ਭੇਡਾਂ | bheda

ਦੋ ਵੱਖੋ-ਵੱਖ ਬਿਰਤਾਂਤ..ਭੇਡਾਂ ਦੀ ਰਾਖੀ ਲਈ ਰੱਖਿਆ ਸ਼ਿਕਾਰੀ ਜਦੋਂ ਭੇਡਾਂ ਖਾਣ ਆਏ ਜੰਗਲੀ ਭੇੜੀਏ ਨਾਲ ਭਿੜ ਗਿਆ ਤਾਂ ਵਫ਼ਾਦਾਰੀ ਨਿਭਾਉਂਦਾ ਖੁਦ ਲਹੂ ਲੁਹਾਨ ਹੋ ਗਿਆ..ਪਰ ਸਾਰੀਆਂ ਭੇਡਾਂ ਬਚਾ ਲਈਆਂ..ਮਗਰੋਂ ਭੇਡਾਂ ਨੇ ਵੀ ਤਹਿ ਦਿਲੋਂ ਹਮਦਰਦੀ ਅਤੇ ਸ਼ੁਕਰੀਆ ਅਦਾ ਕੀਤਾ..!
ਦੂਜਾ ਬਿਰਤਾਂਤ ਆਪਣੇ ਲੋਕਾਂ ਲਈ ਲੜਦੇ “ਚੀ-ਗੁਵੇਰਾ” ਨਾਮ ਦੇ ਬਾਗੀ ਦਾ ਹੈ..ਜਿਹੜਾ ਜਦੋਂ ਇੱਕ ਚਰਵਾਹੇ ਦੀ ਮੁਖਬਰੀ ਨਾਲ ਫੜਿਆ ਗਿਆ ਤਾਂ ਲੋਕਾਂ ਪੁੱਛਿਆ ਤੂੰ ਸੂਹ ਕਿਓਂ ਦਿੱਤੀ ਤਾਂ ਆਖਣ ਲੱਗਾ..ਜਦੋਂ ਇਹ ਬਾਗੀ ਨਿਸ਼ਾਨੇਬਾਜੀ ਦੇ ਅਭਿਆਸ ਲਈ ਗੋਲੀਆਂ ਚਲਾਇਆ ਕਰਦਾ ਸੀ ਤਾਂ ਮੇਰੀਆਂ ਭੇਡਾਂ ਡਰ ਜਾਇਆ ਕਰਦੀਆਂ ਤੇ ਓਹਨਾ ਦਾ ਦੁੱਧ ਵੀ ਸੁੱਕ ਜਾਂਦਾ ਸੀ!
ਜਿੰਦਗੀ ਜਿਉਣ ਦੇ ਦੋ ਤਰੀਕੇ..ਪਹਿਲਾ..ਆਸੇ ਪਾਸੇ ਜੋ ਹੁੰਦਾ ਹੋਣ ਦਿਓ..ਖੁਦ ਖਾਓ ਪੀਓ ਲਵੋ ਅਨੰਦ..ਢੱਠੇ ਚ ਪਵੇ ਪਰਮਾਨੰਦ..ਤੇ ਦੂਜਾ..ਬੇਗਾਨਾ ਦਰਦ ਖੁਦ ਤੇ ਮਹਿਸੂਸ ਕਰ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਆਖਣ ਦਾ ਮਾਦਾ ਰੱਖਿਆ ਜਾਵੇ!
ਜੱਲੂਪੁਰ ਖੇੜਾ ਪਿੰਡ ਦੇ ਨਸ਼ੇ ਛੁਡਾਊ ਕੇਂਦਰ ਤੇ ਛਾਪਾ ਵੱਜਾ..ਸਾਰੇ ਭਜਾ ਦਿੱਤੇ ਅਖ਼ੇ ਤੁਹਾਡੇ ਕੋਲ ਕੇਂਦਰ ਚਲਾਉਣ ਦਾ ਲਾਈਸੇਂਸ ਮਨਜ਼ੂਰੀ ਨਹੀਂ..ਨਾਲੇ ਇਥੇ ਮਨੁੱਖੀ ਬੰਬ ਵੀ ਤਿਆਰ ਕੀਤੇ ਜਾਂਦੇ..ਮਗਰ ਇੱਕ ਦੋ ਹੀ ਰਹਿ ਗਏ..ਭੁੱਖਣ ਭਾਣੇ..!
ਰਿਪੋਰਟਰ ਨੇ ਪੁੱਛਿਆ..ਨਸ਼ੇ ਛੁਡਾਏ ਕਿੱਦਾਂ ਜਾਂਦੇ ਸਨ?
ਆਖਣ ਲੱਗੇ..ਕੋਈ ਦਵਾਈ ਨਹੀਂ ਕੋਈ ਡਰੱਗ ਨਹੀਂ ਕੋਈ ਸਖਤੀ ਨਹੀਂ..ਬਸ ਜਦੋ ਕਿਸੇ ਨੂੰ ਤੋਟ ਲੱਗਦੀ ਤਾਂ ਗੁਰਬਾਣੀ ਦਾ ਪ੍ਰਵਾਹ ਚਲਾ ਦਿੱਤਾ ਜਾਂਦਾ ਤੇ ਔਖੀ ਘੜੀ ਟਲ ਜਾਇਆ ਕਰਦੀ!
ਸੋ ਦੋਸਤੋ ਜਰੂਰੀ ਨਹੀਂ ਕੇ ਬਚ ਗਈਆਂ ਭੇਡਾਂ ਹਰ ਵੇਰ ਰਾਖੀ ਕਰਨ ਵਾਲੇ ਦਾ ਸ਼ੁਕਰੀਆ ਹੀ ਅਦਾ ਕਰਨ..ਕਈ ਵੇਰ ਲਹੂ ਲੁਹਾਨ ਹੋਏ ਦੀ ਉਲਟਾ ਮੁਖਬਰੀ ਕਰ ਵੱਡਾ ਘਾਣ ਵੀ ਕਰਵਾ ਦਿੱਤਾ ਜਾਂਦਾ..ਇਹ ਨਿਰਭਰ ਕਰਦਾ ਹੈ ਭੇਡਾਂ ਦੀ ਕਿਸਮ ਤੇ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *