ਕੀ ਦੱਸਾਂ ਕਿੱਦਾਂ ਗੁਜਾਰੀ ਵੇ ਰਾਤ ਮੈਂ | ki dasa kida gujari raat mai

ਕਲ੍ਹ ਕਿਸੇ ਕੰਮ ਲਈ ਬਾਹਰ ਜਾਣਾ ਪਿਆ। ਸਾਰਾ ਦਿਨ ਵਹਿਲੇ ਸੀ ਮੋਬਾਇਲ ਚਲਾਉਂਦਾ ਰਿਹਾ। ਵਾਪਿਸੀ ਤੇ ਦੇਖਿਆ ਬੈਟਰੀ 7% ਹੀ ਬਚੀ ਸੀ। ਆਪਣੇ ਜਾਣੇ ਸਿਆਣਪ ਕਰਦਿਆਂ ਮੋਬਾਇਲ ਦੋਸਤ ਦੀ ਕਾਰ ਵਿੱਚ ਹੀ ਚਾਰਜ ਲਈ ਲਾ ਦਿੱਤਾ। ਪਰ 57+ ਹੂ ਨਾ। ਵਾਪਿਸੀ ਵੇਲੇ ਮੋਬਾਇਲ ਉਸ ਦੀ ਕਾਰ ਵਿੱਚ ਹੀ ਭੁੱਲ ਆਇਆ। ਘਰੇ ਆ ਗਿਆ। ਉਹ ਤੇਰੀ।ਪਰ ਹੁਣ ਕੀ ਕੀਤਾ ਜਾਵੇ। ਖੈਰ ਅੱਜ ਦੀ ਰਾਤ ਮੋਬਾਈਲ ਤੋਂ ਬਿਨਾਂ ਗੁਜ਼ਾਰਨੀ ਪੈਣੀ ਸੀ। ਗੁਜਾਰੀ ਫਿਰ। ਸੋਂਹ ਰੱਬ ਦੀ ਬੜਾ ਦੁਖੀ ਹੋਇਆ। ਇੰਨਾ ਦੁਖੀ ਤਾਂ ਬੰਦਾ ਘਰਵਾਲੀ ਦੇ ਪੇਕੀਂ ਜਾਣ ਤੇ ਨਹੀਂ ਹੁੰਦਾ।ਜਿੰਨਾ ਔਖਾ ਮੋਬਾਈਲ ਬਿਨਾ ਹੋਇਆ। ਔਖੈ ਸੌਖੇ ਨੇ ਸ਼ਾਮ ਗੁਜਾਰੀ। ਦੋਸਤ ਨੂੰ ਮਿਲਣ ਚਲਾ ਗਿਆ। ਖੂਬ ਗੱਲਾਂ ਕੀਤੀਆਂ। ਡਾਕਟਰ ਸਾਹਿਬ ਵੀ ਖੁੱਲ ਕੇ ਮਿਲੇ। ਮੇਰਾ ਧਿਆਨ ਵੀ ਡਾਕਟਰ ਸਾਹਿਬ ਦੀਆਂ ਗੱਲਾਂ ਵਿੱਚ ਹੀ ਸੀ। ਨਹੀਂ ਤਾਂ ਅਕਸਰ ਮੋਬਾਈਲ ਵਿੱਚ ਹੁੰਦਾ ਹੈ। ਘਰੇ ਆ ਕੇ ਛੋਟੇ ਬੇਟੇ ਨਾਲ ਕਾਫੀ ਵਿਚਾਰ ਵਟਾਂਦਰਾ ਕੀਤਾ। ਸਿਆਣੀਆਂ ਗੱਲਾਂ ਕਰਦਾ ਹੈ ਸਾਡਾ ਛੋਟਾ। ਘਰ ਵਾਲੀ ਨਾਲ ਕਬੀਲ ਦਾਰੀ ਦੇ ਕਈ ਕਿੱਸੇ ਸਾਂਝੇ ਕੀਤੇ। ਬਹੁਤ ਕੁਝ ਨਵਾਂ ਸਿੱਖਣ ਤੇ ਸੁਣਨ ਨੂੰ ਮਿਲਿਆ। ਨਹੀਂ ਤਾਂ ਸਾਰੀ ਤਵੱਜੋ ਫੇਸ ਬੁੱਕ ਚ ਪਈ ਰਹਿੰਦੀ ਸੀ। ਬਹੁਤੀਆਂ ਸੂਚਨਾਵਾਂ ਅਣ ਸੁਣੀਆਂ ਹੀ ਰਿਹ ਜਾਂਦੀਆਂ ਸਨ। ਕਲ ਪਤਾ ਲਗਿਆ ਕਿ ਘਰਵਾਲੀ ਕਬੀਲਦਾਰੀ ਦਾ ਕਿੰਨਾ ਫਿਕਰ ਕਰਦੀ ਹੈ। ਕਈ ਘਰੇਲੂ ਸਮੱਸਿਆਵਾਂ ਨਾਲ ਰੂ ਬ ਰੂ ਹੋਇਆ। ਬੜੇ ਸਵਾਦ ਨਾਲ ਰੋਟੀ ਖਾਧੀ। ਪਹਿਲੀ ਵਾਰੀ ਅਹਿਸਾਸ ਹੋਇਆ ਕਿ ਪਤਾ ਨਹੀਂ ਰੋਜ਼ ਨਮਕ ਜਿਆਦਾ ਕਿਓਂ ਹੁੰਦਾ ਹੈ। ਨੋਇਡਾ ਰਹਿੰਦੇ ਬੇਟੇ ਤੇ ਨਵੀਂ ਬਣੀ ਬੇਟੀ ਨਾਲ ਵੀ ਖੂਬ ਗੱਲਾਂ ਕੀਤੀਆਂ। ਟੈਲੀਵੀਯਨ ਤੇ ਆ ਰਹੀ ਫੁਕਰੇ ਫਿਲਮ ਸ਼ੁਰੂ ਤੋਂ ਅਖੀਰ ਤੱਕ ਦੇਖੀ। ਮੈਨੂੰ ਈਓਂ ਲੱਗਿਆ ਜਿਵੇਂ ਜਨਾਨੀਆਂ ਕਰਵਾ ਚੋਥ ਦਾ ਵਰਤ ਰੱਖਦੀਆਂ ਹਨ ਤੇ ਮੈਂ ਮੋਬਾਈਲ ਫੋਨ ਦਾ ਵਰਤ ਰਖਿਆ ਹੋਵੇ। ਮੋਬਾਈਲ ਦੀ ਦੁਨੀਆ ਤੋਂ ਬਾਹਰ ਵੀ ਕੋਈ ਸੰਸਾਰ ਵਸਦਾ ਹੈ। ਵਟ੍ਸ ਐਪ ਰਾਹੀਂ ਆਉਂਦੇ ਸੰਦੇਸ਼ਾਂ ਦਾ ਕੋਈ ਬੋਝ ਨਹੀਂ। ਪਰ ਫਿਰ ਵੀ ਦਿਮਾਗ ਦੇ ਕਿਸੇ ਕੋਨੇ ਵਿੱਚ ਰਿੰਗ ਟੋਨ ਵੱਜਦੀ ਰਹੀ। ਰਾਤ ਨੂੰ ਮੋਬਾਈਲ ਦੇ ਸੁਫਨੇ ਆਉਂਦੇ ਰਹੇ।ਕਦੇ ਮੋਬਾਈਲ ਕਾਰ ਬਣ ਕੇ ਮੇਰੇ ਅੱਗੇ ਦੋੜਨ ਲੱਗ ਜਾਵੇ ਤੇ ਮੈਂ ਉਸਦੇ ਪਿੱਛੇ ਇੱਦਾਂ ਭੱਜ ਰਿਹਾ ਸੀ ਜਿਵੇ ਛੋਟੇ ਹੁੰਦੇ ਪੰਜੀ ਦੀ ਕੁਲਫ਼ੀ ਵੇਚਣ ਵਾਲੇ ਪਿੱਛੇ ਭੱਜਦੇ ਹੁੰਦੇ ਸੀ। ਕਦੇ ਮੋਬਾਈਲ ਕਿਸੇ ਕੁੱਤੇ ਵਾਂਗੂ ਮੇਰੇ ਮੂਹਰੇ ਭੱਜਦਾ। ਨਾ ਮੋਬਾਈਲ ਮਿਲਿਆ ਨਾ ਨੀਂਦ ਆਈ। ਮਸਾਂ ਦਸ ਵਜੇ ਮੋਬਾਈਲ ਦੇ ਦਰਸ਼ਨ ਹੋਏ। ਫੇਸ ਬੁੱਕ ਦੇ ਸੰਦੇਸ਼ਾਂ ਟਿੱਪਣੀਆਂ ਨੂੰ ਪੜ੍ਹਿਆ। ਵਟ੍ਸ ਐਪ ਵੀ ਪੂਰਾ ਖੰਘਾਲਿਆ। ਮੇਰਾ ਤੇ ਮੋਬਾਈਲ ਦਾ ਮਿਲਣ ਭਰਤ ਮਿਲਾਪ ਤੋਂ ਘੱਟ ਨਹੀਂ ਸੀ। ਮੈਨੂੰ ਪਤਾ ਹੈ ਮੈਂ ਮੋਬਾਈਲ ਬਿਨਾ ਇੱਕ ਰਾਤ ਕਿੱਦਾਂ ਗੁਜਾਰੀ ਹੈ।
ਕਾਸ਼ ਹਫਤੇ ਵਿੱਚ ਇੱਕ ਦਿਨ ਨੋ ਮੋਬਾਈਲ ਡੇ ਹੁੰਦਾ।
ਰਮੇਸ ਸੇਠੀ ਬਾਦਲ
ਮੋ 9876627233

Leave a Reply

Your email address will not be published. Required fields are marked *