ਪ੍ਰੀਵਰਤਨ | parivartan

ਮੇਰੇ ਬੇਟੇ ਦੇ ਅੱਠਵੀਂ ਪੇਪਰ ਸਨ। ਉਸ ਨੂੰ ਫਸਟ ਲਿਆਉਣ ਹਿੱਤ ਮੈਂ ਪੂਰੀ ਵਾਹ ਲਾ ਰਿਹਾ ਸੀ। ਪਰ ਉਹ ਹਿਸਾਬ ਵਿਚ ਕਾਫੀ ਕਮਜ਼ੋਰ ਸੀ। ਟਿਊਸ਼ਨ ਦਿਵਾਈ, ਪਰ ਮੈਨੂੰ ਤਸਲੀ ਨਹੀਂ ਹੋਈ, ਸੋ ਮੈਂ ਉਸ ਨੂੰ ਆਪਣੇ ਨਾਲ ਸਕੂਲ ਲੈ ਜਾਂਦਾ। ਸਾਡੇ ਸਕੂਲ ਦੇ ਇਮਤਿਹਾਨ ਵੀ ਨੇੜੇ ਸਨ, ਸਾਰੇ ਪੀਰੀਅਡ ਹੀ ਛੱਡ ਉਸ ਨੂੰ ਪੜ੍ਹਾਉਂਦਾ ਰਹਿੰਦਾ।
ਇੱਕ ਦਿਨ ਵਿਦਿਆਰਥੀ ਮੈਥੋਂ ਨਕਸ਼ਾ ਸਮਝਣ ਆ ਗਏ, ਮੈਂ ਉਹਨਾਂ ਤੇ ਟੁੱਟ ਪਿਆ, “ਪਹਿਲਾਂ ਕਿੱਥੇ ਗਏ ਸੀ…ਜਦੋਂ ਕਲਾਸ ‘ਚ ਦਸੋ, ਧਿਆਨ ਹੋਰ ਪਾਸੇ ਹੁੰਦੈ….., ਹੁਣ ਪੇਪਰਾਂ ਨੇੜੇ ਯਾਦ ਆ ਗਿਆ ਨਕਸ਼ਾ…..ਪਹਿਲਾਂ ਕਿੰਨੇ ਵਾਰ ਸਮਝਾਤਾ….. ਦੱਸੋ ਕੀ ਪੁੱਛਣੈ?”ਬੇਟੇ ਦੇ ਗ਼ਲਤ ਸਵਾਲ ਕੱਢਣ ਤੇ ਮੈਂ ਪਹਿਲੋਂ ਹੀ ਤਪਿਆ ਬੈਠਾ ਸਾਂ। ਉਹਨਾਂ ਹੱਥੋਂ ਨਕਸ਼ਾ ਫੜ ਕੇ ਮੈਂ ਕਾਹਲੀ-ਕਾਹਲੀ ਝਰੀਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
“ਨਾਲੇ ਦਿਮਾਗ਼ ਤੇ ਬਹੁਤਾ ਬੋਝ ਨਾ ਪਾਇਓ, ਘਰ ਦੀ ਕਲਾਸ ਐ, ਮੈਂ ਆਪੇ ਗੱਫੇ ਲਾਦੂੰ….., ਆਪੇ ਪੜ੍ਹ ਲਿਆ ਕਰੋ, ਤੁਹਾਨੂੰ ਪਤੈ ਨਾ ਕਿ ਆਪਣੇ ਮਿੰਟੂ ਦੇ ਪੇਪਰ ਐ ….” ਵਿਦਿਆਰਥੀ ਰੋਣ ਹਾਕੇ ਹੋ ਤੁਰ ਗਏ।ਮੈਂ ਫੇਰ ਉਹੀ ਸਵਾਲ ਮਿੰਟੂ ਨੂੰ ਚੌਥੀ ਬਾਰ ਕਢਵਾਉਣ ਲੱਗ ਪਿਆ।
“ਪਾਪਾ ਤੁਸੀਂ ਮੈਨੂੰ ਇਕ ਸਵਾਲ ਬਾਰ-ਬਾਰ ਸਮਝਾ ਕੇ ਨਹੀਂ ਅੱਕਦੇ, ਤੇ ਬਾਰ-ਬਾਰ ਕਰਨ ਤੇ ਮੇਰੇ ਸਮਝ ਵਿੱਚ ਵੀ ਨਹੀਂ ਪੈਂਦਾ, ਫਿਰ ਇਹਨਾਂ ਵਿਚਾਰਿਆਂ ਨੂੰ ਇਕ ਦੋ ਵਾਰ ਨਾਲ ਕਿਵੇਂ ਸਮਝ ਪੈਂਦਾ ਹੋਊ?” ਮੇਰੇ ਬੇਟੇ ਨੇ ਸਹਿਜ ਸੁਭਆ ਕਿਹਾ।ਵਿਦਿਆਰਥੀਆਂ ਦੇ ਚਿਹਰੇ, ਮਿੰਟੂ ਦਾ ਪ੍ਰਸ਼ਨ ਤੇ ਭਾਰਤ ਦਾ ਨਕਸ਼ਾ ਮੇਰੇ ਸੋਚ ਵਿੱਚ ਅਜਿਹਾ ਖੁਭ ਗਏ ਕਿ ਮੈਂ ਮਿੰਟੂ ਦਾ ਹਿਸਾਬ ਪਰ੍ਹਾਂ ਸੁੱਟ ਆਪਣੀ ਕਲਾਸ ਲੈਣ ਤੁਰ ਪਿਆ।
ਪਰਦੀਪ ਮਹਿਤਾ
ਲੈਕਚਰਾਰ ਪੰਜਾਬੀ
ਮੌੜ ਮੰਡੀ
ਮੋਬਾਈਲ:9464587013

Leave a Reply

Your email address will not be published. Required fields are marked *