ਸਰਦੀ ਦੇ ਮਹੀਨੇ ਗਲੀ ਵਿੱਚ ਧੁੱਪੇ ਮੰਜੀ ਤੇ ਬੈਠੀ ਮੇਰੀ ਮਾਂ ਅਕਸਰ ਹੀ ਗਾਜਰਾਂ ਸ਼ਲਗਮ ਤੇ ਗੋਭੀ ਵਾਹਵਾ ਮਾਤਰਾ ਵਿੱਚ ਖਰੀਦ ਲੈਂਦੀ।
ਮਾਤਾ ਇੰਨੀ ਸਬਜ਼ੀ ਕਿਉਂ? ਨੂੰਹਾਂ ਪੁੱਛਦੀਆਂ।
ਪੁੱਤ ਗੋਭੀ ਗਾਜਰਾਂ ਦਾ ਮਿੱਠਾ ਚਾਰ ਪਾਵਾਂਗੇ।ਮੇਰੀ ਰੀਝ ਹੈ। ਉਹ ਅਚਾਰ ਨੂੰ ਚਾਰ ਆਖਦੀ।
ਪਰ ਮਾਤਾ ਤੈਨੂੰ ਤਾਂ ਸ਼ੂਗਰ ਹੈ ਤੇ ਮਿੱਠਾ ਅਚਾਰ ਨੂੰ ਖਾਣਾ ਨਹੀਂ।
ਨਹੀਂ ਖਾਣਾ ਤੇ ਨਾ ਸਹੀ। ਥੋੜਾ ਪਰਮ ਨੂੰ ਭੇਜ ਦੇਵਾਂਗੇ। ਥੋੜਾ ਵੰਡ ਦੇਵਾਂਗੇ ਤੇ ਬਾਕੀ ਜੁਆਕ ਖਾ ਲੈਣਗੇ। ਉਹ ਤਰਕ ਦਿੰਦੀ। ਤੇ ਆਪ ਹੀ ਲਸਣ ਛਿੱਲਣ ਲੱਗ ਪੈਂਦੀ। ਕੋਲੋ ਖੜ੍ਹਕੇ ਨੂੰਹਾਂ ਕੋਲੋ ਆਚਾਰ ਬਨਵਾਉਂਦੀ। ਆਪ ਤੋਂ ਉਪਰਲਾ ਕੰਮ ਘੱਟ ਹੀ ਹੁੰਦਾ ਸੀ। ਪਰ ਰੀਝ ਨਾਲ ਆਚਾਰ ਬਣਵਾਉਂਦੀ ਤੇ ਫਿਰ ਵੰਡਦੀ।
ਹੁਣ ਉਸਦੀ ਨੂੰਹ ਵੀ ਸੱਸ ਦੀ ਰੀਸ ਕਰਦੀ ਹੈ। ਭਾਵੇਂ ਸ਼ੂਗਰ ਦੀ ਮਰੀਜ਼ ਹੈ। ਪਰ ਮਿੱਠਾ ਆਚਾਰ ਪਾਉਣ ਦੀ ਗੁੜਤੀ ਸੱਸ ਕੋਲੋ ਮਿਲੀ ਹੈ। ਓਹੀ ਗਾਜਰਾਂ ਸ਼ਲਗਮ ਗੋਭੀ ਖਰੀਦ ਕੇ ਮੇਹਨਤ ਸ਼ੁਰੂ ਕਰ ਦਿੱਤੀ। ਰੱਬ ਨੇ ਚਾਹੇ ਧੀ ਨਹੀਂ ਦਿੱਤੀ ਪਰ ਨਨਾਣ ਤੇ ਨੂੰਹ ਨੂੰ ਤਾਂ ਵੰਡਣਾ ਹੀ ਹੋਇਆ।ਹੁਣ ਬਿਨਾਂ ਸਬਜ਼ੀ ਤੋਂ ਵੀ ਰੋਟੀ ਵਧੀਆ ਲੰਘੂ। ਜਿੰਨਾ ਮਰਜੀ ਪਾ ਲਵੋ ਚਾਰ ਪੰਜ ਦਿਨਾਂ ਬਾਅਦ ਬਰਤਨ ਖਾਲੀ ਹੋ ਜਾਂਦੇ ਹਨ।
ਮਾਂ ਇਸ ਮਾਮਲੇ ਵਿਚ ਤਾਂ ਤੇਰੀ ਨੂੰਹ ਜਵਾਂ ਤੇਰੇ ਤੇ ਹੀ ਗਈ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ