ਕੁਝ ਪਲ ਕੁਲਵਿੰਦਰ ਗਗਨ ਕਟਾਰੀਆ ਨਾਲ | kujh pal kulwinder gagan katariya naal

“ਸੱਚ ਤੁਸੀਂ ਉਹ ਪੰਜੀਰੀ ਕਿਥੋਂ ਬਣਾਈ ਸੀ ਜਿਹੜੀ ਰੌਣਕ ਦੇ ਜਨਮਦਿਨ ਤੇ ਵੰਡੀ ਸੀ। ਬਹੁਤ ਲਾਜਵਾਬ ਪੰਜੀਰੀ ਸੀ।” ਅੱਜ ਜਦੋਂ ਅਸੀਂ ਬਠਿੰਡਾ ਦੇ ਅਰਬਨ ਅਸਟੇਟ ਫੇਸ 3 ਵਿੱਚ ਰਹਿੰਦੇ ਕਟਾਰੀਆ ਕੁਲਵਿੰਦਰ ਰੋੜੀ ਕਪੂਰਾ ਤੇ ਉਸਦੇ ਪਰਿਵਾਰ ਨੂੰ ਮੇਰੇ ਭਤੀਜੇ ਦੀ ਸ਼ਾਦੀ ਦਾ ਨਿਉਂਤਾ ਦੇਣ ਗਏ ਤਾਂ #ਗਗਨ_ਕਟਾਰੀਆ ਨੇ ਇਹ ਸ਼ਬਦ ਕਹੇ। ਸੁਣਕੇ ਸਾਨੂੰ ਬਹੁਤ ਚੰਗਾ ਲੱਗਿਆ ਕਿ ਚਲੋ ਕਿਸੇ ਨੂੰ ਤਾਂ ਸਾਡੀ ਮਹਿਮਾਨ ਨਿਵਾਜੀ ਪਸੰਦ ਆਈ ਹੈ। ਅਸਲ ਵਿੱਚ ਇਹ ਪੜ੍ਹੇਲਿਖੇ ਤੇ ਸਲੀਕੇਦਾਰ ਲੋਕਾਂ ਦਾ ਡਕਾਰ ਮਾਰਨ ਦਾ ਤਰੀਕਾ ਹੁੰਦਾ ਹੈ। ਅੱਜਕਲ੍ਹ ਕਿਸੇ ਨੂੰ ਖੁਆਏ ਖਾਣੇ ਯ ਦਿੱਤੀ ਮਿਠਾਈ ਦੀ ਇਸ ਤਰ੍ਹਾਂ ਗੁਝੀ ਜਿਹੀ ਤਾਰੀਫ਼ ਕੀਤੀ ਜਾਂਦੀ ਹੈ। ਕਈ ਮਹਾਤੜ ਤਾਂ ਖਾਕੇ ਡਕਾਰ ਵੀ ਨਹੀਂ ਮਾਰਦੇ, ਤਾਰੀਫ ਕਰਨਾ ਤਾਂ ਦੂਰ ਦੀ ਗੱਲ ਹੁੰਦੀ ਹੈ। ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਪੰਜੀਰੀ ਡੱਬਵਾਲੀ ਦੇ ਮਸ਼ਹੂਰ #ਗਰਗ_ਸਵੀਟਸ ਤੋਂ ਬਣਵਾਈ ਸੀ। ਇਸੇ ਵਿਸ਼ੇ ਤੇ ਆਪਣੀ ਗਲਬਾਤ ਦੌਰਾਨ ਅਸੀਂ ਇਸ ਕੰਮ ਦੀ ਸ਼ੁਰੂਆਤ ਕਰਨ ਵਾਲੇ ਸ੍ਰੀ ਸਾਧੂ ਰਾਮ ਜੀ ਗਰਗ ਬਾਰੇ ਵਿਸਥਾਰ ਨਾਲ ਦੱਸਿਆ। ਇਹ ਵੀ ਦੱਸਿਆ ਕਿ ਅੱਜਕਲ੍ਹ ਇਹ ਕਾਰੋਬਾਰ ਮੇਰਾ ਅਜ਼ੀਜ Rohit Garg ਸੰਭਾਲ ਰਿਹਾ ਹੈ। ਪੰਜੀਰੀ ਹੀ ਨਹੀਂ ਇਹ੍ਹਨਾਂ ਦੀ ਹਰ ਆਈਟਮ ਧਾਕੜ ਹੁੰਦੀ ਹੈ ਤੇ ਇਹ੍ਹਨਾਂ ਦੀ ਮਿਠਾਈ ਦੂਰ ਦੂਰ ਤੱਕ ਜਾਂਦੀ ਹੈ। ਸੱਤ ਸਮੁੰਦਰੋਂ ਪਾਰ ਵੀ।
ਜੇ ਕੁਲਵਿੰਦਰ ਅਤੇ ਗਗਨ ਦੋਨੇ ਹੀ ਇੱਕ ਵਧੀਆ ਮਹਿਮਾਨ ਹਨ ਤਾਂ ਉਹ ਉਸ ਤੋਂ ਵੀ ਵਧੀਆ ਮੇਜ਼ਬਾਨ ਵੀ ਹਨ। ਉਹ ਪੰਜਾਬੀਆਂ ਵਾੰਗੂ ਠੂਸ ਠੂਸਕੇ ਖਵਾਉਣਾ ਜਾਣਦੇ ਹਨ। ਕੌਫ਼ੀ ਦੀ ਚੁਸਕੀਆਂ ਦੌਰਾਨ ਮੇਰੀ ਨਿਗ੍ਹਾ ਗਗਨ ਦੇ ਹੱਥ ਵਿੱਚ ਫੜ੍ਹੇ ਵੱਡੇ ਮੱਗ ਵਿੱਚ ਸੀ। ਮੈਂ ਵੀ ਸ਼ਾਮੀ ਆਪਣੀ ਕੌਫ਼ੀ ਮਿਲਕ ਮੱਗ ਵਿੱਚ ਹੀ ਪੀਂਦਾ ਹਾਂ। ਕੁਲਵਿੰਦਰ ਦੇ ਮੰਮੀ ਡੈਡੀ ਵੀ ਪਿੰਡਾਂ ਵਾਲਿਆਂ ਵਾੰਗੂ ਪੂਰੇ ਮਿਲਾਪੜੇ ਹਨ ਉਹਨਾਂ ਨੂੰ ਅਜੇ ਸ਼ਹਿਰ ਵਾਲੀ ਓੰਪਰੀ ਹਵਾ ਨਹੀਂ ਲੱਗੀ। ਗੱਲਾਂ ਦੇ ਗਲੋਟੇ ਬਣਾਉਂਦਿਆ ਸਾਨੂੰ ਇਹ੍ਹਨਾਂ ਹਸੀਨ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਨਾ ਵੀ ਯਾਦ ਨਹੀਂ ਰਿਹਾ। ਫਿਰ ਵੀ ਕਟਾਰੀਆ ਪਰਿਵਾਰ ਮੇਰੀ ਪੋਤੀ #ਰੌਣਕ ਦਾ ਸਨਮਾਨ ਕਰਨਾ ਨਹੀਂ ਭੁੱਲਿਆ। ਜੋ ਸਾਡੇ ਵਿਰਸੇ ਦਾ ਅੰਗ ਹੈ।

Leave a Reply

Your email address will not be published. Required fields are marked *