ਤੇਰੇ ਨਾਲ ਨੱਚਣਾ | tere naal nachna

ਤੇਜਾ ਸਿੰਘ ਅਤੇ ਜੋਗਿੰਦਰ ਸਿੰਘ ਬਹੁਤ ਪੱਕੇ ਦੋਸਤ ਸਨ । ਤੇਜਾ ਸਿੰਘ ਦੇ ਘਰ ਮਨਜੀਤ ਦਾ ਜਨਮ ਹੋਇਆ ਤਾਂ ਜੋਗਿੰਦਰ ਨੂੰ ਸਭ ਤੋਂ ਜਿਆਦਾ ਖੁਸ਼ੀ ਹੋਈ ਸੀ ।ਪਾਰਟੀ ਵਿੱਚ ਦੋਵਾਂ ਨੇ ਕੁਝ ਜਿਆਦਾ ਪੀ ਲਈ ਸੀ । ਜਿਸ ਕਰਕੇ ਤੇਜਾ ਸਿੰਘ ਨੂੰ ਕਹਿ ਰਿਹਾ ਸੀ ,”ਯਾਰ ਮੇਰੇ ਘਰ ਕੁੜੀ ਦਾ ਜਨਮ ਹੋਵੇ ਤਾਂ ਕਿ ਮਨਜੀਤ ਅਤੇ ਉਸ ਦਾ ਵਿਆਹ ਕਰਕੇ ਆਪਾ ਰਿਸ਼ਤੇਦਾਰ ਬਣ ਜਾਈਏ ” ।ਸਾਰੇ ਦੋਵਾਂ ਨੂੰ ਚੜ੍ਹ ਗਈ, ਕਹਿ ਕੇ ਹੱਸ ਰਹੇ ਸੀ ।

ਦੋ ਕੁੁ ਸਾਲ ਬਾਅਦ ਜੋਗਿੰਦਰ ਦੇ ਘਰ ਕੁੜੀ ਨੇ ਜਨਮ ਲਿਆ। ਜਿਸਦਾ ਨਾਮ ਰੱਖਿਆ ਗਿਆ ।ਦੋਵੇਂ ਦੋਸਤ ਆਪਣੇ ਆਪਣੇ ਕੰਮਾਂ ਵਿੱਚ ਵਿਅਸਥ ਹੋ ਗਏ।ਹੁਣ ਦੋਨੋਂ ਪਰਿਵਾਰ ਕਿਸੇ ਦਿਨ ਤਿਓਹਾਰ ਜਾਂ ਵਿਆਹ ਸ਼ਾਦੀਆਂ ਦੇ ਸਮਾਗਮ ਉੱਪਰ ਹੀ ਇਕੱਠੇ ਹੁੰਦੇ ।ਮਨਜੀਤ ਨੂੰ ਨੱਚਣ ਦਾ ਬਹੁਤ ਸ਼ੌਕ ਸੀ ਜਦ ਵੀ ਮਨਜੀਤ ਨਾਲ ਕੋਈ ਕੁੜੀ ਨੱਚਣ ਲੱਗਦੀ  ਤਾਂ ਰਾਵੀ ਉਸ ਕੁੜੀ ਨੂੰ ਧੱਕਾ ਦੇ ਕੇ ਆਪ ਮਨਜੀਤ ਨਾਲ ਨੱਚਣ ਲੱਗਦੀ ।

ਸਾਰੇ ਦੋਵਾਂ ਨੂੰ ਇਕੱਠੇ ਨੱਚਦੇ ਦੇਖ ਬਹੁਤ ਖੁਸ਼ ਹੁੰਦੇ ।ਜਦ ਰਾਵੀ ਵਿਆਹ ਵਾਲੇ ਮੁੰਡੇ-ਕੁੜੀ ਨੂੰ ਨੱਚਦੇ ਦੇਖਦੀ ਤਾਂ ਮਨਜੀਤ ਦਾ ਹੱਥ ਫੜ ਕਹਿੰਦੀ ਜਦ ਆਪਣਾ ਦੋਵਾਂ ਦਾ ਵਿਆਹ ਹੋਇਆ ,ਉਦੋਂ ਮੈਂ ਵੀ ਤੇਰੇ ਨਾਲ ਇੱਦਾਂ ਹੀ ਹੱਥ ਫੜ ਕੇ ਨੱਚਣਾ ।ਸਾਰੇ ਰਾਵੀ ਦੀਆਂ ਗੱਲਾਂ ਸੁਣ ਖਿੜ ਖਿੜਾ ਕੇ ਹੱਸਦੇ ਰਹਿੰਦੇ । ਰਾਵੀ ਆਪਣੀਆ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ ।

ਫਿਰ ਰਾਵੀ ਅਤੇ ਮਨਜੀਤ ਇੱਕੋ ਸਕੂਲ ਵਿੱਚ ਪੜ੍ਹਨ ਲੱਗਦੇ ।ਮਨਜੀਤ ਰਾਵੀ ਤੋਂ ਦੋ ਜਮਾਤਾਂ ਅੱਗੇ ਸੀ ।ਰਾਵੀ ਦੇ ਹੁਸ਼ਿਆਰ ਹੋਣ ਕਰਕੇ ਰਾਵੀ ਨੇ ਸ਼ੁਰੂ ਵਿੱਚ ਇਕ ਸਾਲ ਵਿੱਚ ਦੋ ਜਮਾਤਾਂ ਕਰ ਲਈਆਂ ਸਨ ।ਜਿਸ ਕਰਕੇ ਮਨਜੀਤ ਅਤੇ ਰਾਵੀ ਵਿੱਚ ਇਕ ਜਮਾਤ ਦਾ ਫਰਕ ਰਹਿ ਗਿਆ ਸੀ।ਉਹ ਫਰਕ ਰਾਵੀ ਨੇ ਛੇਵੀਂ ਜਮਾਤ ਵਿੱਚ ਕੱਢ ਦਿੱਤਾ ਸੀ । ਸੱਤਵੀ ਜਮਾਤ ਤੋਂ ਰਾਵੀ ਅਤੇ ਮਨਜੀਤ ਇੱਕੋ ਜਮਾਤ ਵਿੱਚ ਪੜ੍ਹਨ ਲੱਗੇ।

  ਰਾਵੀ ਅਤੇ ਮਨਜੀਤ ਆਪਸ ਵਿੱਚ ਬਹੁਤ ਵਧੀਆ ਦੋਸਤ ਬਣ ਗਏ ਸਨ।ਕੋਈ ਵੀ ਗੱਲ ਹੁੰਦੀ ਤਾਂ ਆਪਣੇ ਪਰਿਵਾਰ ਤੋਂ ਪਹਿਲਾਂ ਇਕ ਦੂਜੇ ਨੂੰ ਦੱਸਣਾ ਜਿਆਦਾ ਜਰੂਰੀ ਸਮਝਦੇ ।ਕਾਲਜ ਸਮੇਂ ਵੀ ਦੋਨੋਂ ਇਕੱਠੇ ਪੜ੍ਹਾਈ ਕਰਦੇ ਰਹਿੰਦੇ ।ਦੋਹਾਂ ਦੇ ਪਰਿਵਾਰਾਂ ਨੂੰ ਵੀ ਰਾਵੀ ਅਤੇ ਮਨਜੀਤ ਦਾ ਇਕੱਠੇ ਰਹਿਣ ਬਹੁਤ ਵਧੀਆ ਲੱਗਦਾ ਸੀ ।

ਮਨਜੀਤ ਦੀ ਮਾਂ ਰਾਵੀ ਨੂੰ ਬਹੁਤ ਪਸੰਦ ਕਰਦੀ ਸੀ ਅਤੇ ਆਪਣੇ ਘਰ ਦੀ ਨੂੰਹ ਬਣਾਉਣਾ ਚਾਹੁੰਦੀ ਸੀ ।ਉਧਰ ਰਾਵੀ ਅਤੇ ਮਨਜੀਤ ਦੇ ਮਨ ਵਿੱਚ ਵੀ ਇੱਕ ਦੂਜੇ ਲਈ ਪਿਆਰ ਸੀ ।ਪਰ ਦੋਨੋਂ ਹੀ ਆਪਣੇ ਪਿਆਰ ਦਾ ਇਜਹਾਰ ਨਾ ਕਰ ਸਕੇ ।

ਪੜ੍ਹਾਈ ਖਤਮ ਹੁੰਦੇ ਹੀ ਰਾਵੀ ਨੂੰ ਨੌਕਰੀ ਮਿਲ ਜਾਂਦੀ । ਨੌਕਰੀ ਵਿੱਚ ਵਿਅਸਥ ਹੋਣ ਕਰਕੇ ਦੋਹਾਂ ਦੀ ਮੁਲਾਕਾਤ ਨਾਮਾਤਰ ਹੀ ਹੁੰਦੀ ।ਦੋਵਾਂ ਨੂੰ ਹੀ ਇਕ ਦੂਜੇ ਨਾਲ ਮਿਲਣ ਜਾਂ ਗੱਲਬਾਤ ਨਾ ਹੋਣ ਕਾਰਨ ਕੁਝ ਚੰਗਾ ਨਾ ਲੱਗਦਾ ।

ਮਨਜੀਤ ਦੀ ਮਾਂ ਰਾਵੀ ਲਈ ਰਿਸ਼ਤਾ ਲੈ ਕੇ ਆਉਂਦੀ ।ਰਾਵੀ ਲਈ ਸਰਪ੍ਰਾਈਜ ਰੱਖਿਆ ਜਾਂਦਾ ਕਿ ਉਸ ਦੀ ਮੰਗਣੀ ਕਿਸ ਨਾਲ ਹੋਣ ਵਾਲੀ ਆ । ਰਾਵੀ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ।ਰਾਵੀ ਅਣਮੰਨੇ ਜਿਹੇ ਮਨ ਨਾਲ ਮੰਗਣੀ ਲਈ ਤਿਆਰ ਹੁੰਦੀ ।

ਪਰ ਜਦ ਰਾਵੀ ਦੀ ਮੰਗਣੀ ਦੀ ਰਸਮ ਮਨਜੀਤ ਨਾਲ ਹੁੰਦੀ ਤਾਂ ਉਹ ਬਹੁਤ ਖੁਸ਼ ਹੁੰਦੀ । ਜਦ ਸਾਰੇ ਮੰਗਣੀ ਵਾਲੇ ਦਿਨ ਰਾਵੀ ਨੂੰ ਬਚਪਨ ਦੀਆਂ ਗੱਲਾਂ ਦੱਸਦੇ ਤਾਂ ਰਾਵੀ ਸ਼ਰਮ ਨਾਲ ਲਾਲ ਹੋ ਜਾਂਦੀ।ਹੁਣ ਰਾਵੀ ਅਤੇ ਮਨਜੀਤ ਬਹੁਤ ਸਮਾਂ ਫੋਨ ਤੇ ਗੱਲ ਕਰਦੇ ਰਹਿੰਦੇ ।ਦੋਵਾਂ ਨੇ ਆਉਣ ਵਾਲੇ ਭੱਵਿਖ ਲਈ ਸੁਪਨੇ ਸਜਾਉਣੇ ਸ਼ੁਰੂ ਕਰ ਦਿੱਤੇ ।

ਰਾਵੀ ਅਤੇ ਮਨਜੀਤ ਦੀ ਵਿਆਹ ਦੀ ਤਾਰੀਕ ਰੱਖ ਲਈ ਜਾਂਦੀ ।ਦੋਵੇਂ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ।ਵਿਆਹ ਤੋਂ ਕੁਝ ਦਿਨ ਪਹਿਲਾਂ ਰਾਵੀ ਦਾ ਐਕਸੀਡੈਂਟ ਹੋ ਜਾਂਦਾ ।ਐਕਸੀਡੈਂਟ ਬਹੁਤ ਜਿਆਦਾ ਭਿਆਨਕ ਸੀ।  ਐਕਸੀਡੈਂਟ ਵਿੱਚ ਰਾਵੀ ਦੇ ਮੰਮੀ ਅਤੇ ਪਾਪਾ ਦੀ ਮੌਕੇ ਉੱਪਰ ਹੀ ਮੌਤ ਹੋ ਗਈ।

ਰਾਵੀ  ਦੀ ਹਾਲਤ ਵੀ ਨਾਜੁਕ ਸੀ । ਜਦ ਰਾਵੀ ਨੂੰ ਐਮਰਜੈਂਸੀ  ਵਾਰਡ ਵਿਚ ਲੈ ਕੇ ਜਾਂਦੇ ਤਾਂ ਮਨਜੀਤ, ਰਾਵੀ ਦੀ ਹਾਲਤ ਦੇਖ ਘਬਰਾ ਜਾਂਦਾ ।ਮਨਜੀਤ ਨੂੰ ਬੇਚੈਨੀ ਹੋਣ ਲੱਗਦੀ । ਮਨਜੀਤ ਮਾਂ ਦੇ ਗੱਲ ਲੱਗ ਬਹੁਤ ਰੋਦਾ । ਮਾਂ ਜੇ ਰਾਵੀ ਨੂੰ ਕੁਝ ਹੋ ਗਿਆ ਤਾਂ ਮੈਂ ਜੀਅ ਨਹੀਂ ਸਕੁੁਗਾ ।ਮਾਂ ਨੇ ਹੌਸਲਾ ਦਿੰਦੇ ਕਿਹਾ ,ਇੱਦਾਂ ਕਿੱਦਾਂ ਰਾਵੀ ਨੂੰ ਕੁਝ ਹੋਜੂ ।ਆਪਾ ਰਾਵੀ ਦਾ ਵਧੀਆ ਇਲਾਜ ਕਰਾਵਾਂਗੇ ।ਉਹ ਜਲਦੀ ਠੀਕ ਹੋਜੂ ।

ਡਾਕਟਰ ਮਨਜੀਤ ਕੋਲ ਆ ਕੇ ਕਹਿੰਦੇ ਕਿ ਜੇ ਰਾਵੀ ਦੀ ਜਾਨ ਬਚਾਉਣੀ ਤਾਂ ਉਸ ਦੀਆਂ ਦੋਨੋਂ ਲੱਤਾਂ ਕੱਟਣੀਆਂ ਪੈਣਗੀਆਂ ।ਮਨਜੀਤ ਨੂੰ ਇਕ ਵਾਰ ਤਾਂ ਧੱਕਾ ਲੱਗਦਾ ।ਫਿਰ ਉਸ ਨੂੰ ਲੱਗਦਾ ਕਿ ਕੋਈ ਨਾ ਬਿਨਾਂ ਲੱਤਾਂ ਤੋਂ ਵੀ ਮੈਂ ਰਾਵੀ ਨੂੰ ਪਹਿਲਾਂ ਵਾਂਗੂੰ ਹੀ ਪਿਆਰ ਕਰਾਗਾਂ ।ਤੁਸੀਂ ਲੱਤਾਂ ਕੱਟ ਦਿਓ ।ਪਰ ਮੇਰੀ ਰਾਵੀ ਨੂੰ ਬਚਾ ਲਓ ।  ਮਨਜੀਤ ਦੇ ਸ਼ਬਦਾਂ ਵਿਚ ਉਸਦਾ ਦਰਦ ਸਾਫ ਝਲਕਦਾ ਸੀ ।

ਰਾਵੀ ਦੀ ਜਾਨ ਬਚ ਜਾਂਦੀ ।ਜਦ ਰਾਵੀ ਨੂੰ ਹੋਸ਼ ਆਉਦੀ ਤਾਂ ਮਨਜੀਤ ਹੌਸਲਾ ਨਹੀਂ ਕਰ ਪਾਉਦਾ ਰਾਵੀ ਦੇ ਸਾਹਮਣੇ ਜਾਣ ਦਾ।ਮਾਂ ਦੇ ਕਹਿਣ ਉੱਤੇ ਹਿੰਮਤ ਕਰਕੇ ਮਨਜੀਤ ਰਾਵੀ ਕੋਲ ਜਾਂਦਾ ।ਮਨਜੀਤ ਨੂੰ ਦੇਖਦੇ ਰਾਵੀ  ਮੂੰਹ ਫੇਰ ਕੇ ਰੋਣ ਲੱਗਦੀ ਤਾਂ ਰਾਵੀ ਦਾ ਮੂੰਹ ਆਪਣੇ ਵੱਲ ਕਰ ਹੌਸਲਾ ਦਿੰਦਾ ਕਹਿੰਦਾ ,”ਕੀ  ਹੋਇਆ ? ਮੇਰੇ ਸਾਹਮਣੇ ਤਾਂ ਬੜੀ ਦਲੇਰ ਬਣਦੀ ਸੀ ,ਕਿਥੇ ਗਈ ਹਿੰਮਤ ਮੇਰੀ ਝਾਂਸੀ ਦੀ ਰਾਣੀ ਦੀ ?”

ਰਾਵੀ ਕਹਿੰਦੀ ,”ਮੈਂ ਬਿਲਕੁਲ ਇਕੱਲੀ ਰਹਿ ਗਈ “। ਮਨਜੀਤ ਗੁੱਸੇ ਵਾਲਾ ਮੂੰਹ ਬਣਾ ਕਹਿੰਦਾ ,”ਮੈਂ ਵੀ ਤਾਂ ਹੈਗਾ ਇਕੱਲੀ ਕਿਵੇਂ ਰਹਿ ਗਈ “।ਰਾਵੀ ਚੁੱਪ ਕਰਕੇ ਲੇਟੀ ਰਹਿੰਦੀ ।ਮਨਜੀਤ ਦੀ ਮਾਂ ਵੀ ਕਮਰੇ ਚ ਆ ਜਾਂਦੀ ਤੇ ਰਾਵੀ ਦਾ ਹਾਲ ਪੁੱਛ ਢੇਰ ਸਾਰੀਆਂ ਆਸੀਸਾਂਂ ਦਿੰਦੀ ।ਮਨਜੀਤ ਹਰ ਸਮੇਂ ਰਾਵੀ ਕੋਲ ਰਹਿੰਦਾ ਅਤੇ ਉਸ ਦੀ ਪੂਰੀ ਦੇਖਭਾਲ ਕਰਦਾ ।ਰਾਵੀ ਨੂੰ ਮਨਜੀਤ ਦੁਆਰਾ ਕੀਤੀ ਦੇਖਭਾਲ ਤਾਂ ਚੰਗੀ ਲੱਗਦੀ ।ਪਰ ਆਪਣਾ ਹਾਲ ਦੇਖ ਰਾਵੀ ਖੁਦ ਨੂੰ ਲਾਚਾਰ ਸਮਝਦੀ ।

ਮਨਜੀਤ ਦੀ ਦੇਖ ਰੇਖ ਸਦਕਾ ਕੁਝ ਮਹੀਨਿਆਂ ਵਿੱਚ ਹੀ ਰਾਵੀ ਦੇ ਜਖਮ ਬਿਲਕੁੱਲ ਠੀਕ ਹੋ ਗਏ। ਹੁਣ ਮਨਜੀਤ ਨੇ ਰਾਵੀ ਤੋਂ ਚੋਰੀ ਡਾਕਟਰਾਂ ਦੀ ਸਲਾਹ ਲੈਣੀ ਸ਼ੁਰੂ ਕੀਤੀ ਤਾਂ ਕਿ ਉਹ ਰਾਵੀ ਦੇ ਨਕਲੀ ਲੱਤਾਂ ਲਵਾ ਸਕੇ ।
ਡਾਕਟਰਾਂ ਨੇ ਮਨਜੀਤ ਦੀਆਂ ਉਮੀਦਾਂ ਨੂੰ ਹਰੀ ਝੰਡੀ ਦੇ ਦਿੱਤੀ ।ਪਰ ਇਕ ਮੁਸ਼ਕਿਲ ਸੀ ਕਿ  ਉਸ ਉੱਪਰ ਖਰਚ ਬਹੁਤ ਆਉਣਾ ਸੀ।

ਮਨਜੀਤ ਨੇ ਆਪਣੇ ਪਰਿਵਾਰ  ਨਾਲ ਗੱਲ ਕੀਤੀ ਤਾਂ ਖਰਚ ਸਭ ਨੂੰ ਆਪਣੀ ਆਮਦਨੀ ਤੋਂ ਜਿਆਦਾ ਲੱਗਾ।ਪਰ ਮਨਜੀਤ ਦੇ ਦਾਦਾ ਜੀ ਆਪਣੀ ਨਿਸ਼ਾਨੀ ਤੇ ਰੂਪ ਵਿਚ ਕੁਝ ਜ਼ਮੀਨ ਮਨਜੀਤ ਦੇ ਨਾਮ ਲਵਾ ਕੇ ਗਏ ਸੀ ।ਮਨਜੀਤ ਨੇ ਉਹ ਜ਼ਮੀਨ ਵੇਚ ਕੇ ਰਾਵੀ ਦੇ ਨਕਲੀ ਲੱਤਾਂ ਲਵਾਈਆਂ ।

ਸਾਰੇ ਰਿਸ਼ਤੇਦਾਰ ਮਨਜੀਤ ਨੂੰ ਪਾਗਲ ਦੱਸਦੇ ।ਮਨਜੀਤ ਦੇ ਪਰਿਵਾਰ ਨੂੰ ਕਹਿੰਦੇ ਕਿ ਮਨਜੀਤ ਕਿਉਂ ਇਕ ਕੁੜੀ ਪਿੱਛੇ ਪਿਆ ਹੈ ਜੋ ਅਪਾਹਜ ਹੈ ।ਮਨਜੀਤ ਨੂੰ ਹੋਰ ਬਥੇਰੇ ਰਿਸ਼ਤੇ ਹੋ ਸਕਦੇ ਨੇ।ਮਨਜੀਤ ਦੀ ਮਾਂ ਕਹਿੰਦੀ,”ਰਾਵੀ ਸਾਡੀ ਨੂੰਹ ਨਹੀਂ ਧੀ ਹੈ,ਇਸ ਕਰਕੇ ਉਹ ਜਿਵੇਂ ਵੀ ਹੈ ਅਸੀਂ ਸਭ ਬਹੁਤ ਖੁਸ਼ ਹਾਂ “।ਰਾਵੀ ਵਰਗਾ ਹੀਰਾ ਗਵਾ ਕੇ ਅਸੀਂ ਕਦੀ ਖੁਸ਼ ਨਹੀਂ ਰਹਿ ਸਕਦੇ ।ਸਭ ਰਿਸ਼ਤੇਦਾਰ ਕਰਾਰਾ ਜਵਾਬ ਸੁਣ ਮੂੰਹ ਬਣਾ ਲੈਂਦੇ ।

ਦੋ ਸਾਲ ਬਾਅਦ ਰਾਵੀ ਦੇ ਬਿਲਕੁੱਲ ਠੀਕ ਹੋਣ ਤੇ ਵਿਆਹ ਦੀ ਤਾਰੀਕ ਰੱਖੀ ।ਮਨਜੀਤ ਨੇ ਸਾਰੀ ਤਿਆਰੀ ਬਹੁਤ ਰੀਝ ਨਾਲ ਕੀਤੀ ।ਆਨੰਦ ਕਾਰਜ ਦੀ ਰਸਮ ਮਗਰੋਂ ਸ਼ਗਨ ਦੀ ਰਸਮ ਹੋਈ ।ਫਿਰ ਮਨਜੀਤ ਨੇ ਰਾਵੀ ਦਾ ਹੱਥ ਫੜਿਆ ਅਤੇ ਬੜੇ ਪਿਆਰ ਨਾਲ ਰਾਵੀ ਨੂੰ ਸਟੇਜ ਉੱਪਰ ਲੈ ਗਿਆ । ਮਨਜੀਤ ਅਤੇ ਰਾਵੀ ਆਹਮੋ ਸਾਹਮਣੇ ਖੜ੍ਹੇ ਸੀ ।ਮਨਜੀਤ ਨੇ ਰਾਵੀ ਦਾ ਹੱਥ ਫੜ ਕੇ ਕਿਹਾ , “ਰਾਵੀ ਅੱਜ ਮੈਂ ਤੇਰੇ ਨਾਲ ਨੱਚਣਾ” ।

ਤੇਰਾ ਮੇਰੇ ਨਾਲ ਨੱਚਣ ਦਾ ਬਚਪਨ ਦਾ ਸੁਪਨਾ ਸੀ ਜੋ ਮੈਂ ਅੱਜ ਪੂਰਾ ਕਰ ਦਿੱਤਾ ।ਰਾਵੀ ਦੀਆਂ ਅੱਖਾਂ ਵਿੱਚੋ ਹੰਝੂ ਵਹਿ ਰਹੇ ਸੀ ।ਮਨਜੀਤ ਨੇ ਰਾਵੀ ਨੂੰ ਚੁੱਪ ਕਰਾਉਂਦੇ ਗੱਲ ਨਾਲ ਲਾ ਲਿਆ ।ਹਾਲ ਵਿੱਚ ਖੜ੍ਹੇ ਲੋਕਾਂ ਨੇ ਤਾੜੀਆਂ ਮਾਰ ਕੇ ਦੋਵਾਂ ਨੂੰ ਜ਼ਿੰਦਗੀ ਭਰ ਖੁਸ਼ ਰਹਿਣ ਦਾ ਆਸ਼ੀਰਵਾਦ ਦਿੱਤਾ ।
ਰਾਵੀ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਸਮਝ ਰਹੀ ਸੀ ।ਕਿਉਂਕਿ ਉਸਨੂੰ ਮਨਜੀਤ ਵਰਗਾ ਪਿਆਰ ਕਰਨ ਵਾਲਾ ਸਾਥੀ ਅਤੇ ਨੂੰਹ ਨੂੰ ਧੀ ਸਮਝਕੇ ਪਿਆਰ ਕਰਨ ਵਾਲਾ ਪਰਿਵਾਰ ਮਿਲ ਗਿਆ ਸੀ, ਜਿਸ ਨੇ ਰਾਵੀ ਦੀ ਕਮੀ ਨੂੰ ਵੀ ਖਿੜੇ ਮੱਥੇ ਸਵੀਕਾਰ ਕੀਤਾ ਸੀ ।

Leave a Reply

Your email address will not be published. Required fields are marked *