ਸਲਮਾ ਭਾਗ 1 | salma part 1

ਸਲਮਾ ਮਲੇਰਕੋਟਲੇ ਦੇ ਨੇੜੇ ਦੇ ਇੱਕ ਪਿੰਡ ਦੀ ਗਰੀਬ ਕੁੜੀ ਸੀ। ਮੁਸਲਮਾਨ ਪਰਿਵਾਰ  ਵਿੱਚ ਜੰਮੀ ਇਹ ਕੁੜੀ ਬੇਹੱਦ ਖੂਬਸੂਰਤ ਸੀ। ਗੋਰਾ ਰੰਗ ਤਿੱਖੇ ਨੈਣ ਨਕਸ਼ ਤੇ ਘੁੰਗਰਾਲੇ ਵਾਲ ਉਸ ਨੂੰ ਚਾਰ ਚੰਨ ਲਗਾਉਂਦੇ।। ਬਚਪਨ ਚ, ਹੀ ਪਿਤਾ ਦਾ ਸਾਇਆ ਸਿਰ ਤੋੰ ਉੱਠ ਗਿਆ। ਉਹ ਆਪਣੀ ਮਾਂ ਤੇ ਚਾਚਾ ਚਾਚੀ ਨਾਲ ਪਿੰਡ ਚ, ਰਹਿੰਦੀ । ਸਲਮਾ ਘਰ ਦਾ ਸਾਰਾ ਕੰਮ ਕਰਦੀ ।ਪਿੰਡ ਦੇ ਸਕੂਲ ਤੋਂ ਦੱਸ ਜਮਾਤਾਂ ਪੜ੍ਹ ਲਈਆਂ। ਦੱਸਵੀ ਦੇ ਪੇਪਰ ਹੀ ਦਿੱਤੇ ਸਨ ਜਦੋਂ ਮਾਂ ਨੇ ਚਾਚੇ ਤੇ ਜੋਰ ਪਾਇਆ ਕਿ ਸਲਮਾ ਦਾ ਵਿਆਹ ਕਰ ਦਿਉ। ਚਾਚੇ ਨੇ ਸੋਲਾਂ ਸਾਲ ਦੀ ਸਲਮਾ ਦਾ ਵਿਆਹ ਨਾਲ ਵਾਲੇ ਪਿੰਡ ਦੇ ਮੁੰਡੇ ਨਾਲ ਕਰ ਦਿੱਤਾ ਜੋ ਪਿੰਡ ਚ ਹੀ ਦੁਕਾਨ ਚਲਾਉਂਦਾ ਸੀ।

ਸਲਮਾ ਪਹਿਲਾਂ ਤਾਂ ਚਾਚਾ ਚਾਚੀ ਦੇ ਘਰ ਸਾਰਾ ਕੰਮ ਕਰਦੀ ਸੀ ਤੇ ਹੁਣ ਸਹੁਰੇ ਘਰ ਜਾ ਕੇ ਸਾਰਾ ਕੰਮ ਕਰਨ ਲੱਗੀ । ਉਸ ਨੂੰ ਲੱਗਦਾ ਸੀ ਔਰਤ ਦੀ ਬਸ ਇਹੋ ਜਿੰਦਗੀ ਹੈ। ਪੰਜ ਸਾਲ ਹੋ ਗਏ ਸਨ ਵਿਆਹ ਨੂੰ ਪਰ ਸਲਮਾ ਮਾਂ ਨਾ ਬਣ ਸਕੀ। ਸਹੁਰਿਆਂ ਨੇ ਸਲਮਾ ਦੇ ਪਤੀ ਤੇ ਦੂਜਾ ਵਿਆਹ ਕਰਵਾਉਣ ਲਈ ਜੋਰ ਪਾਇਆ। ਉਸ ਦਾ ਪਤੀ ਤਿਆਰ ਤਾਂ ਹੋ ਗਿਆ ਪਰ ਉਹ ਸਲਮਾ ਦੀ ਰਜ਼ਾਮੰਦੀ ਲੈਣਾ ਜਰੂਰੀ ਸਮਝਦਾ ਸੀ।

” ਤੇਰੇ ਬੱਚਾ ਨਹੀਂ ਹੋਇਆ ਸਲਮਾ ਇਸ ਲਈ ਮੇਰੇ ਮਾਂ ਬਾਪ ਮੇਰਾ ਦੂਜਾ ਵਿਆਹ ਕਰਨ ਬਾਰੇ ਸੋਚ ਰਹੇ ਹਨ” ਸਲਮਾ ਦੇ ਪਤੀ ਨੇ ਸਲਮਾ ਨੂੰ ਕਿਹਾ।

” ਪਰ ਤੁਸੀਂ ਕੀ ਸੋਚਦੇ ਹੋ” ???ਸਲਮਾ ਨੇ ਆਪਣੇ ਖਾਵੰਦ ਤੋਂ ਪੁੱਛਿਆ।

” ਸਲਮਾ ਬੱਚਾ ਵੀ ਜਰੂਰੀ ਹੈ ਪਰ ਮੈੰ ਤੈਨੂੰ ਛੱਡਣ ਥੋਹੜੀ ਲੱਗਿਆ। ਮੈੰ ਤਾਂ ਤੇਰੀ ਮੱਦਦ ਲਈ ਤੇਰੀ ਇੱਕ ਹੋਰ ਭੈਣ ਲਿਆਉਣ ਬਾਰੇ ਸੋਚ ਰਿਹਾ ਹਾਂ। ਤੁਸੀਂ ਦੋਵੇ ਭੈਣਾਂ ਰਲ ਮਿਲ ਕੇ ਰਹੀ ਜਾਇਉ”,,,,

” ਨਹੀ ਮੈੰ ਇਹ ਬਰਦਾਸ਼ਤ ਨਹੀਂ ਕਰ ਸਕਦੀ । ਮੈੰ ਜਿੰਦਗੀ ਚ, ਸਭ ਕੁੱਝ ਵੰਡ ਸਕਦੀ ਹਾਂ ਪਰ  ਆਪਣਾ ਖਾਵੰਦ ਨਹੀ ” ਸਲਮਾ ਨੇ ਦਲੇਰੀ ਨਾਲ ਕਿਹਾ।

” ਪਰ ਸਲਮਾ ਮੇਰੇ ਮਾਂ ਬਾਪ ਤਾਂ ਫੈਸਲਾ ਕਰੀ ਬੈਠੇ ਨੇ ਮੈੰ ਉਨ੍ਹਾਂ ਦੇ ਫੈਸਲੇ ਤੋੰ ਬਾਹਰ ਕਿਵੇਂ ਜਾ ਸਕਦਾ ਹਾਂ ”

” ਫੇਰ ਠੀਕ ਹੈ ਤੁਸੀ ਪਹਿਲਾਂ ਮੈਨੂੰ ਤਲਾਕ ਦੇ ਦਿਉ ਫੇਰ ਜੋ ਮਰਜ਼ੀ ਕਰੀ ਜਾਇਉ ” ਸਲਮਾ ਦਾ ਪਤੀ ਤਾ ਇਹੋ ਚਾਹੁੰਦਾ ਸੀ। ਉਸ ਨੇ ਝੱਟ  ਉਸ ਨੂੰ ਤਲਾਕ ਦੇ ਦਿੱਤਾ। ਸਲਮਾ ਵਾਪਿਸ ਆਪਣੇ ਪਿੰਡ ਆ ਗਈ। ਹੁਣ ਉਹ ਚੁੱਪਚਾਪ ਰਹਿੰਦੀ, ਘਰ ਦੇ ਕੰਮ ਦੇ ਨਾਲ ਨਾਲ ਡੰਗਰਾਂ ਦਾ ਕੰਮ ਵੀ ਕਰਦੀ। ਡੰਗਰਾਂ ਦਾ ਦੁੱਧ ਉਹ ਡੇਅਰੀ ਚ, ਪਾ ਕੇ ਚਾਚੇ ਨੂੰ ਪੈਸਿਆਂ ਦਾ ਸਹਾਰਾ ਦਿੰਦੀ। ਅਚਾਨਕ ਚਾਚੇ ਦੇ ਕਿਸੇ  ਰਿਸ਼ਤੇਦਾਰ ਜੋ ਕਿਸੇ ਇੰਮੀਗ੍ਰੇਸ਼ਨ ਕੰਪਨੀ ਚ ਕੰਮ ਕਰਦਾ ਸੀ ਨੇ ਚਾਚੇ ਨੂੰ ਸਲਾਹ ਦਿੱਤੀ,,,

” ਚਾਚਾ ਤੁਸੀਂ ਸਲਮਾ ਨੂੰ ਡੁਬਈ ਭੇਜ ਦਿਉ । ਉੱਥੇ ਜਵਾਨ ਕੁੜੀਆਂ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਨੂੰ ਘਰਾਂ ਚ ਮੇਡ ਦਾ ਕੰਮ ਮਿਲ ਜਾਂਦਾ ਹੈ, ਤਨਖਾਹ ਵੀ ਚਾਰ ਹਜ਼ਾਰ ਦੀਮਾਨ ਮਹੀਨਾ ਤੱਕ ਮਿਲ ਜਾਂਦੀ ਹੈ। ਜਿਹੜਾ ਇੱਧਰਲਾ ਆਪਣਾ ਲੱਖ ਰੁਪਿਆ ਮਹੀਨਾ ਬਣਦਾ ਹੈ। ਖਾਣ ਪੀਣ ਤੇ ਰਹਿਣ ਸਹਿਣ ਮੁਫ਼ਤ।

” ਅੱਛਾ ਬੇਟਾ ਉਹ ਜਾ ਸਕਦੀ ਹੈ ਡੁਬਈ”??

” ਹਾਂ ਚਾਚਾ ਕਿਉਂ ਨਹੀਂ ਜਾ ਸਕਦੀ ਬਸ ਤੁਸੀਂ ਸਲਮਾ ਨੂੰ ਪੁੱਛ ਲਵੋ”

“ਬੇਟਾ ਉਸ ਵਿਚਾਰੀ ਨੇ ਕੀ ਕਹਿਣਾ  ਤੂੰ ਉਸ ਦੇ ਕਾਗਜ਼ ਬਣਾ ਦੇ ਪੁੱਤਰ ”

” ਚਾਚਾ ਤੂੰ ਫਿਕਰ ਨਾ ਕਰ ਮੈਂ ਛੇਤੀ ਹੀ ਇੰਤਜਾਮ ਕਰਦਾ ”

ਲੱਖ ਰੁਪਏ ਤਨਖਾਹ ਦਾ ਨਾਂ ਸੁਣ ਕੇ ਸਲਮਾ ਤੇ ਉਸਦੀ ਮਾਂ ਨੇ ਝੱਟ ਹਾਂ ਕਰ ਦਿੱਤੀ। ਚਾਚੇ ਦੇ ਰਿਸ਼ਤੇਦਾਰ ਨੇ ਕੁੱਝ ਹੀ ਮਹੀਨਿਆਂ ਚ ਸਲਮਾ ਦਾ ਵੀਜ਼ਾ ਲਵਾ ਦਿੱਤਾ। ਇੱਕ ਪਾਕਸਤਾਨੀ ਪਰਿਵਾਰ ਚ, ਉਸ ਨੂੰ ਮੇਡ ਦੀ ਨੌਕਰੀ ਵੀ ਦਿਲਵਾ ਦਿੱਤੀ। ਪਿੰਡ ਦੀ ਸਰੀਫ਼ ਕੁੜੀ ਜਿਹੜੀ ਕਦੇ ਸ਼ਹਿਰ ਵੀ ਨਹੀ ਸੀ ਗਈ ਉਹ ਡੁਬਈ ਨੌਕਰੀ ਕਰਨ ਜਾ ਰਹੀ ਸੀ। ਚਾਚਾ ਤੇ ਉਸਦਾ ਰਿਸ਼ਤੇਦਾਰ ਸਲਮਾ ਨੂੰ  ਜਹਾਜ਼ ਚੜਾਉਣ ਗਏ। ਸਭ ਕੁੱਝ ਸਮਝਾ ਕੇ ਸਲਮਾ ਨੂੰ ਜਹਾਜ਼ ਚੜ੍ਹਾ ਦਿੱਤਾ। ਉੱਧਰ ਪਾਕਸਤਾਨੀ ਪਰਿਵਾਰ ਜੋ ਡੁਬਈ ਰਹਿੰਦਾ ਸੀ, ਜਿੱਥੇ ਸਲਮਾ ਨੇ ਨੌਕਰੀ ਕਰਨੀ ਸੀ ਉਨ੍ਹਾਂ ਨੂੰ ਫੋਨ ਕਰ ਦਿੱਤਾ। ਸਲਮਾ ਡੁਬਈ ਏਅਰਪੋਰਟ ਪਹੁੰਚ ਗਈ।ਉਸ ਨੇ ਤਖਤੀ ਤੇ ਆਪਣਾ ਨਾਂ ਲਿਖੀਆ ਸੀ। ਉਹ ਆਪਣੇ ਨਾਂ ਵਾਲੀ ਤਖਤੀ ਫੜ੍ਹ ਕੇ ਬੈਠ ਗਈ। ਥੋਹੜੀ ਦੇਰ ਚ ,ਉਸ ਨੂੰ ਇੱਕ ਸੰਤੋਸ਼ ਯਾਦਵ ਨਾਂ ਦਾ ਡਰਾਈਵਰ ਲੈਣ ਆਇਆ । ਮਾਲਕ ਨੇ ਸਲਮਾ ਨੂੰ ਲੈਂਣ ਵਾਸਤੇ ਕਾਰ ਭੇਜੀ।

ਜੂਮੇਰਾ ਡੁਬਈ ਦਾ ਇੱਕ ਬਹੁਤ ਹੀ ਪੌਸ਼ ਏਰੀਆ ਸੀ। ਐਥੇ ਹੀ ਉਹ ਪਾਕਸਤਾਨੀ ਪਰਿਵਾਰ ਇੱਕ ਬਹੁਤ ਵੱਡੇ ਘਰ ਚ ਰਹਿੰਦਾ ਸੀ। ਘਰ ਦੇ ਮਾਲਕ ਦਾ ਨਾਂ ਸੀ ਹਸਨ ਅਲੀ ਜੋ ਚਾਲੀ ਕੁ ਸਾਲ ਦਾ ਸੀ।ਉਸਦੀ ਪਤਨੀ ਮੇਹਰ ਤੇ ਇੱਕ ਛੇ ਸਾਲ ਦਾ ਬੇਟਾ ਸੀ ਜਾਇਦ । ਹਸਨ ਅਲੀ ਇੱਕ ਬਹੁਤ ਵੱਡਾ ਬਿਜ਼ਨਸਮੈਨ ਸੀ। ਸਲਮਾ ਤੋਂ ਬਿਨਾਂ ਘਰ ਵਿੱਚ ਇੱਕ ਹੋਰ ਮੇਡ ਸੀ ਗਰੇਸ ਜੋ ਸਾਉਥ ਕੋਰੀਆ ਤੋਂ ਸੀ। ਸਲਮਾ ਤੋੰ ਬਿਨਾ ਡਰਾਈਵਰ ਸੰਤੋਸ਼  ਜੋ ਯੂ.ਪੀ ਤੋੰ ਸੀ।  ਸਭ ਤੋਂ ਪਹਿਲਾਂ ਸਲਮਾ ਮੇਹਰ ਨੂੰ ਮਿਲੀ।

” ਸਲਾਮ ਏਕਮ ਭਾਉ ਜੀ ” ਉਸ ਨੇ ਮੇਹਰ ਨੂੰ ਮਿਲਦੇ ਹੀ ਕਿਹਾ।

” ਵਾਕੇਅਮ ਸਲਾਮ। ਤੇਰਾ ਸਫ਼ਰ ਕਿਵੇਂ ਰਿਹਾ ਸਲਮਾ”?

” ਠੀਕ ਰਿਹਾ ਜੀ ”

” ਠੀਕ ਹੈ ਤੂੰ ਅੱਜ ਅਰਾਮ ਕਰ ਕੱਲ ਤੋਂ ਤੇਰਾ ਕੰਮ ਸ਼ੁਰੂ ”

ਮੇਹਰ ਦੇ ਕਹਿਣ ਤੇ ਗਰੇਸ ਨੇ ਸਲਮਾ ਨੂੰ ਸਾਰਾ ਘਰ ਵਿਖਾਇਆ। ਸਲਮਾ ਘਰ ਵੇਖ ਕੇ ਹੈਰਾਨ ਰਹਿ ਗਈ ਐਨਾ ਵੱਡਾ ਘਰ ਉਸ ਨੇ ਕਦੇ ਸੁਪਨੇ ਚ ਵੀ ਨਹੀ ਵੇਖਿਆ ਸੀ। ਤਿੰਨ ਮੰਜਲੇ ਮਕਾਨ ਚ ਲਿਫ਼ਟ ਵੀ ਸੀ। ਸਾਰਾ ਘਰ ਬਹੁਤ ਵਧੀਆ ਢੰਗ ਨਾਲ ਸਜਾਇਆ ਹੋਇਆ ਸੀ। ਹਸਨ ਤੇ ਮੇਹਰ ਬਹੁਤ ਹੀ ਹਾਈ ਕਲਾਸ ਜਿੰਦਗੀ ਜਿਉਦੇ ਸਨ। ਹਸਨ ਕੋਲ ਬਹੁਤ ਪੈਸਾ ਸੀ ਉਸ ਦਾ ਬਿਜ਼ਨਸ ਬਹੁਤ ਵਧੀਆ ਸੀ। ਮੇਹਰ ਹਾਉਸ ਵਾਈਫ਼ ਸੀ। ਪਰ ਉਹ ਸਾਰਾ ਦਿਨ ਘਰ ਤੋਂ ਬਾਹਰ ਹੀ ਰਹਿੰਦੀ। ਉਹ ਆਪਣੀਆਂ ਦੋਸਤਾਂ ਨਾਲ ਪਾਰਟੀਆਂ ਤੇ ਜਾਂਦੀ। ਉਸ ਨੂੰ ਲਿਖਣ ਦਾ ਸ਼ੌਕ ਸੀ ਉਹ ਇੱਕ ਕਵਿਤਾਵਾਂ ਦੀ ਕਿਤਾਬ ਲਿਖਣਾ ਚਾਹੁੰਦੀ ਸੀ। ਉਹ ਰਾਤ ਨੂੰ ਸ਼ਰਾਬ ਪੀ ਕੇ ਲੇਟ ਘਰ ਆਉਂਦੀ। ਹਸਨ ਵੀ ਲੇਟ ਹੀ ਆਉਂਦਾ। ਸਲਮਾ ਨੇ ਦੋ ਤਿੰਨ ਦਿਨਾਂ ਚ, ਹੀ ਸਾਰਾ ਘਰ ਸੰਭਾਲ ਲਿਆ। ਉਸ ਦੀ ਅਹਿਦ ਨਾਲ ਗਹਿਰੀ ਦੋਸਤੀ ਹੋ ਗਈ ਸੀ। ਉਹ ਸੰਤੋਸ਼ ਨਾਲ ਅਹਿਦ ਨੂੰ ਸਕੂਲ ਛੱਡ ਕੇ ਆਉਦੀ। ਘਰ ਦਾ ਸਾਰਾ ਕੰਮ ਉਸ ਨੇ ਸੰਭਾਲ ਲਿਆ। ਉਹ ਸਭ ਦਾ ਖਿਆਲ ਰੱਖਦੀ। ਮੇਹਰ ਦੀ ਮਾਲਸ਼ ਕਰਦੀ ਉਸ ਦੇ ਵਾਲਾਂ ਨੂੰ ਤੇਲ ਲਾਉਦੀ। ਸਲਮਾ ਨੇ ਮੇਹਰ ਦਾ ਸਾਰਾ ਘਰ ਵਧੀਆ ਤਰੀਕੇ ਨਾਲ ਸੰਭਾਲ ਲਿਆ ਸੀ।

ਕਹਾਣੀ ਦਾ ਅਗਲਾ ਹਿੱਸਾ ਅਗਲੇ ਭਾਗ ਚ

Leave a Reply

Your email address will not be published. Required fields are marked *