ਵਾਹਵਾ ਸਾਲ ਪੁਰਾਣੀ ਗੱਲ ਹੈ। ਮੈਂ ਤੇ ਮੇਰਾ ਕੁਲੀਗ ਦਫਤਰ ਵਿੱਚ ਬੈਠੇ ਸ਼ਾਮ ਦੀ ਚਾਹ ਪੀਣ ਦੀ ਤਿਆਰੀ ਕਰ ਰਹੇ ਸੀ ਕਿ ਉਸ ਦਿਨ ਹੋਸਟਲ ਠੇਕੇਦਾਰ ਸ੍ਰੀ ਦੇਵ ਰਾਜ ਚੁੱਘ ਨੇ ਸਾਨੂੰ ਨੂਡਲਜ਼ ਦਾ ਡੋਂਗਾ ਭਰ ਕੇ ਭੇਜ ਦਿੱਤਾ। ਇਹ ਉਸ ਦੀ ਆਦਤ ਸੀ ਕਿ ਜਿਸ ਦਿਨ ਕੋਈ ਨਵੀਂ ਚੀਜ਼ ਯ ਜਿਆਦਾ ਸਵਾਦੀ ਚੀਜ਼ ਹੋਸਟਲ ਵਿੱਚ ਬਣਦੀ ਤਾਂ ਉਹ ਸਾਨੂੰ ਜਰੂਰ ਭੇਜਦਾ। ਖੈਰ ਅਸੀਂ ਦੋਨਾਂ ਨੇ ਨੂਡਲਜ਼ ਖਾਣੇ ਸ਼ੁਰੂ ਹੀ ਕੀਤੇ ਸਨ ਕਿ ਸਰਦਾਰ ਬਲਵਿੰਦਰ ਸਿੰਘ ਸਿੱਧੂ ਜੋ ਉਸ ਸਮੇ ਜਿਲ੍ਹਾ ਸਾਂਇੰਸ ਸੁਪਰਵਾਈਜ਼ਰ ਸਨ ਆਪਣੇ ਇੱਕ ਸਾਥੀ ਨਾਲ ਆ ਗਏ। ਸ੍ਰੀ ਬਲਵਿੰਦਰ ਸਿੰਘ ਭਾਵੇ ਜ਼ਿਲ੍ਹਾ ਪੱਧਰ ਦੇ ਅਫਸਰ ਸ਼ਨ ਪਰ ਸਾਡੇ ਨਾਲ ਪੂਰਾ ਯਾਰਾਨਾ ਰੱਖਦੇ ਸਨ। ਪੂਰੀ ਅਪਣੱਤ ਨਾਲ ਮਿਲਦੇ ਤੇ ਕਦੇ ਕੋਈ ਫੂੰ ਫ਼ਾਂ ਨਹੀਂ ਸੀ ਕਰਦੇ। ਹਾਸੀ ਹਾਸੀ ਵਿੱਚ ਅਸੀਂ ਉਹਨਾਂ ਨੂੰ ਵੀ ਖਾਣ ਲਈ ਨੂਡਲਜ਼ ਪਲੇਟ ਚ ਪਾਕੇ ਦੇ ਦਿੱਤੇ। ਓਹਨਾ ਦਿਨਾਂ ਵਿੱਚ ਸ੍ਰੀ ਬਲਵਿੰਦਰ ਸਿੰਘ ਨੇ ਦਾਹੜੀ ਖੁੱਲ੍ਹੀ ਛੱਡਣੀ ਸ਼ੁਰੂ ਹੀ ਕੀਤੀ ਸੀ। ਹੁਣ ਬਲਵਿੰਦਰ ਸਿੰਘ ਲਈ ਨੂਡਲਜ਼ ਖਾਣੇ ਬਹੁਤ ਔਖੇ ਸਨ। ਕਿਉਂਕਿ ਇੱਕ ਤਾਂ ਲੰਬੇ ਲੰਬੇ ਨੂਡਲਜ਼ ਤੇ ਦੂਸਰਾ ਖੁੱਲ੍ਹੀ ਛੱਡੀ ਦਾਹੜੀ। ਖੈਰ ਅਸੀਂ ਸਾਰਿਆਂ ਨੇ ਨੂਡਲਜ਼ ਨਿਬੇੜ ਹੀ ਲਏ।
“ਯਾਰ ਸੇਠੀ ਮੈਂ ਆਹ ਤੇਰੇ ਨੂਡਲ ਤਾਂ ਨਿਬੇੜ ਦਿੱਤੇ ਪਰ ਔਖਾ ਬਹੁਤ ਹੋਇਆ।” ਬਲਵਿੰਦਰ ਸਿੰਘ ਨੇ ਕਿਹਾ। ਤੇ ਅਸੀਂ ਸਾਰੇ ਹੱਸ ਪਏ। ਉਸ ਤੋਂ ਬਾਅਦ ਜਦੋਂ ਵੀ ਬਲਵਿੰਦਰ ਸਿੰਘ ਜੀ ਸਕੂਲ ਆਉਂਦੇ ਤਾਂ ਅਸੀਂ ਉਸਨੂੰ ਨੂਡਲਜ਼ ਖਾਣ ਬਾਰੇ ਜਰੂਰ ਪੁੱਛਦੇ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ