ਭੂਆ ਰਾਜਕੁਰ | bhua rajkur

ਮੇਰੇ ਪਾਪਾ ਜੀ ਦੀ ਭੂਆ ਰਾਜ ਕੁਰ ਅਕਸਰ ਹੀ ਆਪਣੇ ਪੇਕੇ ਘੁਮਿਆਰੇ ਪਿੰਡ ਪਾਪਾ ਜੀ ਦੇ ਫੁਫੜ ਮਿਲਖੀ ਰਾਮ ਮੌਂਗਾ ਦੇ ਨਾਲ ਮਿਲਣ ਆਉਂਦੀ। ਮੇਰੇ ਦਾਦਾ ਸ੍ਰੀ ਹਰਗੁਲਾਲ ਜੀ ਨਾਲ ਖੂਬ ਗੱਲਾਂ ਮਾਰਦੀ। ਪਰ ਓਹ ਸ਼ਾਮ ਦੀ ਰੋਟੀ ਸਾਡੇ ਘਰ ਹੀ ਖਾਂਦੇ। ਤੇ ਰਾਤ ਨੂੰ ਸਾਡੇ ਘਰ ਹੀ ਸੋਂਦੇ। ਕਿਉਂਕਿ ਸਾਡੇ ਘਰ ਪੱਕੀ ਲੇਟਰੀਨ ਬਣੀ ਹੋਈ ਸੀ। ਤੇ ਇਹ ਬਜ਼ੁਰਗਾਂ ਲਈ ਵੱਡੀ ਸਹੂਲਤ ਸੀ। ਭੂਆ ਦੇ ਪੰਜੇ ਪੁੱਤ ਪੜ੍ਹੇ ਲਿਖੇ ਸਨ ਪਰ ਭੂਆ ਜੀ ਰਾਜਸਥਾਨ ਦੇ ਇੱਕ ਪਿਛੜੇ ਪਿੰਡ ਵਿੱਚ ਹੀ ਰਹਿੰਦੇ ਸਨ। ਭੂਆ ਨੂੰ ਗੱਲਬਾਤ ਕਰਨ ਬਹੁਤ ਸਲੀਕਾ ਸੀ। ਸ਼ਰਦੀ ਦੇ ਦਿਨ ਸਨ। ਮੇਰੀ ਮਾਂ ਨੇ ਦੋਹਾ ਨੂੰ ਮੰਜੇ ਡਾਹ ਦਿੱਤੇ ਤੇ ਵਧੀਆ ਚਾਦਰਾਂ ਵਿਛਾ ਦਿੱਤੀਆਂ। ਤੇ ਉਪਰ ਲੈਣ ਲਈ ਚਿੱਟਾ ਕਪੜੇ ਦੇ ਗਿਲਾਫ ਵਾਲੀਆਂ ਰਜਾਈਆਂ ਦੇ ਦਿੱਤੀਆਂ । ਰੇਡੀਓ ਤੇ ਗੁਰਬਾਣੀ ਪ੍ਰੋਗਰਾਮ ਆ ਰਿਹਾ ਸੀ। “ਅਰੀ ਕਰਤਾਰ ਕੁਰ ਬਾਤ ਸੁਣ।” ਮੇਰੀ ਮਾਂ ਜਦੋ ਕੋਲੇ ਆਈ ਤਾਂ ਕਹਿੰਦੀ “ਯੂ ਲਾਗੇ ਜੈਸੇ ਬਗਲਾ ਔਰ ਬਗਲੀ ਬੈਠੇ ਹੋ।” ਤੇ ਜ਼ੋਰ ਜ਼ੋਰ ਦੀ ਹੱਸਣ ਲਗੀ। “ਆਪਕੀ ਸਫੇਦ ਰਜਾਈਆਂ ਬਿਲਕੁਲ ਹਸਪਤਾਲ ਜੈਸੀ ਲਾਗੇ।” ਭੂਆ ਆਪਣੇ ਪੇਕਿਆਂ ਵਿੱਚ ਹੁੰਦੀ ਸੇਵਾ ਵੇਖਕੇ ਬਾਗੋ ਬਾਗ ਸੀ। ਸੱਚੀ ਕਿੰਨਾ ਮਾਣ ਮਹਿਸੂਸ ਕਰਦੀ ਹੈ ਇੱਕ ਔਰਤ ਜਦੋ ਵਿਆਹ ਤੋਂ ਸਾਲਾਂ ਬਾਅਦ ਵੀ ਉਸਨੂੰ ਪੇਕੇ ਘਰ ਤੋਂ ਅਪਣੱਤ ਦੀ ਖੁਸ਼ਬੋ ਮਿਲਦੀ ਹੈ। ਬੁਢਾਪੇ ਵਿੱਚ ਵੀ ਪੇਕੇ ਆਪਣਾ ਹੀ ਘਰ ਲਗਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *