ਦ ਬਰਨਿੰਗ ਟ੍ਰੇਨ | the burning train

#ਦ_ਬਰਨਿੰਗ_ਟ੍ਰੇਨ।
ਇਸ ਨਾਮ ਦੀ ਫ਼ਿਲਮ ਆਈ ਸੀ। ਬਹੁਤ ਚਲੀ। ਕਿਉਂਕਿ ਥੀਮ ਤੇ ਹੀਰੋ ਦੋਨੇ ਵਧੀਆ ਸਨ। ਪਰ ਇਹ ਇੱਕ ਕਲਪਨਾ ਤੇ ਅਧਾਰਿਤ ਫਿਲਮ ਸੀ ਸਚਾਈ ਤੋਂ ਕੋਸੋਂ ਦੂਰ।

ਪਰ ਕੁਝ ਦਿਨ ਪਹਿਲਾਂ ਫਰੀਦਕੋਟ ਵਿਚ ਇੱਕ ਬਜ਼ੁਰਗ ਦੀ ਚਲਦੀ ਕਾਰ ਨੂੰ ਅੱਗ ਲੱਗ ਗਈ। ਇਸੇ ਵਜ੍ਹਾ ਕਰਕੇ ਹੀ ਉਹ ਕਾਰ ਦੀ ਖਿੜਕੀ ਨਹੀਂ ਖੋਲ੍ਹ ਸਕਿਆ। ਉਸਨੇ ਬਥੇਰੇ ਹਾਰਨ ਮਾਰੇ। ਲਾਈਟਾਂ ਦਿੱਤੀਆਂ। ਪਰ ਕੋਈ ਨੇੜੇ ਨਹੀਂ ਢੁੱਕਿਆ। ਨੇੜੇ ਖਡ਼ੇ ਕਈ ਨੌਜਵਾਨ ਵੀਡੀਓ ਬਣਾਉਦੇ ਰਹੇ ਤੇ ਬਜ਼ੁਰਗ ਜਿਉਂਦਾ ਹੀ ਅੱਗ ਦੀ ਲਪੇਟ ਵਿੱਚ ਆਕੇ ਅੰਦਰੇ ਹੀ ਮੱਚ ਗਿਆ। ਇਹ ਉਸ ਬਰਨਿੰਗ ਮੈਨ ਦੀ ਨਹੀਂ ਸਗੋਂ ਬਰਨਿੰਗ ਇਨਸਾਨੀਅਤ ਦੀ ਕਹਾਣੀ ਹੈ। ਬਹੁਤ ਹੀ ਸ਼ਰਮਨਾਕ ਘਟਨਾ ਹੈ। ਜੋ ਜਵਾਂ ਸੱਚ ਹੈ।

ਕਲ੍ਹ ਬਟਾਲੇ ਨੇੜੇ ਖੇਤਾਂ ਵਿਚ ਲਾਈ ਨਾੜ ਨੂੰ ਅੱਗ ਕਰਕੇ ਇੱਕ ਸਕੂਲ ਬੱਸ ਨੂੰ ਖੇਤਾਂ ਵੱਲ ਚਲੀ ਗਈ ਤੇ ਉਸਨੂੰ ਅੱਗ ਲੱਗ ਗਈ। ਉਸ ਬੱਸ ਵਿੱਚ ਕੋਈ ਤੀਹ ਦੇ ਕਰੀਬ ਮਾਸੂਮ ਬੱਚੇ ਸਵਾਰ ਸਨ। ਭਾਵੇਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰ ਕੁਝ ਬੱਚੇ ਝੁਲਸ ਗਏ। ਬੱਸ ਸੜ੍ਹਕੇ ਸਵਾਹ ਹੋ ਗਈ। ਕਸੂਰ ਕਿਸਾਨ ਦਾ ਤਾਂ ਹੈ ਹੀ। ਉਸ ਡਰਾਈਵਰ ਦਾ ਵੀ ਹੈ ਜੋ ਬੱਸ ਰੋਕਣ ਦੀ ਬਜਾਇ ਅੱਗ ਵੱਲ ਲ਼ੈ ਤੁਰਿਆ। ਕੱਲ੍ਹ ਇਸ ਘਟਨਾ ਦੀ ਪੂਰੀ ਚਰਚਾ ਸੀ। ਹੁਣ ਇਹ ਘਟਨਾ ਮਹਿਜ਼ ਇੱਕ ਖਬਰ ਬਣਕੇ ਰਹਿ ਜਾਵੇਗੀ। ਕਿਸੇ ਨੂੰ ਕੋਈ ਸਜ਼ਾ ਨਹੀਂ ਹੋਣੀ। ਸਰਕਾਰ ਖ਼ਾਨਾ ਪੂਰਤੀ ਕਰਕੇ ਇਸ ਘਟਨਾ ਤੇ ਮਿੱਟੀ ਪਾ ਦੇਵੇਗੀ। ਸਭ ਕੁਝ ਸ਼ਾਂਤ ਹੋ ਜਾਵੇਗਾ। ਰਹਿ ਜਾਣਗੇ ਸਿਰਫ ਪੀੜਤ ਬੱਚਿਆਂ ਦੇ ਸਰੀਰ ਤੇ ਅੱਗ ਦੇ ਨਿਸ਼ਾਨ। ਜੋ ਸਾਰੀ ਉਮਰ ਨਹੀਂ ਮਿਟਨੇ।

1995 ਚ ਹੋਏ ਡੱਬਵਾਲੀ ਅਗਨੀਕਾਂਡ ਦੀ ਯਾਦ ਤਾਜ਼ਾ ਹੋ ਗਈ। ਉਸ ਸਮੇ ਵੀਡੀਓ ਕੈਮਰੇ ਨਹੀਂ ਸੀ ਆਏ। “ਜੇ ਡੱਬਵਾਲੀ ਅਗਨੀਕਾਂਡ ਤੇ ਇੱਕ ਫਿਲਮ ਬਣ ਜਾਵੇ ਤਾਂ ਉਹ ਟਾਈਟੈਨਿਕ ਵਾਂਗੂ ਵਾਧੂ ਚੱਲੂ।” ਮੈਨੂੰ ਮੇਰੀ ਬੋਸ ਨੇ ਕਿਹਾ ਸੀ। ਉਸ ਕਮਲੀ ਨੂੰ ਕੀ ਪਤਾ ਅੱਗ ਦਾ ਸੇਕ ਪਿੰਡੇ ਤੇ ਹੰਢਾਉਣਾ ਕਿੰਨਾ ਔਖਾ ਹੁੰਦਾ ਹੈ। ਵੀਡੀਓ ਫਿਲਮ ਬਣਾਉਣੀ ਸੌਖੀ ਹੈ। ਪਰ ਦਰਦ ਹੰਢਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਗਰਮ ਪਤੀਲੀ ਯ ਗਰਮ ਦੁੱਧ ਦਾ ਸੇਕ ਹੀ ਚੀਕਾਂ ਕਢਵਾ ਦਿੰਦਾ ਹੈ।
ਮਤਲਬ ਇਹੋ ਜਿਹੇ ਦਰਦਨਾਕ ਹਾਦਸੇ ਮਨੁੱਖੀ ਭੁੱਲ ਗਲਤੀ ਕਰਕੇ ਹੁੰਦੇ ਰਹਿਣਗੇ ਤੇ ਅਸੀਂ ਵੀਡੀਓ ਬਣਾਉਂਦੇ ਰਹਾਂਗੇ। ਗੱਲ ਇਕੱਲੀ ਅੱਗ ਦੀ ਨਹੀਂ। ਇੱਥੇ ਆਕੇ ਬਹੁਤਿਆਂ ਦੀ ਜ਼ਮੀਰ ਮਰ ਜਾਂਦੀ ਹੈ। ਸਰਕਾਰਾਂ ਵੀ ਕੋਈ ਸਖਤ ਕਦਮ ਨਹੀਂ ਚੁਕਦੀਆਂ। ਬਸ ਅਣਪਛਾਤੇ ਕਿਸਾਨ ਤੇ ਕੇਸ ਦਰਜ ਕਰਕੇ ਮਾਮਲਾ ਰਫ਼ਾ ਦਫ਼ਾ ਕਰ ਦਿੱਤਾ ਜਾਵੇਗਾ। ਤੇ ਜਨਤਾ ਇਸੇ ਤਰਾਂ ਸੜ੍ਹਦੀ, ਮਰਦੀ, ਡੁੱਬਦੀ ਤੇ ਤੜਫਦੀ ਰਹੇਗੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *