ਭੈਣਾਂ ਦਾ ਨਕਾਬ | bhena da nkaab

ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਮਿਲੇ ਕੁਝ ਸੱਚੇ, ਕੁਝ ਝੂਠੇ ਤੇ ਕੁਝ ਆਪਣੇ ….ਨਕਾਬਪੋਸ਼।

ਜਿੰਨ੍ਹਾਂ ਨੇ ਮੈਨੂੰ ਇਹ ਜ਼ਿੰਦਗੀ ਦਿੱਤੀ।

ਮਾਂ ਪਿਓ ਦੇ ਗੁਜ਼ਰ ਜਾਣ ਤੋਂ ਬਾਅਦ ,ਮੇਰੀ ਜ਼ਿੰਦਗੀ ਦੀ ਵਾਗਡੋਰ ਮੇਰੀਆਂ ਦੋ ਵੱਡੀਆਂ, ਵਿਆਹੀਆਂ ਹੋਈਆਂ ਭੈਣਾਂ ਦੇ ਹੱਥ ਵਿੱਚ ਆ ਗਈ।
ਮੈਂ ਕਿਤੇ ਵੀ ਜਾਣਾ ਹੁੰਦਾ, ਉਹਨਾਂ ਨੂੰ ਫੋਨ ਕਰਕੇ ਪੁੱਛਦੀ, ਫਿਰ ਉਹ ਦੋਵੇਂ ਆਪਸ ਵਿੱਚ ਰਾਇ ਕਰਕੇ ਦੱਸਦੀਆਂ
ਕਿ ਜਾਹ ਜਾਂ ਨਾ ਜਾਹ।
ਕਦੇ ਕਦੇ ਕੋਈ ਖਾਸ ਗੱਲ ਵੀ ਨਾ ਹੋਈ ਹੁੰਦੀ, ਫਿਰ ਵੀ ਉਹ ਮੇਰੇ ਨਾਲ ਲੜਦੀਆਂ ਤੂੰ ਆਏਂ ਕਿਉਂ ਕੀਤਾ , ਆਏਂ ਕਿਉਂ ਨਹੀਂ ਕੀਤਾ।
ਮੈਂ ਇਕ ਛੋਟੇ ਜਿਹੇ ਸਕੂਲ ਵਿੱਚ ਨੌਕਰੀ ਕਰਦੀ ਤੇ ਘਰ ਦਾ ਗੁਜ਼ਾਰਾ ਚਲਾਉਂਦੀ, ਪਰ ਮੇਰੇ ਤੇ ਹੁਕਮ ਉਹ ਚਲਾਉਂਦੀਆਂ।
ਮੈਨੂੰ ਬੁਰਾ ਤਾਂ ਬਹੁਤ ਲੱਗਦਾ ,ਪਰ ਸੋਚਦੀ …
ਹੋਰ ਮੇਰਾ ਹੈ ਹੀ ਕੌਣ?
ਇਹ ਨਾ ਕਹਿਣਗੀਆਂ ਤਾਂ ਕੌਣ ਆਖੂ?
ਬੱਸ ਮਨ ਸਮਝਾ ਲੈਂਦੀ ਸੋਚਦੀ..
ਅੱਗੇ ਪਤਾ ਨਹੀਂ ਕਿੰਨਾ ਕੁਝ ਵਧੀਆ ਸੋਚਿਆ ਹੋਊ ,
ਰੱਬ ਨੇ ਮੇਰਾ।
ਇਹ ਸੋਚ ਮੇਰੇ ਵਿੱਚ ਇੱਕ ਨਵੀਂ ਰੂਹ ਭਰ ਦਿੰਦੀ।
ਮੈਂ ਸੁਪਨੇ ਸਜਾਉਣ ਲੱਗਦੀ….
ਮੇਰਾ ਛੋਟਾ ਜਿਹਾ ਸੁਖੀ ਪਰਿਵਾਰ ,ਜੀਹਦੇ ਵਿੱਚ ਮਾਂ ਵਰਗੀ ਸੱਸ, ਪਿਓ ਵਾਂਗ ਪਿਆਰ ਕਰਨ ਵਾਲਾ ਸਹੁਰਾ ਤੇ ਨੇਕ ਇਨਸਾਨ ਮੇਰਾ ਘਰਵਾਲਾ।
ਪਰ
ਇਹ ਸੁਪਨਾ ਮੇਰੇ ਹੱਥੋਂ ਬਹੁਤ ਛੇਤੀ ਕਿਰ ਗਿਆ ।
ਮੇਰੀ ਇੱਕ ਗਲਤੀ,ਮੇਰਾ ਅੰਨਾ ਯਕੀਨ ।
ਜਦੋਂ ਭੈਣਾਂ ਨੇ ਰਿਸ਼ਤੇ ਦੀ ਗੱਲ ਚਲਾਈ ਤਾਂ ਘਰਾਂ ਚੋਂ ਲੱਗਦੀ ਭਾਬੀ ਨੇ ਕਿਹਾ ਸੀ,
ਮੈਂ ਤੇਰੇ ਵੀਰੇ ਨੂੰ ਭੇਜਾਂ ਮੁੰਡੇ ਬਾਰੇ ਪਤਾ ਕਰਨ?
ਤੇ ਮੈਂ ਅੱਗੋਂ ਹੱਸ ਕੇ ਆਖਿਆ ਲ਼ੈ ਭਾਬੀ ਤੂੰ ਵੀ ਕਮਲੀਆਂ ਗੱਲਾਂ ਕਰਦੀ ਆਂ, ਮੇਰੇ ਭਣੋਈਆਂ ਨੇ ਕਿਤੇ ਪਤਾ ਨਾ ਕੀਤਾ ਹੋਊ। ਤੇ ਬੱਸ ਉਹ ਭੈਣਾਂ ਦੇ ਪਿਆਰ ਦਾ ਨਕਾਬ ਉਦੋਂ ਹੀ ਉੱਤਰ ਗਿਆ।

ਮੇਰੀਆਂ ਭੈਣਾਂ ਨੇ ਮੇਰੇ ਲਈ ਲਾੜਾ ਲੱਭਿਆ,ਉਹ ਵੀ ਨਸ਼ੇੜੀ।
ਭਣੋਈਏ ਤਾਂ ਸੀ ਬਿਗਾਨੇ, ਜ਼ਮੀਨ ਦੇ ਲਾਲਚ ਵਿੱਚ ਮੈਨੂੰ ਜਿਉਂਦੀ ਨੂੰ ਖੂਹ ਵਿੱਚ ਸੁੱਟ ਦਿੱਤਾ।

ਨਸ਼ੇ ਨਾਲ ਧੁੱਤ ਉਹ ਅੰਦਰ ਡਿੱਗਿਆ ਪਿਆ, ਅਜੇ ਵੀ ਮੇਰੇ ਤੇ ਰੋਹਬ ਝਾੜਦਾ।
ਕਿ ਤੂੰ ਇੱਥੇ ਨੀ ਜਾਣਾ , ਤੂੰ ਆਏਂ ਨੀ ਕਰਨਾ।
ਤੇ ਮੈਂ ਉਸ ਨਕਾਬ ਪਿਛਲੇ ਚਿਹਰਿਆਂ ਨੂੰ ਅੰਦਰੋਂ ਅੰਦਰੀ ਰੋ ਲੈਂਦੀ ਆਂ।

Leave a Reply

Your email address will not be published. Required fields are marked *