ਮੋਈਆਂ ਸਧਰਾਂ | moiyan sadhra

ਜਦੋਂ ਖੁਸ਼ੀ ਗ਼ਮੀ ਦਾ ਅਹਿਸਾਸ ਨਾ ਹੋਵੇ ਤਾਂ,ਅੰਦਰੋਂ ਰੂਹ ਦਾ ਮਰਨਾ ਤੈਅ ਆ।ਮਾੜੋ ਵੀ ਅੱਜ ਇਸੇ ਦੌਰ ਵਿੱਚੋਂ ਗੁਜ਼ਰ ਰਹੀ ਸੀ।ਬੇਜਾਨ ਸਰੀਰ ਵਿਚ ਜਿਵੇਂ ਰੂਹ ਮਰ ਗਈ ਹੋਵੇ। ਲੀਰਾਂ ਦੀ ਗੁੱਡੀ ਵਾਂਗ।
ਉਹ ਰੋਣਾ ਚਾਹੁੰਦੀ ਸੀ ਗਲ ਲੱਗ ਕਿਸੇ ਆਪਣੇ ਦੇ, ਪਰ ਆਪਣਾ ਤਾਂ ਕੋਈ ਦਿਖਾਈ ਹੀ ਨਹੀਂ ਦੇ ਰਿਹਾ।
ਆਖ਼ਰ ਹਉਕਿਆਂ ‘ਤੇ ਅੰਦਰ ਹੀ ਪੱਥਰ ਧਰ ਦਿੱਤਾ।
ਮਾੜੋ ਉੱਡਣਾ ਚਾਹੁੰਦੀ ਸੀ ਅੰਬਰਾਂ ਚ’ ਕੂੰਜਾਂ ਦੀ ਡਾਰ ਵਾਂਗ।
ਮਾੜੋ ਵਹਿਣਾ ਚਾਹੁੰਦੀ ਸੀ, ਵਗਦੀ ਨਦੀ ਦੇ ਸੀਤਲ ਪਾਣੀ ਵਾਂਗ।
ਨਿਰਾ ਹੁਸਨ ਦਾ ਦਰਿਆ ਸੀ ਮਾੜੋ।
ਨਾਲ ਦੀਆਂ ਸਹੇਲੀਆਂ ਨਾਲ ਪਿੰਡ ਵਿੱਚ ਲੱਗਦੇ ਮੇਲੇ ‘ਤੇ ਜਾਣਾ ਤਾਂ ਰੰਗ ਬਰੰਗੀਆਂ ਚੂੜੀਆਂ ਵੇਖ ਮਾੜੋ ਦਾ ਗੋਰਾ ਰੰਗ ਹੋਰ ਲਾਲ ਸੁਰਖ ਹੋ ਜਾਂਦਾ।ਬਾਹਾਂ ਵਿੱਚ ਚੂੜੀਆਂ ਪਾ ਇੰਜ ਮਹਿਸੂਸ ਹੋਣਾ ਜਿਵੇਂ ਖੰਭ ਲੱਗ ਗਏ ਹੋਣ।ਪਰ ਅੱਜ ਬਾਹਾਂ ਵਿੱਚ ਪਾਈਆਂ ਚੂੜੀਆਂ ਦਾ ਭਾਰ ਚੱਕ ਨਹੀਂ ਸੀ ਹੋ ਰਿਹਾ।ਝੱਲਿਆਂ ਵਾਂਗ ਚੂੜੀਆਂ ਉਤਾਰ ਵਗਾਹ ਮਾਰੀਆਂ।ਮਨ ਕਾਹਲਾ ਪੈਣ ਲੱਗਿਆ ,ਤਾਂ ਆਵਾਜ਼ ਵੱਜੀ।
ਮਾੜੋ ਨ੍ਹੀਂ ਮਾੜੋ…..
ਉਹਦੇ ਹਾਸਿਆਂ ਨੇ ਵਿਹੜੇ ਵਿਚ ਚੁੱਪ ਦੀ ਤਹਿ ਨੂੰ ਤੋੜ ਦਿੱਤਾ।ਕੰਧੋਲੀ ਚ’ ਬੈਠੀ ਪਤੀਲੀ ਮਾਂਜਦੀ ਬੀਰੋ ਦਾ ਧਿਆਨ ਟੁੱਟਿਆ।ਵਿਰਲਾਂ ਥਾਣੀ ਦੇਖਿਆ ਤਾਂ ਉਹ ਵੀਹੀ ਵਾਲੇ ਬੂਹੇ ਤਕ ਅੱਪੜ ਚੁੱਕੀ ਸੀ।
ਕੁੜੇ ਮਾੜੋ, ਰੁਕ ਜਾ ਨੀ ਝੱਲੀਏ।
ਕਿੰਨੇ ਵਾਰ ਕਿਹਾ, ਨਾ ਇੰਨਾ ਹੱਸਿਆ ਕਰ। ਜ਼ਮਾਨਾ ਮਾੜਾ ਏ। ਰੁਕ ਜਾ,ਕਾਲਾ ਟਿੱਕਾ ਲਾਦਾ ਤੇਰੇ।ਖੌਰੇ ਨਜ਼ਰ ਈ ਨਾ ਲਵਾ ਲਵੇ।ਪਾਣੀ ਵਾਲੀ ਬਾਲਟੀ ਵਿੱਚ ਸਵਾਹ ਵਾਲੇ ਹੱਥ ਧੋਂਦੇ, ਇੱਕੋ ਸਾਹੇ ਬੀਰੋ ਨੇ ਕਿਹਾ।
ਮਾਂ ਜਲਦੀ ਕਰ, ਮੇਰੀਆਂ ਸਹੇਲੀਆਂ ਨੇ ਚਲੇ ਜਾਣਾ ਮੇਲੇ ‘ਤੇ।
ਕਿਤੇ ਨ੍ਹੀਂ ਜਾਂਦੀਆਂ, ਤੇਰੇ ਬਿਨਾਂ।
‘ਤੇ ਬੀਰੋ ਨੇ ਅੱਖਾਂ ਚ’ ਪਾਏ ਸੁਰਮੇ ਨੂੰ ਉਂਗਲ ਨਾਲ ਚੰਗੀ ਤਰ੍ਹਾਂ ਲਗਾ ਮਾੜੋ ਦੇ ਮੱਥੇ ‘ਤੇ ਲਾ ਦਿੱਤਾ।
ਮੇਲੇ ਤੋਂ ਮੇਰੇ ਲਈ ਮਾੜੋ ਕੀ ਲਿਆਵਾਂਗੀ?
ਮਾਂ ਉਹੀ, ਹਰੇ ਰੰਗ ਦੀਆਂ ਚੂੜੀਆਂ।
ਅੱਛਾ….ਏਨਾ ਆਖ ਮਾਵਾਂ ਧੀਆਂ ਖ਼ੂਬ ਹੱਸੀਆਂ।
ਵੀਹਾਂ ਕੁ ਸਾਲਾਂ ਦੀ ਸੀ ਬੀਰੋ, ਜਦ ਏਸ ਘਰ ਵਿੱਚ ਵਿਆਹੀ ਆਈ।
ਬੀਰੋ ਦੇ ਕੱਦ ਕਾਠ, ਨੈਣ ਨਕਸ਼ਾਂ ਦਾ ਕੋਈ ਹਾਣੀ ਨਹੀਂ ਸੀ।ਜਦ ਡੋਲੀਓਂ ਉੱਤਰੀ ਤਾਂ ਕੰਧੋਂ ਪਾਰ ਖਡ਼੍ਹੀਆਂ ਬੁੜ੍ਹੀਆਂ ਕੁੜੀਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ ।
ਰੰਗ ਰੂਪ ਵੱਲੋਂ ਤਾਂ ਠੀਕ ਹੀ ਸੀ, ਪਰ ਕੰਮ ਵੱਲੋਂ ਕਦੇ ਪੈਰ ਨਾ ਖਿੱਚਦਾ।
ਤਾਂ ਹੀ ਬੀਰੋ ਦੇ ਬਾਪੂ ਨੇ ਬਿੱਕਰ ਦੇ ਲੜ ਲਾ ਦਿੱਤਾ ਸੀ।
ਪਰ ਕਦੇ ਕਦੇ ਘਰ ਦੀ ਕੱਢੀ ਪੀ,ਬੀਰੋ ਨਾਲ ਗਾਲੀ ਗਲੋਚ ਕਰਦਾ, ਤਾਂ ਤਾਈ ਰੱਖੀ ਭੱਜ ਆਉਂਦੀ।
ਖ਼ਬਰਦਾਰ ਹੋਜੀਂ ਜੇ ਕੁੜੀ ਨੂੰ ਹੁਣ ਗਾਲ੍ਹ ਕੱਢੀ, ਵੇ ਤੂੰ ਆਵਦੇ ਵੱਲ ਵੇਖ ‘ਤੇ ਇਹਦੇ ਵੱਲ ਵੇਖ।ਕਾਹਦਾ ਮੇਲਾ ਆ।ਰੱਬ ਭਲਾ ਕਰੇ, ਜਿਨ੍ਹਾਂ ਪਾਲ ਪੋਸ ਤੇਰੇ ਵਰਗੇ ਨਸ਼ੇੜੀ ਦੇ ਲੜ ਲਾ ਤੀ ।
ਤਾਈ ਦੀ ਘੂਰ ਦਾ ਅਸਰ ਹਰ ਵਾਰੀ ਕੰਮ ਕਰ ਜਾਂਦਾ ‘ਤੇ ਰੋਟੀ ਖਾ ਬਿੱਕਰ ਸੌਂ ਜਾਂਦਾ ‘ਤੇ ਫਿਰ ਕਈ ਦਿਨ ਸੁੱਖ ਸ਼ਾਂਤੀ ਨਾਲ ਲੰਘ ਜਾਂਦੇ।
ਅਕਸਰ ਬਿੱਕਰ ਜਦ ਕੰਮ ਧੰਦੇ ਚਲਿਆ ਜਾਂਦਾ ਤਾਂ ਘਰ ਇਕੱਲੀ ਬੀਰੋ ਨੂੰ ਵੇਖ ਤਾਈ ਰੱਖੀ ਆ ਜਾਂਦੀ।
ਕੁੜੇ ਹੁਣ ਤਾਂ ਨ੍ਹੀਂ ਕੁਝ ਬੋਲਦਾ….
ਨਹੀਂ ਤਾਈ ਜੀ ‘ਤੇ ਆਖ ਬੀਰੋ ਨੇ ਰੱਖੀ ਦੇ ਪੈਰੀਂ ਚੁੰਨੀ ਧਰ ਮੱਥਾ ਟੇਕਦੇ ਹੱਥ ਫੜ ਮੰਜੇ ‘ਤੇ ਬਿਠਾ ਲੈਣਾ।
ਲੈ ਤੈਨੂੰ ਦੱਸਦੀ ਆਂ ਕੁੜੇ ਕੇਰਾਂ ਦੀ, ਪੱਲੇ ਬੰਨ੍ਹ ਲਈ।
ਕੇਰਾਂ ਭਾਈ ਤੇਰਾ ਤਾਇਆ ਤਾਂ ਗਿਆ ਸੀ ਸ਼ਹਿਰ ਨੂੰ ‘ਤੇ ਮੇਰਾ ਨਿੱਕਾ ਦਿਓਰ ਕੌਲੇ ਚ’ ਪਿਆ ਘਰ ਦਾ ਘਿਓ ‘ਤੇ ਸ਼ੱਕਰ ਸਾਰਾ ਹੀ ਖਾ ਗਿਆ।
‘ਤੇ ਮੈਂ ਕਮਲੀ ਕਹਿ ਬੈਠੀ, ਵੇ ਥੋਡ਼੍ਹਾ ਖਾ ਲੈਂਦਾ ਕੋਈ ਪਰਾਹੁਣਾ ਹੀ ਆ ਜਾਂਦਾ।
ਫਿਰ ਕੀ ਹੋਇਆ ਤਾਈ, ਬੀਰੋ ਤਾਈ ਦੇ ਹੋਰ ਨੇੜੇ ਹੋ ਗਈ।
ਹੋਣਾ ਕੀ ਸੀ ਧੀਏ, ਗੱਲ ਤੇਰੇ ਤਾਏ ਦੇ ਕੰਨੀਂ ਅੱਪੜ ਗਈ।
ਆ ਗਿਆ ਆਥਣੇ ਦਾਰੂ ਨਾਲ ਰੱਜ ਕੇ,ਮੈਂ ਥਾਲੀ ਚ’ ਰੋਟੀ ਪਾ ਫੜਾਈ ਤਾਂ ਥਾਲੀ ਸਣੇ ਰੋਟੀਆਂ ਵਗਾਹ ਮਾਰੀਆਂ।ਮੇਰੇ ਪੁੱਛਦੇ ਪੁੱਛਦੇ ਹੀ ਮੇਰੇ ਚਪੇੜ ਮਾਰ ਧਰੀ।ਇੱਕ ਕੰਨ ਵਿੱਚੋਂ ਵਾਲੀ ਲੈਹ ਉਹ ਗਈ।ਕੰਨ ਵੀ ਲਹੂ ਲੁਹਾਣ ਹੋ ਗਿਆ।
ਆਖੇ ਹਾਂ ਹਾਂ ਤੂੰ ਕੌਣ ਆ, ਮੇਰੇ ਭਰਾ ਨੂੰ ਖਾਣ ਪੀਣ ਤੋਂ ਟੋਕਣ ਵਾਲੀ।
ਉਸ ਰਾਤ ਤਾਂ ਮੈਂ ਭੁੱਖਣ ਭਾਣੇ ਰੋਂਦੀ ਸੌਂ ਗਈ।ਖੌਰੇ ਕੀਹਨੇ ਖ਼ਬਰ ਕਰਤੀ ਮੇਰਿਆਂ ਪੇਕਿਆਂ ਨੂੰ, ਆ ਗਿਆ ਮੇਰਾ ਬਾਪੂ ‘ਤੇ ਤਿੰਨੇ ਭਾਈ।ਬਾਹਰ ਬਣੀਆਂ ਦਲਾਨਾਂ ਵਿੱਚ ਢਾਹ ਲਿਆ ਬੱਕਰੇ ਵਾਂਗੂ।ਆਜਾ ਪ੍ਰਾਹੁਣਿਆਂ ਤੈਨੂੰ ਦੱਸਦਿਆਂ ਇਹ ਕੌਣ ਆ।ਪੰਚੈਤ ਇਕੱਠੀ ਹੋ ਗਈ। ਮਸੀਂ ਗ਼ਲਤੀ ਮਨ ਛੁੱਟਿਆ।ਜਦੋਂ ਮੈਨੂੰ ਪੁੱਛਿਆ, ਤਾਂ ਭਾਈ ਮੈਂ ਵੀ ਦੋਨੋਂ ਪਾਸੇ ਹੀ ਰੱਖਣੇ ਸੀ ‘ਤੇ ਮੈਂ ਕਹਿ ਦਿੱਤਾ ਚਪੇੜ ਤਾਂ ਮਾੜੀ ਜਿਹੀ ਮਾਰੀ ਸੀ।
ਉਹ ਵੇਲਾ ਗਿਆ ‘ਤੇ ਆ ਮੇਰੇ ਬਾਪੂ ‘ਤੇ ਭਰਾਵਾਂ ਦਾ ਸਮਝਾਇਆ ਅੱਜ ਤੱਕ ਨਹੀਂ ਕੁਸਕਿਆ।ਆਹੀ ਤੂੰ ਕਰੀਂ ਹੁਣ, ਭੇਜਦੀ ਸੁਨੇਹਾ ਪੇਕਿਆਂ ਨੂੰ।
ਕੰਮ ਤੋਂ ਆਏ ਬਿੱਕਰ ਨੂੰ ਜਦ ਬੀਰੋ ਰੋਟੀ ਫੜਾਉਂਦੀ, ਤਾਂ ਤਾਈ ਦੀ ਗੱਲ ਯਾਦ ਆ ਜਾਂਦੀ ‘ਤੇ ਮੱਲੋ ਮੱਲੀ ਹਾਸਾ ਨਿਕਲ ਜਾਂਦਾ। ਕਿ ਇਹਨੂੰ ਵੀ ਕਿਸੇ ਦਿਨ ਬਾਪੂ ਹੁਣੇ ਹੀ ਸਮਝਾਉਣਗੇ।
ਸਮੇਂ ਦੀਆਂ ਬਾਤਾਂ ਪਾਉਂਦੀਆਂ ਰੁੱਤਾਂ ਲੰਘਦੀਆਂ ਗਈਆਂ ‘ਤੇ ਬੀਰੋ ਨੇ ਇੱਕ ਧੀ ਨੂੰ ਜਨਮ ਦਿੱਤਾ।
ਤਿੰਨ ਸਾਲ ਬੀਤਣ ਬਾਅਦ ਵੀ ਬੀਰੋ ਨੂੰ ਹੋਰ ਜੁਆਕ ਨਾ ਹੋਇਆ ‘ਤੇ ਪਤਾ ਹੀ ਨਹੀਂ ਲੱਗਿਆ ਕਦ ਮਾੜੋ ਬਚਪਨ ਵਿੱਚੋਂ ਨਿਕਲ ਜਵਾਨੀ ਦੀਆਂ ਬਰੂਹਾਂ ‘ਤੇ ਆਣ ਖਲੋਤੀ।
ਨਿਰੀ ਪੁਰੀ ਆਵਦੀ ਮਾਂ ਵਰਗੀ ਸੋਹਣੇ ਨੈਣ ਨਕਸ਼।ਸਾਰਾ ਦਿਨ ਹਸੂੰ ਹਸੂੰ ਕਰਦੀ। ਤਾਂਹੀ ਬੀਰੋ ਨੂੰ ਡਰ ਰਹਿੰਦਾ ‘ਤੇ ਕਾਲਾ ਟਿੱਕਾ ਲਾਉਂਦੀ।
ਦੋਨੋਂ ਮਾਵਾਂ ਧੀਆਂ ਸ਼ਿੰਗਾਰ ਵਾਲੇ ਸ਼ੀਸ਼ੇ ਮੂਹਰੇ ਖੜ੍ਹ ਸ਼ਿੰਗਾਰ ਕਰਦੀਆਂ। ਬੀਰੋ ਨੂੰ ਹਰੇ ਰੰਗ ਦੀਆਂ ਚੂੜੀਆਂ ਪਸੰਦ ਸੀ, ਤਾਂਹੀ ਮਾੜੋ ਮੇਲੇ ਤੋਂ ਹਰੇ ਰੰਗ ਦੀਆਂ ਚੂੜੀਆਂ ਹੀ ਲਿਆਉਂਦੀ।
ਪਰ ਇਹ ਸਾਂਝਾ ਲੰਬਾ ਸਮਾਂ ਨਾ ਰਹੀਆਂ ‘ਤੇ ਕਿਸੇ ਨਾਮੁਰਾਦ ਬੀਮਾਰੀ ਨੇ ਦਿਨਾਂ ਵਿਚ ਹੀ ਬੀਰੋ ਮੰਜੇ ‘ਤੇ ਪਾ ਦਿੱਤੀ।ਬਥੇਰਾ ਇਲਾਜ ਕਰਵਾਇਆ ਪਰ ਇੱਕ ਦਿਨ ਬੀਰੋ ਚੱਲ ਵਸੀ।
ਮਾੜੋ ਲਈ ਮਾਂ ਦਾ ਚਲੇ ਜਾਣਾ ਅਸਹਿ ਸੀ।ਸਾਰਿਆਂ ਵਾਂਗ ਆਖਰਕਾਰ ਮਾੜੋ ਨੇ ਵੀ ਸਬਰ ਦਾ ਘੁੱਟ ਭਰ ਲਿਆ।
ਪਰ ਉਹ ਹਾਸੇ ਗਵਾ ਬੈਠੀ।
ਖ਼ੁਦ ਦੇ ਵਜੂਦ ਅੰਦਰ ਬਣੇ ਖਲਾਅ ਨੂੰ ਕਿੰਜ ਪੂਰਦੀ।ਰਿਸ਼ਤੇਦਾਰਾਂ ਚ’ ਘੁਸਰ ਮੁਸਰ ਸ਼ੁਰੂ ਹੋ ਗਈ। ਕੁਲ ਨੂੰ ਵਧਾਉਣ ਲਈ ਮੁੰਡਾ ਤਾਂ ਜ਼ਰੂਰੀ ਏ।
‘ਤੇ ਆਖਰਕਾਰ ਵੀਰੋ ਨੂੰ ਭਲਾ ਬਿੱਕਰ ਨੇ ਦੂਜਾ ਵਿਆਹ ਕਰਵਾ ਲਿਆ।
ਸਮਾਂ ਬੀਤਦਾ ਗਿਆ।ਪਹਿਲਾਂ ਪਹਿਲ ਤਾਂ ਨਵੀਂ ਮਾਂ ਨੇ ਪਿਆਰ ਕੀਤਾ ਪਰ ਸਾਲ ਬਾਅਦ ਹੀ ਮੁੰਡਾ ਪੈਦਾ ਹੋਣ ‘ਤੇ ਹੌਲੀ ਹੌਲੀ ਮਾੜੋ ਲਈ ਪਿਆਰ ਘਟਦਾ ਘਟਦਾ ਅਖ਼ੀਰ ਘਟ ਗਿਆ।
ਨਿੱਕੀ ਨਿੱਕੀ ਗੱਲ ‘ਤੇ ਮਾੜੋ ਨੂੰ ਘੂਰਦੀ ਬਾਹਰ ਨਿਕਲਣਾ, ਕੱਪੜੇ ਪਾਉਣ ‘ਤੇ ਟੋਕਾ ਟਕਾਈ ਕਰਦੀ।
ਪਰ ਮਾੜੋ ਵੀ ਹੁਣ ਉਹ ਮਾੜੋ ਨਹੀਂ ਸੀ ਰਹੀ। ਚੁੱਪ ਚਾਪ ਘਰ ਦੇ ਕੰਮ ਕਰਦੀ ਰਹਿੰਦੀ।
ਹਾਂ ਉਸ ਦਿਨ ਮਾੜੋ ਜ਼ਰੂਰ ਹੱਸਦੀ ਜਦ ਕੋਈ ਨਾਲ ਦੀ ਸਹੇਲੀ ਡੋਲੀ ਬੈਠ ਅਾਪਣੇ ਘਰ ਜਾਂਦੀ। ਤਾਂ ਮਾੜੋ ਵੀ ਸੁਪਨੇ ਬੁਣਦੀ, ਗਵਾਚ ਜਾਂਦੀ। ਅਜੀਬ ਜਿਹੇ ਸੁਪਨਿਆਂ ਵਿੱਚ ਕੇ ਕੋਈ ਆਵੇਗਾ ਉਸ ਨੂੰ ਵੀ ਖੁਸ਼ੀਆਂ ਦੇ ਖੇੜੇ ਵਿੱਚ ਲਿਜਾਣ ਲਈ।
ਅੱਜ ਦਾ ਦਿਨ ਥੋੜ੍ਹਾ ਅਜੀਬ ਚਡ਼੍ਹਿਆ।
ਉਹ ਮਾਂ ਜੋ ਹਰ ਸਮੇਂ ਟੋਕਾ ਟਕਾਈ ਕਰਦੀ, ਅੱਜ ਪਿਆਰ ਦੁਲਾਰ ਦੇ ਰਹੀ ਸੀ।
ਲੈ ਮੇਰੀ ਧੀ, ਅੱਜ ਆ ਸੂਟ ਪਾ ਲਈ, ਅੱਜ ਤੇਰਾ ਰੋਕਾ ਹੋਣਾ।
ਰੋਕੇ ਦੀ ਗੱਲ ਸੁਣ ਮਾੜੋ ਸੁੰਨ ਜਿਹੀ ਹੋ ਗਈ।ਬਿੱਕਰ ਦੀ ਹੋਣ ਬਹਾਲੀ ਨਾ ਚਲਦੀ ਘਰ ਵਿੱਚ, ਜਿਵੇਂ ਉਹ ਕਹਿੰਦੀ, ਉਹ ਮੰਨ ਲੈਂਦਾ ।
‘ਤੇ ਅੱਜ ਕਿਸੇ ਮਾੜੋ ਨਾਲੋਂ ਅੱਧੀ ਉਮਰ ਵੱਡੇ ਬੰਦੇ ਨਾਲ ਮਾੜੋ ਦਾ ਰੋਕਾ ਕਰਵਾ ਦਿੱਤਾ।
‘ਤੇ ਫਿਰ ਕੁਝ ਸਮਾਂ ਪਾ ਕੇ ਵਿਆਹ ਦਾ ਦਿਨ ਧਰ ਦਿੱਤਾ। ਸਾਰੀਆਂ ਰਸਮਾਂ ਹੋ ਗਈਆਂ।ਬੇਜਾਨ ਸਰੀਰ ਜਿਵੇਂ ਰੂਹ ਮਰ ਗਈ ਹੋਵੇ। ਲੀਰਾਂ ਦੀ ਗੁੱਡੀ ਵਾਂਗ।ਬਾਹੀਂ ਪਾਈਆਂ ਲਾਲ ਚੂੜੀਆਂ ਵਗਾਹ ਮਾਰੀਆਂ ‘ਤੇ ਪੇਟੀ ਥੱਲੇ ਪਏ ਟਰੰਕ ਨੂੰ ਖੋਲ੍ਹ ਲਿਆ ‘ਤੇ ਅੱਜ ਉਹ ਮਾਂ ਦੀਆਂ ਹਰੇ ਰੰਗ ਦੀਆਂ ਚੂੜੀਆਂ ਪਹਿਨ ਲਈਆਂ।ਮਨ ਕਾਹਲਾ ਜਿਹਾ ਪੈਣ ਲੱਗਾ, ਆਵਾਜ਼ ਆਈ।
ਨੀਂ ਮਾੜੋ ਕਿਉਂ ਸਾਨੂੰ ਲਾਂਭੇ ਦੁਆਨੀਆਂ ।ਉਹ ਕੀ ਕਹਿਣਗੇ।
ਲਿਆ ਫੜਾ ਲਾਹ ਇਨ੍ਹਾਂ ਨੂੰ, ਪਤਾ ਨਹੀਂ ਕਦੋਂ ਦੀ ਸਾਂਭੀ ਬੈਠੀ।ਸੁਹਾਗਣਾਂ ਦੇ ਤਾਂ ਲਾਲ ਚੂੜੀਆਂ ਹੀ ਸੋਭਦੀਆਂ ਆ, ਲੈ ਪਾ।ਨਾਲੇ ਭੋਰਾ ਡੁਸਕ ਲਵੀਂ, ਐਵੇਂ ਆਂਢ ਗੁਆਂਢ ਗੱਲਾਂ ਹੋਣਗੀਆਂ।ਖ਼ਬਰੇ ਕੀ ਗੱਲ ਐ, ਨਾਲੇ ਉਹ ਸੋਚਣਗੇ।ਜਦ ਮਾੜੋ ਰੁਖ਼ਸਤ ਹੋਣ ਲੱਗੀ ਤਾਂ ਫਿਰ ਇੱਕ ਵਾਰੀ ਪਲਟ ਕੇ ਵੇਖਿਆ,
ਮਾਂ ਦੀਆਂ ਉਹ ਹਰੇ ਰੰਗ ਦੀਆਂ ਚੂੜੀਆਂ ਜਿਵੇਂ ਆਖ ਰਹੀਆਂ ਹੋਣ।
ਮਾੜੋ ਨ੍ਹੀਂ ਮਾੜੋ….
ਝੱਲੀਏ ਆਏ ਨੇ ਜਾਈਦਾ ਹੁੰਦਾ ਘਰੋਂ, ਰੁਕ ਜਾ ਕਾਲਾ ਟਿੱਕਾ ਲਾ ਦੇਵਾਂ।ਬਾਹਲਾ ਹੱਸਿਆ ਨਾ ਕਰ, ਨਜ਼ਰ ਲਵਾ ਲਏਂਗੀ।
ਲੈ ਮਾਏ ਫ਼ਿਕਰ ਨਾ ਕਰ, ਇਹ ਕੌਲ ਆ ਤੇਰੀ ਧੀ ਦਾ ਤੇਰੇ ਨਾਲ।
ਹੁਣ ਕਦੇ ਨਜ਼ਰ ਨਹੀਂ ਲੱਗੇਗੀ ਤੇਰੀ ਮਾੜੋ ਨੂੰ।
‘ਤੇ ਤਪਕ ਤਪਕ ਕਰਦੇ ਹੰਝੂ ਵਹਿ ਤੁਰੇ ਮਾੜੋ ਦੀਆਂ ਅੱਖਾਂ ਵਿੱਚੋਂ।ਸੀਨੇ ਧਰਿਆ ਪੱਥਰ ਜਿਵੇਂ ਦੋ ਫਾੜ ਹੋ ਗਿਆ ਹੋਵੇ’ਮਨ ਦੀਆਂ ਅਨੇਕਾਂ ਸੱਧਰਾਂ ਨੂੰ ਮਾਰ ਸੁੱਟਿਆ ‘ਤੇ ਦੁਨੀਆਂਦਾਰੀ ਦੀ ਰਸਮ ਨਿਭਾਓਦੀ ਮਾੜੋ ,ਰੋਂਦੀ ਕਰਲਾਉਂਦੀ ਡੋਲੀ ਜਾ ਬੈਠੀ।

ਕੁਲਵੰਤ ਘੋਲੀਆ
95172-90006

Leave a Reply

Your email address will not be published. Required fields are marked *