ਝੂਠਾ ਮੁੱਕਦਮਾ | jhootha mukadma

ਸ੍ਰੀ ਐਸ ਡੀ ਕਪੂਰ ਹਰਿਆਣਾ ਬਿਜਲੀਂ ਬੋਰਡ ਕਰਮਚਾਰੀਆਂ ਦੀ ਯੂਨੀਅਨ ਦੇ ਸੂਬਾ ਪੱਧਰੀ ਬੇਬਾਕ ਨੇਤਾ ਸਨ। ਇਹ੍ਹਨਾਂ ਦੀ ਯੂਨੀਅਨ ਸਭ ਤੋਂ ਵੱਡੀ ਸੀ ਅਤੇ ਸਰਕਾਰ ਨਾਲ ਮੁਲਾਜ਼ਮਾਂ ਦੇ ਹਿੱਤਾਂ ਲਈ ਟੱਕਰ ਲੈਂਦੀ। ਕਪੂਰ ਸਾਹਿਬ ਨੂੰ ਟਾਈਗਰ ਕਪੂਰ ਆਖਿਆ ਜਾਂਦਾ ਸੀ। ਹਰਿਆਣੇ ਵਿੱਚ ਟਾਈਗਰ ਕਪੂਰ ਦਾ ਨਾਮ ਗੂੰਜਦਾ ਸੀ। ਜੋ ਡੱਬਵਾਲੀ ਲਈ ਪੂਰੇ ਮਾਣ ਦੀ ਗੱਲ ਸੀ। ਕੁਝ ਕ਼ੁ ਹੋਰ ਵੀ ਛੋਟੇ ਛੋਟੇ ਗਰੁੱਪ ਸਨ ਜੋ ਸਰਕਾਰ ਦੇ ਪਿੱਠਲਗੂ ਸਨ। ਇਸ ਲਈ ਐਸ ਡੀ ਕਪੂਰ ਦੀ ਦੂਜੀਆਂ ਛੋਟੀਆਂ ਯੂਨੀਆਨਾਂ ਨਾਲ ਖੜਕਦੀ ਰਹਿੰਦੀ ਸੀ। ਕਿਸੇ ਓਮ ਪ੍ਰਕਾਸ਼ ਬਿਸ਼ਨੋਈ ਦੀ ਯੂਨੀਅਨ ਨੇ ਆਪਣੇ ਕੁੱਝ ਪੋਸਟਰ ਸ੍ਰੀ ਗੁਰਦੇਵ ਸਿੰਘ ਸ਼ਾਂਤ ਦੀ ਸ਼ਾਂਤ ਪ੍ਰੈਸ ਤੋਂ ਛਪਵਾਏ। ਓਹਨਾ ਦਾ ਕੋਈ ਬਿਆਨ ਵੀ ਸ਼ਾਂਤ ਸਾਹਿਬ ਦੇ ਹਫਤਾਵਾਰੀ ਅਖਬਾਰ ਦ ਟਾਈਮਜ਼ ਆਫ ਡੱਬਵਾਲੀ ਵਿੱਚ ਛਪਿਆ। ਇਸ ਤੇ ਕਪੂਰ ਸਾਹਿਬ ਭੜਕ ਗਏ। ਉਹਨਾਂ ਨੇ ਇੱਕ ਮਾਣ ਹਾਨੀ ਦਾ ਮੁਕੱਦਮਾ ਉਸ ਯੂਨੀਅਨ , ਸ਼ਾਂਤ ਸਾਹਿਬ,ਪ੍ਰੈਸਮੈਨ ਪੱਤਰਕਾਰ ਵਾਸੂ ਦੇਵ ਸ਼ਰਮਾ ਅਤੇ ਮੇਰੇ ਤੇ ਕਰ ਦਿੱਤਾ। ਮੈਂ ਸ਼ਾਂਤ ਸਾਹਿਬ ਦੇ ਉਸ ਅਖਬਾਰ ਦਾ ਆਨਰੇਰੀ ਸੰਪਾਦਕ ਸੀ। ਪੱਤਰਕਾਰ ਸ਼ਰਮਾ ਅਤੇ ਮੇਰੇ ਤੇ ਇਲਜ਼ਾਮ ਸੀ ਕਿ ਅਸੀਂ ਉਹ ਪੋਸਟਰ ਕੰਧਾਂ ਤੇ ਚਿਪਕਾਏ ਹਨ। ਜੋ ਕਿ ਇੱਕ ਸਫੈਦ ਝੂਠ ਸੀ। ਕਪੂਰ ਸਾਹਿਬ ਦੇ ਗਵਾਹਾਂ ਨੇ ਆਪਣੇ ਬਿਆਨਾਂ ਵਿਚ ਮੈਨੂੰ ਪੌੜ੍ਹੀ ਚੁੱਕੀ, ਅਤੇ ਪੋਸਟਰ ਲਾਉਂਦੇ ਅਤੇ ਵਾਸੂ ਦੇਵ ਨੂੰ ਪੋਸਟਰਾਂ ਤੇ ਲੇਵੀ ਲਾਉਂਦੇ ਵੇਖਿਆ ਹੈ। ਕਪੂਰ ਸਾਹਿਬ ਨੇ ਇਹ ਕੇਸ ਮਹਿੰਦਰ ਸਿੰਘ ਨਾਮ ਦੇ ਵਕੀਲ ਰਾਹੀਂ ਕੀਤਾ ਸੀ। ਸਾਡੇ ਵੱਲੋਂ ਬਾਬੂ ਦੇਸ ਰਾਜ ਗੋਇਲ ਵਕੀਲ ਕੇਸ ਦੀ ਪੈਰਵੀ ਕਰਦੇ ਸਨ। ਇਸ ਕੇਸ ਕਰਕੇ ਸਾਡੀ ਕੋਈ ਤਿੰਨ ਸਾਲ ਅਦਾਲਤਾਂ ਵਿੱਚ ਖੂਬ ਖੱਜਲ ਖੁਆਰੀ ਹੋਈ। ਯੂਨੀਆਨਾਂ ਦੇ ਆਪਸੀ ਝਗੜੇ ਜਾਇਜ਼ ਹੋ ਸਕਦੇ ਸਨ। ਪਰ ਮਸ਼ੀਨਮੈਨ, ਪੱਤਰਕਾਰ ਵਾਸੂ ਦੇਵ, ਸ਼ਾਂਤ ਸਾਹਿਬ ਅਤੇ ਮੈ ਇਸ ਕੇਸ ਵਿਚ ਝੂਠੇ ਹੀ ਟੰਗੇ ਗਏ। ਆਖਿਰ ਸੱਚ ਦੀ ਜਿੱਤ ਹੋਈ। ਨਿਤ ਨਿਤ ਕਚਿਹਰੀ ਦੀਆਂ ਤਰੀਕਾਂ ਭੁਗਤਣ ਤੋਂ ਸਾਡਾ ਖਹਿੜਾ ਛੁੱਟਿਆ। ਉਸ ਤੋਂ ਬਾਦ ਮੇਰੀ ਨਜ਼ਰ ਵਿਚ ਕਪੂਰ ਸਾਹਿਬ ਦੀ ਉਹ ਇੱਜਤ ਨਾ ਰਹੀ। ਮੈਨੂੰ ਲੱਗਿਆ ਕਿ ਲੋਕ ਨੇਤਾਗਿਰੀ ਲਈ ਕਿਸ ਹੱਦ ਤੱਕ ਜ਼ਾ ਸਕਦੇ ਹਨ। ਉਹਨਾਂ ਦੀਆਂ ਆਪਸੀ ਸੋ ਕਿੜਾਂ ਹੋ ਸਕਦੀਆਂ ਹਨ ਪਰ ਇਹ੍ਹਨਾਂ ਝਮੇਲਿਆਂ ਵਿੱਚ ਆਮ ਲੋਕਾਂ ਤੇ ਬੇਂ ਕਸੂਰਾਂ ਨੂੰ ਘੜੀਸ਼ਨਾਂ ਤਰਕ ਸੰਗਤ ਨਹੀਂ ਹੁੰਦਾ ਹੈ। ਇਸ ਨਾਲ ਸਮਾਜ ਵਿਚ ਇਹ੍ਹਨਾਂ ਵੱਡੇ ਲੀਡਰਾਂ ਦੇ ਵਕਾਰ ਨੂੰ ਚੋਟ ਪਹੁੰਚਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *