ਹੱਸਦੇ ਰੋਂਦੇ ਮਸੂਮ ਚਿਹਰੇ | hasde ronde masum chehre

ਕੁੱਝ ਸਾਲ ਪਹਿਲਾ ਦੀ ਗੱਲ ਹੈ । ਇੱਕ ਸੱਜਣ ਦਾ ਫ਼ੋਨ ਆਇਆ ਤੇ ਕਹਿਣ ਲੱਗਾ ਕਿ ਅਸ਼ੋਕ ਜੀ ਆਪਾ ਨੂੰ ਇੱਕ ਕੈਂਪ ਬੇਟ ਦੇ ਏਰੀਏ ਵੱਲ ਲਾਉਣਾ ਚਾਹੀਦਾ ਓਧਰ ਬਹੁਤ ਸਾਰੇ ਲੋਕ ਝੁੱਗੀਆਂ ਵਿੱਚ ਰਹਿੰਦੇ ਹਨ। ਕਾਫ਼ੀ ਗਰੀਬੀ ਹੈ । ਡਾਕਟਰਾਂ ਨਾਲ ਸਲਾਹ ਤੋਂ ਬਾਅਦ ਕੈਂਪ ਲਾਉਣ ਲਈ ਸਰਕਾਰ ਤੋਂ ਆਗਿਆ ਲੈਣ ਲਈ ਸਾਰੀ ਕਨੂੰਨੀ ਪ੍ਰਕਿਰਿਆ ਪੂਰੀ ਕਰ ਲਈ ਗਈ । ਕੈਂਪ ਦੀ ਆਗਿਆ ਮਿਲ ਗਈ ਤੇ ਗਰਮੀ ਰੁੱਤੇ ਡਾਕਟਰਾਂ ਦੀ ਟੀਮ ਨੂੰ ਨਾਲ ਲੈ ਕੇ ਪੁਨਰਜੋਤ ਟੀਮ ਜਦੋਂ ਝੁੱਗੀਆਂ ਵਾਲੇ ਕਾਮਿਆਂ ਦੀ ਬਸਤੀ ਵਿੱਚ ਪਹੁੰਚੀ ਤਾਂ ਉੱਥੇ ਬਹੁਤ ਸਾਰੇ ਲੋਕ ਤੇ ਬੱਚੇ ( ਕੁੱਝ ਨੰਗੇ ਪੈਰੀਂ ) ਝੁੱਗੀਆਂ ਨੇੜੇ ਬਣੇ ਇੱਕ ਪੂਜਾ ਪਾਠ ਕਰਨ ਵਾਲੇ ਬਰਾਂਡੇ ਵਿੱਚ ਇਕੱਠੇ ਹੋ ਚੁੱਕੇ ਸਨ ।
300 ਦੇ ਕਰੀਬ ਲੋਕਾਂ ਦੀਆ ਅੱਖਾਂ ਚੈੱਕ ਕਰਕੇ ਉਹਨਾਂ ਨੂੰ ਦਵਾਈ ਅਤੇ ਐਨਕਾਂ ਫ੍ਰੀ ਦਿੱਤੀਆਂ ਗਈਆਂ । ਓਪਰੇਸ਼ਨ ਲਈ ਚੁਣੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਜਾ ਕੇ ਮੁਫ਼ਤ ਓਪਰੇਸ਼ਨ ਕਰਵਾਉਣ ਲਈ ਸਮਾਂ ਦੇ ਦਿੱਤਾ ਗਿਆ ।
ਇਸ ਕੈਂਪ ਦੀ ਇੱਕ ਘਟਨਾ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ।
ਜਦੋਂ ਅਸੀਂ ਚੈੱਕ ਅੱਪ ਕਰ ਰਹੇ ਸੀ ਤਾਂ ਇੱਕ ਬੱਚਾ ਹੱਥ ਵਿੱਚ ਪਰਚੀ ਲਈ ਖੜਾ ਸੀ ਤੇ ਉਸਨੂੰ ਕੁਰਸੀ ਤੇ ਬੈਠਣ ਦਾ ਇੱਛਾਰਾ ਕਰਦਿਆ
ਮੈਂ ਕਿਹਾ “ਬੇਟਾ ਤੇਰੇ ਨਾਲ ਕੌਣ ਹੈ?”
ਤੈਨੂੰ ਅੱਖਾਂ ਦੀ ਕੋਈ ਤਕਲੀਫ਼ ਹੈ ਤਾਂ ਡਾਕਟਰ ਸਾਹਿਬ ਨੂੰ ਦੱਸੋ ।
ਉਸਦੇ ਪਿੱਛੇ ਖੜੇ ਉਸ ਤੋਂ ਥੋੜੀ ਜਿਹੀ ਵੱਡੀ ਉਮਰ ਦੇ ਬੱਚੇ ਨੇ ਕਿਹਾ “ਇਸਦੇ ਨਾਲ ਕੋਈ ਨਹੀਂ ਤੇ ਇਸਨੂੰ ਇੱਕ ਅੱਖ ਤੋਂ ਬਹੁਤ ਘੱਟ ਦਿਖਾਈ ਦਿੰਦਾ ਹੈ” । ਡਾਕਟਰ ਸਾਹਿਬ ਅੱਖਾਂ ਚੈੱਕ ਕਰ ਰਹੇ ਸਨ ਤੇ ਦੂਸਰਾ ਬੱਚਾ ਦੱਸ ਰਿਹਾ ਸੀ ….ਡਾਕਟਰ ਸਾਹਿਬ ਇਹ ਬਹੁੱਤ ਛੋਟਾ ਜਿਹਾ ਸੀ … ਇੱਕ ਰਾਤ ਇਹ ਝੁੱਗੀ ਵਿੱਚ ਸੁੱਤਾ ਪਿਆ ਸੀ ….ਤੇ ਇਸਨੂੰ ਇੱਕ ਕੁੱਤਾ ਘੜੀਸਦਾ ਝੁੱਗੀ ਤੋਂ… ਖਿੱਚ ਕੇ ਬਾਹਰ ਲੈ ਗਿਆ ਸੀ । ਜਦੋਂ ਤੱਕ ਲੋਕਾਂ ਨੇ ….ਇਸਨੂੰ ਕੁੱਤੇ ਕੋਲੋ ਛੁਡਵਾਇਆ….. ਇਸਨੂੰ ਕਾਫ਼ੀ ਸੱਟਾਂ ਲੱਗ ਚੁੱਕੀਆਂ ਸਨ …ਕੁੱਤੇ ਨੇ ਇਸਦੇ ਸਿਰ ਦਾ ਕੁੱਝ ਹਿੱਸਾ ਹੀ ਨੋਚ ਲਿਆ ਸੀ ।
ਬੱਚੇ ਨੇ ਆਪਣੇ ਸਿਰ ਦਾ ਉਹ ਹਿੱਸਾ ਵੀ ਦਿਖਾਇਆ ਜਿਸਨੂੰ ਕੁੱਤੇ ਨੇ ਨੋਚ ਲਿਆ ਸੀ । ਉਸਦੇ ਡੂੰਘੇ ਜ਼ਖ਼ਮ ….ਦੱਸ ਰਹੇ ਸਨ ਕੇ ….ਇਸ ਹਾਦਸੇ ਦੇ ਨਾਲ ਹੀ ਉਸਦੀ ਅੱਖ ਤੇ ਬੁਰਾ ਅਸਰ ਪੈਣ ਨਾਲ ਰੌਸ਼ਨੀ ਗਈ ਹੋਵੇਗੀ । ਛੋਟੀ ਉਮਰ ਅਤੇ ਗਰੀਬੀ ਕਾਰਨ ਉਦੋਂ ਇਲਾਜ਼ ਨਾਂ ਹੋਣ ਕਾਰਨ ਬਹੁਤ ਦੇਰ ਹੋ ਚੁੱਕੀ ਸੀ । ਮੇਰਾ ਸਰੀਰ ਉਸਦੇ ਸਿਰ ਦੇ ਜ਼ਖ਼ਮ ਨੂੰ ਦੇਖਕੇ ਅਤੇ ਉਸਦੀ ਜ਼ਿੰਦਗੀ ਦੀ ਕਹਾਣੀ ਸੁਣਕੇ ਬਿਲਕੁਲ ਸੁੰਨ ਹੋ ਗਿਆ ਸੀ ।
ਜੋ ਮੈਂ ਸੁਣ ਰਿਹਾ ਸੀ …ਕੀ ਇਹ ਸੱਚ ਸੀ ? ਮੇਰੇ ਇਸ ਦੇਸ਼ ਵਿੱਚ ….ਗਰੀਬੀ ਦੇ ਇਸ ਸੰਤਾਪ ਨੂੰ ਭੋਗਦੀ ਹੋਈ ਇੱਕ ਨੰਨੀ ਜਾਨ ਨੂੰ …ਭੁੱਖੇ ਕੁੱਤਿਆ ਨੇ ਨੋਚਣ ਦੀ ਕੋਸ਼ਸ਼ ਕੀਤੀ ਸੀ ।
ਇਸ ਬੱਚੇ ਦਾ ਬਚਪਨ ਹੀ ਇੰਨਾਂ ਦੁੱਖਾਂ ਦਰਦਾ ਨਾਲ ਭਰਿਆ ਹੈ ਮੈਂ ਅੰਦਰ ਹੀ ਅੰਦਰ ਰੋ ਰਿਹਾ ਸੀ ਤੇ ਉਸਦੀ ਕਹਾਣੀ ਸੁਣਕੇ ਉਦਾਸ ਹੋਇਆ ਉਸ ਬੱਚੇ ਦੇ ਚਿਹਰੇ ਵੱਲ ਦੇਖ ਰਿਹਾ ਸੀ …ਉਸ ਬੱਚੇ ਦੇ ਬੇਖੌਫ਼ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਸੀ….
ਜਿਹੜੀ ਸ਼ਾਇਦ ਕੁਦਰਤ ਦਾ ਸੁੱਖ ਭੋਗ ਰਹੇ ਹਰ ….. ਉਸ ਇਨਸਾਨ ਨੂੰ ਲਾਹਨਤਾਂ ਪਾ ਰਹੀ ਸੀ…
ਜੋ ਬਾਬੇ ਨਾਨਕ ਦਾ ਉਪਦੇਸ਼
“ਕਿਰਤ ਕਰੋ , ਵੰਡ ਛਕੋ ਤੇ ਨਾਮ ਜਪੋ ” ਭੁਲ ਬੈਠਾ ਹੈ … ਅਤੇ ਸਿਰਫ਼ ਤੇ ਸਿਰਫ਼ …ਆਪਣੇ ਲਈ ਜੀਅ ਰਿਹਾ ਹੈ …
ਉਸਨੂੰ ਕੀ … ਭਾਂਵੇ ਕੋਈ ਭੁੱਖਾ ਮਰੇ ਤੇ… ਭਾਂਵੇ ਕੋਈ ਭੁੱਖਾ ਸੌਵੇਂ …. ਬਾਕੀ ਸਾਡੀਆਂ ਸਰਕਾਰਾਂ ਬਾਰੇ ਕੀ ਲਿਖਾਂ… ਪੌਣੀ ਸਦੀ ਗੁਜ਼ਰ ਜਾਣ ਤੋਂ ਬਾਅਦ ਵੀ …. ਖੈਰ ਛੱਡੋ ..ਸਾਡੇ ਕੋਲੋਂ ਜਿੰਨਾਂ ਕੁ ਹੁੰਦਾ . .. ਕਰੀ ਜਾ ਰਹੇ ਹਾਂ ……
*ਇਸ ਬੱਚੇ ਦੇ ਡਾਕਟਰਾਂ ਨੇ ਹਸਪਤਾਲ ਵਿੱਚ ਹੋਰ ਟੈਸਟ ਕੀਤੇ ਪਰ ਸਮਾਂ ਜ਼ਿਆਦਾ ਹੋ ਜਾਣ ਕਰਕੇ ਤੇ ਉਸਦੇ ਪਰਦਿਆ ਦੀਆਂ ਨਾੜੀਆ ਸੁੱਕ ਜਾਣ ਕਾਰਨ ਅਜੇ ਉਸਦਾ ਇਲਾਜ਼ ਨਹੀ ਹੋ ਸਕਿਆ।
ਆਓ ਦੁਆ ਕਰੀਏ ਕਿ ਦੁਨੀਆ ਦੇ ਸਾਰੇ ਬੱਚਿਆਂ ਦੀ ਝੋਲੀ ਖੁਸ਼ੀਆਂ ਨਾਲ ਭਰ ਜਾਵੇ !
ਅਸ਼ੋਕ ਮਹਿਰਾ !
0091-9781-705-750

Leave a Reply

Your email address will not be published. Required fields are marked *