ਭਾਂਡੇ ਦਾ ਸੁਆਦ | bhande da swaad

“ਮੈਨੂੰ ਤਾਂ ਭਾਈ ਕੌਲੀ ਯ ਬਾਟੀ ਦੇ ਦੇ ਚਾਹ ਪੀਣ ਨੂੰ।” ਮੇਰੀ ਮਾਂ ਅਕਸਰ ਚਾਹ ਪੀਣ ਵੇਲੇ ਕਹਿ ਦਿੰਦੀ। ਉਹ ਰਿਸ਼ਤੇਦਾਰੀ ਵਿੱਚ ਗਈ ਵੀ ਕੌਲੀ ਬਾਟੀ ਮੰਗਣੋ ਨਾ ਸੰਗਦੀ। ਉਹ ਕੱਪ ਵਿੱਚ ਵੀ ਚਾਹ ਪੀ ਲੈਂਦੀ ਸੀ ਪਰ ਕੌਲੀ ਬਾਟੀ ਵਿੱਚ ਚਾਹ ਪੀਕੇ ਜਿਆਦਾ ਖੁਸ਼ ਹੁੰਦੀ ਸੀ। ਬਹੁਤ ਲੋਕ ਆਪਣਾ ਖਾਣ ਪੀਣ ਵਿਸ਼ੇਸ਼ ਬਰਤਨ ਵਿੱਚ ਖਾਕੇ ਰਾਜ਼ੀ ਹੁੰਦੇ ਹਨ। ਮੈਂ ਦੁੱਧ ਭਾਵੇਂ ਮਿਲਕ ਮੱਗ ਵਿੱਚ ਵੀ ਪੀ ਲੈਂਦਾ ਹਾਂ ਪਰ ਮੇਰੀ ਕੋਸ਼ਿਸ਼ ਸਟੀਲ ਦੇ ਵਿਸ਼ੇਸ਼ ਗਿਲਾਸ ਵਿੱਚ ਹੀ ਦੁੱਧ ਪੀਣ ਦੀ ਹੁੰਦੀ ਹੈ। ਗਿਲਾਸ ਵਿੱਚ ਦੁੱਧ ਪੀਣਾ ਮੈਨੂੰ ਸੁਆਦ ਲੱਗਦਾ ਹੈ। ਇਸੇ ਤਰਾਂ ਦਲੀਆ ਖਿੱਚੜੀ ਵੀ ਮੈਂ ਕਾਂਸੀ ਦੇ ਛੰਨੇ ਵਿੱਚ ਬਹੁਤ ਰੀਝ ਨਾਲ ਖਾਂਦਾ ਹਾਂ। ਕਈ ਵਾਰੀ ਤਾਂ ਮੈਂ ਬਾਟੀ ਚ ਪਾਈ ਖਿੱਚੜੀ ਦਲੀਆ ਨੂੰ ਛੰਨੇ ਵਿੱਚ ਪਲਟ ਲੈਂਦਾ ਹਾਂ। ਇਸ ਮਨਪਸੰਦ ਭਾਂਡੇ ਨਾਲ ਖਾਣ ਦਾ ਸੁਵਾਦ ਦੁਗਣਾ ਹੋ ਜਾਂਦਾ ਹੈ। ਬਚਪਣ ਵਿੱਚ ਮੈਂ ਵੇਖਦਾ ਹੁੰਦਾ ਸੀ ਕਿ ਮੇਰੇ ਵੱਡੇ ਮਾਮਾ ਸ਼ਾਦੀ ਰਾਮ ਜੀ ਨੂੰ ਕਾਂਸੀ ਦੀ ਥਾਲੀ ਵਿੱਚ ਹੀ ਰੋਟੀ ਪਰੋਸੀ ਜਾਂਦੀ। ਜਦੋਂ ਕਿ ਬਾਕੀ ਪਰਿਵਾਰ ਪਿੱਤਲ਼ ਦੀ ਥਾਲੀ ਵਿੱਚ ਹੀ ਖਾਂਦਾ ਸੀ। ਸ਼ਾਇਦ ਉਹ ਘਰ ਦੇ ਮੁਖੀ ਦਾ ਅਦਬ ਸੀ ਯ ਮਾਮਾ ਜੀ ਦੀ ਰੀਝ। ਕੁੱਲੜ ਵਾਲੀ ਚਾਹ ਬਹੁਤਿਆਂ ਨੂੰ ਪਸੰਦ ਹੈ ਤੇ ਕੇਸਰ ਤੇ ਮਲਾਈ ਵਾਲੇ ਦੁੱਧ ਦਾ ਸਵਾਦ ਕੁੱਲੜ ਨਾਲ ਦੁਗਣਾ ਹੋ ਜਾਂਦਾ ਹੈ। ਕੁੱਲੜ ਵਿਚੋਂ ਮਿੱਟੀ ਦੀ ਸੁਗੰਧ ਜੋ ਆਉਂਦੀ ਹੈ।
ਮੇਰਾ ਮੰਨਣਾ ਹੈ ਕਿ ਖਾਣ ਪੀਣ ਵਾਲੀ ਚੀਜ਼ ਦਾ ਸਵਾਦ ਉਸਦੇ ਬਣਾਉਣ ਯ ਵਰਤਾਉਣ ਵਾਲੇ ਭਾਂਡੇ ਤੇ ਵਧੇਰੇ ਨਿਰਭਰ ਕਰਦਾ ਹੈ। ਦੁੱਧ ਨੂੰ ਜੇਕਰ ਲੋਹੇ ਦੀ ਕੜਾਹੀ ਵਿੱਚ ਉਬਾਲਿਆ ਜਾਵੇ ਤਾਂ ਉਸਦਾ ਸੁਵਾਦ ਹੀ ਬਦਲ ਜਾਂਦਾ ਹੈ। ਇੱਕੀਵੀਂ ਸਦੀ ਵਿੱਚ ਆਕੇ ਹੁਣ ਸਾਨੂੰ ਮਿੱਟੀ ਦੀ ਹਾਂਡੀ ਦੀ ਵੁਕਤ ਪਤਾ ਲੱਗੀ ਹੈ। ਮਿੱਟੀ ਦੇ ਕੁੱਜੇ ਚ ਬਣੀ ਦਾਲ ਸਾਗ ਤੇ ਸਬਜ਼ੀ ਨੂੰ ਅੱਜ ਵਿਸ਼ੇਸ਼ ਖਾਣਿਆਂ ਵਿੱਚ ਗਿਣਿਆ ਜਾਂਦਾ ਹੈ। ਕਾੜ੍ਹਨੀ ਦਾ ਦੁੱਧ ਜੋ ਕਦੇ ਆਮ ਹੀ ਹੁੰਦਾ ਸੀ ਅੱਜ ਉਸ ਦਾ ਟਰੈਂਡ ਸਭ ਤੋਂ ਉੱਤਮ ਹੈ। ਲੋਕ ਲਾਈਨਾਂ ਵਿੱਚ ਲੱਗਕੇ ਪੀਂਦੇ ਹਨ। ਵਿਰਾਸਤੀ ਮੇਲਿਆਂ ਵਿੱਚ ਕਾੜ੍ਹਨੀ ਵਾਲਾ ਦੁੱਧ ਤੇ ਚਾਟੀ ਦੀ ਲੱਸੀ ਵਿਸ਼ੇਸ਼ ਖਿੱਚ ਦਾ ਕਾਰਨ ਹੁੰਦੇ ਹਨ। ਕੂੰਡੇ ਘੋਟੇ ਜਿਸਨੂੰ ਕਈ ਦੌੜੀ ਸੋਟਾ ਵੀ ਕਹਿੰਦੇ ਹਨ ਵਿੱਚ ਕੁੱਟੀ ਚੱਟਣੀ ਯ ਕੁੱਟਿਆ ਮਸਾਲਾ ਮਿਕਸ਼ੀ ਚ ਪੀਸੇ ਮਸਾਲੇ ਨਾਲੋਂ ਹਜ਼ਾਰ ਗੁਣਾ ਵਧੀਆ ਹੁੰਦਾ ਹੈ। ਕੂੰਡਾ ਘੋਟਾ ਹੁਣ ਮਾਰਬਲ ਲੱਗੀਆਂ ਰਸੋਈਆਂ ਦੀ ਸ਼ਾਨ ਹੁੰਦਾ ਹੈ।
ਮਿੱਟੀ ਦੀ ਮਹਿਕ ਖਾਣ ਪੀਣ ਦੀ ਵਸਤੂ ਦਾ ਸਵਾਦ ਬਦਲ ਦਿੰਦੀ ਹੈ। ਉੱਨੀਵੀਂ ਸਦੀ ਦੀ ਕਾਢ ਪ੍ਰੈਸ਼ਰ ਕੂਕਰ ਵੱਲੋਂ ਵੀ ਲੋਕਾਂ ਦਾ ਨੱਕ ਮੁੜ ਗਿਆ ਹੈ ਤੇ ਲੋਕ ਮੁੜ ਤੋਂ ਕੁੱਜੇ ਹਾਂਡੀ ਤੋੜੀ ਵੱਲ ਆ ਰਹੇ ਹਨ। ਹੁਣ “ਜੋ ਬੀਵੀ ਸ਼ੇ ਕਰੇ ਪਿਆਰ, ਵੋਹ ਪ੍ਰੈਸਟੀਜ਼ ਸੇ ਕਰੇਂ ਕੈਸੇ ਇਨਕਾਰ” ਵੀ ਬੀਤੇ ਜਮਾਨੇ ਦੀ ਗੱਲ ਹੋ ਜਾਵੇਗਾ।
ਮੁੱਕਦੀ ਗੱਲ ਇਹ ਹੈ ਕਿ ਮਸਲਾ ਇਹ ਨਹੀਂ ਕਿ ਤੁਸੀਂ ਕੀ ਖਾ ਰਹੇ ਹੋ। ਸਵਾਲ ਇਹ ਹੈ ਕਿ ਤੁਸੀਂ ਕਿਸ ਭਾਂਡੇ ਵਿੱਚ ਖਾ ਰਹੇ ਹੋ ਤੇ ਉਸਨੂੰ ਕਿਸ ਭਾਂਡੇ ਵਿੱਚ ਬਣਾਇਆ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਲੋਕ ਕੋਠੀਆਂ ਵਿੱਚ ਲੱਕੜ ਤੇ ਛਿਟੀਆਂ ਨਾਲ ਚੱਲਣ ਵਾਲੇ ਚੁੱਲ੍ਹੇ ਬਣਾਉਣੇ ਸ਼ੁਰੂ ਕਰ ਦੇਣਗੇ ਤੇ ਫਿਰ ਤੋਂ ਭਾਂਡੇ ਸੁਆਹ ਨਾਲ ਮਾਂਜਿਆ ਕਰਨਗੇ। ਸੌ ਨਿੰਬੂਆਂ ਦੀ ਸ਼ਕਤੀ ਵਾਲਾ ਵਿਮ ਬਾਰ ਵੀ ਸੁਆਹ ਮੂਹਰੇ ਸਿਰ ਝੁਕਾਈ ਖੜ੍ਹਾ ਹੋਵੇਗਾ। ਇਹ ਸਾਡੀ ਅਮੀਰੀ ਵਿੱਚ ਸ਼ੁਮਾਰ ਹੋਵੇਗਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *