ਕੂੜਾ ਪਾ ਦੋ ਜੀ | kooda paa do ji

ਕੂੜਾ ਪਾ ਦੋ ਜੀ
ਸਖ਼ਤ ਨਫ਼ਰਤ ਹੈ ਮੈਨੂੰ ਇਸ ਸ਼ਬਦ ਨਾਲ ਪਰ ਦਿਨ ਵਿੱਚ ਘੱਟੋ ਘੱਟ ਪੰਜਾਹ ਕੁ ਵਾਰ ਤਾਂ ਬੋਲਣਾ ਹੀ ਪੈਂਦਾ ਹੈ, ਕਿਉਂਕਿ ਇਸੇ ਚੋਂ ਤਾਂ ਮੇਰੀ ਰੋਜ਼ੀ ਰੋਟੀ ਚੱਲਦੀ ਹੈ ਅਤੇ ਜਿੱਥੇ ਸਵਾਲ ਢਿੱਡ ਦਾ ਹੋਵੇ  ਤਾਂ ਫਿਰ ਪਸੰਦ ਨਾਪਸੰਦ ਦਾ ਕੋਈ ਮਾਇਨਾ ਨਹੀਂ ਹੁੰਦਾ। ਜੇਕਰ ਇਹ ਸ਼ਬਦ ਮੂੰਹੋਂ ਨਿਕਲੇਗਾ ਤਾਂ ਹੀ ਮੂੰਹ ਵਿੱਚ ਬੁਰਕੀ ਪੈਣ ਦਾ ਸਬੱਬ ਬਣੇਗਾ। ਨਾਲੇ ਇਹ ਕਿਹੜਾ ਮੇਰੇ ਨਾਲ ਕੋਈ ਜੱਗੋਂ ਵੱਖਰਾ ਹੁੰਦਾ ਹੈ। ਮੇਰਾ ਪਿਓ ਉਸ ਦਾ ਪਿਉ ਤੇ ਸ਼ਾਇਦ ਉਸ ਦਾ ਵੀ ਪਿਉ ਕੁਝ ਨਾ ਕੁਝ ਅਜਿਹਾ ਕਰਦਾ ਹੀ ਹੋਵੇਗਾ, ਜੋ ਉਸ ਨੂੰ ਵੀ ਨਾਪਸੰਦ ਹੋਣ ਤੇ ਕਰਨਾ ਹੀ ਪੈਂਦਾ ਹੋਵੇਗਾ। ਖੈਰ! ਮੈਂ ਕਿਹਾ ਹੈ ਨਾ ਕੇ ਢਿੱਡ ਮੂਹਰੇ ਸਭ ਕੁਝ ਛੋਟਾ ਹੁੰਦਾ ਹੈ।
ਕਾਸ਼! ਇਹ ਢਿੱਡ ਨਾ ਹੁੰਦਾ। ਜਾਂ ਫਿਰ ਇਸ ਨੂੰ ਸਾਲ ਛਿਮਾਹੀ ਹੀ ਭੁੱਖ ਲੱਗਦੀ, ਜਿਵੇਂ ਕਿਤੇ ਬੰਦਾ ਬਿਮਾਰ ਹੁੰਦਾ ਹੈ ਪਰ ਇੱਥੇ ਤਾਂ ਬਿਮਾਰ ਪਏ ਬੰਦੇ ਨੂੰ ਵੀ ਢਿੱਡ ਟਿਕਣ ਨਹੀਂ ਦਿੰਦਾ।
ਜਿਵੇਂ ਮੇਰੀ ਮਾਂ ਨਹੀਂ ਸੀ ਟਿਕਦੀ ਹੁੰਦੀ। ਹੱਥ ਰੇਹੜੀ ਖਿੱਚ ਖਿੱਚ ਕੇ ਉਸ ਦੇ ਢਿੱਡ ਦੀਆਂ ਨਾੜਾਂ ਕੱਠੀਆਂ ਹੋ ਕੇ ਗੁੱਛਾ ਬਣ ਗਈਆਂ ਪਰ ਉਹ ਬਿਨਾਂ ਪੀੜ ਦੀ ਪਰਵਾਹ ਕੀਤੇ ਸਾਡੇ ਪੰਜ ਢਿੱਡ ਭਰਨ ਦੇ ਲਈ ਆਪਣੇ ਢਿੱਡ ਦੀ ਪੀੜ ਨੂੰ ਜਰਦੀ ਰਹੀ।
ਤੇ ਸ਼ਾਇਦ ਹੋਰ ਜਰਦੀ ਰਹਿੰਦੀ ਜੇਕਰ ਇਹ ਪੀੜ ਉਸ ਨੂੰ ਬੇਹੋਸ਼ ਕਰ ਕੇ ਡੇਗ ਨਾ ਦਿੰਦੀ। ਮਾਂ ਮੰਜੇ ਤੇ ਕੀ ਪਈ ਕਿ ਸਾਡੇ ਪੰਜ ਢਿੱਡਾਂ ਨੂੰ ਗੰਢ ਬੰਨ੍ਹਣ ਦੀ ਨੌਬਤ ਤਕ ਆ ਗਈ।
ਪਰ ਕਾਸ਼ ਕੇ ਗੰਢ ਦਿੱਤਿਆਂ ਹੀ ਸਰ ਸਕਦਾ ਹੁੰਦਾ ਤਾਂ ਮੈਨੂੰ ਇਹ ਨਾਂ ਪਸੰਦ ਸ਼ਬਦ ਵਾਰ ਵਾਰ ਨਾ ਬੋਲਣਾ ਪੈਂਦਾ।
ਆਹ ਸਾਰਾ ਵਾਰਡ ਮੇਰੀ ਮਾਂ ਦਾ ਹੁੰਦਾ ਸੀ ਪਹਿਲਾਂ ਪਰ ਮਾਂ ਦੇ ਮੰਜੇ ਤੇ ਪੈਣ ਦੀ ਦੇਰ ਹੀ ਸੀ ਕਿ ਮੇਰੀਆਂ ਸਕੀਆਂ ਤਾਈਆਂ ਨੇ ਵਾਰਡ ਤੇ ਕਬਜ਼ਾ ਕਰਨ ਦੀ ਕੀਤੀ।  ਵਾਰਡ ਕਿਹੜਾ ਛੋਟਾ ਹੈ। ਪੂਰੀਆਂ ਬਾਰਾਂ ਵੱਡੀਆਂ ਗਲੀਆਂ ਅਤੇ ਸੱਤ ਛੋਟੀਆਂ ਬੰਦ ਹੁੰਦੀਆਂ ਗਲੀਆਂ ਹਨ। ਤਿੰਨ ਤਰ੍ਹਾਂ ਦੀ ਵੱਸੋਂ ਹੈ।
ਜਿਹੜੇ ਘਰ ਮੇਰੀ ਮਾਂ ਨੂੰ ਮੇਰੀ ਦਾਦੀ ਵੱਲੋਂ ਮੂੰਹ ਦਿਖਾਈ ਸਮੇਂ ਦਿੱਤੇ ਸੀ, ਉਨ੍ਹਾਂ ਨਾਲ ਤਾਂ ਮਾਂ ਦਾ ਗੂੜ੍ਹਾ ਸਬੰਧ ਸੀ। ਮਾਂ ਕਦੇ ਪੈਸਿਆਂ ਲਈ ਕਿਸੇ ਨੂੰ ਵੀ ਤੰਗ ਨਹੀਂ ਸੀ ਕਰਦੀ। ਜੇਕਰ ਦੂਜੇ ਇਕੱਠੇ ਪੰਜਾਹ ਵਧਾਉਂਦੇ ਤਾਂ ਮਾਂ ਸਿਰਫ਼ ਦੱਸ ਪੰਦਰਾਂ ਨਾਲ ਹੀ ਮੰਨ ਜਾਂਦੀ।
  ਤਾਂ ਹੀ ਤਾਂ ਸ਼ਾਇਦ ਮਾਂ ਦੀ ਬਿਮਾਰੀ ਕਾਰਨ ਵੀ ਉਹ ਵੀ ਉਹ ਘਰ ਬਦਲੇ ਨਹੀਂ ਸਨ ਤੇ ਮੈਨੂੰ ਮਾਂ ਵੱਲੋਂ ਵਿਰਾਸਤ ਵਿੱਚ ਮਿਲ ਗਏ। ਵਰਨਾ ਮੇਰੀਆਂ ਤਾਈਆਂ ਨੇ ਕੋਈ ਕਸਰ ਨਹੀਂ ਸੀ ਛੱਡੀ। 
ਮੈਂ ਉਨ੍ਹਾਂ ਘਰਾਂ ਦੀ ਮਾਂ ਪ੍ਰਤੀ ਹਮਦਰਦੀ ਵੇਖ ਕੇ ਹੀ ਅਤੇ ਮਾਂ ਦੀ ਬੀਮਾਰੀ ਦਾ ਵਾਸਤਾ ਦੇ ਕੇ ਇਕੱਠੇ ਤੀਹ ਰੁਪਏ ਘਰ ਮਗਰ ਵਧਵਾ ਲਏ ਪਰ ਫੇਰ ਵੀ ਦੂਜਿਆਂ ਦੇ ਮੁਕਾਬਲੇ ਅੱਧ ਤਕ ਹੀ ਸਨ।
ਯਾਦ ਹੈ ਮੈਨੂੰ ਉਹ ਦਿਨ ਜਦ ਮੈਂ ਹੱਥ ਰੇਹੜੀ ਨੂੰ ਹੱਥ ਪਾਇਆ। ਉਹ ਰੇਹੜੀ ਤਾਂ ਮੈਨੂੰ ਖਾਲੀ ਹੀ ਬੜੀ ਭਾਰੀ ਲੱਗੀ। ਮਾਂ ਦੀ ਹਿੰਮਤ ਨੂੰ ਸਿਰ ਝੁਕਿਆ ਅਤੇ ਅੱਖਾਂ ਭਰ ਗਈਆਂ। ਹੋ ਸਕਦਾ ਹੈ ਕਿ ਮਾਂ ਵਾਂਗ ਮੈਂ ਵੀ ਇਸੇ ਨੂੰ ਤਾਅ ਉਮਰ ਖਿੱਚਦਾ ਰਹਾਂ। ਕਿਉਂਕਿ ਬਾਰ੍ਹਵੀਂ ਦੀ ਪੜ੍ਹਾਈ ਵਿੱਚ ਛੁੱਟ ਰਹੀ ਸੀ।
ਮੈਂ ਸਵੇਰੇ ਹੀ ਕਰੀਬ ਸਾਢੇ ਅੱਠ ਰੇਹੜੀ ਲੈ ਕੇ ਵਾਰਡ ਨੰਬਰ ਸੱਤ ਦੀ ਪਹਿਲੀ ਗਲੀ ਵਿਚ ਪੁੱਜਾ ਤਾਂ ਮਾਂ ਵੱਲੋਂ ਸਮਝਾਈ ਆਵਾਜ਼ ਲਗਾਈ,
“ਕੂੜਾ ਪਾ ਦੋ ਜੀ…”
ਮੇਰੀ ਆਵਾਜ਼ ਪੂਰੀ ਵੀ ਨਹੀਂ ਸੀ ਹੋਈ ਕਿ ਫਟਾਕ ਕਰਦਾ ਇੱਕ ਦਰਵਾਜ਼ਾ ਖੁੱਲ੍ਹਿਆ,
“ਉਏ ਕਿਵੇਂ ਰੌਲਾ ਪਾਇਆ! ਤੇਰੀ ਕਿਹੜਾ ਇੱਥੇ ਹਾਜ਼ਰੀ ਲੱਗਣੀ ਆਂ ਜਿਹੜਾ ਸੱਤੀ ਸਵੇਰੇ ਹੀ ਆ ਗਿਆ। ਕੰਮ ਧੰਦਿਆਂ ਤੇ ਜਾਣ ਦਾ ਵੇਲਾ ਹੈ ਤੇ ਤੂੰ ਗੰਦ ਸਾਡੇ ਮੱਥੇ ਲਾਵੇਂਗਾ। ਚੱਲ ਭੱਜ ਇੱਥੋਂ ਦਸ ਵਜੇ ਤੋਂ ਬਾਅਦ ਆਇਆ ਕਰ।” ਉਹ ਅੱਧਖੜ ਜਾਂ ਖਿਝਿਆ ਹੋਇਆ ਬੰਦਾ ਮੇਰਾ ਰਾਹ ਰੋਕ ਕੇ ਖੜ੍ਹ ਗਿਆ। ਮੇਰੇ ਹੱਥਾਂ ਵਿਚ ਰੇਹੜੀ ਦਾ ਮੁੱਠਾ ਕੰਬਿਆ। ਪੈਰ ਥਿੜਕੇ। ਅੱਗੇ ਵਧਣ ਦੀ ਹਿੰਮਤ ਨਾ ਪਈ। ਮੈਂ ਉਨ੍ਹੀਂ ਪੈਰੀਂ ਪਿੱਛੇ ਮੁੜਿਆ। ਮਨ ਪਹਿਲੇ ਦਿਨ ਹੀ ਖਿਝ ਨਾਲ ਭਰ ਗਿਆ।
ਮੈਂ ਪੂਰੇ ਦੋ ਕਿਲੋਮੀਟਰ ਤੋਂ ਰੇੜ੍ਹੀ ਖਿੱਚ ਕੇ ਲਿਆਇਆ ਸੀ ਹੁਣ ਕਿੱਥੇ ਲੈ ਕੇ ਜਾਵਾਂ। ਡੇਢ ਘੰਟਾ ਮੇਰੇ ਲਈ ਚੁਣੌਤੀ ਬਣਿਆ ਖੜ੍ਹਾ ਸੀ। ਅਚਾਨਕ ਮੈਨੂੰ ਉਸ ਲੰਮੀ ਗਲੀ ਚੋਂ ਹੀ ਇਕ ਛੋਟੀ ਬੰਦ ਗਲੀ ਦਿਸੀ। ਸਿਰਫ਼ ਚਾਰ ਘਰਾਂ ਦੀ ਉਹ ਗਲੀ ਕਾਫ਼ੀ ਖੁੱਲ੍ਹੀ ਸੀ। ਗਲੀ ਵਿਚ ਕੁਝ ਕਤੂਰੇ ਇਕ ਤਰਪਾਲ ਖਿੱਚੀ ਫਿਰਦੇ ਸਨ। ਮੈਨੂੰ ਕੋਈ ਗੱਲ ਸੁਝੀ ਤਾਂ ਮੈਂ ਗਲੀ ਵਿਚ ਰੇਹੜੀ ਮੋੜ ਲਈ। ਉਹ ਕਤੂਰੇ ਤਾਂ ਰੇਹੜੀ ਦੀ ਅਜੀਬ ਜਿਹੀ ਚੀਕੂ ਚੀਕੂ ਸੁਣ ਕੇ ਹੀ ਤਰਪਾਲ ਛੱਡ ਕੇ ਭੱਜ ਗਏ। ਮੈਂ ਇੱਕ ਕੋਨੇ ਜਿਹੇ ਵਿੱਚ ਰੇਹੜੀ ਖੜ੍ਹਾ ਕੇ ਉਸ ਤਰਪਾਲ ਨਾਲ ਚੰਗੀ ਤਰ੍ਹਾਂ ਢਕ ਦਿੱਤੀ। ਸ਼ੁਕਰ ਹੈ ਕਿ ਮੈਨੂੰ ਕਿਸੇ ਨੇ ਨਹੀਂ ਸੀ ਵੇਖਿਆ। ਮੈਂ ਕਾਹਲੀ ਨਾਲ ਮੁਡ਼ਿਆ। ਹੱਥਾਂ ਵਿਚ ਪੀੜ ਉੱਭਰੀ।  ਮੈਂ ਤਲੀਆਂ ਵੇਖੀਆਂ ਤਾਂ ਲਾਲ ਸੂਹੀਆਂ ਸਨ। ਇਕ ਦੋ ਥਾਵਾਂ ਤੋਂ ਮਾਸ ਉੱਚੜ ਗਿਆ ਸੀ। ਮੈਂ ਫੂਕ ਮਾਰ ਹੱਥ ਜੇਬਾਂ ਵਿੱਚ ਪਾ ਲਏ। ਪੀੜ ਨੂੰ ਜਰਨ ਲਈ ਬੁੱਲ੍ਹ ਟੁੱਕੇ। ਦਿਲ ਕੀਤਾ ਉਸ ਸਥਿਤੀ ਚੋਂ ਨਿਕਲ ਕੇ ਦੂਰ ਭੱਜ ਜਾਵਾਂ ਪਰ ਜਾਂਦਾ ਵੀ ਕਿੱਥੇ?? ਮਾਂ ਦਾ ਚਿਹਰਾ ਮੇਰਾ ਰਾਹ ਰੋਕ ਲੈਂਦਾ। 
ਖੈਰ ਪੂਰੇ ਦੋ ਘੰਟੇ ਇੱਧਰ ਉੱਧਰ ਲਗਾਤਾਰ ਤੁਰ ਤੁਰ ਕੇ ਮੇਰੇ ਪੈਰ ਜਵਾਬ ਦੇ ਚੁੱਕੇ ਸਨ। ਫਿਰ ਵੀ ਮੈਂ ਵਾਪਸ ਮੁੜਿਆ ਰੇਹੜੀ ਤੋਂ ਤਰਪਾਲ ਲਾਹੀ ਤਾਂ ਉਹੀ ਚਾਰ ਕਤੂਰੇ ਰੇਹੜੀ ਨੂੰ ਬੈੱਡ ਸਮਝ ਕੇ ਵਿੱਚ ਸੁੱਤੇ ਪਏ ਸਨ। ਇੱਕ ਦੂਜੇ ਉੱਤੇ ਸਿਰ ਰੱਖ ਕੇ ਪਏ ਕਤੂਰਿਆਂ ਨੂੰ ਜਗਾ ਕੇ ਭਜਾਉਣ ਦਾ ਦਿਲ ਨਹੀਂ ਸੀ ਕਰ ਰਿਹਾ। ਅਚਾਨਕ ਮਗਰੋਂ ਕੋਈ ਆਵਾਜ਼ ਮੇਰੀ ਪਿੱਠ ਵਿੱਚ ਠਾਹ ਕਰਕੇ ਵੱਜੀ….

“ਨਾ ਹੁਣ ਤੂੰ ਵੀ ਇਨ੍ਹਾਂ ਦੇ ਨਾਲ ਹੀ ਸੌਣਾ ਐ! ਪਿਉ ਦੀ ਥਾਂ ਸਮਝ ਕੇ ਰੇਹੜੀ ਸਜਾ ਗਿਆ ਸਾਡੀ ਕੰਧ ਨਾਲ! ਖ਼ਬਰਦਾਰ ਜੇ ਅੱਗੇ ਤੋਂ ਇੱਥੇ ਖੜ੍ਹੀ ਕੀਤੀ!”
ਆਵਾਜ਼ ਦੀ ਮਾਰ ਤੋਂ ਬੌਂਦਲ ਕੇ ਮੈਂ ਰੇਹੜੀ ਚ ਹੀ ਜ਼ੋਰ ਦੀ ਲੱਤ ਮਾਰੀ। ਸੁੱਤੇ ਪਏ ਮਾਸੂਮ ਜਿਹੇ ਕਤੂਰੇ ਚਉਂ ਚਉਂ ਕਰਦੇ ਇੱਕ ਦੂਜੇ ਤੇ ਚੜ੍ਹਨ ਲੱਗੇ। ਉਨ੍ਹਾਂ ਨੂੰ ਬਾਹਰ ਨਿਕਲਣ ਦਾ ਥਾਂ ਨਹੀਂ ਸੀ ਮਿਲ ਰਿਹਾ। 
“ਹੁਣ ਰੇਹੜੀ ਤੇ ਗੁੱਸਾ ਨਾ ਕੱਢ! ਫਟਾਫਟ ਤੁਰਦਾ ਹੋ ਆਪਣਾ ਇਹ ਗਰੋਹ ਲੈ ਕੇ!”
ਉਸ ਅੌਰਤ ਦੀ ਕੁਰੱਖ਼ਤ ਆਵਾਜ਼ ਸੁਣ ਮੈਂ ਉਹ ਕਤੂਰੇ ਹੱਥ ਨਾਲ ਚੁੱਕ ਬਾਹਰ ਕੱਢੇ ਅਤੇ ਕਾਹਲੀ ਨਾਲ ਤੁਰਨ ਲੱਗਾ। 
“ਨਾ ਆ ਪੱਲੀ ਹੁਣ ਇੱਥੇ ਸੁੱਟ ਗਿਆ ਚੁਕੁ ਤੇਰਾ ਪਿਉ? ਲੈ ਜਾ ਆਵਦਾ ਗੰਦ ਚੁੱਕ ਕੇ!”
” ਬੀਬੀ ਜੀ ਇਹ ਮੇਰੀ ਨਹੀਂ ਹੈ! ਇੱਥੇ ਹੀ ਪਈ ਸੀ।”
“ਨਾ ਜੇ ਤੇਰੀ ਨਹੀਂ ਤਾਂ ਹੋਰ ਸਾਡੀ ਏ?? ਵੇਖ ਨੀ! ਭੋਰਾ ਭਰ ਟੇਗਰਾਂ, ਜ਼ੁਬਾਨ ਕਿਵੇਂ ਚੱਲਦੀ ਆ ਇਹਦੀ !”
ਤੇ ਉਸ ਨੇ ਉਹ ਤਰਪਾਲ ਗੁੱਛਾ ਮੁੱਛਾ ਕਰਕੇ ਮੇਰੀ ਰੇਹੜੀ ਵਿਚ ਸੁੱਟ ਦਿੱਤੀ। ਮੈਂ ਬਿਨਾਂ ਕੁਝ ਬੋਲੇ ਰੇਹੜੀ ਲੈ ਕੇ ਤੁਰ ਪਿਆ।
ਹੁਣ ਹਰ ਘਰ ਮੂਹਰੇ ਉਹੀ ਨਾ ਪਸੰਦ ਆਵਾਜ਼ ਦੇਣੀ ਪਈ। ਜਿਉਂ ਜਿਉਂ ਰੇਹੜੀ ਭਾਰੀ ਹੋ ਰਹੀ ਸੀ ਮੇਰੇ ਹੱਥ ਖਿੱਚਣੇ ਜੁਆਬ ਦੇ ਰਹੇ ਸਨ। ਮੈਨੂੰ ਛੇਤੀ ਹੀ ਉਹ ਕੂੜਾ ਸੁੱਟਣ ਜਾਣਾ ਪੈ ਜਾਂਦਾ। ਤਿੰਨ ਤਿੰਨ ਵਾਰਡਾਂ ਦਾ ਇਕੱਠਾ ਡੰਪ ਸਟੇਸ਼ਨ ਬਣਾਇਆ ਗਿਆ ਸੀ। ਉਥੋਂ ਵੱਡਾ ਟੈਂਕਰ ਖੜ੍ਹਦਾ ਸੀ। ਮੇਰੇ ਕੱਦ ਤੋਂ ਵੀ ਉੱਚਾ। ਮੈਨੂੰ ਕੂੜਾ ਹੇਠਾਂ ਢੇਰੀ ਕਰ ਕੇ ਹੱਥਾਂ ਨਾਲ ਚੁੱਕ ਕੇ ਪਾਉਣਾ ਪਿਆ  ਤਾਂ ਕਿਸੇ ਦਾ ਖੁੱਲ੍ਹਾ ਸੁੱਟਿਆ ਉਹ ਗੰਦਾ ਪੈਡ ਪਿਛਲੀ ਗੂੰਦ ਕਾਰਨ ਮੇਰੀ ਬਾਂਹ ਨੂੰ ਚਿਪਕ ਗਿਆ। ਗੂੜ੍ਹੇ ਕਾਲੇ ਗੰਦੇ ਖ਼ੂਨ ਦਾ ਭਰਿਆ ਉਹ ਪੈਡ ਵੇਖ ਮੈਨੂੰ ਧੁੜਧੜੀ ਆ ਗਈ। ਨਾਲ ਦੀ ਨਾਲ ਮੈਂ ਉੱਛਲ ਗਿਆ।  ਨੱਕ, ਮੂੰਹ, ਅੱਖਾਂ ਚੋਂ ਪਾਣੀ ਵਹਿਣ ਲੱਗਾ। ਕੂੜੇ ਚੋਂ ਹੀ ਕੋਈ ਲਿਫ਼ਾਫ਼ਾ ਚੁੱਕ ਮੈਂ ਖਿੱਚ ਕੇ ਉਹ ਪੈਡ ਆਪਣੇ ਤੋਂ ਦੂਰ ਕੀਤਾ। ਉਬਕਾਈ ਆਉਣ ਨਾਲ ਢਿੱਡ ਵੀ ਇਕੱਠਾ ਹੋ ਗਿਆ। ਦਿਲ ਕੀਤਾ ਪਾਣੀ ਪੀਵਾਂ ਪਰ ਇੱਥੇ ਨੇੜੇ ਤੇੜੇ ਕਿਤੇ ਪਾਣੀ ਨਹੀਂ ਸੀ। ਲਿੱਬੜੇ ਹੱਥਾਂ ਨਾਲ ਮੂੰਹ ਵੀ ਸਾਫ਼ ਨਹੀਂ ਸੀ ਕਰ ਸਕਦਾ। ਬਹੁਤ ਬੁਰੀ ਹਾਲਤ ਹੋ ਗਈ ਸੀ। ਉਸ ਕੂੜੇ ਦੇ ਢੇਰ ਤੇ ਬੈਠ ਕੇ ਉੱਚੀ ਉੱਚੀ ਰੋਣ ਨੂੰ ਦਿਲ ਕੀਤਾ। 
ਜੋ ਕੰਮ ਮਾਂ ਦੁਪਹਿਰ ਤਕ ਮੁਕਾ ਕੇ ਘਰ ਪਹੁੰਚ ਜਾਂਦੀ ਸੀ ਉਹ ਮੇਰੇ ਤੋਂ ਸ਼ਾਮ ਤਕ ਮੁੱਕਿਆ। ਪੰਜ ਵਾਰ ਤਾਂ ਮੈਨੂੰ ਰੇਹੜੀ ਖਾਲੀ ਕਰਨ ਜਾਣਾ ਪਿਆ। ਘਰ ਪਹੁੰਚਿਆ ਤਾਂ ਸਿੱਧਾ ਗੁਸਲਖਾਨੇ ਗਿਆ ਰਗੜ ਰਗੜ ਕੇ  ਹੱਥ ਅਤੇ ਉਹ ਬਾਂਹ ਧੋਤੀ
ਮੈਂ ਮਲ ਮਲ ਕੇ ਨਹਾਤਾ
ਇੱਕ ਵਾਰ ਉਹ ਸਭ ਫਿਰ ਯਾਦ ਆਇਆ ਤਾਂ ਫਿਰ ਉਲਟੀ ਆ ਗਈ। ਮੇਰੀ ਉਲਟੀ ਦੀ ਆਵਾਜ਼ ਸੁਣ ਮਾਂ ਪਾਣੀ ਦਾ ਗਲਾਸ  ਲਿਆਈ। ਮੇਰੇ ਕੋਲ ਬੈਠ ਕੇ ਮੇਰੀ ਪਿੱਠ ਮਸਲਣ ਲੱਗੀ। ਉਹ ਮੇਰੀ ਹਾਲਤ ਸਮਝ ਗਈ ਸੀ।
” ਕੋਈ ਨਾ ਪੁੱਤ ਸ਼ੇਰ ਬਣ ਸ਼ੇਰ! ਹੌਲੀ ਹੌਲੀ ਆਦਤ ਪੈ ਜੂ!” ਨਹਾਉਣ ਤੋਂ ਬਾਅਦ  ਉਸ ਨੇ ਮੇਰੀਆਂ ਤਲੀਆਂ ਤੇ ਮਹਿੰਦੀ ਲਾਈ ਤਾਂ ਧੁਰ ਅੰਦਰ ਤਕ ਠੰਢਕ ਪੈ ਗਈ। ਨਈਂ ਤਾਂ ਲਗਾਤਾਰ ਸੜੂੰ ਸੜੂੰ ਕਰੀ ਜਾ ਰਹੀਆਂ ਸਨ।

ਉਸ ਰਾਤ ਤਾਂ ਪੈਂਦਿਆਂ ਸਾਰ ਹੀ ਨੀਂਦ ਆ ਗਈ ਪਰ ਸੁਪਨੇ ਵਿੱਚ ਵੀ ਬਾਂਹ ਨੂੰ ਚਿਪਕਿਆ ਉਹ ਗੰਦਾ ਪੈਡ ਦਿਸਿਆ ਪਰ ਸੌਣ ਤੋਂ ਪਹਿਲਾਂ ਮਾਂ ਵੱਲੋਂ ਸਮਝਾਏ ਕੁਝ ਨੁਕਤੇ ਅਤੇ ਹਦਾਇਤਾਂ ਅਨੁਸਾਰ ਅਗਲੇ ਦਿਨ ਦੇ ਕੰਮ ਦੀ ਰੂਪ ਰੇਖਾ ਬਣਾਉਂਦਿਆਂ ਬਣਾਉਂਦਿਆਂ ਹੀ ਮੈਨੂੰ ਫਿਰ ਨੀਂਦ ਆ ਗਈ ਸੀ। 
ਖ਼ੈਰ ਕੰਮ ਨੂੰ ਸਮਝਣ ਵਿੱਚ ਹੀ ਮੇਰਾ ਹਫ਼ਤਾ ਲੰਘ ਗਿਆ। ਤੁਸੀਂ ਵੀ ਸੋਚੋਗੇ ਕਿ ਇਹ ਕਿਹੜਾ ਕੰਮਾਂ ਵਿਚੋਂ ਕੰਮ ਹੈ ਭਲਾ ਜਿਸ ਨੂੰ ਸਮਝ ਨਾ ਪਿਆ, ਪਰ ਕੂੜੇ ਨੂੰ ਕਿਸ ਤਰੀਕੇ ਰੇਹੜੀ ਵਿਚ ਢੇਰੀ ਕਰਨਾ ਹੈ। ਕਿਵੇਂ ਦੋ ਫੱਟੀਆਂ ਦੀ ਮੱਦਦ ਨਾਲ ਉਸ ਨੂੰ ਨੱਪ ਕੇ ਭਰਨਾ ਹੈ ਤਾਂ ਕਿ ਰੇਹੜੀ ਖਾਲੀ ਕਰਨ ਲਈ ਘੱਟ ਗੇਡ਼ੇ ਵੱਜਣ। ਰੇਹੜੀ ਚੋਂ ਕੂਡ਼ਾ ਟੈਂਕਰ ਵਿਚ ਕਿਵੇਂ ਭਰਨਾ ਹੈ। ਹਰ ਗੱਲ ਨੂੰ ਇੱਕ ਤਰੀਕੇ  ਅਤੇ ਤਕਨੀਕ ਨਾਲ ਕਰਨਾ ਹੁੰਦਾ ਹੈ। ਹੋਰ ਤਾਂ ਹੋਰ ਰੇਹੜੀ ਨੂੰ ਤੋਰਨ ਲਈ ਘੱਟ ਜ਼ੋਰ ਕਿਵੇਂ ਲਾਇਆ ਜਾਵੇ ਇਹ ਗੱਲ ਵੀ ਸਿੱਖਣੀ ਪਈ। 
ਤੇ ਇੱਕ ਦਿਨ ਮੈਨੂੰ ਗਹੁ ਨਾਲ ਵੇਖਦੀ ਹੋਈ ਉਹ ਬਜ਼ੁਰਗ ਔਰਤ ਨੇ ਮੈਨੂੰ ਆਵਾਜ਼ ਮਾਰੀ ਜੋ ਸ਼ਾਇਦ ਉਸ ਘਰ ਵਿਚ ਕਾਫੀ ਦੇਰ ਬਾਅਦ ਵਾਪਸ ਆਈ ਹੋਵੇਗੀ।
” ਵੇ ਭਲਾ ਤੂੰ ਸ਼ਾਮੇ ਦਾ ਮੁੰਡਾ ਨਹੀਂ ?”
ਆਪਣੇ ਪਿਓ ਦਾ ਨਾਂ ਸੁਣ ਕੇ ਦਿਲ ਧੜਕਿਆ। ਮੈਨੂੰ ਲੱਗਾ ਕਿਤੇ ਹੁਣ ਇਹ ਵੀ ਨਾ ਪੁੱਠਾ ਸਿੱਧਾ ਬੋਲੇ। ਮੈਂ ਮਰੀ ਜਿਹੀ ਆਵਾਜ਼ ਵਿੱਚ ਉੱਤਰ ਦਿੱਤਾ “ਹਾਂ ਜੀ!”
“ਬਲਾਈਂ ਚੰਗਾ ਸੀ ਤੇਰਾ ਪਿਉ! ਐਡਾ ਸ਼ੌਕੀਨ ਕਿ ਰੋਜ਼ ਬੋਦੇ ਚੋਪੜੇ ਹੁੰਦੇ ਉਹਦੇ। ਵਿਚਾਲੇ ਚੀਰ ਕੱਢ ਕੇ ਸਮਾਰ ਕੇ ਸਿਰ ਵਾਹੁੰਦਾ  ਕੰਘੀ ਤਾਂ ਜੇਬ ਵਿੱਚ ਹੁੰਦੀ ਸੀ ਉਹਦੇ। ਉਦੋਂ ਸਾਡੇ ਮੁਹੱਲੇ ਵਿੱਚ ਨਾਲੀਆਂ  ਹੁੰਦੀਆਂ ਸੀ। ਉਹ ਲੰਮੇ ਡੰਡੇ ਵਾਲੇ ਖੁਰਪੇ ਨਾਲ ਗੰਦ ਕੱਢਦਾ ਸੀ। ਵੇਖ ਲੈ ਚਿੱਟੀ ਚਿੱਟੀ ਪੈਂਟ ਪਾਈ ਹੋਣੀ ਉਹਨੇ! ਮਜਾਲ ਐ ਜੇ ਭੋਰਾ ਵੀ ਕੋਈ ਗੰਦ ਦਾ ਤੁਪਕਾ ਉਸ ਦੀ ਪੈਂਟ ਨੂੰ ਲੱਗਾ ਹੋਵੇ!” 
ਆਪਣੇ ਪਿਓ ਦੀ ਤਾਰੀਫ਼ ਸੁਣ ਮੇਰਾ ਸੀਨਾ ਤੇਜ਼ ਤੇਜ਼ ਧੜਕਣ ਲੱਗਾ। ਮੈਂ ਆਪਣੀ ਧੌਣ ਉੱਤੇ ਨੂੰ ਉੱਠਦੀ ਖੁਦ ਮਹਿਸੂਸ ਕੀਤੀ। ਉਹ ਔਰਤ ਮੈਨੂੰ ਬਹੁਤ ਚੰਗੀ ਲੱਗੀ। ਦਿਲ ਕੀਤਾ ਉਹਦੇ ਪੈਰ ਛੂਹ ਲਵਾਂ ਪਰ ਮੈਂ ਗੰਦੇ ਹੱਥਾਂ ਨਾਲ ਕਿਵੇਂ…
ਉਹ ਲਗਾਤਾਰ ਬੋਲ ਰਹੀ ਸੀ।
” ਸ਼ੌਕੀਨ ਤਾਂ ਪੁੱਤ ਤੇਰੀ ਦਾਦੀ ਸੋਮਾ ਵੀ ਬਥੇਰੀ ਸੀ। ਬਾਂਹ ਤੇ ਤੇਰੇ ਦਾਦੇ ਦਾ ਨਾਂ ਲਿਖਵਾਇਆ ਸੀ ਉਸ ਨੇ ਲੇਖੂ ਰਾਮ। ਉਹ ਵੀ ਹਿੰਦੀ ਵਿੱਚ।  ਨਾਲੇ ਠੋਡੀ ਤੇ ‘ਪੰਜ ਦਾਣਾ’ ਵੀ ਖੁਣਵਾਇਆ ਸੀ। ਉਦੋਂ ਤਾਂ ਉਸ ਨੂੰ ਮੈਲਾ ਹੀ ਢੋਣਾ ਪੈਂਦਾ ਸੀ ਪਰ ਦਿਨ ਤਿਉਹਾਰ ਤੇ ਜਦ ਉਹ ਆਪਣੀ ਬਖਸ਼ਿਸ਼ ਲੈਣ ਆਉਂਦੀ ਤਾਂ ਪਛਾਣੀ ਨਾ ਜਾਂਦੀ।  ਸੂਫ਼ ਦੀ ਖੜ-ਖੜ ਕਰਦੀ ਸੁੱਥਣ ਨਾਲ ਸਟੱਡ ਬਟਨਾਂ ਵਾਲੀ ਕੁੜਤੀ ਪਾ ਕੇ ਆਉਂਦੀ! ਮੈਨੂੰ ਬੁਲਾਈ ਸੋਹਣੀ ਲੱਗਦੀ! ਰੰਗ ਤਾਂ ਖਾਸਾ ਪੱਕਾ ਸੀ ਪਰ ਉਹਦੇ ਨੈਣ ਨਕਸ਼ ਪੂਰੇ ਦਗ਼ਦੇ ਹੁੰਦੈ । ਵਿਚਾਰੀ ਉਹ ਵੀ ਮੈਲਾ ਢੋਣ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ  ਮੇਰੀ ਹਾਨਣ ਹੀ ਸੀ। ਸਾਰੀ ਗਲੀ ਨੇ ਫਲੱਸ਼ਾਂ ਪੁਆ ਲਈਆਂ ਸਨ ਪਰ ਸਾਡੇ ਦੋ ਤਿੰਨ ਕੁ ਘਰਾਂ ਕੋਲ ਹੀ ਗੁੰਜਾਇਸ਼ ਨਹੀਂ  ਸੀ ਪਰ ਦੇਖ ਲੈ ਪੁੱਤ! ਉਸ ਰੱਬ ਦੀ ਬੰਦੀ ਨੇ ਸਾਡਾ ਘਰ ਨਹੀਂ ਸੀ ਛੱਡਿਆ! ਰੋਜ਼ ਕਹਿ ਛੱਡਣਾ “ਬੀਬੀ ਜੀ ਅਬ ਤੋ ਤੁਮ ਬੀ ਪਲੱਸ ਬਣਾ ਲਓ! ਮੇਰੇ ਸੇ ਭੀ ਯੇ ਕਾਮ ਛੁਡਵਾ ਦੋ। ਇਬ ਤੋ ਮੇਰਾ ਸ਼ਾਮਾ ਬਿ ਸਰਕਾਰੂ ਨੌਕਰ ਹੋਈ ਗਇਓ। ਮਨ੍ਹਾਂ ਕਰਤਾ ਹੈ ਮੁਝੇ!” ਪਰ ਵਿਚਾਰੀ ਦੀ ਮਾੜੀ ਕਿਸਮਤ! ਇਹੀ ਮੈਲ਼ਾ ਢੋਂਦੀ ਹੀ ਮਰੀ। ਬਲਾਈਂ ਦੁੱਖ ਹੋਇਆ ਸੀ ਮੈਨੂੰ। ਕਈ ਦਿਨ ਕੁਝ ਚੰਗਾ ਜਿਹਾ ਨਹੀਂ ਸੀ ਲੱਗਾ। ਸਾਡੇ ਘਰੋਂ ਹੀ ਤਾਂ ਗਈ ਸੀ ਪੀਪਾ ਖਾਲੀ ਕਰਨ। ਸੜਕ ਪਾਰ ਕਰਨ ਲੱਗੀ ਨੂੰ ਕਾਰ ਦੀ ਫੇਟ ਵੱਜ ਗਈ ਤੇ ਉਹੀ ਮੈਲਾ….ਓਹਦੇ …..ਉੱਤੇ…!” ਕਹਿੰਦੀ ਕਹਿੰਦੀ ਉਸ ਔਰਤ ਦਾ ਗਲਾ ਭਰ ਆਇਆ ਅਤੇ ਉਸ ਦੀਆਂ ਅੱਖਾਂ  ਸਿੰਮ ਆਈਆਂ ।

ਮੇਰੇ ਤੋਂ ਵੀ ਹੋਰ ਨਾ ਸੁਣਿਆ ਗਿਆ। “ਠੀਕ ਹੈ ਬੀਬੀ ਜੀ ਚਲਤਾ ਹੂੰ ਮੈਂ!” ਆਖ ਮੈਂ ਵੀ ਆਪਣੀਆਂ ਅੱਖਾਂ ਦੀ ਨਮੀ ਲੁਕੋ ਲਈ ।ਭਾਵੇਂ ਕਿ ਮਾਹੌਲ ਗ਼ਮਗੀਨ ਬਣ ਚੁੱਕਾ ਸੀ ਪਰ ਪਤਾ ਨਹੀਂ ਕਿਉਂ ਮੇਰੇ ਅੰਦਰ ਜਿਵੇਂ  ਖ਼ੁਸ਼ੀ ਦੇ ਅਨਾਰ ਫੁੱਟ ਰਹੇ ਸਨ। ਮੇਰੀ ਦਾਦੀ ਅਤੇ ਪਿਉ ਦੇ ਸ਼ੌਕੀਨ ਹੋਣ ਦੀ ਗੱਲ ਨੇ ਮੇਰੀ ਧੌਣ ਵੀ ਉੱਚੀ ਕਰ ਦਿੱਤੀ। ਮੈਨੂੰ ਅੱਖਾਂ ਸਾਹਮਣੇ ਸੁਪਨਿਆਂ ਦੀਆਂ ਰੰਗੀਨ ਤਿਤਲੀਆਂ ਉੱਡਦੀਆਂ ਦਿਸੀਆਂ।  ਪਹਿਲੀ ਵਾਰ ਮੈਨੂੰ ਮੇਰਾ ਕੰਮ ਗਲੀਜ਼ ਨਾ ਲੱਗਿਆ। ਮੈਂ ਕਿਸੇ ਅੰਦਰੂਨੀ ਸਕੂਨ ਨਾਲ ਭਰ ਗਿਆ ਸੀ। ਬਹੁਤ ਜਲਦੀ ਹੀ ਮੈਂ ਉਸ ਦਿਨ ਆਪਣਾ ਕੰਮ ਨਿਪਟਾ ਲਿਆ। 
ਤੇ ਫੇਰ ਮੈਨੂੰ ਆਪਣਾ ਕੰਮ ਵੀ ਚੰਗਾ ਲੱਗਣ ਲੱਗਾ  ਮੈਂ ਇਸੇ ਨੂੰ ਹੀ ਹੋਰ ਆਸਾਨ ਬਣਾਉਣ ਦੇ ਢੰਗ ਤਰੀਕੇ ਸੋਚਣ ਲੱਗਾ। ਜਦ ਮੈਂ ਧਿਆਨ ਨਾਲ ਕੰਮ ਬਾਰੇ ਸੋਚਿਆ ਤਾਂ ਪਤਾ ਲੱਗਾ ਕਿ ਦੋ ਪਹੀਆਂ ਵਾਲੀ ਛੋਟੀ ਰੇਹੜੀ ਨੂੰ ਧਕਣਾ ਬਹੁਤ ਔਖਾ ਹੈ  ਅਤੇ ਇਸ ਨਾਲ ਸਮਾਂ ਵੀ ਬਹੁਤ ਖ਼ਰਾਬ ਹੁੰਦਾ ਸੀ  ਵੱਧ ਗੇਡ਼ੇ ਲੱਗਣ ਕਾਰਨ ਥਕਾਵਟ ਵੀ ਵੱਧ ਹੁੰਦੀ ਸੀ। ਹੁਣ ਮੈਂ ਉਸ ਦੇ ਬਦਲ ਬਾਰੇ ਸੋਚਣ ਲੱਗਿਆ  
ਕਿਸੇ ਬੰਦ ਪਏ ਬਰਫ਼ ਦੇ ਕਾਰਖਾਨੇ ਵਿੱਚ ਇੱਕ ਪੁਰਾਣੀ ਸਾਈਕਲ ਰੇਹੜੀ ਅਕਸਰ ਮੈਨੂੰ ਨਜ਼ਰ ਆ ਜਾਂਦੀ ਸੀ। ਜਿਸ ਦੇ ਸਾਈਕਲ ਅਤੇ ਰੇਹੜੀ ਦੇ ਟਾਇਰ ਪੈਂਚਰ ਸਨ। ਜੰਗਾਲ ਖਾਧੀ ਉਹ ਸਾਈਕਲ ਰੇਹੜੀ ਮੈਂ ਪੰਜ ਸੌ ਰੁਪਏ ਵਿੱਚ ਖਰੀਦ ਲਈ। ਘਰ ਹੀ ਉਸ ਨੂੰ ਰੇਗਮਾਰ ਮਾਰ ਕੇ ਰੰਗ ਕੀਤਾ। ਟੁੱਟ ਭੱਜ ਠੀਕ ਕੀਤੀ। ‘ਟੈਰ ਟੂਪ’ ਨਵੇਂ  ਪੁਆਏ। ਇਕ ਦਿਨ ਸਬਜ਼ੀ ਮੰਡੀ ਦਾ ਗੇੜਾ ਮਾਰ ਦਿਆਂ ਮੈਨੂੰ ਸੇਬਾਂ ਵਾਲੀ ਪੇਟੀ ਦੀਆਂ ਫੱਟੀਆਂ ਦਿਸੀਆਂ ਤਾਂ  ਉਨ੍ਹਾਂ ਨੂੰ ਜੋੜ ਕੇ ਮੈਂ ਚੌਥੇ ਪਾਸੇ ਤੋਂ ਵੀ ਰੇਹੜੀ ਨੂੰ ਬੰਦ ਕਰ ਲਿਆ ਤਾਂ ਕਿ ਕੂੜਾ ਡਿੱਗੇ ਨਾ। ਹੁਣ ਮੈਂ “ਕੂੜਾ ਪਾ ਦੋ ਜੀ” ਕਹਿਣ ਤੋਂ ਬਚਣ ਲਈ ਸਕੂਲ ਵਾਲੇ ਡੀ ਪੀ ਮਾਸਟਰ ਦੀ ਰੀਸੇ ਇਕ ਸੀਟੀ ਖ਼ਰੀਦ ਧਾਗੇ ਨਾਲ ਬੰਨ੍ਹ ਕੇ ਗਲ ਵਿੱਚ ਪਾ ਲਈ ਤੇ ਉਸ ਦਿਨ ਮੈਂ ਆਖ਼ਰੀ ਵਾਰ ਹਰ ਘਰ ਅੱਗੇ ਜਾ ਕੇ ‘ਕੂੜਾ ਪਾ ਦੋ ਜੀ’ ਕਿਹਾ ਤੇ ਨਾਲ ਹੀ ਸੀਟੀ ਵਜਾਈ ਤਾਂ ਹਰੇਕ ਨੂੰ ਕਿਹਾ ਕਿ ਤੁਸੀਂ ਹੁਣ ਮੇਰੀ ਸੀਟੀ ਦੀ ਪਛਾਣ ਰੱਖਿਓ। ਕਈ ਤਾਂ ਅੱਗੋਂ ਹੱਸ ਪਈਆਂ ਪਰ ਮੇਰੀ ਮਿਹਨਤ ਸਫ਼ਲ ਹੋਈ। 
ਮੇਰੀ ਸ਼ਕਤੀ ਅਤੇ ਸਮਾਂ ਦੋਵੇਂ ਬਚਣ ਲੱਗੇ। ਮੈਂ ਕਈ ਹੋਰ ਘਰ ਫਡ਼ ਕੇ ਵੀ ਜਲਦੀ ਵਿਹਲਾ ਹੋਣ ਲੱਗਾ ਤਾਂ ਦੋ ਸ਼ਿਫਟਾਂ ਵਾਲੇ ਸਕੂਲ ਵਿੱਚ ਦੂਜੀ ਸ਼ਿਫ਼ਟ ਵਿਚ ਦਾਖਲਾ ਲੈ ਬਾਰ੍ਹਵੀਂ ਦੀ ਪੜ੍ਹਾਈ ਵੀ ਕਰਨ ਲੱਗਾ।  ਕੰਮ ਤੇ ਵੀ  ਮਜ਼ਾ ਲੈਣ ਲੱਗ ਪਿਆ ਹੁਣ ਮੈਨੂੰ ਹਰ ਘਰ ਦੇ ਕੂੜੇ ਦੀ ਪਛਾਣ ਵੀ ਹੋਣ ਲੱਗੀ। ਕਿਸ ਘਰ ਵਿਚ ਕੀ ਬਣਿਆ ਹੈ! ਕਿਹੜੇ ਘਰ ਵਿਚ ਰਹਿਣ ਵਾਲੀ ਦੇ ਪੀਰੀਅਡ ਚੱਲ ਰਹੇ ਹਨ! ਹਾ ਹਾ ਹਾ… ਕਿਉਂਕਿ ਹੁਣ ਤਾਂ ਮੈਂ ਕਾਲੇ ਲਿਫ਼ਾਫ਼ੇ ਵਿੱਚ ਬੰਨ੍ਹੇ ਕੂੜੇ ਨੂੰ ਵੀ ਪਹਿਲੀ ਨਜ਼ਰ ਵਿੱਚ ਭਾਂਪ ਲੈਂਦਾ। ਮੈਂ ਆਪਣੇ ਪਹਿਰਾਵੇ ਤੇ ਵੀ ਖਾਸ ਖਿਆਲ ਰੱਖਣ ਲੱਗਾ ਕਿਉਂਕਿ ਹੱਥਾਂ ਵਿੱਚ ਪੈਸਾ ਹੋਵੇ ਤਾਂ ਸ਼ੌਂਕ ਆਪਣੇ ਆਪ ਪੈਦਾ ਹੋਣ ਲੱਗਦੇ ਨੇ…
ਹੋਰ ਤਾਂ ਹੋਰ ਮੈਂ ਆਪਣੇ ਕੰਮ ਵਿੱਚੋਂ ਰੋਜ਼ ਕੁਝ ਨਾ ਕੁਝ ਸਿੱਖਦਾ। ਘਰਾਂ ਦੇ ਕੂੜੇ ਤਕ ਤੋਂ ਵੀ ਮੈਂ ਆਰਥਿਕ ਹਾਲਤ ਸਮਝ ਜਾਂਦਾ। ਲੋਕਾਂ ਦੇ ਜੀਵਨ ਪੱਧਰ ਦਾ ਵੀ ਪਤਾ ਲੱਗਦਾ। ਪਹਿਲੀਆਂ ਪੰਜ ਗਲੀਆਂ ਦੀਆਂ ਔਰਤਾਂ ਘਰੇਲੂ ਸਨ।  ਫਿਰ ਕੁਝ ਕੰਮਕਾਜੀ ਅਤੇ ਫਿਰ ਕੁਝ ਗਲੀਆਂ ਵਿਚ ਬਹੁਤ ਵੱਡੀਆਂ ਕੋਠੀਆਂ। ਜਿੱਥੇ ਕੂੜੇ ਦੇ ਡਸਟਬਿਨ ਦਰਵਾਜ਼ੇ ਤੇ ਹੀ ਰੱਖੇ ਹੁੰਦੇ। ਮੈਂ ਖੁਦ ਚੁੱਕ ਕੇ ਡਸਟਬਿਨ ਰੇਹੜੀ ਵਿਚ ਖਾਲੀ ਕਰਦਾ।
ਉਸ ਗਲੀ ਨੂੰ ਅਕਸਰ ਮੈਂ “ਸੁੰਨੀ ਗਲੀ” ਆਖਦਾ ਹੁੰਦਾ ਸੀ। ਹਰ ਘਰ ਨੂੰ ਹੀ ਜੰਦਰਾ ਲੱਗਾ ਹੁੰਦਾ ਅਤੇ ਡਸਟਬਿਨ ਦਰਵਾਜ਼ੇ ਤੇ ਹੁੰਦਾ ਪਰ ਸਿਰਫ਼ ਇੱਕੋ ਇੱਕ ਘਰ ਸੀ ਜਿਸ ਦੀ ਮੈਨੂੰ ਬੈੱਲ ਵਜਾਉਣੀ ਪੈਂਦੀ ਸੀ।  ਹਰ ਰੋਜ਼ ਕੋਈ ਨਾ ਕੋਈ ਨਵੀਂ ਅੌਰਤ ਜਾਂ ਕੁੜੀ ਦਰਵਾਜ਼ਾ ਖੋਲ੍ਹਦੀ। ਕਦੇ ਕਦੇ ਮੈਨੂੰ ਉਹ ਗਰਲਜ਼ ਹੋਸਟਲ ਲੱਗਦਾ। ਫਲਾਂ ਦੇ ਛਿਲਕਿਆਂ ਨਾਲ ਭਰਿਆ ਡਸਟਬਿਨ ਵੀ ਮੈਨੂੰ ਅੰਦਰੋਂ ਆਪ ਹੀ ਚੁੱਕਣਾ ਪੈਂਦਾ।
… ਤੇ ਉਸ ਦਿਨ ਜਦ ਮੈਂ ਸ਼ਾਮ ਨੂੰ ਆਪਣੇ ਪਾਪਾ ਵਾਂਗ ਨਾਹ ਧੋ ਕੇ ਪੂਰੀ ਟੌਹਰ ਕੱਢ ਕੇ ਆਪਣੇ ਬਣਦੇ ਮਹੀਨੇ ਦੇ ਪੈਸੇ ਲੈਣ ਅੰਦਰ ਗਿਆ  ਤਾਂ ਉਸ ਕੁੜੀ ਨੇ ਫਟਾਫਟ ਦਰਵਾਜ਼ਾ ਬੰਦ ਕਰ ਲਿਆ। ਖੜਾਕ ਸੁਣ ਕੇ ਮੈਂ ਪਿੱਛੇ ਮੁੜਿਆ ਤਾਂ ਮੇਰਾ ਉਤਲਾ ਸਾਹ ਉੱਤੇ ਤੇ ਹੇਠਲਾ ਸਾਹ ਥੱਲੇ ਹੀ ਰੁਕ ਗਿਆ।
“ਇਹ ਕੀ??” ਤੇ ਮੈਂ ਖ਼ੁਦ ਨੂੰ ਚਾਰ ਕੁੜੀਆਂ ਵਿੱਚ ਘਿਰਿਆ ਪਾਇਆ। ਪਹਿਲੀ ਵਾਰ ਮੇਰੀਆਂ ਲੱਤਾਂ ਕੰਬੀਆਂ। ਘਬਰਾਹਟ ਨਾਲ ਜ਼ੁਬਾਨ ਹੀ ਠਾਕੀ ਗਈ ਪਰ ਰੱਤੀ ਦੀਆਂ ਭੈਣਾਂ ਨੂੰ ਮੈਂ ਨੇ ਮੈਨੂੰ ਮੈਂ ਨਾ ਰਹਿਣ ਦਿੱਤਾ।  ਮੈਂ ਕਈ ਦਿਨ ਬੁਖਾਰ ਨਾਲ ਤੜਪਦਾ ਰਿਹਾ ਮੇਰੇ ਅੰਦਰ ਜਾਗੇ ਨਵੇਂ ਅਹਿਸਾਸ ਨੇ, ਇੱਕ ਵਾਰ ਤੂਫ਼ਾਨ ਵਿਚੋਂ ਗੁਜ਼ਰ ਜਾਣ ਮਗਰੋਂ  ਉਸ ਡਰ ਨੂੰ ਖੁਰਚ ਕੇ ਮੇਰੇ ਅੰਦਰੋਂ ਕੱਢ ਦਿੱਤਾ। ਮੇਰਾ ਉਸ ਘਰ ਵਿੱਚ ਆਉਣਾ ਜਾਣਾ ਹੋ ਗਿਆ। ਮੇਰੀ ਟੌਹਰ ਹੋਰ ਵਧ ਗਈ। ਮੇਰੇ ਲਾਏ ਸੈਂਟਾ ਨੇ ਸਾਰੀ ਗਲੀ ਮਹਿਕਾਉਣੀ ਸ਼ੁਰੂ ਕਰ ਦਿੱਤੀ।
” ਵੇਖ ਨੀ ਕਿਮੇਂ ਚਾਮਲ ਗਿਆ ਹੈ!” ਅਕਸਰ ਉਹ ਘਰੇਲੂ ਗਲੀ ਦੀਆਂ ਔਰਤਾਂ ਮੈਨੂੰ ਵੇਖ ਕੇ ਮੁਸਕੜੀਏ ਹੱਸਦਿਆਂ ਪਰ ਮੇਰੀ ਅੰਦਰੂਨੀ ਖ਼ੁਸ਼ੀ ਮੈਨੂੰ ਮਸਤ ਕਰੀ ਰੱਖਦੀ। ਮੈਂ ਖ਼ੁਦ ਨੂੰ ਸਾਰੇ ਜਹਾਨ ਤੋਂ ਵੱਖਰਾ ਮਹਿਸੂਸ ਕਰਦਾ। ਮੇਰੇ ਪੈਰ ਜ਼ਮੀਨ ਤੇ ਨਹੀਂ ਸਨ ਲੱਗਦੇ। ਮੈਂ ਬਸ  ਸੀਟੀਆਂ ਵਜਾਉਂਦਾ ਚੁਟਕੀਆਂ ਵਿਚ ਆਪਣਾ ਕੰਮ ਮੁਕਾਉਂਦਾ ਅਤੇ ਠਾਹ ਕਰਕੇ ਆਪਣੇ ਸਵਰਗ ਦੀਆਂ ਅਪਸਰਾਵਾਂ ਕੋਲ ਆ ਜਾਂਦਾ। ਛੇ ਸੱਤ ਮਹੀਨੇ ਕਦੋਂ ਲੰਘ ਗਏ ਪਤਾ ਹੀ ਨਾ ਚੱਲਿਆ।
ਤੇ ਇੱਕ ਦਿਨ ਮੈਨੂੰ ਇੱਕ ਅਪਸਰਾਂ ਨੇ  ਲੱਤ ਮਾਰ ਕੇ ਸਿੰਘਾਸਨ ਤੋਂ ਡੇਗ ਦਿੱਤਾ ਅਤੇ ਆਪਣੇ ਸਵਰਗ ਦੇ ਬੂਹੇ ਹਮੇਸ਼ਾਂ ਲਈ ਬੰਦ ਕਰ ਦਿੱਤੇ। ਮੈਂ ਕਾਰਨ ਪੁੱਛਣ ਲਈ ਬੜੀਆਂ ਮਿੰਨਤਾਂ ਕੀਤੀਆਂ ਪਰ ਹੁਣ ਰੋਜ਼ ਬੰਦ ਦਰਵਾਜ਼ੇ ਅੱਗੇ ਕੂੜੇ ਦਾ ਭਰਿਆ  ਡਸਟਬਿਨ ਪਿਆ ਹੁੰਦਾ। ਜਿਸ ਨੂੰ ਚੱਕ ਕੇ ਮੈਂ ਆਪਣੀ ਰੇਹੜੀ ਵਿੱਚ ਢੇਰੀ ਕਰ ਲੈਂਦਾ। ਮਹੀਨੇ ਬਾਅਦ ਕੂੜੇ ਦੇ ਬਿਲਕੁਲ ਉੱਪਰ ਪੌਲੀਥੀਨ ਉੱਪਰ ਲਿਫ਼ਾਫ਼ੇ ਵਿੱਚ ਬੰਦ ਮੇਰੀ ਮਹੀਨੇ ਦੀ ਤਨਖ਼ਾਹ ਰੱਖੀ ਹੁੰਦੀ
ਜਿਸ ਨੂੰ ਮੈਂ ਮੱਥੇ ਨਾਲ ਲਾ ਕੇ ਆਪਣੀ ਜੇਬ ਵਿੱਚ ਪਾ ਲੈਂਦਾ। ਮੈਂ ਅਕਸਰ ਕਈ ਕਈ ਵਾਰ ਇਸ ਗਲੀ ਵਿਚ ਆਉਂਦਾ ਪਰ ਹਰ ਵਾਰ ਇਹ ਦਰਵਾਜ਼ਾ ਬੰਦ ਹੀ ਮਿਲਦਾ। ਮੈਂ ਕਾਫੀ ਖ਼ੁਦ ਨਾਲ ਉਲਝਦਾ ਰਿਹਾ।
ਉਸ ਦਿਨ ਜਿਉਂ ਹੀ ਮੈਂ ਉਸ ਘਰ ਦਾ ਡਸਟਬਿਨ ਖਾਲੀ ਕਰਨ ਲਈ ਉਸ ਵਿਚ ਪਏ ਵੱਡੇ ਸਾਰੇ ਲਿਫ਼ਾਫ਼ੇ ਨੂੰ ਹੱਥ ਪਾਇਆ ਤਾਂ ਮੈਨੂੰ ਕੋਈ ਹਰਕਤ ਮਹਿਸੂਸ ਹੋਈ। ਮੇਰੀਆਂ ਲੱਤਾਂ ਉਸ ਪਹਿਲੇ ਦਿਨ ਵਾਂਗ ਕੰਬੀਆਂ। ਉਵੇਂ ਹੀ  ਮੇਰਾ ਹੇਠਲਾ ਸਾਹ ਹੇਠਾਂ ਤੇ ਉਤਲਾ ਉੱਤੇ ਹੀ ਥੰਮ ਗਿਆ। ਮੇਰਾ ਦਿਲ ਧੜੱਕ ਧੜੱਕ ਵੱਜਣ ਲੱਗਾ । ਮੈਂ ਬੇਵਸੀ ਨਾਲ ਉਸ ਬੰਦ ਦਰਵਾਜ਼ੇ ਵੱਲ ਦੇਖਿਆ। 
ਜ਼ੋਰ ਜ਼ੋਰ ਨਾਲ ਦਰਵਾਜ਼ਾ ਖੜਕਾਇਆ। ਵਾਰ ਵਾਰ ਬੈੱਲ ਵਜਾਈ ਪਰ ਉਸ ਸੁੰਨੀ ਗਲੀ ਵਿਚ ਕੋਈ ਮੇਰੀ ਆਵਾਜ਼ ਸੁਣਨ ਵਾਲਾ ਨਹੀਂ ਸੀ। ਮੈਂ ਉਸ ਬੰਦ ਲਿਫ਼ਾਫੇ ਵਿਚਲੇ ਕੂੜੇ ਬਾਰੇ ਕਿਆਸ ਲਾ ਕੇ ਘਬਰਾ ਰਿਹਾ ਸੀ।  ਮੇਰਾ ਮੂੰਹ ਸੁੱਕਣ ਲੱਗਾ। ਜੀਭ ਠਾਕੀ ਜਾ ਰਹੀ ਸੀ। ਮੈਂ ਉਹ ਭਾਰੀ ਲਿਫ਼ਾਫ਼ਾ ਰੇਹੜੀ ਦੇ ਸਾਈਕਲ ਦੇ ਹੈਂਡਲ ਤੇ ਲਟਕਾ ਲਿਆ ਅਤੇ ਕਾਹਲੀ ਨਾਲ ਡਸਟਬੀਨ ਖਾਲੀ ਕੀਤਾ।  ਮੈਂ ਪੈਡਲ ਮਾਰ ਵਾਹੋ ਦਾਹੀ ਰੇਹੜੀ ਭਜਾ ਲਈ। ਮੇਰਾ ਦਿਮਾਗ਼ ਟੋਟੇ ਹੋ ਰਿਹਾ ਸੀ। ਦਿਲ ਕਹਿ ਰਿਹਾ ਸੀ ਕਿ ਸ਼ਾਇਦ ਮੈਨੂੰ ਭੁਲੇਖਾ ਲੱਗਾ ਹੋਵੇ। ਮੈਂ ਕਿਹੜਾ ਉਹ ਲਿਫ਼ਾਫ਼ਾ ਖੋਲ੍ਹ ਕੇ ਵੇਖਿਆ ਸੀ ਪਰ ਦਿਮਾਗ ਆਪਣੀ ਸਮਰੱਥਾ ਤੋਂ ਇਨਕਾਰੀ ਨਹੀਂ ਸੀ।
” ਲੈ ਦਸ! ਉਸ ਤੋਂ ਬਿਨਾਂ ਹੋਰ ਹੋ ਵੀ ਕੀ ਸਕਦਾ ਹੈ?”” ਦਿਲ ਦਿਮਾਗ ਦੀ ਉਧੇੜਬੁਣ ਨੇ ਮੈਨੂੰ ਸਾਹੋ ਸਾਹੀ ਕੀਤਾ ਹੋਇਆ ਸੀ। ਮੈਂ ਵਾਰਡ ਦੇ ਡੰਪ ਸਟੇਸ਼ਨ  ਤੋਂ ਬਹੁਤ ਦੂਰ ਨਿਕਲ ਆਇਆ। ਮੈਂ ਦੇਖਿਆ ਤਾਂ ਹੁਣ ਡੰਪ ਗਰਾਊਂਡ ਵੀ ਕੋਈ ਬਹੁਤਾ ਦੂਰ ਨਹੀਂ ਸੀ। ਮੈਂ ਆਪਣੀ ਸਾਰੀ ਹਿੰਮਤ ਨਾਲ ਰੇਹੜੀ ਭਜਾਈ। ਸਾਈਕਲ ਦੇ ਹੈਂਡਲ ਨਾਲ ਟੰਗਿਆ  ਉਹ ਲਿਫਾਫਾ ਇੱਧਰ ਉੱਧਰ ਡੋਲ ਰਿਹਾ ਸੀ। ਆਖ਼ਰ ਮੈਂ ਕੂੜੇ ਦੇ ਪਹਾੜ ਸਾਹਮਣੇ ਆ ਖੜ੍ਹਾ ਹੋਇਆ। ਆਪਣੀ ਰੇਹੜੀ ਨੂੰ ਉੱਥੇ ਹੀ ਖਾਲੀ ਕੀਤਾ।  ਹੈਂਡਲ ਤੋਂ ਉਹ ਲਿਫ਼ਾਫ਼ਾ ਉਤਾਰਿਆ। ਹੁਣ ਉਸ ਵਿਚਲਾ ਕੂਡ਼ਾ ਬੇਹਰਕਤ ਸੀ। ਮੈਂ ਕੰਬਦੇ ਹੱਥਾਂ ਨਾਲ ਉਸ ਲਿਫ਼ਾਫ਼ੇ ਨੂੰ ਛੂਹਿਆ। ਦਿਮਾਗ ਨੇ ਫੇਰ ਇੱਕ ਵਾਰ ਪੁਸ਼ਟੀ ਕੀਤੀ ਪਰ ਹਿੰਮਤ ਉਸ ਨੂੰ ਖੋਲ੍ਹਣ ਤੋਂ ਜਵਾਬ ਦੇ ਗਈ। 
ਆਖ਼ਰ ਆਪਣੇ ਪੀਰ ਨੂੰ ਧਿਆਉਂਦੇ ਮੈਂ ਉਹ ਲਿਫ਼ਾਫ਼ਾ ਬਿਨਾਂ ਖੋਲ੍ਹਿਆਂ ਹੀ ਉੱਥੇ ਪੋਲਾ ਜਿਹਾ ਰੱਖ ਦਿੱਤਾ ਤੇ ਰੇਹੜੀ ਵਾਪਸ ਭਜਾ ਲਈ। ਮੇਰੇ ਤੋਂ ਹੁਣ ਉਹ ਖਾਲੀ ਰੇਹੜੀ ਵੀ ਨਹੀਂ ਸੀ ਖਿੱਚੀ ਜਾ ਰਹੀ। ਮੇਰੀਆਂ ਲੱਤਾਂ ਦੀਆਂ ਨਾੜਾਂ ਫੁੱਲ ਰਹੀਆਂ ਸਨ। ਹੱਥਾਂ ਦਾ ਕਸਾਅ  ਹੈਂਡਲ ਤੇ ਵਧ ਰਿਹਾ ਸੀ ਪਰ ਅੱਗੇ ਸਿਰਫ਼ ਇੰਚ ਇੰਚ ਹੀ ਵਧ ਰਿਹਾ ਸਾਂ। 
ਉਸ ਰਾਤ ਇੱਕ ਮਿੰਟ ਵੀ ਮੇਰੀ ਅੱਖ ਨਹੀਂ ਸੀ ਲੱਗ ਰਹੀ। ਮੈਂ ਵਾਰ ਵਾਰ ਸ਼ਹਿਰ ਦਾ ਲੋਕਲ ਨਿਊਜ਼ ਚੈਨਲ ਲਗਾ ਕੇ ਪਤਾ ਨਹੀਂ ਕਿਹੜੀ ਖ਼ਬਰ ਸੁਣਨਾ ਚਾਹ ਰਿਹਾ ਸਾਂ। ਮੇਰਾ ਦਿਲ ਇੰਜ ਘੱਟ ਰਿਹਾ ਸੀ ਜਿਵੇਂ ਕੋਈ ਮੇਰੀਆਂ ਆਂਦਰਾਂ ਨੂੰ ਜਮੂਰ ਨਾਲ ਖਿੱਚ ਰਿਹਾ ਹੋਵੇ ਪਰ ਇਸ ਖਿੱਚ ਦੀ ਮੈਨੂੰ ਕੋਈ ਸਮਝ ਨਹੀਂ ਸੀ ਪੈ ਰਹੀ। ਚੈਨਲ ਕੁਝ ਨਹੀਂ ਸੀ ਦੱਸ ਰਿਹਾ। ਆਖ਼ਰ ਮੈਨੂੰ ਨੀਂਦ ਆ ਗਈ। ਅਗਲੇ ਦਿਨ ਪੰਜ ਵੱਜਦੇ ਨਾਲ ਹੀ ਮੈਂ ਚੌਕ ਵਿਚੋਂ ਅਖ਼ਬਾਰ ਲੈਣ ਗਿਆ। ਸਾਰਾ ਅਖ਼ਬਾਰ ਫਰੋਲ ਮਾਰਿਆ ਪਰ ਕੋਈ ਸੁਰਖ਼ੀ ਨਹੀਂ ਅਜਿਹੀ ਨਹੀਂ ਸੀ ਜੋ ਮੇਰਾ ਧਿਆਨ ਖਿੱਚ ਸਕਦੀ ਸੀ। ਆਖ਼ਰ ਮੈਂ ਬਰੀਕੀ ਨਾਲ ਪੜ੍ਹਨ ਲੱਗਾ। ਅਖ਼ਬਾਰ ਦੇ ਆਖਰੀ ਤੋਂ ਪਹਿਲੇ ਸਫ਼ੇ ਤੇ ਇੱਕ ਡੱਬੀ ਵਿੱਚ ਮੇਰੇ ਸ਼ਹਿਰ ਦਾ ਨਾਂ ਨਜ਼ਰ ਆਇਆ। ਖ਼ਬਰ ਪੜ੍ਹਦਿਆਂ ਹੀ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ।
” ਡੰਪ ਗਰਾਊਂਡ ਚੋਂ ਨਵ ਜੰਮੇ ਨਰ ਬੱਚੇ ਦੀ  ਨਾੜੂ ਸਮੇਤ ਲਾਸ਼ ਇਕ ਕਾਲੇ ਲਿਫ਼ਾਫ਼ੇ ਵਿੱਚ ਲਿਪਟੀ ਮਿਲੀ। ਜਿਸ ਨੂੰ ਅੱਧਾ ਕੁੱਤੇ ਖਾ ਚੁੱਕੇ ਸਨ।  ਸ਼ਹਿਰ ਵਾਸੀਆਂ ਵਲੋਂ ਡੰਪ ਗਰਾਊਂਡ ਵਿਚ ਸੀ ਸੀ ਕੈਮਰੇ ਲਗਾਉਣ ਦੀ ਮੰਗ ਰੱਖੀ ਗਈ।” ਮੇਰੇ ਹੱਥੋਂ ਅਖਬਾਰ ਡਿਗ ਪਿਆ। ਇਕ ਹਟਕੋਰਾ ਮੇਰੇ ਅੰਦਰੋਂ ਨਿਕਲਿਆ
ਅਤੇ ਮੈਂ ਆਪਣੇ ਕੁਦਰਤੀ “ਸੀ ਸੀ ਕੈਮਰਿਆਂ” ਅੱਗੇ ਘਸੁੰਨ  ਦੇ ਕੇ ਉੱਚੀ ਉੱਚੀ ਰੋਣ ਲੱਗਾ। 
ਸਮਾਪਤ ।

ਹਰਪਿੰਦਰ ਰਾਣਾ
ਸ਼੍ਰੀ ਮੁਕਤਸਰ ਸਾਹਿਬ
9464814456

Leave a Reply

Your email address will not be published. Required fields are marked *