ਜੰਞ | janjh

ਮੈ ਓਦੋ ਚੋਥੀ ਜਮਾਤ ਵਿਚ ਪੜ੍ਹਦਾ ਸੀ। ਸਾਡੇ ਪਿੰਡ ਵਿਚ ਇਕ ਆਦਮੀ ਰਹਿੰਦਾ ਸੀ ਜਿਸ ਦਾ ਨਾਮ ਹਾਕਮ ਸਿੰਘ ਸੀ। ਪਰ ਉਸ ਦਾ ਕੱਦ ਲੰਬਾ ਹੋਣ ਕਰਕੇ ਉਸਨੂੰ ਚੁਬਾਰਾ ਕਹਿੰਦੇ ਸਨ। ਓਹ ਮੇਰੇ ਦਾਦੇ ਦਾ ਪਾਗੀ ਸੀ ਮਤਲਬ ਬੇਲੀ ਸੀ ਆੜੀ ਸੀ ਦੋਸਤ ਸੀ ਹਾਣੀ ਸੀ ਤੇ ਅਸੀਂ ਸਾਰੇ ਉਸਨੂੰ ਬਾਬਾ ਚੁਬਾਰਾ ਹੀ ਆਖਦੇ ਸੀ। ਉਸਨੂੰ ਵੀ ਪਤਾ ਸੀ ਓਹ ਖੁਦ ਦੀ ਗੱਲ ਕਰਦਾ ਵੀ ਆਪਣੇ ਆਪ ਨੂੰ ਚੁਬਾਰਾ ਆਖਦਾ ਸੀ। ਉਸਦੇ ਭਰਾ ਦਾ ਨਾਮ ਜੰਗ ਸਿੰਘ ਸੀ ਤੇ ਲੋਕ ਉਸਨੂੰ ਜੰਗ ਫੋਜੀ ਆਖਦੇ ਸਨ। ਓਹਨਾ ਦੇ ਬਾਪ ਦਾ ਨਾਮ ਸ੍ਰੀ ਬਦਨ ਸਿੰਘ ਸੀ। ਬਾਬਾ ਚੁਬਾਰਾ ਜਦੋ ਵੀ ਮੈਨੂੰ ਵੇਖਦਾ ਤਾਂ ਕਹਿੰਦਾ ‘ਸੁਣਾ ਪੋਤਰਿਆ ਕੀ ਹਾਲ ਹੈ।” ਤੇ ਮੈਨੂੰ ਓਹ ਪੂਰਾ ਮੋਹ ਕਰਦਾ ਸੀ ਸ਼ਾਇਦ ਉਸ ਸਮੇ ਤੱਕ ਉਸਦੇ ਕੋਈ ਪੋਤਰਾ ਨਹੀ ਸੀ। ਉਹ ਮੈਨੂੰ ਬਹੁਤ ਚਾਅ ਨਾਲ ਪੋਤਰਾ ਆਖਦਾ ਸੀ। ਜਦੋ ਉਸਨੇ ਆਪਣੇ ਮੁੰਡੇ ਦਾ ਵਿਆਹ ਰੱਖਿਆ ਤਾਂ ਉਸੇ ਦਿਨ ਤੋਂ ਹੀ ਉਸਨੇ ਮੈਨੂ ਜੰਞ ਯਾਨੀ ਬਰਾਤ ਨਾਲ ਜਾਣ ਦਾ ਆਖ ਦਿੱਤਾ। ਉਸਨੇ ਮੇਰੇ ਦਾਦਾ ਜੀ ਨੂੰ ਵੀ ਆਖਿਆ ਤੇ ਮੇਰੇ ਪਾਪਾ ਜੀ ਨੂੰ ਵੀ ਸਪੇਸ਼ਲ ਆਖਿਆ ਕਿ ਮੁੰਡੇ ਨੂੰ ਬਾਰਾਤ ਜਰੂਰ ਭੇਜਣਾ। ਵੈਸੇ ਮੇਰੇ ਦਾਦਾ ਜੀ ਨੇ ਹੀ ਜਾਣਾ ਸੀ ਪਰ ਉਸਦੇ ਮੋਹ ਕਰਕੇ ਘਰਦਿਆ ਨੇ ਮੈਨੂ ਵੀ ਬਾਰਾਤ ਲਈ ਤਿਆਰ ਕਰ ਦਿੱਤਾ। ਮੈਨੂੰ ਮੰਡੀਓ ਨਵੀ ਪੈੰਟ ਸ਼ਰਟ ਬਣਾਕੇ ਦਿੱਤੀ। ਬਾਰਾਤ ਰਾਜਸਥਾਨ ਦੇ ਪਿੰਡ ਸਾਬੂਆਣੇ ਜਾਣੀ ਸੀ। ਮਿਥੇ ਦਿਨ ਮੈ ਬੱਸ ਚ ਬੈਠਕੇ ਮੇਰੇ ਦਾਦਾ ਜੀ ਨਾਲ ਬਾਰਾਤ ਚਲਾ ਗਿਆ। ਸੰਗਰੀਆ ਮੰਡੀ ਜਾਕੇ ਸਾਰੇ ਬਾਰਾਤੀ ਸ਼ਰਾਬ ਦੇ ਠੇਕੇ ਤੋ ਆਪਣੇ ਆਪਣੇ ਲਈ ਸ਼ਰਾਬ ਖਰੀਦਣ ਲੱਗੇ । ਮੈ ਵੀ ਰੀਸ ਨਾਲ ਮੇਰੇ ਦਾਦਾ ਜੀ ਨੂੰ ਇੱਕ ਬੋਤਲ ਖਰੀਦਣ ਲਈ ਆਖਿਆ। ਪਰ ਮੇਰੇ ਦਾਦਾ ਜੀ ਚੁੱਪ ਕਰ ਗਏ । ਬਾਬਾ ਚੁਬਾਰਾ ਮੇਰੇ ਦਾਦਾ ਜੀ ਕੋਲ ਆਇਆ ਤੇ ਕਹਿਣ ਲੱਗਿਆ “ਸੇਠਾਂ ਤੂੰ ਦਾਰੂ ਨਾ ਖਰੀਦੀ ਬੋਤਲ । ਤੇਰੇ ਵਾਸਤੇ ਮੈ ਖਰੀਦੀ ਹੈ ਤੂੰ ਪਿੰਡ ਦਾ ਸੇਠ ਹੈ ਤੇ ਤੇਰੀ ਸੇਵਾ ਕਰਨਾ ਸਾਡਾ ਫਰਜ਼ ਹੈ। ਮੈ ਕਦੇ ਵੀ ਪਿੰਡ ਦੇ ਜਿਮੀਦਾਰਾਂ ਦੀ ਬਾਰਾਤ ਨਹੀ ਸੀ ਗਿਆ ਤੇ ਅੱਜ ਤੱਕ ਮੈਨੂੰ ਇਹ ਮੋਕਾ ਨਹੀ ਮਿਲਿਆ ਓਹ ਮੇਰੀ ਜਿੰਦਗੀ ਦੀ ਪਹਿਲੀ ਬਾਰਾਤ ਸੀ । ਰਾਤ ਨੂੰ ਬਾਬੇ ਚੁਬਾਰੇ ਨੇ ਮੇਰੇ ਦਾਦਾ ਜੀ ਨੂੰ ਇੱਕ ਬੋਤਲ ਦੇ ਦਿੱਤੀ ਤੇ ਨਾਲ ਕੁਝ ਨਮਕੀਨ। ਦਾਦਾ ਜੀ ਨੇ ਥੋੜਾ ਜਿਹਾ ਮੂੰਹ ਕਰਾਰਾ ਕਰਕੇ ਬਾਕੀ ਸ਼ਰਾਬ ਵਾਪਿਸ ਕਰ ਦਿੱਤੀ । ਉਥੇ ਮੇਰੇ ਨਾਲ ਦੇ ਮੇਰੇ ਹਾਣੀਆਂ ਨੇ ਖਾਲੀ ਬੋਤਲਾਂ ਵੇਚਕੇ ਖੂਬ ਪੈਸੇ ਕਮਾਏ। ਕੁਝ ਕੁ ਨੇ ਵਾਣ ਵਾਲੇ ਮੰਜਿਆਂ ਨੂੰ ਵੱਢ ਦਿੱਤਾ। ਕਈਆਂ ਨੇ ਪਿੱਤਲ ਦੇ ਗਲਾਸ ਖੂਹੀ ਵਾਲੀ ਲੈਟਰੀਨ ਵਿੱਚ ਸੁੱਟ ਦਿੱਤੇ। ਖਾਣ ਵਾਸਤੇ ਮਿਲੇ ਲੱਡੂਆਂ ਨਾਲ ਜੇਬਾਂ ਭਰ ਲਾਈਆਂ ਤੇ ਵਾਪਸੀ ਤੇ ਮੈਨੂੰ ਵਿਖਾ ਵਿਖਾ ਕੇ ਖਾਣ ਲੱਗੇ। ਕਈਆਂ ਨੇ ਤਾਂ ਪਕੌੜਿਆਂ ਨਾਲ ਹੀ ਜੇਬਾਂ ਭਰੀਆਂ ਸਨ। ਅਸੀਂ ਓਥੇ ਰਾਤ ਰਹੇ, ਬਹੁਤੇ ਬਾਰਾਤੀ ਬਿਨਾਂ ਨਹਾਤੇ ਹੀ ਅਗਲੇ ਦਿਨ ਸਵੇਰੇ ਚਾਹ ਤੇ ਚਲੇ ਗਏ ਜਿੰਨਾ ਵਿਚ ਮੈ ਵੀ ਸ਼ਾਮਿਲ ਸੀ। ਸ਼ਾਇਦ ਕੋਈ ਵੀ ਨਹੀ ਸੀ ਨਹਾਇਆ। ਸਵੇਰੇ ਰਫ਼ਾ ਹਾਜਤ ਲਈ ਵੀ ਅਸੀਂ ਖੇਤਾਂ ਵਿਚ ਗਏ ਤੇ ਛਪੜ ਤੋਂ ਹੁੰਦੇ ਹੋਏ ਵਾਪਿਸ ਉਤਾਰੇ ਵਾਲੇ ਘਰ ਪਹੁੰਚੇ। ਪਰ ਲੜਕੀ ਵਾਲਿਆਂ ਨੇ ਨਾਨ ਵੇੱਜ ਦੇ ਕੇ ਮੈਨੂੰ ਛੱਡ ਸਾਰੀ ਬਾਰਾਤ ਨੂੰ ਖੁਸ਼ ਕਰ ਦਿੱਤਾ। ਉਸ ਦਿਨ ਘਰੇ ਪਹੁੰਚਣ ਤੇ ਮੇਰੀ ਮਾਂ ਨੇ ਸ਼ਾਮੀ ਮੈਨੂੰ ਨੁਹਾਇਆ। ਤੇ ਮੇਰੇ ਕਪੜੇ ਬਦਲੇ। ਓਹ ਬਾਰਾਤ ਮੈਨੂ ਅੱਜ ਵੀ ਯਾਦ ਹੈ। ਅਜਕੱਲ੍ਹ ਦੇ ਵਿਆਹਾਂ ਵਿਚ ਓਹ ਗੱਲਾਂ ਕਿਥੇ?
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *