰ -ਮਾਣ ਕਰਨ ਵਾਲੀ ਸਾਊ ਔਰਤ ਸੀ l ਪਰ ਅਜੇ ਵਿਆਹ ਹੋਇਆਂ ਕੁਝ ਹੀ ਮਹੀਨੇ ਬੀਤੇ ਸੀ ਕਿ ਅਚਾਨਕ ਇੱਕ ਦਿਨ ਪਤਾ ਲੱਗਾ ਕਿ ਜਸਬੀਰ ਬੁਰੀ ਤਰਾਂ ਸੜ ਗਈ ਐ ਤੇ ਹਸਪਤਾਲ ‘ਚ ਐ l ਸਭ ਹੈਰਾਨ ਤੇ ਪ੍ਰੇਸ਼ਾਨ ਕੀ ਇੰਝ ਅਚਾਨਕ…..l ਤੇ ਜਦ ਪਤਾ ਲੱਗਾ ਕਿ ਗਹਿਰੇ ਜਖਮਾਂ ਦੀ ਤਾਬ ਨਾ ਝੱਲਦੀ ਹੋਈ ਉਹ ਦਮ ਤੋੜ ਗਈ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ l ਸਭ ਉਸ ਦੀ ਅਨਿਆਈ ਮੌਤ ‘ਤੇ ਹੈਰਾਨ ਸੀ l ਜਦ ਕੁੜੀ ਦੇ ਪੇਕੇ ਪਰਿਵਾਰ ਨੂੰ ਪਤਾ ਲੱਗਾ ਤਾਂ ਪਤਾ ਲੱਗਦੇ ਹੀ ਕੁੜੀ ਦੀ ਮਾਂ ਨੂੰ ਸਦਮੇ ਕਾਰਨ ਦਿਲ ਦਾ ਦੌਰਾ ਪੈ ਗਿਆ ਤੇ ਉਹ ਥਾਂਏ ਪੂਰੀ ਹੋ ਗਈ ।
ਕੁਝ ਲੋਕ ਤਾਂ ਦੱਬੀ ਜ਼ੁਬਾਨ ‘ਚ ਇਹ ਵੀ ਕਹਿੰਦੇ ਸੁਣੇ ਗਏ ਕਿ ਜਸਬੀਰ ਦੀ ਮੌਤ ਸ਼ਰਨਜੀਤ ਹੁਰਾਂ ਦਾ ਈ ਕੰਮ ਐ l ਪਰ ਉਨ੍ਹਾਂ ਤੋਂ ਡਰਦਾ ਕੋਈ ਉਨ੍ਹਾਂ ਦੇ ਖਿਲਾਫ਼ ਬੋਲਿਆ ਤੱਕ ਨਹੀਂ ਸੀ l “ਫੇਰ… ਫੇਰ…ਕੌ…. ਕੌਣ… ਕੌਣ.. ਐ ਤੂੰ?” ਸ਼ਰਨਜੀਤ ਲੜਖੜਾਉਦੀ ਆਵਾਜ਼ ‘ਚ ਬੋਲੀ ਤਾਂ ਮੈਂ ਇਕਦਮ ਅਜੀਤ ‘ਚੋਂ ਵਰਤਮਾਨ ‘ਚ ਮੁੜ ਆਇਆ l ਮੈਂ ਉਸ ਨੂੰ ਯਾਦ ਕਰਵਾਇਆ ਕਿ ‘ਅਸੀਂ ਕੁੱਝ ਵਰ੍ਹੇ ਪਹਿਲਾ ਥੋਡੇ ਗੁਆਂਢ ‘ਚ ਰਹਿੰਦੇ ਹੁੰਦੇ ਸੀ… l ਮੈਂ ਦੀਪਾ….. ਗੁਰਸ਼ਰਨ ਸਿੰਘ ਦਾ ਮੁੰਡਾ ।’ ਮੈਂ ਉਸ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ l
“ਅੱਛਾ, ਅੱਛਾ…ਦੀਪ …..।” ਉਹ ਉੱਚੀ -ਉੱਚੀ ਹੱਸਣ ਲੱਗੀ l “ਦੀਪਾ !” ਉਹ ਫਿਰ ਉੱਚਾ ਹੱਸੀ l ਮੈਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੇਰਾ ਹੱਥ ਫੜ ਕੇ ਬਿਠਾ ਲਿਆ l
“ਬਹਿ ਜਾ ਪੁੱਤ, ਬਹੁਤ ਚਿਰ ਬਾਅਦ ਮੇਰੇ ਘਰ ਅੰਦਰ ਕੋਈ ਆਇਆ ਏ । ਨਹੀਂ ਤਾਂ ਏਥੇ ਤਾਂ ਸਾਰੇ ਮੈਨੂੰ ਪਾਗਲ ਈ ਕਹਿੰਦੇ ਨੇ l ਪੁੱਤ ਮੈਂ ਤੈਨੂੰ ਵੀ ਪਾਗਲ ਲੱਗਦੀ ਆ?” ਤੇ ਉਹ ਮੇਰੇ ਮੂੰਹ ਵੱਲ ਝਾਕਣ ਲੱਗੀ। ਪਰ ਮੇਰੇ ਕੁੱਝ ਬੋਲਣ ਤੋਂ ਪਹਿਲਾ ਈ ਉਹ ਬੋਲੀ l “ਮੈਂ ਪਾਗਲ ਨਹੀਂ… ਮੈਨੂੰ ਤਾਂ ਦੁੱਖਾਂ ਨੇ ਅੱਧਮਰੀ ਕਰ ਦਿਤਾ ਏ l ਹੁਣ ਤਾਂ ਨਾ ਖਾਣ -ਪੀਣ ਦੀ ਹੋਸ਼ l ਨਾ ਹੀ ਕਿਸੇ ਹੋਰ ਕੰਮ ਦੀ। ਬਹਿ ਜਾ ਪੁੱਤ ਮੇਰੀ ਪੂਰੀ ਗੱਲ ਸੁਣ ਕੇ ਜਾਂਵੀਂ, ਨਹੀਂ ਤਾਂ ਮਰਨ ਤੋਂ ਬਾਅਦ ਵੀ ਮੇਰੀ ਰੂਹ ਨੂੰ ਸ਼ਾਂਤੀ ਨਹੀਂ ਮਿਲਣੀ l” “ਜਦ ਦਾ ਜਰਨੈਲ….. ਤੇ ਮੇਰਾ ਘਰ ਵਾਲਾ ਮੈਨੂੰ ਛੱਡ ਕੇ ਗਏ ਨੇ l ਮੈਂ ਤਾ ਜਿਉਂਦੇ ਜੀਅ ਮਰ ਗਈ।” “ਉਹ ਕਿੱਥੇ ਚਲੇ ਗਏ ਨੇ?” ਮੇਰਾ ਇਨ੍ਹਾਂ ਕਹਿੰਦੇ ਈ ਉਹ ਉੱਚੀ -ਉੱਚੀ ਰੋਣ ਲੱਗੀ ਲਈ l “ਇਹ ਤਾ ਸਾਡੇ ਪਾਪਾਂ ਦਾ ਈ ਫਲ ਐ l ਅੱਜ ਤੈਨੂੰ ਸ਼ਾਇਦ ਉਸ ਰੱਬ ਨੇ ਈ ਭੇਜਿਆ ਮੇਰਾ ਦੁੱਖ ਸੁਣਨ ਨੂੰ l ਹੁਣ ਤਾ ਬੱਸ ਉਸ ਘੜੀ ਨੂੰ ਪਈ ਉਡੀਕਦੀ ਆ, ਜਦ ਮੈਨੂੰ ਮੌਤ ਆ ਜਾਵੇ, ਪਰ ਉਹ ਭੈੜੀ ਵੀ ਨਹੀਂ ਆਉਂਦੀ l” ਮੇਰਾ ਕੋਈ ਹੁੰਗਾਰਾ ਸੁਣੇ ਬਿਨਾਂ ਈ ਉਸ ਨੇ ਆਪਣੀ ਗੱਲ ਜਾਰੀ ਰੱਖੀ l “ਪੁੱਤਰਾਂ ਤੈਨੂੰ ਕੀ ਦੱਸਾਂ ! ਜਦ ਦੀ ਜਸਬੀਰ ਗਈ ਐ ਸਾਡੇ ਘਰ ਦੀਆਂ ਖੁਸੀਆਂ ਵੀ ਨਾਲ ਹੀ ਚਲੀਆਂ ਗਈਆਂ l ਅਸੀਂ ਪੁਲਿਸ ਤੋਂ ਤਾਂ ਚਲਾਕੀ ਨਾਲ ਬਚ ਗਏ l ਸਿਆਣੇ ਠੀਕ ਈ ਕਹਿੰਦੇ ਆ, ਸਭ ਬੁਰੇ ਕੰਮਾਂ ਦਾ ਫਲ ਇਸ ਧਰਤੀ ‘ਤੇ ਈ ਆ l ਮੈਂ ਜਿਹੜੀ ਕਦੇ ਪੈਰਾਂ ‘ਤੇ ਪਾਣੀ ਨਹੀਂ ਸੀ ਪੈਣ ਦਿੰਦੀ, ਰੱਬ ਦੀ ਐਸੀ ਮਾਰ ਵੱਜੀ ਕਿ ਹੁਣ ਮੌਤ ਨੂੰ ਆਵਾਜਾ ਮਾਰਦੀ ਆ l ਸਭ ਪਾਗਲ ਕਹਿੰਦੇ ਨੇ ਮੈਨੂੰ l” “ਜਦ ਜਸਵੀਰ ਮਰੀ ਤਾਂ ਅਸੀਂ ਝੱਟ ਮੁੰਡੇ ਦਾ ਦੂਜਾ ਵਿਆਹ ਕਰਵਾ ਦਿਤਾ l ਚੋਖਾ ਦਾਜ ਆਇਆ, ਜਿਸਦੀ ਸਾਨੂੰ ਤਾਂਘ ਸੀ , ਘਰ ਭਰ ਦਿਤਾ ਉਨ੍ਹਾਂ ਸਮਾਨ ਨਾਲ l ਮੈਂ ਵੀ ਚੋੜੀ ਹੋਈ ਫਿਰਦੀ ਸੀ ਕਿ ਕੀ ਕਰ ਲਿਆ ਕਿਸੇ…. ਆਪਣੀ ਮਨ ਆਈ ਕਰ ਕੇ ਛੱਡੀ l ਕੁੱਝ ਵਕਤ ਤਾ ਸੋਹਣਾ ਬੀਤ ਗਿਆ, ਪਰ ਦੂਜੀ ਨਾਲ ਵੀ ਨਾ ਮੇਰੀ ਨਿਭੀ l ਅਗੋ ਉਹ ਵੀ ਬੜੀ ਤੇਜ ਸੀ l ਆਖਿਰ ਇੱਕ ਦਿਨ ਮੈਂ ਮੁੰਡੇ ਨੂੰ ਕਹਿ ਹੀ ਦਿਤਾ ਬਈ ਤਲਾਕ ਲੈ ਲਾ ਇਸ ਤੋਂ, ਜਾਂ ਇਸਨੂੰ ਵੀ ਪਾਰ ਬੁਲਾ ਦੇ l ਪਰ ਮੁੰਡੇ ਨੂੰ ਪਤਾ ਨਹੀਂ ਕੀ ਹੋਇਆ ਸਾਨੂੰ ਬਿਨਾਂ ਦੱਸੇ ਦੂਜੇ ਸ਼ਹਿਰ ਦੀ ਬਦਲੀ ਕਰਵਾ ਲਈ ਤੇ ਵਹੁਟੀ ਨੂੰ ਨਾਲ ਲੈ ਕੇ ਐਸਾ ਗਿਆ ਕੇ ਅੱਜ ਤੱਕ ਸ਼ਕਲ ਨਹੀਂ ਵਿਖਾਈ l ਬੱਸ ਕਿਸੇ ਐਨਾ ਹੀ ਦੱਸਿਆ ਕੇ ਅਜੇ ਤੱਕ ਬੱਚਾ ਨਹੀਂ ਹੋਇਆ ਉਸ ਦੇ l ਇੰਨੇ ਸਾਲ ਬੀਤਣ ਤੇ ਵੀ ਉਹ ਔਲਾਦ ਦਾ ਮੂੰਹ ਵੇਖਣ ਨੂੰ ਤਰਸ ਰਿਹਾ l ਸੁਣਿਆ ਐ ਉਸ ਨੇ ਸਭ ਬੁਰੇ ਕੰਮ ਵੀ ਛੱਡ ਦਿੱਤੇ ਤੇ ਵਾਲ ਰੱਖ ਕੇ ਅੰਮ੍ਰਿਤ ਵੀ ਛਕ ਲਿਆ l ਉਹ ਸਿੱਧੇ ਰਾਹ ਤੇ ਆ ਗਿਆ, ਪਰ ਮੇਰੀ ਸਾਰ ਕਦੇ ਵੀ ਨਹੀਂ ਲੈਣ ਆਇਆ l ਹੁਣ ਸਾਰਾ ਕੀਮਤੀ ਸਮਾਨ ਇਸ ਘਰ ਵਿਚ ਰੁਲਦਾ ਫਿਰਦਾ, ਪਰ ਵਰਤਣ ਵਾਲਾ ਈ ਕੋਈ ਨਹੀਂ l”
“ਤੇਰੇ ਅੰਕਲ ਨੂੰ ਤਾ ਜਰਨੈਲ ਦੇ ਜਾਣ ਮਗਰੋਂ ਕੁੱਝ ਮਹੀਨੇ ਬਾਅਦ ਹੀ ਦਿਲ ਦਾ ਦੌਰਾ ਪੈ ਗਿਆ ਤੇ ਉਹ ਸਦਾ ਲਈ ਇਸ ਜਹਾਨ ਤੋਂ ਕੂਚ ਕਰ ਗਏ…. ਤੇ ਮੈਨੂੰ ਸਭ ਦੇ ਵਿਛੋੜੇ ਨੇ ਅੱਧੀ ਪਾਗਲ ਕਰ ਦਿਤਾ l ਹੁਣ ਤਾ ਇੱਕਲੀ ਬੈਠੀ ਨੂੰ ਰੱਬ ਵੀ ਯਾਦ ਆਉਂਦਾ ਏ ਤੇ ਆਪਣੇ ਮਾੜੇ ਕਰਮ ਵੀ l” “ਜਸਬੀਰ ਤੇ… ਤੇ….ਮੈਂ ਖੁਦ ਮਿੱਟੀ ਦਾ ਤੇਲ ਪਾਇਆ l ਹੁਣ ਤਾਂ ਰਾਤੀ ਰੋਜ ਸੁਪਨੇ ਵਿੱਚ ਵੀ ਆਓਂਦੀ ਏ l ਤੇ ਦਿਨੇ ਵੀ ਚਾਰੇ ਪਾਸੇ ਉਹ ਮੈਨੂੰ ਮਿੰਨਤਾਂ ਪਾਉਂਦੀ ਦਿਖਾਈ ਦਿੰਦੀ ਏ l ‘ਨਾ ਮਾਰੋ ਮੈਨੂੰ, ਨਾ ਮਾਰੋ……।’ ਪਰ ਮੈਂ ਬਲਦੀ ਤੀਲੀ ਐਸੀ ਉਸ ਵੱਲ ਸੁਟੀ ਕਿ ਉਹ ਮਿੰਟਾ ਵਿੱਚ ਹੀ ਚੀਕਦੀ- ਚਲਾਉਦੀ ਸੜ ਕੇ ਸੁਆਹ ਹੋ ਗਈ । ਜਿਉਂਦੀ ਨੂੰ ਅੱਗ ਨਾਲ ਸਾੜ ਸੁਟਿਆ ਮੈਂ l ਉਹ ਬੰਦ ਕਮਰੇ ਵਿੱਚ ਚੀਕਦੀ ਰਹੀ, ਤੜਫਦੀ ਰਹੀ ਤੇ ਅਸੀਂ ਬੇਪਰਵਾਹ ਹੋਏ ਟੀ.ਵੀ. ਉੱਚੀ ਆਵਾਜ ਵਿੱਚ ਛੱਡ ਕੇ ਹੱਸਦੇ ਰਹੇ l ਬੱਸ ਉਹੀ ਹਾਸਾ ਲੈ ਬੈਠਾ ਸਾਨੂੰ ਤੇ ਜਦ ਉਹ ਬੁਰੀ ਤਰਾਂ ਸੜ ਗਈ ਤਾਂ ਚੰਗੇ ਬਣਨ ਲਈ ਅਸੀਂ ਚੀਕਾਂ ਮਾਰਦੀ ਤੇ ਤੜਫਦੀ ਨੂੰ ਹਸਪਤਾਲ ਲੈ ਗਏ, ਜਿਥੇ ਲਿਜਾਦਿਆਂ ਹੀ ਕੁੱਝ ਦੇਰ ਬਾਅਦ ਉਹ… l”
“ਮੈਨੂੰ ਉਸ ਦੀਆਂ ਚੀਕਾਂ ਸੁਣਾਈ ਦੇਂਦੀਆ ਨੇ….ਉਹ ਚੀਕ ਰਹੀ ਏ… ਉਹ ਚੀਕ ਰਹੀ ਏ…. ਉਹ……. l ਤੈਨੂੰ ਸੁਣੀਆਂ ਉਸ ਦੀਆਂ ਚੀਕਾਂ?” ‘ਤੇ ਉਸ ਨੇ ਆਪਣੇ ਕੰਨ ਹਥੇਲੀਆਂ ਨਾਲ ਘੁੱਟ ਲਏ l “ਇਸ ਸੁੰਨਸਾਨ ਪਏ ਘਰ ਵਿੱਚ ਉਸ ਦੀਆਂ ਚੀਕਾਂ ਗੂੰਜਦੀਆਂ ਨੇ l” ਉਹ ਆਪਣੇ ਵਾਲ ਪੁੱਟਦੀ ਫਿਰ ਚੀਕਣ ਲੱਗੀ, “ਕੀ ਕਰਾਂ, ਮੈਂ ਕੀ ਕਰਾਂ? ਦੱਸ ਦੀਪੇ ਕੀ ਕਰਾਂ?” ਉਹ ਕਾਹਲੀ ਕਾਹਲੀ ਬੋਲਦੀ ਫਿਰ ਉੱਚੀ -ਉੱਚੀ ਰੋਣ ਲੱਗ ਪਈl ਮੈਂ ਘੜੀ ਵੱਲ ਵੇਖਿਆ ਆਖਰੀ ਬੱਸ ਜਾਣ ਵਿੱਚ ਬਹੁਤ ਘੱਟ ਵਕਤ ਰਹਿ ਗਿਆ ਸੀ l ਮੈਂ ਚਾਹ ਕੇ ਵੀ ਹੋਰ ਰੁਕ ਨਾ ਸਕਿਆl ਮੈਂ ਖੜ੍ਹਾ ਹੁੰਦਿਆਂ ਉਸ ਤੋਂ ਇਜਾਜਤ ਮੰਗੀ l ” ਵੇ ਪੁੱਤਰਾਂ ਇੱਕ ਕੰਮ ਕਰੀਂ l” ਮੈਨੂੰ ਉਠਦੇ ਦੇਖ ਜਿਵੇੰ ਉਸ ਦੀ ਲੇਰ ਜਿਹੀ ਨਿਕਲ ਗਈ l ਮੈਂ ਉਸ ਵੱਲ ਦੇਖਦਿਆਂ ਬੋਲਿਆ, “ਦੱਸੋ?” .
ਉਹ ਹੱਥ ਜੋੜ ਕੇ ਬੋਲੀ, ” ਬੱਸ…. ਬੱਸ ਰੱਬ ਅੱਗੇ ਦੁਆ ਕਰੀਂ….! ਮੈਨੂੰ ਛੇਤੀ ਚੁੱਕ ਲਵੇ ।” ‘ਤੇ ਉਹ ਫਿਰ ਉਸੇ ਤਰਾਂ ਕੁਰਲਾਉਣ ਲੱਗੀ l ਮੈਂ ਉਦਾਸ ਤੇ ਪ੍ਰੇਸ਼ਾਨ ਹੋਇਆ ਜਲਦੀ ਨਾਲ ਉਥੋਂ ਬਾਹਰ ਨਿਕਲ ਆਇਆ l ਸੱਚਮੁੱਚ ਅੱਜ ਉਸ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਦਹਿਲ ਗਿਆ ਸੀ l ਹਨੇਰਾ ਹੋ ਰਿਹਾ ਸੀ l ਮੈਂ ਰੱਬ ਦਾ ਨਾਮ ਲੈਂਦਾ ਜਲਦੀ ਨਾਲ ਬੱਸ ਸਟੈਡ ਵੱਲ ਕਦਮ ਪੁੱਟਣ ਲੱਗਾ l
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ .ਏ, ਬੀ .ਐੱਡ। ਫ਼ਿਰੋਜ਼ਪੁਰ ਸ਼ਹਿਰ ।

One comment

  1. ਕਹਾਣੀ ਵਿੱਚ ਲੇਖਿਕਾ ਦੀ ਮਾਨਸਿਕ ਸੋਚ ਬਹੁਤ ਚੰਗੀ ਲੱਗੀ

Leave a Reply

Your email address will not be published. Required fields are marked *