ਗਰੀਬ ਜਿਹੀ ਕੁੜੀ | greeb jehi kudi

ਗਰੀਬ ਜਿਹੀ ਕੁੜੀ “
ਪੰਮੀ ਦੇ ਬਾਪੂ ਦੀ ਮੌਤ ਤੋਂ ਬਾਅਦ ਤਾਂ ਨਸੀਬੋ ਦੇ ਸਿਰ ਉੱਪਰ ਦੁੱਖਾਂ ਦਾ ਪਹਾੜ ਆ ਵੱਸਿਆ। ਉਹ ਹਮੇਸ਼ਾਂ ਕਿਹਾ ਕਰਦਾ ਸੀ ਮੈਂ ਚਾਹੇ ਗਰੀਬ ਹਾਂ ਪਰ ਆਪਣੀ ਧੀ ਨੂੰ ਅਫ਼ਸਰ ਜ਼ਰੂਰ ਬਣਾਉਣਾ । ਸਰਦੀਆਂ ਦੇ ਦਿਨ ਵਿਹੜੇ ਵਿੱਚ ਬੈਠੀ ਨਿੱਘੀ ਜਿਹੀ ਧੁੱਪ ਮਾਣ ਦੀ ਹੋਈ ਸੋਚ ਰਹੀ ਸੀ , ਧੀ ਦੇ ਸਜ਼ਾਏ ਹੋਏ ਸਾਰੇ ਸੁਪਨੇ ਦਿਲ ਵਿੱਚ ਹੀ ਲੈਕੇ ਤੁਰ ਗਿਆ ਮੇਰੇ ਸਿਰ ਉੱਪਰ ਦੁੱਖਾਂ ਦੀ ਪੰਡ ਰੱਖ ਗਿਆ। ਐਨੇ ਨੂੰ ਉਸ ਦੀ ਧੀ ਪੰਮੀ ਵੀ ਮੰਜੇ ਤੇ ਉਸ ਕੋਲ ਆ ਕੇ ਬੈਠ ਗਈ । ਜੋ ਬਾਰਵੀਂ ਕਲਾਸ ਦੇ ਪੇਪਰ ਦੇ ਚੁੱਕੀ ਸੀ , ਕਹਿਣ ਲੱਗੀ ਬੀਬੀ ਜੀ ਮੈਂ ਬਾਪੂ ਦੇ ਸੁਪਨੇ ਕਿਵੇਂ ਪੂਰੇ ਕਰਾਂਗੀ , ਕਿੱਥੋਂ ਐਨੇ ਪੈਸੇ ਲਿਆਵਾਂਗੇ ਕਿ ਮੈਂ ਪੜ ਲਿਖ ਕੇ ਅਫਸਰ ਬਣ ਜਾਵਾਂ । ਜਦੋਂ ਮਾਂ ਦੇ ਮੂੰਹ ਵੱਲ ਤੱਕਿਆ ਅੱਖਾਂ ਸਮੁੰਦਰ ਦੀ ਤਰ੍ਹਾਂ ਪਾਣੀ ਨਾਲ ਭਰੀਆਂ ਹੋਈਆਂ ਵਿੱਚੋਂ ਅੱਥਰੂ ਮੋਤੀਆਂ ਦੀ ਤਰ੍ਹਾਂ ਤਪਕ ਰਹੇ ਸੀ । ਮਾਂ ਨੂੰ ਮੋਢੇ ਤੋਂ ਫੜਕੇ ਹਲੂਣਾ ਦਿੰਦੀਆਂ ਹੋਈਆਂ ਨੇ ਕਿਹਾ ।
ਮਾਂ ਤੂੰ ਰੋ ਰਹੀ ਐ ?
ਨਹੀਂ ਮੇਰੀ ਧੀ ਮੈਂ ਰੋ ਨਹੀਂ ਰਹੀ ?
ਧੀ ਨੇ ਫਿਰ ਜਵਾਬ ਦਿੰਦੀ ਹੋਈ ਨੇ ਕਿਹਾ !
ਅੱਖਾਂ ਵਿੱਚੋਂ ਹੰਝੂ ਕਿਉਂ ਤਪਕ ਰਹੇ ਨੇ ?
ਪੁੱਤਰ ਹੰਝੂ ਤਪਕ ਨਹੀਂ ਰਹੇ ? ਇਹ ਦੱਸ ਰਹੇ ਨੇ ਤੇਰੇ ਬਾਪ ਦੇ ਅਧੂਰੇ ਪਏ ਸੁਪਨੇ ਮੈਂ ਦਿਨ ਰਾਤ ਮਿਹਨਤ ਕਰਕੇ ਪੂਰੇ ਕਰਾਂਗੀ । ਇਹ ਗੱਲ ਸੁਣਕੇ ਮਾਂ ਦੇ ਗਲ਼ ਲੱਗ ਕੇ ਭੁੱਬੀਂ ਰੌਣ ਲੱਗ ਪਈ । ਮਾਂ ਨੇ ਚੁੱਪ ਕਰਾਉਂਦੀ ਹੋਈ ਨੇ ਕਿਹਾ , “ਧੀ ਐ ਤੇਰਾ ਅੱਜ ਰਿਜਲਟ ਵੀ ਆਉਣਾ ਹੈ ਤੂੰ ਤਿਆਰ ਹੋ ਕੇ ਸਕੂਲ ਨੂੰ ਜਾਹ ਪਤਾ ਕਰ ? ਪੰਮੀ ਅੱਖਾਂ ਨੂੰ ਸਾਫ ਕਰਦੀ ਹੋਈ ਤਿਆਰ ਹੋਕੇ ਪਾਣੀ ਭਰੀਆਂ ਅੱਖਾਂ ਨਾਲ ਸਕੂਲ ਚਲੇ ਗਈ। ਉਧਰ ਮਾਂ ਵੀ ਕੰਮ ਦੀ ਤਲਾਸ਼ ਲਈ ਘਰੋਂ ਤੁਰ ਪਈ ਇੱਕ ਕੋਠੀ ਵਿੱਚ ਬਜ਼ੁਰਗ ਜੋੜਾ ਰਹਿ ਰਿਹਾ ਸੀ ਉਹਨਾਂ ਦੀ ਦੇਖ ਭਾਲ ਹੀ ਕਰਨੀ ਸੀ ਕਿਸੇ ਕੰਮ ਵਾਲੀ ਨੇ ਦੱਸਿਆ ਕੋਠੀ ਦਾ ਗੇਟ ਖੜਕਾਇਆ ਅੰਦਰੋਂ ਆਵਾਜ਼ ਆਈ ਕੌਣ ਆ, ਆਜਾ ਲੰਘ ਆ ਆਪਣੇ ਘਰ ਦੀ ਸਾਰੀ ਕਹਾਣੀ ਸੁਣਾਈ ਅਤੇ ਪੁੱਛਿਆ ਬੀਬੀ ਜੀ ਤੁਹਾਨੂੰ ਕੰਮ ਵਾਲੀ ਚਾਹੀਦੀ ਹੈ । ਹਾਂ ਪੁੱਤਰ ? ਸਾਡੀ ਦੇਖ ਭਾਲ ਕਰਨ ਵਾਲਾ ਕੋਈ ਨਹੀਂ ਅਤੇ ਰੋਟੀ ਬਣਾਉਣੀ ਹੈ । ਅੱਜ ਤੋਂ ਬਾਅਦ ਮੈਂ ਤੁਹਾਡੀ ਦੇਖ ਭਾਲ ਕਰਾਂਗੀ , ਰੋਟੀ ਬਣਾ ਦਿਆਂ ਕਰਾਂਗੀ ” ਅੱਛਿਆ ਪੁੱਤਰ ਇਹ ਸਾਡਾ ਘਰ ਨੀ ਇਸ ਆਪਣਾ ਘਰ ਸਮਝਣਾ ? ਕਿਸੇ ਵੀ ਚੀਜ਼ ਦੀ ਲੋੜ ਹੋਵੇ ਸਾਨੂੰ ਪਹਿਲਾਂ ਦੱਸ ਦੇਵੀਂ ਜੀ ਬੀਬੀ ਜੀ । ਹੁਣ ਨਸੀਬੋਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ , ਜਿਵੇਂ ਸਿਰ ਉੱਪਰੋਂ ਦੁੱਖਾਂ ਪਹਾੜ ਹਟ ਗਿਆ ਹੋਵੇ । ਹਾਂ ਕਰਕੇ ਆਪਣੇ ਘਰ ਆ ਕੇ ਅਜੇ ਪਾਣੀਂ ਹੀ ਪੀ ਰਹੀ ਸੀ ਤੇ ਧੀ ਰਾਣੀ ਨੇ ਵੀ ਦਰਵਾਜ਼ਾ ਖੜਕਾ ਦਿੱਤਾ । ਦਰਵਾਜ਼ਾ ਖੋਲ੍ਹਿਆ ਧੀ ਦਾ ਚਿਹਰਾ ਫੁੱਲ ਵਾਂਗ ਖਿਲਿਆ ਹੋਇਆ ਦੇਖ ਮਾਂ ਨੂੰ ਪਤਾ ਲੱਗ ਚੁੱਕਿਆ ਸੀ ਮੇਰੀ ਧੀ ਬਾਰਵੀਂ ਕਲਾਸ ਪਾਸ ਕਰ ਚੁੱਕੀ ਹੈ ” ਪਰ ਧੀ ਰਾਣੀ ਚੁੱਪ ਸੀ ।” ਸਕੂਲ ਵਾਲੀ ਵਰਦੀ ਬਦਲ ਕੇ ਮਾਂ ਕੋਲ ਮੰਜੇ ਉੱਪਰ ਹੀ ਬੈਠ ਗਈ। ਮਾਂ ਨੇ ਆਪਣੀ ਬੁੱਕਲ ਵਿੱਚ ਲੈਂਦੀ ਹੋਈ ਨੇ ਕਿਹਾ ।
ਪੁੱਤ ਤੂੰ ਚੁੱਪ ਕਿਉਂ ਐਂ ?
ਕਿੰਨੇ ਪਰਸੈਂਟ ਨੰਬਰ ਆਏ ਨੇ ?
ਮਾਂ ਪਰਸੈਂਟ ਤਾਂ ਬਹੁਤ ਨੇ ਮੈਂ ਕੀ ਕਰਾਂਗੀ ਨੰਬਰਾਂ ਨੂੰ ? ਕਹਿ ਕੇ ਚੁੱਪ ਹੋ ਗਈ । ਮਾਂ ਸਾਰੀ ਗੱਲ ਸਮਝ ਚੁੱਕੀ ਸੀ । ਧੀਏ ਤੂੰ ਨਾ ਘਬਰਾ ਮੈਂ ਕੰਮ ਲੱਭਣ ਲਿਆ ਹੈ ।
ਮਾਂ ਕੀ ਕਹਿ ਰਹੀ ਐ ?
ਹਾਂ ਧੀਏ ਮੈਂ ਸੱਚ ਕਹਿ ਰਹੀ ਹਾਂ ,”
ਵਾਹਿਗੁਰੂ ਨੇ ਆਪਣੀ ਸੁਣ ਲਈ ?”
ਧੀ ਨੂੰ ਸਾਰੀ ਗੱਲਬਾਤ ਦੱਸੀ । ਆਪਣੀ ਧੀ ਪੰਮੀ ਨੂੰ ਸਮਝਾਉਂਦੀ ਹੋਈ ਕਹਿ ਰਹੀ ਸੀ । ਦੇਖ ਪੁੱਤਰ ਪਹਿਲਾਂ ਤੂੰ ਸਕੂਲ ਵਿੱਚ ਸੀ ਗੱਲ ਕੁਝ ਹੋਰ ਸੀ । ਪਰ ਹੁਣ ਤੂੰ ਮਾਲਵਾ ਕਾਲਜ ਬੌਂਦਲੀ ਵਿੱਚ ਦਾਖਲਾ ਲੈਣਾ ਹੈ । ਕਾਲਜ ਵਿੱਚ ਬਹੁਤ ਤਰਾਂ ਦੀ ਦੁਨੀਆਂ ਹੁੰਦੀ ਹੈ ਤੂੰ ਸੋਚ ਸਮਝ ਕੇ ਰਹਿਣਾ ਆਪਣੇ ਪਿਓੁ ਦਾਦੇ ਦੀ ਪੱਗ ਅਤੇ ਮਾਂ ਦੀ ਚੁੰਨੀ ਦੀ ਲਾਜ ਅਤੇ ਆਪਣੀ ਇੱਜ਼ਤ ਦਾ ਖਿਆਲ ਰੱਖਣਾ । ਮੈਂ ਹੁਣ ਬੱਚੀ ਨਹੀਂ ਰਹੀ ਮੈਨੂੰ ਸਾਰਾ ਪਤਾ ਐ , ਜੇ ਪਿਓ ਦਾਦਾ ਜੱਗ ਤੋਂ ਮੂੰਹ ਲੁਕੋ ਗਏ ਮੇਰੀ ਮਾਂ ਤਾਂ ਜਿਉਂਦੀ ਹੈ । ਮੈਂ ਉਹ ਕੁੜੀਆਂ ਵਰਗੀ ਕੁੜੀ ਨਹੀਂ ਜਿਹੜੀ ਦੋ ਪਲਾਂ ਦੇ ਪਿਆਰ ਵਿੱਚ ਆਪਣੇ ਪ੍ਰੀਵਾਰ ਦਾ ਪਿਆਰ ਭੁਲਾ ਦੇਵਾਂਗੀ । ਅੱਜ ਕਾਲਜ ਵਿੱਚ ਪੰਮੀ ਦਾ ਪਹਿਲਾ ਦਿਨ ਸੀ ਉਸਨੂੰ ਬਹੁਤ ਹੀ ਅਜ਼ੀਬ ਜਿਹਾ ਲੱਗਿਆ ਸਕੂਲ ਅਤੇ ਕਾਲਜ ਦਾ ਜ਼ਮੀਨ ਅਸਮਾਨ ਦਾ ਫਰਕ ਸੀ । ਪਰ ਆਪਣੇ ਪਿਓ ਦੇ ਅਧੂਰੇ ਪਏ ਸੁਪਨੇ ਯਾਦ ਸੀ । ਦਿਨ ਬੀਤ ਦੇ ਗਏ ਅੱਜ ਪੰਮੀ ਪੂਰੇ ਸਟਾਫ਼ ਦੇ ਦਿਲ ਅੰਦਰ ਆਪਣਾ ਘਰ ਬਣਾ ਬੈਠੀ ਸੀ ਕਿਉਂਕਿ ਪੜਨ ਵਿੱਚ ਪਹਿਲਾਂ ਹੀ ਬਹੁਤ ਤੇਜ਼ ਹੋਣ ਕਰਕੇ ਕਾਲਜ ਦੀ ਟੋਪਰ ਬਣ ਚੁੱਕੀ ਸੀ । ਉਹ ਹਮੇਸ਼ਾਂ ਆਪਣੀ ਕਲਾਸ ਦੀਆਂ ਕੁੜੀਆਂ ਨਾਲੋਂ ਵੱਖਰੀ ਰਹਿੰਦੀ ਸੀ । ਜਦੋਂ ਕਿਤੇ ਇਕੱਠੀਆਂ ਵੀ ਬੈਠ ਜਾਂਦੀਆਂ ਤਾਂ ਉਹਨਾਂ ਵਿੱਚ ਇੱਕ ਅਮੀਰ ਘਰ ਦੀ ਕੁੜੀ ਲਾਲੀ ਗੱਲੀਂ ਬਾਤੀਂ ਬੈਠਣਾ ਮੁਸ਼ਕਲ ਕਰ ਦੇਂਦੀ ਉਸ ਦੀ ਗ਼ਰੀਬੀ ਦਾ ਮਜ਼ਾਕ ਉਡਾਉਂਦੀ ਉਹ ਆਪਣੇ ਦਿਲ ਵਿੱਚ ਸਭ ਕੁਝ ਸਮਾ ਲੈਂਦੀ ਤੇ ਹੱਸ ਕੇ ਟਾਲ ਦਿੰਦੀ । ਜਦੋਂ ਕਦੇ ਇਕੱਲਿਆਂ ਬੈਠਦੀ ਰੱਜਕੇ ਰੋਂਦੀ ਆਪਣੀ ਕਿਸਮਤ ਨੂੰ ਕੋਸਿਆ ਕਰਦੀ ਸੀ । ਇੱਕ ਦਿਨ ਪੰਮੀ ਕਾਲਜ ਦੀ ਲਾਇਬ੍ਰੇਰੀ ਵਿੱਚ ਆਪਣਾ ਸਿਰ ਬਾਹਾਂ ਵਿੱਚ ਲੈਕੇ ਬੈਠੀ ਹੋਈ । ਮਨਦੀਪ ਆਇਆ ਉਸ ਨੇ ਪੁੱਛਿਆ , ” ਪੰਮੀ ਕੀ ਗੱਲ ਹੋਈ ਐ ?”
ਕਿਵੇਂ ਬੈਠੀ ਐ?
ਜਵਾਬ ਦਿੰਦਿਆਂ ਹੋਇਆਂ ਕਿਹਾ ।
ਕੁੱਝ ਨਹੀਂ ਮਨਦੀਪ ? ਪਰ ਉਸਦੇ ਚਿਹਰੇ ਉੱਪਰ ਉਦਾਸੀ ਦਾ ਪਨ ਸੀ । ਮਨਦੀਪ ਵੀ ਇੱਕ ਹੋਣਹਾਰ ਵਿਦਿਆਰਥੀ ਸੀ ਉਹ ਵੀ ਇੱਕ ਗਰੀਬ ਘਰਦਾ ਮੁੰਡਾ ਸੀ । ਪੰਮੀ ਦੀ ਕਲਾਸ ਵਿੱਚ ਹੀ ਪੜ੍ਹਦਾ ਸੀ ਪੰਮੀ ਉਸ ਵਾਰੇ ਜਾਣੂ ਹੋ ਚੁੱਕੀ ਸੀ । ਹੁਣ ਉਹ ਇੱਕ ਦੂਜੇ ਦੇ ਬਹੁਤ ਹੀ ਨਜ਼ਦੀਕ ਅਤੇ ਦੋਸਤ ਬਣ ਚੁੱਕੇ ਸੀ । ਇੱਕ ਦਿਨ ਕਾਲਜ ਦੀ ਕੰਟੀਨ ‘ਚ ਦੋਵੇਂ ਬੈਠੇ ਮਨਦੀਪ ਨੇ ਕਿਹਾ ।
ਪੰਮੀ ਇੱਕ ਗੱਲ ਆਖਾਂ ?
ਹਾਂ ਕਿਉਂ ਨਹੀਂ ਜ਼ਰੂਰ ਆਖੋ ? ਅੰਦਰੋਂ ਡਰ ਰਿਹਾ ਸੀ ਹੁਣ ਚੁੱਪ ਕਿਉਂ ਹੋ ਗਿਆ ,” ਆਖ ਕੀ ਆਖਣਾਂ ਐ ?
ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ । ਬੱਸ ਇਹ ਕਹਿਣ ਦੀ ਦੇਰ ਸੀ ਪੰਮੀ ਅੱਗ ਦੇ ਭਬੂਕੇ ਵਾਂਗੂੰ ਵਲ ਉੱਠੀ ਕਹਿਣ ਲੱਗੀ ਤੂੰ ਵੀ ਗਰੀਬ ਘਰਦਾ ਅਤੇ ਮੈਂ ਵੀ ਗਰੀਬ ਘਰਦੀ ਹਾਂ । ਪਹਿਲਾਂ ਜਾਕੇ ਆਪਣੇ ਪਿਓ ਦੇ ਹੱਥ ਵੇਖ ਤੇਰੇ ਲਈ ਮਜ਼ਦੂਰੀ ਕਰਦੇ ਦੇ ਹੱਥਾਂ ਵਿੱਚੋਂ ਖੂਨ ਸਿਮ ਰਿਹਾ ਜੋ ਕੇ ਨਾ ਪੂਰਾ ਹੋਣ ਵਾਲਾ ਘਾਟਾ ਹੈ, ਨਾਲੇ ਆਪਣੀ ਮਾਂ ਦੀ ਸਿਰ ਉੱਪਰੋਂ ਚੁੱਨੀ ਚੱਕ ਕੇ ਵੇਖ ਪਸ਼ੂਆਂ ਵਾਸਤੇ ਪੱਠੇ ਢੋਂਦੀ ਦੇ ਸਿਰ ਦੇ ਜ਼ਖਮਾਂ ਦੀ ਪੀੜ ਝੱਲੀ ਨਹੀਂ ਜਾਂਦੀ ਜਿਹੜੀ ਤੇਰੇ ਤੇ ਆਸ਼ਾ ਲਾਈ ਬੈਠੀ ਦਿਨ ਕੱਟ ਰਹੀ ਹੈ । ਉਹਨਾਂ ਨੂੰ ਕੀ ਪਤਾ ਸਾਡਾ ਪੁੱਤ ਕਾਲਜ਼ ਪੜਨ ਨਹੀਂ ਆਸ਼ਕੀ ਕਰਨ ਜਾਂਦਾ । ਬੋਲਦੀ ਹੋਈ ਕੰਟੀਨ ਵਿੱਚੋਂ ਬਾਹਰ ਚਲੇ ਗਈ । ਇਹ ਗੱਲ ਕਾਲਜ਼ ਵਿੱਚ ਅੱਗ ਦੀ ਤਰ੍ਹਾਂ ਫੈਲ ਮਨਦੀਪ ਨੂੰ ਸਾਰੇ ਲਾਹਨਤਾਂ ਪਾ ਰਹੇ ਸੀ ਅਤੇ ਪੰਮੀ ਨੂੰ ਵੀ ਕਹਿ ਰਹੇ ਸੀ ਤੂੰ ਇੰਨਾ ਜ਼ਿਆਦਾ ਕਿਉਂ ਬੋਲਣਾ ਸੀ । ਪੰਮੀ ਕਿਉਂ ਨਾ ਬੋਲਦੀ ਉਸਨੂੰ ਆਪਣੇ ਅਧੂਰੇ ਪਏ ਸੁਪਨੇ ਪੂਰੇ ਕਰਨੇ ਸੀ । ਪਰ ਇਹ ਗੱਲਾਂ ਦਾ ਮਨਦੀਪ ਦੇ ਮਨ ਤੇ ਬਹੁਤ ਅਸਰ ਹੋਇਆ ।ਮੁੜ ਇੱਕ ਦੂਜੇ ਨਾਲ ਮੁਲਾਕਾਤ ਨਾ ਹੋਈ । ਹੁਣ ਦੋਵੇਂ ਆਪਣੀ ਪੜਾਈ ਵਿੱਚ ਮਸਤ ਰਹਿੰਦੇ ਪਰ ਲਾਲੀ ਨੇ ਇਹ ਗੱਲ ਤੋਂ ਬਾਅਦ ਪੰਮੀ ਨੂੰ ਹੋਰ ਵੀ ਬੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਕੇ ਮਾੜੀ ਜਾਤ ਦੇ ਪੱਲੇ ਇਹੀ ਸਭ ਕੁੱਝ ਹੁੰਦਾ ਹੈ ਕੁਝ ਅੱਲੇ ਨੀ ਕੁਝ ਪੱਲੇ ਨੀ ਅਸੀਂ ਚੱਲੇ ਹਾਂ ਕਾਲਜ਼ ਪੜਨ ਪਰ ਕਰਦੇ ਨੇ ਆਸ਼ਕੀਆਂ ਇਹ ਬੋਲੀ ਨੇ ਉਸ ਨੂੰ ਪੈਰਾਂ ਤੋਂ ਲੈਕੇ ਸਿਰ ਤੱਕ ਹਿਲਾਕੇ ਰੱਖ ਦਿੱਤਾ ਉਹ ਚੁੱਪ ਰਹੀ ਉਸ ਨੂੰ ਪਤਾ ਸੀ ਇੱਕ ਦਿਨ ਚੁੱਪ ਦੀ ਜਿੱਤ ਹੋਵੇਗੀ। ਪਰ ਹਰ ਟੀਚਰ ਦੀ ਜ਼ੁਬਾਨ ਉੱਪਰ ਪੰਮੀ ਅਤੇ ਮਨਦੀਪ ਦਾ ਨਾਂ ਰਹਿੰਦਾ ਜੀ। ਦੋਹਾਂ ਨੂੰ ਯੂਨੀਵਰਸਿਟੀ ਵਿੱਚ ਚੰਗੀ ਪੁਜੀਸ਼ਨ ਪਾਉਣ ਤੇ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਗੱਲ ਦੀ ਚਰਚਾ ਬਹੁਤ ਤੇਜ਼ੀ ਨਾਲ ਫੈਲਦੀ ਹੋਈ ਪਿੰਡ ਤੱਕ ਪਹੁੰਚੀ ਪਿੰਡ ਵਾਲਿਆਂ ਨੇ ਪੰਮੀ ਨੂੰ ਇੱਕ ਹੋਣਹਾਰ ਕੁੜੀ ਦੇ ਨਾਂ ਤੇ ਗੋਲ੍ਡ ਮੈਡਲ ਨਾਲ ਸਨਮਾਨਿਤ ਕੀਤਾ । ਹੁਣ ਉਹ ਆਪਣੀ ਅਫ਼ਸਰਸ਼ਾਹੀ ਲਾਈਨ ਵਿੱਚ ਲੱਗ ਚੁੱਕੇ ਸੀ । ਉੱਧਰ ਲਾਲੀ ਨੇ ਆਪਣੇ ਮਾਪਿਆਂ ਦੀ ਨਾ ਪ੍ਰਵਾਹ ਕਰਦੀ ਹੋਈ ਨੇ ਕੋਰਟ ਮੈਰਿਜ ਕਰਵਾਕੇ ਆਪਣਾ ਘਰ ਵਸਾ ਲਿਆ । ਪੰਮੀ ਨੇ ਹਰ ਪੱਖੋਂ ਆਪਣਾ ਖਿਆਲ ਰੱਖਦੀ ਹੋਈ ਨੇ ਆਈ ਐ ਐਸ ਦਾ ਕੋਰਸ ਪਾਸ ਕਰਕੇ ਡੀ ਸੀ ਲੱਗ ਚੁੱਕੀ ਸੀ । ਮਾਪਿਆਂ ਨੇ ਇੱਕ ਚੰਗਾ ਘਰ ਅਤੇ ਮੁੰਡਾ ਵੇਖਕੇ ਪੰਮੀ ਦਾ ਵਿਆਹ ਕਰ ਦਿੱਤਾ।ਜੋ ਕਿ ਆਈ ਪੀ ਐੱਸ ਅਫਸਰ ਲੱਗਿਆ ਹੋਇਆ ਸੀ । ਇੱਕ ਦਿਨ ਪੰਮੀ ਦਾ ਪਤੀ ਕਹਿਣ ਲੱਗਿਆ ਅੱਜ ਆਪਾਂ ਮੇਰੇ ਦੋਸਤ ਨੂੰ ਮਿਲਣ ਜਾਣਾ ਹੈ ਜੋ ਮੇਰੇ ਦਫਤਰ ਵਿੱਚ ਹੀ ਨੌਕਰੀ ਕਰਦਾ ਹੈ । ਆਪੋ ਆਪਣੀਆਂ ਗੱਡੀਆਂ ਵਿੱਚ ਬਹਿਕੇ ਨਿੱਕਲੇ ਜਦੋਂ ਗੇਟ ਅੱਗੇ ਜਾਕੇ ਹੂਟਰ ਬਜਾਇਆ ਗੇਟ ਖੋਲ੍ਹਿਆ ਲਾਲੀ ਪੁਲਿਸ ਵਾਲਿਆਂ ਦੀਆਂ ਗੱਡੀਆਂ ਵੇਖਕੇ ਹੈਰਾਨ ਜਿਹੀ ਹੋਈ । ਪੁਲਿਸ ਵਾਲੇ ਨੇ ਪੁੱਛਿਆ,” ਧਰਮਵੀਰ ਦਾ ਘਰ ਇਹੀ ਹੈ ?”
ਹਾਂ ਜੀ ਇਹੀ ਹੈ ?
ਉਹਨਾਂ ਦੇ ਸਾਬ ਆਏਂ ਨੇ ?
ਪੰਮੀ ਨੇ ਕਿਹਾ ਜੀ ਆਇਆਂ ਨੂੰ ਜੀ ?
ਅੰਦਰ ਆਉਣ ਦਾ ਇਸ਼ਾਰਾ ਕਰ ਦਿੱਤਾ ।
ਜਦੋਂ ਪੰਮੀ ਤੇ ਮਨਦੀਪ ਨੂੰ ਦੇਖਿਆ ਹੈਰਾਨ ਜਿਹੀ ਹੋਕੇ ਬੋਲੀ ਤੁਸੀਂ ਕਿੱਥੇ ਸਾਰੀ ਗੱਲਬਾਤ ਦੱਸੀ ਅਤੇ ਇੱਕ ਦੂਜੇ ਨਾਲ ਮਿਲੇ । ਮਨਦੀਪ ਨੇ ਦੱਸਿਆ ਕਿ ਮੇਰਾ ਤੇ ਪੰਮੀ ਦਾ ਵਿਆਹ ਹੋ ਚੁੱਕਾ ਹੈ । ਧਰਮਵੀਰ ਮੇਰੇ ਦਫਤਰ ਵਿੱਚ ਹੀ ਨੌਕਰੀ ਕਰਦਾ ਹੈ । ਪੰਮੀ ਵੀ ਅਫ਼ਸਰ ਬਣ ਚੁੱਕੀ ਹੈ ,ਜਿਸ ਦੀ ਵਜ੍ਹਾ ਨਾਲ ਮੈਂ ਅੱਜ ਇਸ ਪੁਜੀਸ਼ਨ ਤੇ ਹਾਂ । ਜੇ ਮੈਂ ਉਸ ਦਿਨ ਦੀਆਂ ਕਹੀਆਂ ਹੋਈਆਂ ਪੰਮੀ ਦੀਆਂ ਗੱਲਾਂ ਦਾ ਗੁੱਸਾ ਕਰ ਜਾਂਦਾ । ਹੋ ਸਕਦਾ ਅੱਜ ਮੈਂ ਅਫਸਰ ਨਾਂ ਹੁੰਦਾ । ਲਾਲੀ ਨੇ ਦੁਪਹਿਰ ਦਾ ਖਾਣਾ ਇੱਕ ਟੇਬਲ ਉੱਪਰ ਪਰੋਸ ਦਿੱਤਾ ਸਾਰਿਆਂ ਨੂੰ ਖਾਣਾ ਖਾਣ ਲਈ ਕਿਹਾ । ਸਾਰਿਆਂ ਨੇ ਇਕੱਠਿਆਂ ਬੈਠਕੇ ਖਾਣਾ ਖਾਣ ਤੋਂ ਬਾਅਦ ਵਾਪਸ ਜਾਣ ਦੀ ਇਜਾਜ਼ਤ ਲਈ ਜਦੋਂ ਗੇਟ ਤੋਂ ਬਾਹਰ ਨਿੱਕਲਣ ਲੱਗੇ ਲਾਲੀ , ਪੰਮੀ ਦੇ ਗਲ ਲੱਗ ਕੇ ਰੌਣ ਲੱਗ ਪਈ । ਕਹਿ ਰਹੀ ਸੀ ਮੈਨੂੰ ਮੁਆਫ਼ ਕਰਨਾ ਮੈਂ ਤੁਹਾਨੂੰ ਬਹੁਤ ਮਾੜਾ ਚੰਗਾ ਬੋਲਦੀ ਰਹੀ । ਪਰ ਜੇ ਤੂੰ ਮੈਨੂੰ ਮੋੜਕੇ ਜਵਾਬ ਦਿੱਤਾ ਹੁੰਦਾ ,” ਸ਼ਾਇਦ ਜਿਹੜੀ ਮੈਂ ਗਲਤੀ ਕਰ ਚੁੱਕੀ ਹਾਂ , ਇਹ ਗਲਤੀ ਕਦੇ ਨਾ ਹੁੰਦੀ ?” ਪੰਮੀ ਨੇ ਚੁੱਪ ਕਰਾਉਂਦੀ ਹੋਈ ਨੂੰ ਕਿਹਾ ਲਾਲੀ ਇਹ ਤੇਰੀ ਗਲਤੀ ਨਹੀਂ ਇਹ ਤੇਰੇ ਮਾਪਿਆਂ ਦੀ ਗਲਤੀ ਹੈ । ਜਿਹੜੇ ਤੁਹਾਨੂੰ ਖੁਲਾ ਖ਼ਰਚਾ ਦਿੰਦੇ ਰਹੇ ਕਦੇ ਕਾਲਜ਼ ਆ ਕੇ ਪੁੱਛਿਆ ਨਹੀਂ ਕਿ ਸਾਡੇ ਬੱਚੇ ਕੀ ਕਰ ਰਹੇ ਨੇ , ਅਕਸਰ ਇਹੋ ਜਿਹੀ ਗਲਤੀਆਂ ਉਹੀ ਬੱਚੇ ਕਰਦੇ ਨੇ ਜਿਹੜੇ ਆਪਣੇ ਭੋਲੇ ਭਾਲੇ ਮਾਪਿਆਂ ਨੂੰ ਮੂਰਖ਼ ਬਣਾਕੇ ਝੂਠ ਬੋਲ ਕੇ ਘਰੋਂ ਨਜਾਇਜ ਖਰਚਾ ਲੈਂਦੇ ਨੇ । ਲਾਲੀ ਆਪਣੀ ਕੀਤੀ ਤੇ ਹੁਣ ਪਛਤਾ ਰਹੀ ਸੀ। ਪੰਮੀ ਮੂਹਰੇ ਆਪਣੇ ਆਪ ਇੱਕ ਗਰੀਬ ਜਿਹੀ ਕੁੜੀ ਮਹਿਸੂਸ ਕਰ ਰਹੀ ਸੀ। ਕਿਉਂਕਿ ਅੱਜ ਪੰਮੀ ਅਮੀਰ ਬਣ ਚੁੱਕੀ ਸੀ। ਪਰ ਉਸਦੀ ਕੱਟੀ ਹੋਈ ਗ਼ਰੀਬੀ ਉਸ ਨੂੰ ਅੱਜ ਵੀ ਯਾਦ ਸੀ ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
+9182880,47637

Leave a Reply

Your email address will not be published. Required fields are marked *