ਸਕੂਲ ਤੋਂ ਬਾਅਦ ਟਿਊਸ਼ਨ | school to baad tuition

ਸਕੂਲ ਤੋਂ ਬਾਅਦ ਟਿਊਸ਼ਨ ਮਾਪਿਆਂ ਲਈ ਜਰੂਰੀ ਇਸ ਕਰਕੇ ਬਣ ਗਈ ਹੈ ।ਕਿਉਂਕਿ  ਅੰਗਰੇਜ਼ੀ ਵਿਸ਼ਾ  ਸਮੇਂ ਦੀ ਮੰਗ ਬਣ ਗਿਆ ਹੈ । ਇਸ ਕਰਕੇ ਹਰ ਇਕ ਮਾਂ ਬਾਪ ਆਪਣੇ ਬੱਚੇ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਨ ਭੇਜਦਾ ਹੈ ।ਮਾਂ ਬਾਪ ਖੁਦ ਪੰਜਾਬੀ ਪੜ੍ਹੇ ਹੋਣ ਕਰਕੇ ਬੱਚਿਆਂ ਨੂੰ ਅੰਗਰੇਜ਼ੀ ਨਹੀਂ ਪੜ੍ਹਾ ਸਕਦੇ ।ਟਿਊਸ਼ਨ ਦਾ ਬੋਝ ਸਿਰਫ਼ ਮਾਪਿਆਂ ਉੱਪਰ ਨਹੀਂ ਸਗੋਂ ਟਿਊਸ਼ਨ ਟੀਚਰ ਉੱਪਰ ਵੀ ਹੁੰਦਾ ਹੈ ।

ਪੰਜ ਸਾਲ ਪਹਿਲਾਂ ਦੀ ਗੱਲ ਹੈ ।ਮੇਰੇ ਕੋਲ  ਚਾਰ ਪੰਜ ਬੱਚਿਆਂ ਦੇ ਮਾਂ ਬਾਪ ਆਏ ।ਉਹਨਾਂ ਨੇ ਮੈਨੂੰ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲਈ ਕਿਹਾ ,ਮੈਂ ਮਨਾਂ ਕਰ ਦਿੱਤਾ ।ਕਿਉਂਕਿ ਸਕੂਲ ਤੋਂ ਆ ਕੇ ਘਰ ਦਾ ਕੰਮ ਵੀ ਕਰਨਾ ਹੁੰਦਾ ਸੀ ਅਤੇ ਮੈਨੂੰ ਹਰ ਪੰਦਰਾਂ ਕ ਦਿਨ ਬਾਅਦ ਦਵਾਈ ਲੈਣ ਵੀ ਜਾਣਾ ਪੈਂਦਾ ਸੀ ।

ਬੱਚਿਆਂ ਦੇ ਮਾਂ ਬਾਪ ਨੇ ਮੇਰੇ ਘਰਦਿਆਂ ਅਤੇ ਜਾਣ ਪਹਿਚਾਣ ਵਾਲਿਆਂ ਉੱਪਰ ਜੋਰ ਪਾਉਣਾ ਸ਼ੁਰੂ ਕਰ ਦਿੱਤਾ।ਸਭ ਦੇ ਜਿਆਦਾ ਜੋਰ ਪਾਉਣ ਉੱਤੇ ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲੱਗੀ ।

ਬੱਚੇ ਹਰ ਰੋਜ਼ ਸਕੂਲ ਤੋਂ ਬਾਅਦ ਘਰ ਟਿਊਸ਼ਨ ਪੜ੍ਹਨ ਆਉਣ ਲੱਗੇ ।ਮੇਰੇ ਲਈ ਕੰਮ ਥੋੜ੍ਹਾ ਨਹੀਂ ਬਹੁਤ ਔਖਾ ਹੋ ਗਿਆ ਕਿਉਂਕਿ ਸਕੂਲ ਤੋਂ ਘਰ ਆ  ਚਾਹ ਪਾਣੀ ਪੀ ਕੇ ਜਲਦੀ ਜਲਦੀ ਸ਼ਬਜੀ ਕੱਟਣੀ ਅਤੇ ਫਿਰ ਬਣਾਉਣੀ ।

ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਹਟਣਾ।ਉਦੋਂ ਤੱਕ ਰਾਤ ਦੀ ਰੋਟੀ ਦਾ ਸਮਾਂ ਜਾਣਾ ।ਸੋਮਵਾਰ ਤੋਂ ਸ਼ਨੀਵਾਰ ਤੱਕ ਇਵੇਂ ਹੀ ਭੱਜ ਦੌੜ ਚੱਲਦੀ ਰਹਿੰਦੀ ।

ਉਹਨਾਂ ਬੱਚਿਆਂ ਵਿਚੋਂ ਇੱਕ ਬੱਚਾ ਸੀ ਜੋ ਪੰਜਾਬੀ ਦਾ ਕੰਮ ਤਾਂ ਬਹੁਤ ਜਲਦੀ ਅਤੇ ਬਹੁਤ ਸੋਹਣਾ ਕਰਦਾ ਸੀ ।ਕੋਈ ਵੀ ਗਲਤੀ ਨਹੀਂ ਹੁੰਦੀ ਸੀ ।ਜਦ ਉਸ ਨੂੰ ਅੰਗਰੇਜ਼ੀ ਦਾ ਕੰਮ ਕਰਵਾਉਦੀ ਤਾਂ ਉਸ ਨੂੰ ਖੁਦ ਬੋਲ ਬੋਲ ਕੇ ਦੱਸਦੀ ਜਦ ਫਿਰ ਵੀ ਯਾਦ ਨਾ ਹੁੰਦਾ ਤਾਂ ਫਿਰ ਉੱਚੀ ਉੱਚੀ ਬੋਲ ਯਾਦ ਕਰਵਾਉਣ ਦੀ ਕੋਸ਼ਿਸ਼ ਕਰਦੀ ।ਉਸ ਬੱਚੇ ਦਾ ਹਾਲ ਇਹ ਸੀ ਕਿ ਉਸ ਦੇ ਅਧਿਆਪਕ ਸੱਤ ਤੋਂ ਅੱਠ ਵਿਸ਼ਿਆਂ ਦਾ ਕੰਮ ਦਿੰਦੇ ਤੇ ਉਹ ਦੋ ਤਿੰਨ ਘੰਟੇ ਵਿੱਚ ਮਸਾਂ ਚਾਰ ਕ ਦਾ ਕੰਮ ਕਰਦਾ ।

ਪਹਿਲਾਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਨਵਾਂ ਕੰਮ ਔਖਾ ਲੱਗਣ ਕਰਕੇ ਸਮਾਂ ਲਗਾਉਦਾ। ਕੁਝ ਸਮਾਂ ਦੇਖਣ ਬਾਅਦ ਮੈਂ ਬੱਚੇ ਨੂੰ ਪੁੱਛਿਆ ,ਕਿ ਤੂੰ ਪੰਜਾਬੀ ਵਧੀਆ ਕਰਦਾ ਹੈ ,ਤੈਨੂੰ ਅੰਗਰੇਜ਼ੀ ਵਧੀਆ ਨਹੀਂ ਲੱਗਦੀ ਜਾਂ ਤੈਨੂੰ ਸਮਝ ਨਹੀਂ ਆਉਦੀ ।ਮੈ ਬੱਚੇ ਬਾਰੇ ਜਾਣਨਾ ਚਾਹੁੰਦੀ ਸੀ ਕਿ ਉਸਦੀ ਪਸੰਦ ਕੀ ਹੈ ਜਾਂ ਉਹ ਕਿਉਂ ਨਹੀਂ ਅੰਗਰੇਜ਼ੀ ਵਿਸ਼ੇ ਉਪਰ ਆਪਣੀ ਪਕੜ ਬਣਾ ਰਿਹਾ ।

ਬੱਚਾ ਰੋ ਪਿਆ ।ਮੈਂ ਪਿਆਰ ਨਾਲ ਪੁੱਛਿਆ ,ਕਿ ਇਥੇ ਤੈਨੂੰ ਮਾਰਿਆ ਨਹੀਂ ਜਾਊਗਾ ਜੇ ਦੱਸੇਗਾ ਨਹੀਂ ਤਾਂ ਪੁੱਤ ਫਿਰ ਮੈਂ ਕਿਵੇਂ ਪੜ੍ਹਾਈ ਕਰਵਾਉਣੀ ,ਮੈਨੂੰ ਕਿਵੇਂ ਪਤਾ ਲੱਗੂ ਕਿ ਤੈਨੂੰ ਕਿਸ ਤਰ੍ਹਾਂ ਪੜ੍ਹਾਉਣ  ਉੱਤੇ ਜਲਦੀ ਕੰਮ ਯਾਦ ਹੁੰਦਾ । ਉਸ ਬੱਚੇ ਨੇ ਮੇਰੇ ਉੱਤੇ ਭਰੋਸਾ ਕਰਕੇ ਇਹੀ ਸ਼ਬਦ ਕਹੇ ਕਿ ਦੀਦੀ ਮੈਨੂੰ ਅੰਗਰੇਜ਼ੀ ਪੜ੍ਹਨੀ ਚੰਗੀ ਹੀ ਨਹੀਂ ਲੱਗਦੀ ।ਮੈਂ ਕਿਹਾ ,ਪੁੱਤ ਫਿਰ ਘਰ ਕਿਹਾ ਕਿਉਂ ਨਹੀਂ ।ਭੋਲਾ ਜਿਹਾ ਮੂੰਹ ਬਣਾ ਹੌਲੀ ਜਿਹੀ ਕਹਿੰਦਾ, ਕਿਹਾ ਸੀ । ਮੈਂ ਕਿਹਾ ,ਫਿਰ ਕੀ ਕਿਹਾ ਪਾਪਾ ਨੇ ?  ਕੁਝ ਸਮਾਂ ਚੁੱਪ ਕਰਕੇ ਕਹਿੰਦਾ , ਪਾਪਾ ਜੀ ਕਹਿੰਦੇ ਕਿ ਤੈਨੂੰ ਆਈਲੈਟਸ ਕਰਵਾ ਕੇ ਬਾਹਰ ਭੇਜਣਾ ਤਾਂ ਕਰਕੇ ਤੈਨੂੰ ਸਭ ਵਿਸ਼ੇ  ਅੰਗਰੇਜ਼ੀ ਵਿੱਚ ਹੀ ਪੜ੍ਹਨੇ ਪੈਣੇ ਹਨ ।

ਮੈਨੂੰ ਬੜੀ ਹੈਰਾਨੀ ਹੋਈ ।ਕੁਝ ਦਿਨਾਂ ਬਾਅਦ ਬੱਚੇ ਦੇ  ਸਤੰਬਰ ਮਹੀਨੇ ਦੇ ਪੇਪਰ ਹੋਏ ।ਉਸਦੇ ਨੰਬਰ  ਅੰਗਰੇਜ਼ੀ ਵਿਸ਼ਿਆਂ ਵਿੱਚ ਠੀਕ ਠੀਕ ਹੀ ਆਏ ਸੀ  ਅਤੇ ਪੰਜਾਬੀ ਵਿੱਚ ਸਭ ਤੋਂ ਜਿਆਦਾ ਨੰਬਰ ਸੀ ।ਪਾਸ  ਸਾਰੇ ਵਿਸ਼ਿਆਂ ਵਿੱਚੋਂ  ਸੀ ।ਜਦ ਬੱਚੇ ਦਾ ਪਾਪਾ ਨੇ ਮੈਨੂੰ ਨੰਬਰ ਦਿਖਾਏ ਤਾਂ ਮੈਂ ਸਹਿ ਸੁਭਾ ਹੀ ਉਹਨਾਂ ਨੂੰ ਕਿਹਾ,ਵੀਰ ਜੀ ਜਦ ਬੱਚੇ ਦਾ ਇਨਟਰਸਟ ਪੰਜਾਬੀ ਵਿੱਚ ਹੈ ਤਾਂ ਤੁਸੀਂ ਜਬਰਦਸਤੀ ਆਪਣੀ ਮਰਜ਼ੀ ਕਿਉਂ ਬੱਚੇ ਉੱਪਰ ਥੋਪ ਰਹੇ ਹੋ ।
ਵੀਰ ਜੀ ਦਾ ਜਵਾਬ ਸੁਣ ਕੇ ਮੈਂ ਸੁੰਨ ਰਹਿ ਗਈ ।
“ਉਨ੍ਹਾਂ ਕਿਹਾ ,ਭੈਣੇ ,ਅਸੀਂ  ਪੰਜਾਬੀ ਪੜ੍ਹ ਕੇ ਕੀ ਅਫਸਰ ਲੱਗ ਗਏ  ਜੋ ਪਿੱਛੇ ਇਹ ਵੀ ਲੱਗ ਜਾਣਗੇ ।ਅਸੀਂ ਤਾਂ ਪੜ੍ਹ ਕੇ ਮਿੱਟੀ  ਵਿੱਚ ਮਿੱਟੀ ਹੋ ਰਹੇ ਹਾਂ ।ਚੱਲ ਇਵੇਂ ਔਖਾ ਸੌਖਾ ਅੰਗਰੇਜ਼ੀ ਵਿੱਚ ਬਾਰਾਂ ਕਰ ਗਿਆ ਤਾਂ ਬਾਹਰ ਭੇਜ ਦੇਣਾ ,ਇਕ ਵਾਰ ਕਰਜ਼ਾ ਹੀ ਚੜ੍ਹ ਜਾਊ ਪਰ ਇਹਦੀ ਜਿੰਦਗੀ ਤਾਂ ਬਣ ਜਾਊ ।”

ਸਾਰੀ ਰਾਤ ਓਹੀ ਗੱਲਾਂ ਮੈਨੂੰ ਬੇਚੈਨ ਕਰਦੀਆਂ ਰਹੀਆਂ ।ਮੈਂ ਸੋਚ ਰਹੀ ਸੀ ਕਿ ਜਿਆਦਾ ਮਜਬੂਰ  ਕੌਣ ਹੈ ਮਾਪੇ ਜਾਂ ਬੱਚੇ ।ਸੋਚਿਆ ਜਾਵੇ ਤਾਂ ਕਿਹੜੇ ਮਾਂ ਬਾਪ ਆਪਣੇ ਜਿਗਰ ਦੇ ਟੁਕੜੇ ਦੀ ਰੀਝ ਪੂਰੀ ਨਹੀਂ ਕਰਦੇ ।ਜੇ ਬੱਚਾ ਕੋਈ ਚੀਜ਼ ਮੰਗਦਾ ਤਾਂ ਝੱਟ ਹਾਜ਼ਰ ਕਰ ਦਿੰਦੇ ।ਪਰ ਫਿਰ ਵੀ  ਉਹ ਬੱਚਿਆਂ ਦੀ ਖੁਸ਼ੀ ਲਈ ਪੰਜਾਬੀ ਪੜਾਉਣ ਨੂੰ  ਤਰਜੀਹ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਸਰਕਾਰ ਨੇ ਨੌਕਰੀਆਂ ਦੇਣੀਆਂ ਨਹੀਂ ਹਨ ।

ਅਗਲੇ ਦਿਨ ਤੋਂ ਫਿਰ ਮੈਂ ਆਪਣਾ ਕੰਮ ਪਹਿਲਾਂ ਤੋਂ ਵੀ ਵੱਧ ਲਗਨ ਨਾਲ ਕਰਵਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਬੱਚਿਆਂ ਦੇ ਮਾਂ ਬਾਪ ਨੂੰ ਮੇਰੇ ਉੱਥੇ ਬਹੁਤ ਵਿਸ਼ਵਾਸ ਸੀ।ਫਿਰ ਮੈਂ ਟਿਊਸ਼ਨ ਨੂੰ ਕਿੱਤੇ ਜਾਂ ਪੈਸੇ ਕਮਾਉਣ ਦੇ ਸਾਧਨ ਵਜੋਂ ਨਹੀਂ ਸਗੋਂ ਆਪਣੇ ਸ਼ੌਕ ਵਜੋਂ ਅਪਣਾ ਲਿਆ ਜਿਸ ਕਰਕੇ ਹੁਣ ਮੈਨੂੰ ਘਰ ਦੇ ਕੰਮ ਜਾਂ ਸਕੂਲ ਦੀ ਥਕਾਵਟ ਮਹਿਸੂਸ ਨਹੀਂ ਹੁੰਦੀ ਸੀ ।ਜਦ ਵੀ ਮੈਂ ਦਵਾਈ ਲੈਣ ਜਾਂਦੀ ਤਾਂ ਭੱਜ ਭੱਜ ਕੇ ਟਿਊਸ਼ਨ ਸਮੇਂ ਤੱਕ ਵਾਪਸ ਆ ਜਾਂਦੀ ਤਾਂ ਕਿ ਬੱਚਿਆਂ ਦਾ ਇੱਕ ਦਿਨ  ਦਾ ਨੁਕਸਾਨ ਨਾ ਹੋ ਜਾਵੇ । ਟਿਊਸ਼ਨ ਨੂੰ ਦੇਖਦੇ ਵਿਆਹ ਜਾਂ ਹੋਰ ਸਾਰੇ ਪ੍ਰੋਗਰਾਮ ਮੈਂ ਪਹਿਲਾਂ ਹੀ ਰੱਦ ਕਰ ਦਿੰਦੀ ।ਸਭ ਰਿਸ਼ਤੇਦਾਰ ਬਹੁਤ ਗੁੱਸਾ ਕਰਦੇ ਕਿ ਟਿਊਸ਼ਨ ਤੋਂ ਛੁੱਟੀ ਕੀਤੀ ਜਾਂ ਸਕਦੀ ,ਪਰ ਮੈਨੂੰ  ਉਹਨਾਂ ਦਾ ਸੁਝਾਅ ਚੰਗਾ ਨਾ ਲੱਗਦਾ ।

ਮੈਂ ਫਿਰ ਬੱਚਿਆਂ ਨਾਲ ਇੰਨਾ ਕ ਜਿਆਦਾ ਘੁਲ ਮਿਲ ਗਈ
ਸੀ ਕਿ ਉਹ ਆਪਣੀ ਹਰ ਗੱਲ ਮੈਨੂੰ ਦੱਸਣ ਲੱਗੇ ।ਮੈਂ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੇ ਖੇਡਣ ਦਾ ਵੀ ਧਿਆਨ ਰੱਖਣ ਲੱਗੀ ਕਿਉਂਕਿ  ਬੱਚੇ ਦਾ  ਪੜ੍ਹਾਈ ਦੇ ਨਾਲ ਨਾਲ ਖੇਡਣਾ ਵੀ ਜਰੂਰੀ ਹੈ ।ਸ਼ਨੀਵਾਰ ਸਕੂਲ ਦਾ ਕੰਮ ਕਰਨ ਮਗਰੋਂ ਮੈਂ ਉਹਨਾਂ ਨੂੰ ਖਿਡਾਉਦੀ ਤੇ ਖੁਦ ਵੀ ਉਹਨਾਂ ਨਾਲ ਖੇਡਦੀ ।ਬੱਚੇ ਖੁਸ਼ ਰਹਿਣ ਲੱਗੇ ਅਤੇ ਆਪਣਾ ਕੰਮ ਸਕੂਲ ਵਿੱਚ ਹੀ ਯਾਦ ਕਰਕੇ ਆਉਦੇ ਜਾ ਪਹਿਲਾਂ ਹੀ ਪਤਾ ਹੁੰਦਾ ਸੀ ਕਲ ਉਹ ਕੰਮ ਕਰਵਾਉਣਾ ,ਉਹ ਰਾਤ ਨੂੰ ਯਾਦ ਕਰ ਸੌ ਜਾਂਦੇ ।ਉਹਨਾਂ ਨੂੰ ਇੱਕ ਖਿੱਚ ਹੁੰਦੀ ਸੀ ਕਿ ਖੇਡਣ ਦਾ ਸਮਾਂ ਘੱਟ ਨਾ ਜਾਵੇ ।ਮੇਰੇ ਘਰਦੇ ਵੀ ਕਈ ਵਾਰ ਗੁੱਸੇ ਹੁੰਦੇ ਕਿ ਹੁਣ ਤੇਰੀ ਉਮਰ ਖੇਡਣ ਦੀ ਹੈ ਪਲ ਮੈਂ ਸਭ ਭੁੱਲ ਕੇ ਬੱਚੀ ਹੀ ਬਣ ਜਾਂਦੀ ਸੀ । ਬੱਚਿਆਂ ਦੇ ਘਰਦੇ ਕਹਿੰਦੇ ਕਿ ਸਕੂਲ ਦਾ ਕੰਮ ਕਰਨ  ਮਗਰੋਂ ਜਿਆਦਾ ਕੰਮ ਕਰਵਾ ਦਿਆਂ ਕਰੋ ,ਖਿਡਾਇਆ ਨਾ ਕਰੋ ,ਮੈਂ ਤਾਂ ਕਹਿ ਦਿੰਦੀ ਸੀ ਕਿ ਉਹ ਬੱਚੇ ਆ ਕੈਦੀ ਨਹੀਂ ਜੋ ਸਜ਼ਾ ਕੱਟ ਰਹੇ ,ਇਨ੍ਹਾਂ ਨੇ ਵੱਧਣਾ ਫੁੱਲਣਾ ਵੀ ਹੈ ਸੋ ਇਨ੍ਹਾਂ ਲਈ ਪੜ੍ਹਾਈ ਜਿੰਨੀ ਹੀ ਖੇਡ ਵੀ ਜਰੂਰੀ ਹੈ ।ਜੇ ਨੰਬਰ ਘੱਟ ਆਏ ਫਿਰ ਕਹਿਣਾ ,ਉਸ ਲਈ ਮੈਨੂੰ ਜੋ ਠੀਕ ਲੱਗਦਾ ਕਰਨ ਦਿਓ ।

ਮੇਰੇ ਪਿੰਡ ਦੇ ਕੁਝ ਲੋਕ ਮੂੰਹ ਤੇ ਕਹਿ ਦਿੰਦੇ ਸੀ ਕਿ ਖਿਡਾ ਕੇ ਜਵਾਕ ਮੋੜ ਦਿੰਦੀ ।ਵਿਹਲੀ ਬੈਠੀ ਟਿਊਸ਼ਨ ਫੀਸ ਲੈਂਦੀ ।ਪਰ ਮੈਂ ਜਵਾਬ ਦੇਣ ਦੀ ਥਾਂ ਚੁੱਪ ਰਹਿੰਦੀ ।ਫਿਰ ਫਾਈਨਲ ਟਰਮ ਦੇ ਪੇਪਰ ਨੇੜੇ ਸੀ ।ਬੱਚਿਆਂ ਤੋਂ ਜਿਆਦਾ ਡਰ ਮੈਨੂੰ ਸੀ ਕਿ ਕੋਈ ਉਲਾਂਭਾ ਨਾ ਆ ਜਾਵੇ।ਫਰਵਰੀ ਮਹੀਨੇ ਤੋਂ ਮੈਂ ਬੱਚਿਆਂ ਦਾ ਖੇਡਣਾ ਬੰਦ ਕਰ ਦਿੱਤਾ ਅਤੇ ਐਤਵਾਰ ਨੂੰ ਦੋ ਘੰਟੇ ਦੀ ਟਿਊਸ਼ਨ ਸ਼ੁਰੂ ਕਰ ਦਿੱਤੀ ।
 
ਦਿਨ ਨਿਕਲ ਗਏ।ਪੇਪਰ ਦੇ ਕੇ ਬੱਚੇ ਆਪੋ ਆਪਣੇ ਘਰ ਰਹਿਣ ਲੱਗੇ ।ਮੇਰਾ ਮਨ ਹਰ ਸਮੇਂ ਉਹਨਾਂ ਦੇ ਰਿਜ਼ਲਟ ਦੀ ਉਡੀਕ ਵਿੱਚ ਡਰਦਾ ਰਹਿੰਦਾ ।ਇਕੱਤੀ ਮਾਰਚ ਨੂੰ ਜਦ ਰਿਜਲਟ ਆਇਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ।ਕਿਉਂਕਿ ਜੋ ਬੱਚਾ ਅੰਗਰੇਜ਼ੀ ਪੜ੍ਹਨੀ ਵੀ ਨਹੀਂ ਚਾਹੁੰਦਾ ਸੀ ਤੇ ਤੇਤੀ ਪਰਸੈਟ ਨੰਬਰ ਲੈ ਕੈ ਮਸਾਂ ਪਾਸ ਹੁੰਦਾ ਸੀ ।ਉਸ ਨੇ ਵੀ ਅੱਸੀ ਪਰਸੈਟ ਨੰਬਰ ਲਏ  ਸੀ ।ਜੋ ਲੋਕ ਕਹਿੰਦੇ ਸੀ ਜਵਾਕ ਖਿਡਾ ਕੇ  ਪੈਸੇ ਲੈਂਦੀ ਉਹਨਾਂ ਦੇ ਮੂੰਹ ਆਪਣੇ ਆਪ ਬੰਦ ਹੋ ਗਏ ਸੀ ।

ਫਿਰ ਉਹ ਬੱਚੇ ਕਦੀ ਕਿਸੇ ਹੋਰ ਕੋਲ ਟਿਊਸ਼ਨ ਨਹੀਂ ਲੱਗੇ।ਪੰਜ ਸਾਲ ਹੋ ਗਏ ਉਹਨਾਂ ਬੱਚਿਆਂ ਨੂੰ ਮੇਰੇ ਕੋਲ ਟਿਊਸ਼ਨ ਪੜ੍ਹਦੇ ਹੋਏ।

ਸੋ ਅੰਤ ਇਹੀ ਕਹਿਣਾ ਚਾਹੁੰਦੀ ਕਿ ਕਸੂਰ ਮਾਪਿਆਂ ਜਾ ਟਿਊਸ਼ਨ ਟੀਚਰਾਂ ਦਾ ਜਾ ਬੱਚਿਆਂ ਦਾ ਨਹੀਂ ਹੈ ।ਜੇ ਸਾਡੀ ਸਰਕਾਰ ਰੋਜਗਾਰ ਦਿੰਦੀ ਤਾਂ ਮਾਪਿਆਂ ਨੂੰ ਇਹ ਅੱਕ ਨਾ ਚੱਬਣਾ ਪੈਦਾ ।ਬੱਚਿਆਂ ਦੇ ਭਵਿੱਖ ਲਈ ਉਹ ਫੀਸਾਂ ਦੀ ਦੋਹਰੀ ਮਾਰ ਸਹਿਣ ਕਰਦੇ ।ਬੱਚਿਆਂ ਉਪਰ ਬੋਝ ਪੈਂਦਾ ਉਹ ਗੱਲ ਵੀ ਸਹੀ ।ਟਿਊਸ਼ਨ ਟੀਚਰ ਵੀ ਸਿਰਫ ਪੈਸੇ ਕਰਕੇ ਨਹੀਂ ਪੜਾਉਦੇ ਕਈ ਤਾਂ ਮਾਪਿਆਂ ਦੇ ਜੋਰ ਦੇਣ ਤੇ ਪੜਾਉਦੇ ਕਿਉਂਕਿ ਪੜਾਈ ਔਖੀ ਹੋਣ ਕਰਕੇ ਜਾ ਘੱਟ ਪੜੇ ਹੋਣ ਕਰਕੇ ਉਹ ਖੁਦ ਬੱਚਿਆਂ ਨੂੰ ਨਹੀ  ਪੜਾ ਸਕਦੇ ।

Leave a Reply

Your email address will not be published. Required fields are marked *