ਬੁਢਾਪਾ | budhapa

ਜਿੰਦਗੀ ਦੇ ਤਿੰਨ ਮੁੱਖ ਪੜ੍ਹਾਵ ਹੁੰਦੇ ਹਨ ਬਚਪਨ, ਜਵਾਨੀ ਤੇ ਬੁਢਾਪਾ। ਕੁਝ ਲੋਕ ਇਸ ਨੂੰ ਚਾਰ ਪੜਾਅ ਮੰਨਦੇ ਹਨ। ਜਵਾਨੀ ਤੋਂ ਬਾਦ ਤੇ ਬੁਢਾਪੇ ਤੋਂ ਪਹਿਲਾਂ ਯਾਨੀ ਅਧੇੜ ਅਵਸਥਾ। ਮੇਰੇ ਹਿਸਾਬ ਨਾਲ ਸੱਠ ਕੁ ਸਾਲ ਤੋਂ ਬਾਦ ਬੁਢਾਪਾ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਮੰਨ ਲੈਣਾ ਚਾਹੀਦਾ ਹੈ। ਇਸ ਉਮਰ ਤੱਕ ਅਮੂਮਨ ਦੰਦ ਜਾੜਾਂ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਨੇੜੇ ਦੀ ਨਜ਼ਰ ਵੀ ਕੰਮਜੋਰ ਹੋ ਜਾਂਦੀ ਹੈ। ਕੰਨਾਂ ਵਿਚੋਂ ਘੱਟ ਸੁਣਾਈ ਦੇਣ ਲੱਗਦਾ ਹੈ। ਚਮੜੀ ਦੇ ਸੈੱਲ ਮਰਨੇ ਸ਼ੁਰੂ ਹੋ ਜਾਂਦੇ ਹਨ ਤੇ ਵਾਲ ਸਫੈਦ ਹੋ ਜਾਂਦੇ ਹਨ ਤੇ ਝੜਨ ਲੱਗਦੇ ਹਨ। ਬੰਦਾ ਚਾਹੇ 100 ਸਾਲ ਤੱਕ ਜਿਉਂਦਾ ਰਹੇ। ਪਰ ਇਹ ਅਲਾਮਤਾਂ ਜਿਆਦਾਤਰ ਸੱਠ ਤੋਂ ਬਾਅਦ ਨਜ਼ਰ ਆਉਣ ਲੱਗ ਜਾਂਦੀਆਂ ਹਨ। ਪਰ ਇਨਸਾਨ ਆਪਣੇ ਆਪ ਨੂੰ ਬੁੱਢਾ ਯ ਬਜ਼ੁਰਗ ਅਖਵਾਕੇ ਰਾਜੀ ਨਹੀਂ ਹੁੰਦਾ। ਉਹ ਹਰ ਕਮਜ਼ੋਰੀ ਦਾ ਬਨਾਵਟੀ ਇਲਾਜ ਸ਼ੁਰੂ ਕਰਦਾ ਹੈ। ਐਨਕ, ਬਨਾਉਟੀ ਦੰਦ, ਹੀਅਰਇੰਗ ਏਡ, ਵਾਲ ਡਾਈ ਫੇਸ ਕਰੀਮ ਤੋਂ ਲੈਕੇ ਵਿਆਗਰਾ ਤੱਕ ਇਸਤੇਮਾਲ ਕਰਨ ਤੱਕ ਜਾਂਦਾ ਹੈ। ਆਪਣੇ ਆਪਣੇ ਆਪ ਨੂੰ ਬੁੱਢਾ ਨਹੀਂ ਮੰਨਦਾ। ਬੁੱਢੇ ਦਾ ਮਤਲਬ ਬੀਮਾਰ ਨਹੀਂ ਹੁੰਦਾ। ਬੁੱਢੇ ਦਾ ਮਤਲਬ ਮੰਜੇ ਤੇ ਪੈਣ ਵਾਲਾ ਸਖਸ਼ ਨਹੀਂ ਹੁੰਦਾ। ਬੁੱਢੇ ਦਾ ਮਤਲਬ ਸੀਨੀਅਰ ਸਿਟੀਜ਼ਨ ਹੁੰਦਾ ਹੈ ਜਿਸ ਕੋਲ ਜਿੰਦਗੀ ਦੇ ਸੱਠ ਸਾਲਾਂ ਦਾ ਤਜ਼ੁਰਬਾ ਹੁੰਦਾ ਹੈ। ਸੱਠ ਸਾਲ ਦਾ ਆਦਮੀ ਵੀ ਆਪਣੀ ਯੋਗਤਾ ਤੇ ਤਜੁਰਬੇ ਅਨੁਸਾਰ ਕਮਾਈ ਕਰ ਸਕਦਾ ਹੈ। ਪਰ ਇਹ ਜਰੂਰੀ ਨਹੀਂ ਕਿ ਉਹ ਕਮਾਈ ਕਰੇ। ਉਹ ਔਲਾਦ ਨੂੰ ਆਜ਼ਾਦੀ ਦੇਵੇ। ਨਿਗਰਾਨੀ ਕਰੇ। ਆਪਣੇ ਤਜੁਰਬੇ ਨੂੰ ਸਮਾਜ ਸੇਵਾ ਲਈ ਵਰਤੇ। ਸਿਰਫ ਆਪਣੇ ਲਈ ਜੀਵੇ। ਆਪਣੇ ਸ਼ੋਂਕ ਪੂਰੇ ਕਰੇ। ਮਨਪਸੰਦ ਕਪੜੇ ਪਹਿਣੇ। ਇਹ ਕਿਤੇ ਨਹੀਂ ਲਿਖਿਆ ਕਿ ਬਜ਼ੁਰਗ ਚਿੱਟੇ ਕੱਪੜੇ ਹੀ ਪਾਉਣ। ਉਹ ਗੂੜੇ ਭੜਕੀਲੇ ਰੰਗ ਵੀ ਪਾ ਸਕਦੇ ਹਨ। ਪਰਫਿਊਮ ਵੀ ਲਗਾ ਸਕਦੇ ਹਨ ਤੇ ਵਾਲ ਕਾਲੇ ਵੀ ਕਰ ਸਕਦੇ ਹਨ। ਕਸਰਤ ਯੋਗਾ ਖੇਡਾਂ ਦੌੜ ਚੰਗੀ ਖੁਰਾਕ ਨਾਲ ਇਸ ਦਾ ਮੁਕਾਬਲਾ ਕਰ ਸਕਦੇ ਹਨ। ਬਜ਼ੁਰਗ ਬੰਦੇ ਨੂੰ ਹਰ ਚੀਜ਼ ਖਾਣੀ ਚਾਹੀਦੀ ਹੈ। ਪਰ ਥੋੜੀ ਮਾਤਰਾ ਵਿੱਚ। ਰਿਵਾਇਤੀ ਭੋਜਨ ਖਾਣੇ ਖਾਣ ਨਾਲ ਨੁਕਸਾਨ ਨਹੀਂ ਹੁੰਦਾ। ਜਿਸ ਚੀਜ਼ ਨੂੰ ਦਿਲ ਕਰੇ ਉਹ ਜਰੂਰ ਖਾਵੇ ਪਰ ਸੀਮਤ ਮਾਤਰਾ ਵਿੱਚ। ਪਰਹੇਜ਼ ਦਾ ਮਤਲਬ ਬਿਲਕੁਲ ਬੰਦ ਨਹੀਂ ਹੁੰਦਾ।
ਬੱਸ ਜੇ ਸਰਦਾ ਹੋਵੇ ਤਾਂ ਉਹਨਾਂ ਨੂੰ ਘਰੇਲੂ ਦਖਲ ਅੰਦਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ। ਬੱਚਿਆਂ ਨੂੰ ਖੁਦ ਮੁਖਤਿਆਰੀ ਦੇਕੇ ਖੁਦ ਟੇਡੀ ਅੱਖ ਨਾਲ ਨਿਗਰਾਨੀ ਕਰਨੀ ਚਾਹੀਦੀ ਹੈ। ਬਿਨਾਂ ਮੰਗੇ ਕੋਈਂ ਰਾਏ ਵੀ ਨਹੀਂ ਦੇਣੀ ਚਾਹੀਦੀ। ਤੇ ਨਾ ਹੀ ਬੇਲੋੜੀ ਟੋਕਾ ਟਾਕੀ ਕਰਨੀ ਚਾਹੀਦੀ ਹੈ। ਹਰ ਬਜ਼ੁਰਗ ਨੂੰ ਆਪਣੇ ਜੋਗੀ ਕਮਾਈ, ਬੁਢਾਪੇ ਜੋਗੀ ਜਾਇਦਾਦ, ਆਪਣੇ ਕੋਲ ਰੱਖਣੀ ਚਾਹੀਦੀ ਹੈ। ਬੇਲੋੜੇ ਫਿਕਰ ਨਹੀਂ ਕਰਨੇ ਚਾਹੀਦੇ।
ਇਨਸਾਨ ਸਾਰੀ ਉਮਰ ਕਮਾਈ ਅਤੇ ਪਰਿਵਾਰ ਪਾਲਣ ਲਈ ਲਗਾ ਦਿੰਦਾ ਹੈ। ਆਪਣੀਆਂ ਜ਼ਰੂਰਤਾਂ ਨੂੰ ਦਰਕਿਨਾਰ ਕਰਕੇ ਮਾਂਬਾਪ, ਬੀਵੀ, ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਸੱਠ ਤੋਂ ਬਾਦ ਆਪਣੀਆਂ ਜ਼ਿੰਮੇਵਾਰੀਆਂ ਤੋਂ ਫਾਰਿਗ ਹੋ ਕੇ ਉਸਨੂੰ ਸਿਰਫ ਆਪਣੇ ਲਈ ਜਿਉਣਾ ਚਾਹੀਦਾ ਹੈ। ਬੁਢਾਪੇ ਵਿੱਚ ਤੀਜੀ ਪੀੜ੍ਹੀ ਦੀਆਂ ਖ਼ੁਸ਼ੀਆਂ ਹੀ ਕਾਫੀ ਹੁੰਦੀਆਂ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *