ਖੁਸ਼ੀਆਂ ਨੂੰ ‘ਗ੍ਰਹਿਣ’ | khusiyan nu grehan

ਬੇਸ਼ੱਕ ਅਸੀਂ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ, ਜਿਥੇ ਤਕਨੀਕੀ ਵਿਕਾਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਰ ਬਹੁਤ ਕੁੱਝ ਅਜਿਹਾ ਵੀ ਹੈ ਜੋ ਸਦੀਆਂ ਤੋਂ ਹੀ ਮਨੁੱਖ ਦੇ ਨਾਲ ਨਾਲ ਚੱਲ ਰਿਹਾ। ਜਿਸਦਾ ਸ਼ਿਕਾਰ ਹੋਣ ਵਾਲੀ ਬਹੁਗਿਣਤੀ ਗਰੀਬੀ ਨਾਲ ਸਬੰਧਤ ਹੈ। ਅਜਿਹੇ ਹੀ ਇੱਕ ਪਰਿਵਾਰ ਦੀ ਸੱਚੀ ਘਟਨਾ ਦੱਸਣ ਲੱਗੀ ਹਾਂ। ਮੋਗੇ ਜਿਥੇ ਸਾਡਾ ਘਰ ਹੈ, ਇਥੇ ਆਲੇ ਦੁਆਲੇ ਪਲਾਟ ਖ਼ਾਲੀ ਪਏ ਹਨ। ਗਲੀ ਵਿੱਚ ਸਾਡਾ ਘਰ ਇਕੱਲਾ ਕਹਿਰਾ ਹੀ ਹੈ, ਜਦਕਿ ਪਿਛਲੀ ਗਲੀ ਵਿੱਚ ਕੁੱਝ ਘਰ ਹਨ, ਜਿਨ੍ਹਾਂ ਨਾਲ ਗੁਆਂਢੀਆਂ ਵਾਲੀ ਸਾਂਝ ਬਣੀ ਹੋਈ ਹੈ। ਸਾਡੇ ਘਰ ਦੇ ਸਾਹਮਣੇ ਖਾਲੀ ਪਲਾਟਾਂ ਤੋਂ ਅੱਗੇ ਇੱਕ ਬਸਤੀ ਹੈ, ਜਿਥੇ ਅਣਗਿਣਤ ਮਜ਼ਦੂਰ ਪਰਿਵਾਰ ਵਸਦੇ ਹਨ। ਮੇਰੀ ਆਦਤ ਹੈ ਕਿ ਜਦੋਂ ਵਿਹਲਾ ਸਮਾਂ ਹੋਵੇ ਤਾਂ ਛੱਤ ‘ਤੇ ਚਲੀ ਜਾਂਦੀ ਹਾਂ। ਗਰਮੀਆਂ ਵਿੱਚ ਸ਼ਾਮ ਨੂੰ ਤੇ ਸਿਆਲ ਵਿੱਚ ਕਈ ਵਾਰ ਸਾਰਾ ਦਿਨ ਹੀ ਛੱਤ ‘ਤੇ ਨਿਕਲ ਜਾਂਦਾ ਹੈ। ਅਖ਼ਬਾਰ ਜਾਂ ਕਿਤਾਬ ਪੜ੍ਹਦਿਆਂ ਆਲੇ ਦੁਆਲੇ ਵੀ ਨਜ਼ਰ ਮਾਰ ਲੈਂਦੀ ਹਾਂ। ਬਸਤੀ ਵੱਲ ਵੇਖਦਿਆਂ ਅਕਸਰ ਸੋਚਦੀ, ਛੋਟੇ ਛੋਟੇ ਘਰਾਂ ਵਿੱਚ ਵੱਸਦੇ ਇਹ ਲੋਕ ਦਿਲਾਂ ਵਿੱਚ ਪਤਾ ਨਹੀਂ ਕਿੰਨੀਆਂ ਸਦਰਾਂ ਲਈ ਬੈਠੇ ਹਨ। ਸਾਡੇ ਵੇਖਦਿਆਂ ਵੇਖਦਿਆਂ ਮਿਹਨਤ ਮਜ਼ਦੂਰੀ ਕਰਕੇ ਕਈਆਂ ਨੇ ਪੱਕੇ ਬਾਥਰੂਮ ਬਣਾ ਲਏ ਤੇ ਕਿਸੇ ਨੇ ਕਮਰਾ ਪਾ ਲਿਆ ਹੈ। ਕਿਸੇ ਨੇ ਦੋ ਮੰਜਲਾ ਮਕਾਨ ਬਣਾ ਲਿਆ ਹੈ। ਪਰ ਇਹਨਾਂ ਘਰਾਂ ਵਿੱਚ ਇੱਕ ਘਰ ਅਜਿਹਾ ਵੀ ਹੈ ਜੋ ਮੇਰਾ ਧਿਆਨ ਵਧੇਰੇ ਖਿੱਚਦਾ ਹੈ। ਜਦੋਂ ਕੰਮ ਕਾਰਨ ਕੁੱਝ ਦਿਨ ਘਰੋਂ ਬਾਹਰ ਰਹਿ ਕੇ ਵਾਪਸ ਆਉਂਦੀ ਹਾਂ ਤਾਂ ਉਸ ਘਰ ਵੱਲ ਧਿਆਨ ਜ਼ਰੂਰ ਮਾਰਦੀ। ਅਸਲ ਵਿੱਚ ਇਹ ਨਾਮ ਦਾ ਹੀ ਘਰ ਹੈ, ਵਿਹੜਾ ਖੁੱਲ੍ਹਾ ਹੈ ਪਰ ਵਸੋਂ ਇੱਕ ਨੁੱਕਰ ਵਿੱਚ ਸਿਰਫ ਇੱਕ ਕਮਰਾ ਹੈ। ਜੋ ਆਲੇ ਦੁਆਲੇ ਵਾਲੇ ਘਰਾਂ ਨਾਲੋਂ ਬਹੁਤ ਨੀਵਾਂ ਹੈ। ਬਰਸਾਤਾਂ ਵਿਚ ਛੱਤ ਚੋਂਦੀ ਹੈ, ਇਹ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਘਰ ਦੀ ਮਾਲਕਣ ਨੂੰ ਆਪਣੇ ਬੇਟੇ ਨਾਲ ਕਈ ਵਾਰ ਛੱਤ ਉਤੇ ਤਰਪਾਲ ਪਾਉਂਦਿਆਂ ਵੇਖਿਆ ਹੈ।
ਇੱਕ ਰਾਤ ਅਚਾਨਕ ਸਾਡੇ ਘਰ ਸਾਹਮਣੇ ਕੋਈ ਰੇਤ ਦਾ ਢੇਰ ਲਗਾ ਗਿਆ। ਸਵੇਰੇ ਵੇਖਿਆ ਤਾਂ ਗੁੱਸਾ ਆਇਆ ਕਿ ਰੇਤ ਉਡ ਕੇ ਸਾਡੇ ਹੀ ਘਰ ਆਉਣੀ। ਇਸਨੂੰ ਚੁਕਵਾਉਣ ਲਈ ਜਦੋਂ ਰੇਤ ਦੇ ਮਾਲਕ ਦਾ ਪਤਾ ਲਗਾਇਆ ਤਾਂ ਉਹ ਨੀਵੇਂ ਕਮਰੇ ਵਾਲਾ ਪਰਿਵਾਰ ਹੀ ਸੀ, ਇਹ ਜਾਣ ਕੇ ਰੇਤ ਚੁਕਵਾਉਣ ਨੂੰ ਦਿਲ ਨਾ ਮੰਨਿਆ। ਉਹਨਾਂ ਆਪ ਰੇਤ ਨੂੰ ਪਲੀਆਂ ਨਾਲ ਢੱਕ ਦਿੱਤਾ ਤੇ ਮੈਨੂੰ ਕਿਹਾ ਕਿ ਅਸੀਂ ਘਰ ਪਾਉਣ ਲੱਗੇ ਹਾਂ। ਉਹਨਾਂ ਨਾਲੋਂ ਵੱਧ ਤਾਂ ਨਹੀਂ ਪਰ ਬਹੁਤ ਖੁਸ਼ੀ ਹੋਈ ਕਿ ਚੱਲੋ ਇਹਨਾਂ ਦੇ ਸਿਰ ‘ਤੇ ਵੀ ਵਧੀਆ ਛੱਤ ਆ ਜਾਵੇਗੀ। ਫਿਰ ਇੱਕ ਦਿਨ ਇੱਟਾਂ ਆ ਗਈਆਂ ਤਾਂ ਉਹਨਾਂ ਦੇ ਚਿਹਰਿਆਂ ‘ਤੇ ਰੌਣਕ ਦਿੱਸਣ ਲੱਗੀ। ਮੈਂ ਛੱਤ ਉਤੇ ਬੈਠੀ ਉਤਸੁਕਤਾ ਨਾਲ ਵੇਖਦੀ ਕਦੋਂ ਮਿਸਤਰੀ ਲੱਗੂ? ਕਦੋਂ ਇਹਨਾਂ ਦੇ ਸੁਪਨਿਆਂ ਦਾ ਮਹਿਲ ਬਣੂ? ਫਿਰ ਇੱਕ ਦਿਨ ਵੇਖਿਆ, ਬਾਹਰੀ ਕੰਧ ਢਾਹ ਕੇ ਦੋ ਕਮਰਿਆਂ ਦੀ ਨੀਂਹ ਭਰ ਉਸਾਰੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਤਾਂ ਖੁੱਸ਼ ਹੋਣਾ ਹੀ ਸੀ ਪਰ ਮੈਨੂੰ ਪਤਾ ਨਹੀਂ ਕਿਉਂ ਇਕ ਵੱਖਰੀ ਹੀ ਖੁਸ਼ੀ ਹੋ ਰਹੀ ਸੀ। ਥੋੜੀ ਉਸਾਰੀ ਤੋਂ ਬਾਅਦ ਭਰਤ ਪਾਉਣ ਲਈ ਮਿੱਟੀ ਆ ਗਈ ਕਿਉਂਕਿ ਥਾਂ ਨੀਵੀਂ ਬਹੁਤ ਸੀ। ਛੱਤ ‘ਤੇ ਬੈਠੀ ਮੈਂ ਵੇਖ ਰਹੀ ਸੀ ਪੂਰਾ ਪਰਿਵਾਰ ਮਿੱਟੀ ਪਾਉਣ ਦੇ ਕੰਮ ਲੱਗਾ, ਬਹੁਤ ਖੁਸ਼ ਹੋ ਰਿਹਾ ਸੀ ਤਾਂ ਮੈਨੂੰ ਆਪਣਾ ਘਰ ਬਣਾਉਣ ਦਾ ਸਮਾਂ ਯਾਦ ਆ ਗਿਆ। ਸਾਡੇ ਲਈ ਵੀ ਆਪਣੇ ਘਰ ਦਾ ਸੁਪਨਾ ਪੂਰਾ ਹੋ ਸਕਣਾ ਸੰਭਵ ਨਹੀਂ ਸੀ ਲੱਗਦਾ। ਪਰ ਭੈਣਾਂ ਭਰਾਵਾਂ ਦੀ ਮਦਦ ਨਾਲ ਜਦੋਂ ਘਰ ਬਣਾਉਣਾ ਸ਼ੁਰੂ ਕੀਤਾ ਤਾਂ ਪੈਰ ਜ਼ਮੀਨ ‘ਤੇ ਹੀ ਨਹੀਂ ਲੱਗਦੇ ਸੀ। ਇਸ ਕਰਕੇ ਇਹਨਾਂ ਦੀ ਖੁਸ਼ੀ ਨੂੰ ਨੇੜਿਓਂ ਮਹਿਸੂਸ ਕੀਤਾ ਜਾ ਸਕਦਾ ਸੀ।
ਉਸਾਰੀ ਲੈਟਰ ਕੋਲ ਪਹੁੰਚਣ ਵਾਲੀ ਸੀ ਜਦੋਂ ਮੈਂ ਇੱਕ ਕਾਨਫਰੰਸ ਲਈ ਵਿਜੇਵਾੜਾ ਚੱਲੇ ਗਈ ਸੀ। ਵਾਪਸ ਆਈ ਤਾਂ ਵੇਖਿਆ ਉਸਾਰੀ ਕੋਲ ਕੋਈ ਹਿਲਜੁਲ ਨਹੀਂ ਹੋ ਰਹੀ ਸੀ। ਲੈਂਟਰ ਤੋਂ ਬਗੈਰ ਕੰਧਾਂ ਖੜੀਆਂ ਹੋਈਆਂ ਸਨ। ਕੁੱਝ ਦਿਨ ਇਸੇ ਤਰ੍ਹਾਂ ਵੇਖਣ ਬਾਅਦ ਮੈਂ ਘਰ ਦੇ ਮੁੰਡੇ ਨੂੰ ਵਾਜ ਮਾਰੀ ਤੇ ਮਿਸਤਰੀ ਬਾਰੇ ਪੁੱਛਿਆ। ਉਸ ਨੇ ਜਵਾਬ ਦਿੱਤਾ ਕਿ ਮਿਸਤਰੀ ਨੇ ਕੁੱਝ ਦਿਨਾਂ ਦੀ ਛੁੱਟੀ ਲਈ ਹੈ। ਮੈਂ ਸੋਚਿਆ ਚੱਲੋ ਆ ਜਾਵੇਗਾ ਪਰ ਮਹੀਨੇ ਤੋਂ ਉਪਰ ਬੀਤ ਗਿਆ ਪਰ ਮਿਸਤਰੀ ਨਹੀਂ ਆਇਆ। ਦੋ ਮਹੀਨੇ ਬਾਅਦ ਅਚਾਨਕ ਉਹ ਔਰਤ ਮੈਨੂੰ ਮਿਲ ਗਈ ਤਾਂ ਮੈਂ ਨਵੇਂ ਘਰ ਦੀ ਮੁਬਾਰਕਵਾਦ ਦਿੰਦਿਆਂ, ਮਿਸਤਰੀ ਦੇ ਨਾਂਹ ਆਉਣ ਬਾਰੇ ਪੁੱਛਿਆ। ਉਸ ਔਰਤ ਨੇ ਜੋ ਕਾਰਨ ਦੱਸਿਆ ਮੇਰਾ ਤਾਂ ਦਿਲ ਹੀ ਟੁੱਟ ਗਿਆ। ਮੈਨੂੰ ਲੱਗਾ ਇਸਦੇ ਨਹੀਂ ਜਿਵੇਂ ਮੇਰੇ ਹੀ ਸੁਪਨੇ ਬਿਖ਼ਰ ਗਏ ਹੋਣ। ਉਸਨੇ ਦੱਸਿਆ “ਭੈਣ ਜੀ ਅਸੀਂ ਲੈਂਟਰ ਪਾਉਣ ਦੀ ਤਿਆਰੀ ਕਰ ਰਹੇ ਸੀ ਕਿ ਇੱਕ ਸਵੇਰ ਵੇਖਿਆ ਕੁੱਤੇ ਤਾਜ਼ੀ ਪਾਈ ਮਿੱਟੀ ਵਿਚੋਂ ਕੁਝ ਕੱਢ ਕੇ ਖਾ ਰਹੇ। ਜਦੋਂ ਬੱਚਿਆਂ ਦੇ ਪਿਉ ਨੇ ਨੇੜੇ ਜਾ ਕੇ ਵੇਖਿਆ ਤਾਂ ਮਾਸ ਦੇ ਟੁੱਕੜੇ ਸਨ। ਉਹਨੇ ਮਿੱਟੀ ਪੁੱਟੀ ਤਾਂ ਵਿਚੋਂ ਹੋਰ ਮੀਟ ਨਿਕਲਿਆ। ਮੇਰਾ ਪਤੀ ਤਾਂ ਉਥੇ ਹੀ ਢੇਰੀ ਹੋ ਗਿਆ। ਮਸਾਂ ਚੁੱਕ ਕੇ ਮੰਜੇ ‘ਤੇ ਪਾਇਆ ਪਰ ਉਹ ਤਾਂ ਸੁੱਦਬੁੱਦ ਗਵਾਹ ਬੈਠਾ। ਭੈਣ ਜੀ ਕੋਈ ਸਾਡੀ ਖੁਸ਼ੀ ਤੋਂ ‘ਜਲਦਾ’ ਸੀ ਤਾਂ ਹੀ ਟੂਣਾ ਕਰ ਦਿੱਤਾ। ਜਿਸ ਨੂੰ ਹੱਥ ਲਾਉਣ ਕਾਰਨ ਪਤੀ ਮੰਜੇ ਤੇ ਪੈ ਗਿਆ। ਮਿਸਤਰੀ ਤਾਂ ਸ਼ਾਇਦ ਡਰਦਾ ਮੁੜ ਕੇ ਵਾਪਸ ਹੀ ਨਹੀਂ ਆਇਆ। ਪਤੀ ਨੂੰ ਡਾਕਟਰ ਕੋਲ ਕਈ ਵਾਰ ਲੈਕੇ ਗਈ ਹਾਂ ਪਰ ਕੋਈ ਖਾਸ ਫਰਕ ਨਹੀਂ ਪਿਆ। ਘਰ ਤੋਂ ਬਾਹਰ ਨਹੀਂ ਨਿਕਲਦਾ, ਕੰਮ ਵੀ ਛੁੱਟ ਗਿਆ ਹੈ। ਹੁਣ ਮੈਂ ਹੀ ਕੁੱਝ ਘਰਾਂ ਵਿੱਚ ਕੰਮ ਕਰਕੇ ਰੋਟੀ ਦਾ ਜੁਗਾੜ ਚਲਾ ਰਹੀ ਹਾਂ।” ਇਹ ਸਭ ਸੁਣ ਕੇ ਅੱਖਾਂ ਭਰ ਆਈਆਂ ਕਿ ਧੁਰ ਅੰਦਰ ਤੱਕ ਵਸੇ ਵਹਿਮਾਂ ਭਰਮਾਂ ਕਾਰਨ ਪਤਾ ਨਹੀਂ ਕਿੰਨੇ ਸੁਪਨੇ ਦਮ ਤੋੜ ਜਾਂਦੇ। ਛੇ ਸੱਤ ਮਹੀਨੇ ਬਾਅਦ ਵੀ ਦੀਵਾਰਾਂ ਲੈਂਟਰ ਨੂੰ ਉਡੀਕ ਰਹੀਆਂ ਤੇ ਪਰਿਵਾਰ ਸਿਰ ਦੀ ਛੱਤ। ਜੇ ਕੋਈ ਕਿਸੇ ਦੀ ਮਦਦ ਨਹੀਂ ਕਰ ਸਕਦਾ ਤਾਂ ਇੰਜ ਦਾ ਮਾੜਾ ਵੀ ਨਾ ਕਰੇ ਕਿ ਕਿਸੇ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਜਾਵੇ।
ਨਰਿੰਦਰ ਸੋਹਲ

Leave a Reply

Your email address will not be published. Required fields are marked *