ਟੈਲੀਵਿਜ਼ਨ | television

“ਯਾਰ ਰਾਮ ਆਹ ਗੁਰਬਾਣੀ ਰੋਜ਼ ਆਉਂਦੀ ਹੈ ਟੈਲੀਵਿਜ਼ਨ ਤੇ?” ਪਾਪਾ ਜੀ ਜਦੋਂ ਕਿਸੇ ਕੰਮ ਲਈ Ganesh Radios ਦੀ ਦੁਕਾਨ ਤੇ ਗਏ ਤਾਂ ਜਲੰਧਰ ਦੂਰਦਰਸ਼ਨ ਤੇ ਆਉਂਦੇ ਕੀਰਤਨ ਦਾ ਟੈਲੀਵਿਜ਼ਨ ਤੇ ਪ੍ਰਸਾਰਣ ਵੇਖਕੇ ਓਹਨਾ ਨੇ ਰਾਮ ਰੇਡੀਓ ਵਾਲੇ ਨੂੰ ਪੁੱਛਿਆ। ਵੈਸੇ ਉਸਦਾ ਨਾਮ ਰਾਮ ਪ੍ਰਕਾਸ਼ ਗਰੋਵਰ ਸੀ ਤੇ ਸਾਡੀ ਦੂਰ ਦੀ ਰਿਸ਼ਤੇਦਾਰੀ ਵੀ ਪੈਂਦੀ ਸੀ। ਹੁਣ ਭਾਵੇਂ ਉਸ ਕੋਲ੍ਹ ਟੈਲੀਵਿਜ਼ਨ ਫਰਿਜ਼ ਏਸੀ ਦੀਆਂ ਏਜੰਸੀਆਂ ਸਨ ਪਰ ਰੇਡੀਓ ਦਾ ਪੁਰਾਣਾ ਕੰਮ ਹੋਣ ਕਰਕੇ ਸਾਰੇ ਰਾਮ ਰੇਡੀਓ ਵਾਲਾ ਹੀ ਕਹਿੰਦੇ ਸਨ।
“ਸੇਠੀ ਸਾਹਿਬ ਟੈਲੀਵਿਜ਼ਨ ਭੇਜਾਂ ਹੁਣੇ ਹੀ ਘਰੇ?” ਪਾਪਾ ਜੀ ਦਾ ਮੂਡ ਵੇਖਕੇ ਉਸਨੇ ਝੱਟ ਹੀ ਕਿਹਾ। ਉਹ ਸਾਡੇ ਨਾਲ ਨਹੀਂ ਹਰ ਇੱਕ ਨਾਲ ਇੰਜ ਹੀ ਕਰਦਾ ਸੀ। ਝੱਟ ਸਮਾਨ ਭੇਜ ਦਿੰਦਾ ਸੀ ਤੇ ਹੁਣ ਓਹੀ ਆਦਤ ਉਸਦੇ ਪੋਤੇ ਦੀ ਹੈ। ਉਸਨੇ ਪਾਪਾ ਜੀ ਦੀ ‘ਗੁੰਜਾਇਸ਼ ਹੈਣੀ’ ਵਾਲੀ ਗੱਲ ਅਣਸੁਣੀ ਕਰ ਦਿੱਤੀ ਤੇ ਦੁਕਾਨ ਤੇ ਕੰਮ ਕਰਦੇ #ਗੁਰਚਰਨ ਨੂੰ ਟੀਵੀ ਰਿਕਸ਼ੇ ਤੇ ਰਖਵਾਕੇ ਘਰ ਭੇਜ ਦਿੱਤਾ। ਅਚਾਨਕ ਘਰੇ ਟੈਲੀਵਿਜ਼ਨ ਆਇਆ ਵੇਖਕੇ ਅਸੀਂ ਤਿੰਨੇ ਭੈਣ ਭਰਾ ਹੈਰਾਨ ਹੋ ਗਏ। ਕਿਉਂਕਿ ਅਸੀਂ ਬਹੁਤ ਵਾਰੀ ਟੈਲੀਵਿਜ਼ਨ ਲਿਆਉਣ ਲਈ ਪਾਪਾ ਜੀ ਨੂੰ ਕਿਹਾ ਸੀ ਪਰ ਪਾਪਾ ਜੀ ਨੇ ਸਾਡੀ ਇੱਕ ਨਾ ਸੁਣੀ। ਸ਼ਾਫ ਇਨਕਾਰ ਕਰ ਦਿੰਦੇ ਸਨ। ਕਿਉਂਕਿ ਉਹ ਇਸ ਨੂੰ ਕੰਜਰਖਾਨਾ ਕਹਿੰਦੇ ਸਨ। ਤੇ ਉਹ ਕੰਜਰਖਾਨੇ ਨੂੰ ਘਰ ਕਿਵੇਂ ਲਿਆ ਸਕਦੇ ਸਨ। ਉਹਨਾਂ ਨੇ ਤਾਂ ਘਰੇ ਪੰਜਾਬ ਕੇਸਰੀ ਅਖਬਾਰ ਵੀ ਨਹੀਂ ਲਵਾਇਆ ਕਿਉਂਕਿ ਉਹ ਗਲਤ ਤੇ ਸ਼ਰਮਨਾਕ ਤਸਵੀਰਾਂ ਤੋਂ ਸਾਨੂੰ ਦੂਰ ਰੱਖਣਾ ਚਾਹੁੰਦੇ ਸਨ। ਇਸ ਲਈ ਹੀ ਉਹ ਬਹੁਤੇ ਸਾਲ ਘਰੇ ਉਰਦੂ ਦਾ ਹਿੰਦ ਸਮਾਚਾਰ ਅਖਬਾਰ ਹੀ ਮੰਗਵਾਉਂਦੇ ਰਹੇ। ਪਰ ਉਸਦਿਨ ਓਹ ਗੁਰਬਾਣੀ ਦਾ ਪ੍ਰਸਾਰਣ ਵੇਖਕੇ ਮੋਹਿਤ ਹੋ ਗਏ। ਰਾਮ ਨੂੰ ਗ੍ਰਾਹਕ ਦੀ ਗੁੰਜਾਇਸ਼ ਨਾਲ ਕੋਈਂ ਮਤਲਬ ਨਹੀਂ ਸੀ ਹੁੰਦਾ। ਕਿਉਂਕਿ ਉਹ ਦੋ ਸੌ ਰੁਪਏ ਮਹੀਨੇ ਦੀ ਕਿਸ਼ਤ ਵਾਲੀਆਂ ਕਈ ਸਕੀਮਾਂ ਚਲਾਉਂਦਾ ਸੀ। ਅਮੂਮਨ ਦੂਜੀ ਤੀਜੀ ਕਿਸ਼ਤ ਤੇ ਉਹ ਅਗਲੇ ਘਰੇ ਚਿਤਰਹਾਰ ਤੇ ਰੰਗੋਲੀ ਚੱਲਣ ਲ਼ਾ ਦਿੰਦਾ ਸੀ। ਉਸਨੇ ਇਲਾਕੇ ਦਾ ਕੋਈਂ ਮੁਲਾਜਿਮ ਨਹੀਂ ਸੀ ਬਖਸ਼ਿਆ ਜਿਸ ਘਰੇ ਉਸਨੇ ਬੈਲਟੈਕ ਦਾ ਟੀਵੀ ਨਾ ਲਗਾਇਆ ਹੋਵੇ। ਮਾਸਟਰਾਂ ਤੇ ਤਾਂ ਉਹ ਖਾਸ ਮਿਹਰਬਾਨ ਸੀ। ਦੂਜਾ ਉਸਦੀ ਸਰਵਿਸ ਵਧੀਆ ਸੀ। ਸੌ ਡੇਢ ਸੌ ਕਿਲੋਮੀਟਰ ਤੱਕ ਕੰਪਨੀ ਦੇ ਮਕੈਨਿਕ ਨੂੰ ਭੇਜ ਦਿੰਦਾ ਸੀ। ਉਸਦੀ ਦਰਿਆਦਿਲੀ ਤੇ ਪ੍ਰੇਮ ਕਰਕੇ ਸਾਡੇ ਵੀ ਘਰ ਟੀਵੀ ਆ ਗਿਆ ਸੀ। ਫਿਰ ਅਸੀਂ ਵੀ ਤਕਰੀਬਨ ਸਾਰੇ ਰਿਸ਼ਤੇਦਾਰਾਂ ਨੂੰ ਉਸਦੀ ਕਿਸ਼ਤਾਂ ਵਾਲੀ ਸਕੀਮ ਦਾ ਮੈਂਬਰ ਬਣਾਇਆ। ਰਾਮ ਨੇ ਸਾਡੇ ਘਰ ਹੀ ਨਹੀਂ ਸਗੋਂ ਹਜ਼ਾਰਾਂ ਲੋਕਾਂ ਦੇ ਘਰੇ ਬੈਲਟੈਕ ਟੀਵੀ ਪਹੁੰਚਾ ਦਿੱਤਾ ਸੀ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *