ਮੇਰੀ ਤਲਾਸ਼ | meri talaash

ਕਈ ਵਾਰ ਸਾਡੀ ਜ਼ਿੰਦਗੀ ਵਿੱਚ ਅਜਿਹੇ ਪਲ ਆਉਂਦੇ ਨੇ,ਜੋ ਕਦੇ ਨਹੀਂ ਭੁੱਲਦੇ..ਕਈ ਵਾਰ ਮਨ ਉਦਾਸ ਹੋ ਜਾਣਾ ਤਾਂ ਉਹ ਪਲ ਯਾਦ ਆ ਜਾਂਦਾ ‘ਤੇ ਮੈਂ ਹੱਸ ਪੈਂਦੀ। ਗੱਲ ਭਾਵੇਂ ਕੋਈ ਵੱਡੀ ਨਹੀਂ ਸੀ, ਪਰ ਮੇਰੇ ਲਈ ਅਣਮੁੱਲੀ ਹੈ।ਭਾਵੇਂ ਅੱਜ ਦਸ ਸਾਲ ਬੀਤ ਗਏ ਨੇ ਉਸ ਪਲ ਨੂੰ, ਪਰ ਮੇਰੇ ਲਈ ਅੱਜ ਵੀ ਉਹ ਚੜ੍ਹਦੇ ਸੂਰਜ ਵਾਂਗ ਤਾਜ਼ਾ ਹੀ ਏ।
ਗੱਲ ਉਨ੍ਹਾਂ ਦਿਨਾਂ ਦੀ ਹੈ,ਜਦ ਕੰਪਨੀ ਨੇ ਮੇਰੇ ਘਰ ਵਾਲੇ ਦੀ ਬਦਲੀ ਹੋਰ ਸ਼ਹਿਰ ਕਰ ਦਿੱਤੀ ‘ਤੇ ਅਸੀਂ ਆਪਣੇ ਦੋ ਸਾਲ ਦੇ ਪੁੱਤ ਹਨੀ ਨੂੰ ਨਾਲ ਲੈ ਕੰਪਨੀ ਦੇ ਕੁਆਰਟਰ ਵਿੱਚ ਆ ਗਏ।ਇੱਕ ਤਾਂ ਨਵੀਂ ਥਾਂ, ਉੱਤੋਂ ਗਰਮੀ ਦੇ ਨਾਲ ਸ਼ਹਿਰ ਦੇ ਪ੍ਰਦੂਸ਼ਣ ਕਾਰਨ ਹੋਰ ਵੀ ਬੁਰਾ ਹਾਲ ਹੋ ਗਿਆ।ਅਚਾਨਕ ਕੁਝ ਦਿਨਾਂ ਬਾਅਦ ਮੇਰੇ ਘਰ ਵਾਲੇ ਨੂੰ ਕਿਸੇ ਹੋਰ ਸ਼ਹਿਰ ਕੰਮ ਲਈ ਭੇਜ ਦਿੱਤਾ।ਰੋਜ਼ ਫੋਨ ਕਰਨਾ.. ਤੁਸੀਂ ਕਦ ਆਵੋਗੇ ਤਾਂ ਅੱਗੋਂ ਜਵਾਬ ਮਿਲਦਾ ਕਿ ਹਾਲੇ ਕੁੱਝ ਪਤਾ ਨਹੀਂ ਕੰਪਨੀ ਦਾ ਕੰਮ ਕਦ ਖ਼ਤਮ ਹੋਵੇਗਾ।ਮੈਂ ਗੁੱਸੇ ਵਿੱਚ ਫੋਨ ਵਗਾਹ ਮਾਰਨਾ ‘ਤੇ ਪਤਾ ਨਹੀਂ ਕੀ ਕੀ ਬੋਲੀ ਜਾਣਾ।ਅਸਲ ਵਿੱਚ ਇਸ ਮੁਹੱਲੇ ਦੀ ਕੱਲ ਤੋਂ ਲਾਈਟ ਖ਼ਰਾਬ ਸੀ ‘ਤੇ ਅੱਜ ਵੀ ਕਹਿ ਰਹੇ ਸਨ ਕੇ ਲਾਈਟ ਠੀਕ ਨਹੀਂ ਹੋਵੇਗੀ।ਗਰਮੀ ਕਾਰਨ ਮੇਰਾ ਅਤੇ ਹਨੀ ਦਾ ਬੁਰਾ ਹਾਲ ਸੀ।ਮੈਂ ਪੂਰਾ ਮਨ ਬਣਾ ਲਿਆ ਸੀ ਕਿ ਆਪਣੀ ਮਾਂ ਕੋਲ ਚਲੀ ਜਾਵਾਂ ‘ਤੇ ਫੇਰ ਫੋਨ ਲਗਾ ਦਿੱਤਾ ਕਿ ਤੁਸੀਂ ਟਿਕਟ ਕਰਵਾ ਦਿਓ। ਮੈਂ ਮਾਂ ਦੇ ਘਰ ਜਾਣਾ ਏ ਮੈਂ ਇੱਥੇ ਨਹੀਂ ਰਹਿ ਸਕਦੀ।ਖੈਰ ਉਨ੍ਹਾਂ ਨੇ ਕਹਿ ਦਿੱਤਾ ਕਿ ਤੂੰ ਚਲੀ ਜਾ ਮੇਰਾ ਜਦ ਹੀ ਕੰਮ ਖਤਮ ਹੋ ਜਾਵੇਗਾ ਮੈਂ ਲੈ ਜਾਵਾਂਗਾ।ਮੰਮੀ ਦੇ ਘਰ ਦਾ ਸਫਰ ਇੱਥੋਂ ਟਰੇਨ ‘ਤੇ ਤਿੰਨ ਘੰਟੇ ਦਾ ਸੀ ‘ਤੇ ਅੱਜ ਦੀ ਰਾਤ ਮੈਂ ਇੱਥੇ ਰਹਿਣਾ ਵੀ ਨਹੀਂ ਚਾਹੁੰਦੀ ਸੀ।ਰਿਜ਼ਰਵ ਟਿਕਟ ਨਾ ਮਿਲੀ ਤਾਂ ਲੋਕਲ ਟਰੇਨ ‘ਤੇ ਜਾਣ ਦਾ ਹੀ ਫੈਸਲਾ ਕਰ ਲਿਆ।ਇੱਕ ਤਾਂ ਬਹੁਤ ਜ਼ਿਆਦਾ ਗਰਮੀ ਅਤੇ ਉੱਤੋਂ ਮਨ ਵਿੱਚ ਡਰ ਕੇ ਜੇ ਸੀਟ ਨਾ ਮਿਲੀ ਤਾਂ ਮੇਰਾ ‘ਤੇ ਹਨੀ ਦਾ ਕੀ ਹੋਵੇਗਾ।ਤਿੰਨ ਘੰਟੇ ਦਾ ਸਫ਼ਰ ਕਿੰਝ ਬੀਤਿਗਾ।ਜਲਦੀ ਜਲਦੀ ਬੈਗ ਵਿੱਚ ਕੱਪੜੇ ਪਾ ਮੈਂ ‘ਤੇ ਹਨੀ ਸਟੇਸ਼ਨ ਵੱਲ ਹੋ ਤੁਰੇ।ਜਦ ਸਟੇਸ਼ਨ ‘ਤੇ ਪਹੁੰਚੀ ਤਾਂ ਬਹੁਤ ਜ਼ਿਆਦਾ ਭੀੜ ਸੀ।ਸ਼ਾਇਦ ਉਹ ਸਭ ਲੋਕਲ ਟਰੇਨ ‘ਤੇ ਚੜ੍ਹਨ ਵਾਲੇ ਹੀ ਮੁਸਾਫਰ ਸਨ।ਇਹ ਸਭ ਦੇਖ ਮੈਂ ਹੋਰ ਡਰ ਗਈ।ਮਨ ਹੀ ਮਨ ਰੱਬ ਅੱਗੇ ਅਰਦਾਸ ਕੀਤੀ ਕਿ ਰੱਬਾ ਸ਼ੀਟ ਮਿਲ ਜਾਵੇ।ਗਰਮੀ ਦੇ ਕਾਰਨ ਹਨੀ ਵੀ ਬਹੁਤ ਜ਼ਿਆਦਾ ਰੋ ਰਿਹਾ ਸੀ ‘ਤੇ ਮੈਂ ਕਦੇ ਹਨੀ ਨੂੰ ਸੰਭਾਲਦੀ ‘ਤੇ ਕਦੇ ਭਾਰੀ ਬੈਗ ਨੂੰ।ਦੂਰੋਂ ਆਉਂਦੀ ਟਰੇਨ ਦਾ ਹਾਰਨ ਵੱਜਿਆ ਤਾਂ ਮਨ ਕਾਹਲਾ ਪੈਣ ਲੱਗਿਆ,ਹੋਰ ਵੀ ਬਹੁਤ ਸਾਰੀਆਂ ਸਵਾਰੀਆਂ ਆਪੋ ਆਪਣਾ ਸਾਮਾਨ ਚੁੱਕ ਪਲੇਟਫਾਰਮ ‘ਤੇ ਆ ਖੜ੍ਹ ਗਈਆਂ।ਮੈਂ ਹੋਰ ਡਰ ਗਈ ਕਿ ਮੈਂ ਇਕੱਲੀ ਏਨਾ ਭਾਰੀ ਬੈਗ ‘ਤੇ ਹਨੀ ਨੂੰ ਲੈ ਕੇ ਕਿਵੇਂ ਟਰੇਨ ‘ਤੇ ਚੜ੍ਹਾਗੀ।ਮਨ ਵਿੱਚ ਗੁੱਸਾ ਸੀ ਆਪਣੇ ਘਰ ਵਾਲੇ ਪ੍ਰਤੀ ਕਿ ਉਸ ਦੀ ਵਜ੍ਹਾ ਕਾਰਨ ਮੈਂ ਇਸ ਹਾਲਾਤ ਵਿੱਚ ਹਾਂ।ਟਰੇਨ ਪਲੇਟਫਾਰਮ ‘ਤੇ ਪਹੁੰਚ ਚੁੱਕੀ ਸੀ ‘ਤੇ ਹੌਲੀ ਹੌਲੀ ਰੁਕਣ ਲੱਗੀ।ਸਵਾਰੀਆਂ ਵੀ ਕਾਹਲੀ ਨਾਲ ਟਰੇਨ ਵੱਲ ਭੱਜਣ ਲੱਗੀਆਂ।ਜਦ ਮੈਂ ਵੀ ਹਨੀ ਨੂੰ ਚੁੱਕ ਜਲਦੀ ਜਲਦੀ ਬੈਗ ਚੁੱਕ ਟਰੇਨ ਵੱਲ ਭੱਜਣ ਲੱਗੀ ਤਾਂ ਇੱਕ ਅੱਠ ਸਾਲ ਦੇ ਬੱਚੇ ਨੇ ਆ ਕੇ ਬੈਗ ਫੜ੍ਹ ਲਿਆ।ਮੈਂ ਇੱਕ ਦਮ ਡਰ ਗਈ ਕਿ ਕਿਤੇ ਕੋਈ ਚੋਰ…. ਤਾਂ ਨਹੀਂ ਸੀ।ਪਰ ਉਸ ਬੱਚੇ ਦੇ ਉਹ ਸ਼ਬਦ ਜੋ ਆਪਣਿਆਂ ਨਾਲੋਂ ਵੀ ਵੱਧ ਮਿੱਠੇ ਸੀ।
“ਦੀਦੀ ਤੁਸੀਂ ਬੱਚੇ ਨੂੰ ਜਲਦੀ ਜਲਦੀ ਚੁੱਕ ਕੇ ਲੈ ਆਵੋ ਮੈਂ ਬੈਗ ਰੱਖਦਾ ਪੱਖੇ ਵਾਲੀ ਸੀਟ ‘ਤੇ ਜਾ ਕੇ ‘ਤੇ ਮੇਰੇ ਵੇਖਦੇ ਵੇਖਦੇ ਹੀ ਉਹ ਬੱਚਾ ਬੈਂਗ ਲੈ ਭੀੜ ਨੂੰ ਚੀਰਦਾ ਹੋਇਆ ਟਰੇਨ ਅੰਦਰ ਜਾ ਵੜਿਆ।ਮੈਨੂੰ ਟਰੇਨ ਵਿਚ ਚੜ੍ਹਨ ਲਈ ਕਾਫੀ ਸਮਾਂ ਲੱਗ ਗਿਆ ਪਰ ਮੈਂ ਹੈਰਾਨ ਸੀ ਜਦ ਅੰਦਰ ਗਈ ।ਉਸ ਬੱਚੇ ਨੇ ਮੇਰਾ ਬੈਗ ਸੀਟ ‘ਤੇ ਰੱਖ ਦਿੱਤਾ ਸੀ ‘ਤੇ ਉਪਰ ਪੱਖਾ ਚੱਲ ਰਿਹਾ ਸੀ ‘ਤੇ ਉਹ ਬੱਚਾ ਮੈਨੂੰ ਸੀਟ ‘ਤੇ ਬੈਠਣ ਦਾ ਇਸ਼ਾਰਾ ਕਰ ਫੇਰ ਬਾਹਰ ਨਿਕਲ ਗਿਆ।ਕੁੱਝ ਸਮਾਂ ਪਹਿਲਾਂ ਮਨ ਵਿੱਚ ਜੋ ਡਰ ਸੀ ਉਹ ਗਾਇਬ ਹੋ ਗਿਆ।ਪੱਖੇ ਦੀ ਹਵਾ ਲੱਗੀ ਤਾਂ ਹਨੀ ਵੀ ਚੁੱਪ ਹੋ ਗਿਆ।ਪਤਾ ਨਹੀਂ ਉਹ ਬੱਚਾ ਕੌਣ ਸੀ ਪਰ ਮੈਂ ਉਸ ਨੂੰ ਕੁਝ ਪੈਸੇ ਦੇਣਾ ਚਾਹੁੰਦੀ ਸੀ ‘ਤੇ ਉਸ ਦਾ ਧੰਨਵਾਦ ਕਰਨਾ ਚਾਹੁੰਦੀ ਸੀ।ਟਰੇਨ ਦੀ ਬਾਰੀ ਰਾਹੀਂ ਬਾਹਰ ਦੇਖਿਆ ਤਾਂ ਉਹ ਬੱਚਾ ਬੂਟ ਪਾਲਿਸ਼ ਕਰਨ ਵਾਲਾ ਸੀ। ਉਸ ਦੀ ਉਹ ਆਵਾਜ਼ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੀ ਏ…ਸਾਹਿਬ ਜੀ ਬੂਟ ਪਾਲਿਸ਼ ਕਰਵਾ ਲਵੋ…. ਸਾਹਿਬ ਜੀ ਬੂਟ ਪਾਲਿਸ਼ ਕਰਵਾ ਲਵੋ।ਟਰੇਨ ਚੱਲ ਪਈ।ਲੱਗਭੱਗ ਮੈਂ ਇੱਕ ਮਹੀਨਾ ਮੰਮੀ ਦੇ ਘਰ ਰਹੀ ‘ਤੇ ਹਮੇਸ਼ਾ ਉਸ ਬੱਚੇ ਨੂੰ ਯਾਦ ਕੀਤਾ ਜਿਸ ਕਰਕੇ ਮੇਰਾ ਸਫ਼ਰ ਸੁਖਾਲਾ ਹੋਇਆ।ਮਨ ਵਿੱਚ ਇੱਕ ਉਮੀਦ ਸੀ ਕਿ ਵਾਪਸੀ ‘ਤੇ ਉਸ ਬੱਚੇ ਨੂੰ ਜ਼ਰੂਰ ਮਿਲਾਂਗੀ।ਕੁਝ ਦਿਨਾਂ ਬਾਅਦ ਫਿਰ ਅਸੀਂ ਉਸੇ ਸਟੇਸ਼ਨ ‘ਤੇ ਆ ਉੱਤਰੇ।ਮੇਰੀਆਂ ਨਜ਼ਰਾਂ ਤਾਂ ਸਿਰਫ਼ ਉਸ ਬੱਚੇ ਨੂੰ ਹੀ ਲੱਭ ਰਹੀਆਂ ਸੀ,ਪਰ ਉਹ ਕਿਤੇ ਵੀ ਨਜ਼ਰ ਨਹੀਂ ਸੀ ਆ ਰਿਹਾ।ਉਸ ਦਿਨ ਉਹ ਜਿਸ ਜਗ੍ਹਾ ‘ਤੇ ਬੂਟ ਪਾਲਿਸ਼ ਕਰ ਰਿਹਾ ਸੀ ਉੱਥੇ ਅੱਜ ਕੋਈ ਬਜ਼ੁਰਗ ਬੈਠਾ ਸੀ।ਮੈਂ ਉਸ ਬਜ਼ੁਰਗ ਕੋਲ ਜਾ ਕੇ ਉਸ ਬੱਚੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ …
ਕਿ ਉਹ ਬੂਟ ਪਾਲਿਸ਼ ਦਾ ਕੰਮ ਕਰਦਾ ਸੀ ‘ਤੇ ਉਸ ਦਾ ਨਾਮ ਛੋਟੂ ਹੈ।ਹਰ ਇੱਕ ਦੀ ਮਦਦ ਕਰਦਾ ਕਦੇ ਕਿਸੇ ਦਾ ਬੈਗ ਟਰੇਨ ਵਿੱਚ ਰਖਵਾ ਦਿੰਦਾ ‘ਤੇ ਕਦੇ ਕੋਈ ਭਾਰੀ ਸਮਾਨ ਬਿਨਾਂ ਕਿਸੇ ਸਵਾਰਥ ਦੇ।ਬੂਟ ਪਾਲਿਸ਼ ਵਿੱਚ ਵੀ ਜੋ ਕੋਈ ਉਸ ਨੂੰ ਦੇ ਜਾਂਦਾ ਹੱਸ ਕੇ ਲੈ ਲੈਂਦਾ।ਮੈਂ ਉਸ ਵੱਲ ਦੇਖਦਾ ਤਾਂ ਮੈਨੂੰ ਲੱਗਦਾ ਜਿਵੇਂ ਇਹ ਕੋਈ ਰੱਬੀ ਰੂਹ ਹੋਵੇ।ਕਿਸੇ ਪ੍ਰਤੀ ਮਨ ਵਿੱਚ ਵੈਰ ਵਿਰੋਧ ਨਹੀਂ। ਹਰ ਇੱਕ ਦੀ ਮਦਦ ਕਰਨ ਵਾਲਾ ਬੱਚਾ ਸੀ।ਪਰ ਇਸ ਸਟੇਸ਼ਨ ‘ਤੇ ਕੁਲੀਆਂ ਦੀ ਯੂਨੀਅਨ ਨੇ ਉਸ ਨੂੰ ਇੱਥੋਂ ਭਜਾ ਦਿੱਤਾ।ਪਰ ਮੈਨੂੰ ਪਤਾ ਹੈ ਉਹ ਜਿੱਥੇ ਵੀ ਹੋਵੇਗਾ ਹਰ ਲੋੜਵੰਦ ਦੀ ਮੱਦਦ ਕਰਦਾ ਹੋਵੇਗਾ।ਇਹ ਜਾਣ ਮੇਰਾ ਮਨ ਭਰ ਗਿਆ।ਕੁਝ ਅਧੂਰਾ ਅਧੂਰਾ ਜਿਹਾ ਲੱਗਣ ਲੱਗਾ।ਬਹੁਤ ਕੋਸ਼ਿਸ਼ ਕੀਤੀ ਉਸ ਨੂੰ ਲੱਭਣ ਦੀ ਪਰ ਨਹੀਂ ਲੱਭਾ।ਅੱਜ ਵੀ ਜੇ ਯਾਦ ਕਰਦੀ ਹਾਂ ਤਾਂ ਮੈਂ ਖੁਸ਼ ਹੋ ਜਾਂਦੀ ਆਂ।ਕਿੰਨੇ ਆਪਣੇਪਨ ਨਾਲ ਉਸਨੇ ਮੈਨੂੰ “ਦੀਦੀ” ਕਹਿ ਕੇ ਬੁਲਾਇਆ।ਮੈਂ ਹਮੇਸ਼ਾ ਸੋਚਦੀ ਹਾਂ ਕਿ ਹਨੀ ਵੀ ਵੱਡਾ ਹੋ ਕੇ ਉਸ ਵਰਗਾ ਬਣੇ ਬਿਨਾਂ ਕਿਸੇ ਸੁਆਰਥ ਲੋੜਵੰਦ ਦੀ ਮਦਦ ਕਰੇ।ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਇਨਸਾਨ ਹਮੇਸ਼ਾ ਪਿਆਰਾ ਹੁੰਦਾ ਹੈ।ਅੱਜ ਇਸ ਗੱਲ ਨੂੰ ਦਸ ਸਾਲ ਬੀਤ ਗਏ। ਹਨੀ ਵੀ ਹੁਣ ਵੱਡਾ ਹੋ ਗਿਆ ਸੀ ‘ਤੇ ਅਕਸਰ ਮੈਂ ਹਨੀ ਨੂੰ ਉਸ ਬੂਟ ਪਾਲਸ਼ ਵਾਲੇ ਛੋਟੂ ਬਾਰੇ ਦੱਸਦੀ ਰਹਿੰਦੀ ਸੀ।ਗਰਮੀ ਦੀਆਂ ਛੁੱਟੀਆਂ ਮਿਲ ਗਈਆਂ ਸੀ ‘ਤੇ ਮੈਂ ਹਨੀ ਨੂੰ ਲੈ ਕੇ ਮੰਮੀ ਦੇ ਘਰ ਜਾ ਰਹੀ ਸੀ।ਸਟੇਸ਼ਨ ‘ਤੇ ਪਹੁੰਚ ਉੱਥੇ ਲੱਗੇ ਬੈਂਚ ‘ਤੇ ਬੈਠ ਗਏ।ਇਸ ਵਾਰ ਤਾਂ ਸੀਟ ਰਿਜ਼ਰਵ ਕਰਵਾਈ ਹੋਈ ਸੀ।ਸਾਡੀ ਟਰੇਨ ਤੋਂ ਪਹਿਲਾਂ ਇੱਕ ਲੋਕਲ ਟਰੇਨ ਆ ਕੇ ਰੁਕੀ।ਭੀੜ ਬਹੁਤ ਜ਼ਿਆਦਾ ਸੀ।ਅਚਾਨਕ ਹਨੀ ਉੱਠਿਆ ‘ਤੇ ਟਰੇਨ ਵੱਲ ਦੌੜਿਆ।ਮੈਂ ਇਹ ਸਭ ਦੇਖ ਹੈਰਾਨ ਹੋ ਗਈ ਕਿ ਹਨੀ ਨੇ ਇੱਕ ਬਜ਼ੁਰਗ ਔਰਤ ਦਾ ਬੈਗ ਫੜ ਲਿਆ ਜੋ ਟਰੇਨ ‘ਤੇ ਬੜੀ ਮੁਸ਼ਕਲ ਨਾਲ ਚੜ੍ਹ ਰਹੀ ਸੀ।ਹਨੀ ਨੇ ਉਸ ਔਰਤ ਨੂੰ ਸੀਟ ‘ਤੇ ਬਿਠਾ ਦਿੱਤਾ ‘ਤੇ ਵਾਪਸ ਮੇਰੇ ਕੋਲ ਆ ਗਿਆ।ਉਸ ਔਰਤ ਨੇ ਖਿੜਕੀ ਰਾਹੀਂ ਹਨੀ ਨੂੰ ਆਵਾਜ਼ ਮਾਰੀ ‘ਤੇ ਉਸ ਨੇ ਢੇਰ ਸਾਰੀਆਂ ਅਸੀਸਾਂ ਹਨੀ ਨੂੰ ਦਿੱਤੀਆਂ।ਮੇਰਾ ਮਨ ਭਰ ਆਇਆ,ਅੱਖੋਂ ਹੰਝੂ ਵਹਿ ਤੁਰੇ ਕਿਉਂਕਿ ਅੱਜ “ਮੇਰੀ ਤਲਾਸ਼” ਪੂਰੀ ਹੋ ਚੁੱਕੀ ਸੀ।ਮੈਂ ਹਨੀ ਨੂੰ ਘੁੱਟ ਸੀਨੇ ਨਾਲ ਲਾ ਲਿਆ..ਮੈਨੂੰ ਇੰਜ ਲੱਗਿਆ ਜਿਵੇਂ ਹਨੀ ਦੇ ਰੂਪ ਵਿੱਚ ਉਹ ਬੂਟ ਪਾਲਿਸ਼ ਕਰਨ ਵਾਲਾ ਛੋਟੂ ਮੇਰਾ ਵੀਰ ਮੈਨੂੰ ਮਿਲ ਗਿਆ ਹੋਵੇ…..
ਕੁਲਵੰਤ ਘੋਲੀਆ
95172-90006

Leave a Reply

Your email address will not be published. Required fields are marked *