ਕਲੇਸ਼ | kalesh

ਉਹ ਦੋਵੇਂ ਅਕਸਰ ਹੀ ਮੇਰੇ ਉੱਠਣ ਤੋਂ ਪਹਿਲਾ ਦੇ ਲੜ ਰਹੇ ਹੁੰਦੇ..
ਮੈਂ ਸਮਝ ਜਾਂਦੀ ਇਹ ਕੰਮ ਹੁਣ ਲੰਮਾ ਚੱਲੂ..ਸ਼ਾਇਦ ਮੇਰੇ ਸਕੂਲ ਜਾਣ ਤੱਕ..ਵਰਦੀ ਪ੍ਰੈਸ ਕਰਦੀ..ਧੁਆਂਖੇ ਹੋਏ ਚੋਂਕੇ ਵਿਚ ਮੇਰੀ ਰੋਟੀ ਢੱਕ ਕੇ ਰੱਖੀ ਹੁੰਦੀ..ਮਾਂ ਦਾ ਧਿਆਨ ਜਿਆਦਾਤਰ ਲੜਨ ਵੱਲ ਅਤੇ ਪਿਓ ਵੱਲੋਂ ਆਖੀ ਹਰ ਗੱਲ ਦੇ ਜੁਆਬ ਦੇਣ ਵੱਲ ਹੁੰਦਾ..!
ਲੜਾਈ ਦੀ ਵਜਾ ਹਰ ਵਾਰ ਵੱਖੋ ਵੱਖ ਹੁੰਦੀ..
ਕਦੀ ਕਿਸੇ ਰਿਸ਼ਤੇਦਾਰ ਵੱਲੋਂ ਆਖੀ ਗੱਲ..ਕਦੀ ਜਮੀਨ ਦੇ ਹਿੱਸੇ ਤੋਂ..ਕਦੀ ਬਾਪ ਵੱਲੋਂ ਨਾਨਕਿਆਂ ਬਾਰੇ ਕੀਤੀ ਕੋਈ ਟਿੱਪਣੀ..ਤੇ ਕਦੀ ਕੋਈ ਬਾਹਰਲਾ ਮਰਦ ਜਾਂ ਔਰਤ..ਜਿਹੜੇ ਮੈਂ ਕਦੇ ਨਹੀਂ ਸਨ ਵੇਖੇ!
ਆਸ ਪਾਸ ਵਾਲੇ ਲੋਕ ਬੱਸ ਮਾੜਾ ਮੋਟਾ ਹੀ ਹਟਾਉਂਦੇ..ਫੇਰ ਆਪੋ ਆਪਣੇ ਕੰਮੀ ਲੱਗ ਜਾਂਦੇ..ਆਖਦੇ ਇਹਨਾਂ ਦਾ ਤੇ ਰੋਜ ਦਾ ਹੀ ਕੰਮ!
ਦੋ ਕਿਲੋਮੀਟਰ ਦੂਰ ਮੇਰਾ ਸਕੂਲ..ਖੇਤ ਪੈਲੀਆਂ ਜੰਗਲ ਬੇਲੇ ਵਿਚੋਂ ਦੀ ਲੰਘ ਕੇ ਜਾਣਾ ਪੈਣਾ..ਕੱਚਾ ਰਾਹ ਮੈਨੂੰ ਬੜਾ ਚੰਗਾ ਲੱਗਦਾ..ਕਦੀ ਕਦੀ ਇੱਕ ਬਜ਼ੁਰਗ ਮਿਲ ਪੈਂਦੇ..ਸਿਰ ਤੇ ਹੱਥ ਰੱਖ ਕਿੰਨੀਆਂ ਅਸੀਸਾਂ ਦਿੰਦੇ..!
ਕਈ ਵਾਰ ਤੁਰੇ ਜਾਂਦਿਆਂ ਅੱਗਿਓਂ ਦੀ ਸ਼ੂਕਦਾ ਹੋਇਆ ਕੋਈ ਸੱਪ ਨਿੱਕਲ ਜਾਂਦਾ..ਬਾਕੀ ਡਰ ਜਾਂਦੀਆਂ..ਪਰ ਮੈਂ ਤਾਂ ਪਹਿਲਾਂ ਤੋਂ ਹੀ ਡਰੀ ਹੋਈ ਹੁੰਦੀ..ਮੈਨੂੰ ਚੁੱਪ ਚਾਪ ਤੁਰੀ ਜਾਂਦੀ ਨੂੰ ਵੇਖ ਨਾਲਦੀਆਂ ਪੁੱਛਦੀਆਂ..ਕੀ ਗੱਲ ਹੋਈ ਅੱਜ?
ਮੈਂ ਅੱਗੋਂ ਕੁਝ ਨਾ ਬੋਲਦੀ..ਫੇਰ ਇੱਕ ਟਿਚਕਰ ਕਰਦੀ..ਆਖਦੀ ਇਸਦੇ ਮਾਪੇ ਅੱਜ ਫੇਰ ਲੜ ਪਏ ਹੋਣੇ..ਤਾਂ ਹੀ..”
ਮੈਨੂੰ ਬਿਲਕੁਲ ਵੀ ਚੰਗਾ ਨਾ ਲੱਗਦਾ..ਫੇਰ ਅਰਦਾਸ ਕਰਦੀ ਮੇਰੇ ਵਾਪਿਸ ਮੁੜਦੀ ਨੂੰ ਸਭ ਕੁਝ ਠੀਕ ਠਾਕ ਹੋ ਗਿਆ ਹੋਵੇ..ਸਕੂਲੇ ਪੜਾਈ ਵਿਚ ਜੀ ਨਾ ਲੱਗਦਾ..ਮਾਸਟਰ ਜੀ ਪੁੱਛਦੇ ਕੁਝ ਹੋਰ..ਜਵਾਬ ਕੋਈ ਹੋਰ ਦਿੰਦੀ..ਉਹ ਬੁਰਾ ਭਲਾ ਆਖਦੇ..!
ਅਖੀਰ ਪੂਰੀ ਛੁੱਟੀ ਮਗਰੋਂ ਘਰੇ ਅੱਪੜਦੀ ਤਾਂ ਅਗਿਓਂ ਮਾਂ ਨਾ ਦਿਸਦੀ..ਪਤਾ ਲੱਗਦਾ ਨਰਾਜ ਹੋ ਕੇ ਪੇਕੇ ਤੁਰ ਗਈ..ਮੈਨੂੰ ਦੋਹਾਂ ਤੇ ਗੁੱਸਾ ਆਉਂਦਾ..ਮਾਂ ਤੇ ਜਿਆਦਾ..ਪਤਾ ਨੀ ਕਿਉਂ..ਫੇਰ ਓਹੀ ਰਿਸ਼ਤੇਦਾਰੀ ਦੇ ਇੱਕਠ..ਸੁਲਾਹ ਸਫਾਈ..ਤੇ ਕੁਝ ਦਿਨ ਮਗਰੋਂ ਫੇਰ ਓਹੀ ਕੁਝ..!
ਉਹ ਦੋਵੇਂ ਮੈਨੂੰ ਨਿਆਣੀ ਹੀ ਸਮਝਿਆ ਕਰਦੇ..ਪਰ ਮੈਨੂੰ ਸਭ ਕੁਝ ਪਤਾ ਸੀ..ਮੈਨੂੰ ਖੇਰੂੰ ਖੇਰੂੰ ਹੁੰਦਾ ਆਪਣਾ ਬਚਪਨ ਦਿਸਦਾ..ਤਿਲ ਤਿਲ ਕਰਕੇ ਮਰਦੀ ਹੋਈ ਜਵਾਨੀ..ਮੈਨੂੰ ਉਸ ਵੇਲੇ ਬਿਲਕੁਲ ਵੀ ਇਹਸਾਸ ਨਹੀਂ ਸੀ ਕੇ ਮੈਂ ਜੋ ਗਵਾਈ ਜਾ ਰਹੀ ਸਾਂ..ਮੁੜ ਕੇ ਕਦੀ ਪਰਤ ਕੇ ਨਹੀਂ ਆਉਣਾ..”ਜੇ ਮੈਂ ਜਾਣਦੀ ਜੱਗੇ ਮਰ ਜਾਣਾ..ਇੱਕ ਦੇ ਮੈਂ ਦੋ ਜੰਮਦੀ..”
ਫੇਰ ਮੇਰੇ ਵਿਆਹ ਵਿਚ ਕਾਫੀ ਪੰਗੇ ਪਏ..ਕਾਫੀ ਕਲੇਸ਼ ਪਿਆ..ਕਾਫੀ ਯੁੱਧ ਹੋਏ..ਲੋਕਾਂ ਨੂੰ ਮੇਰੇ ਮਾਪਿਆਂ ਦੀ ਕਮਜ਼ੋਰੀ ਪਤਾ ਸੀ..ਜਾਣ-ਬੁਝ ਕੇ ਨਿੱਕੀ ਨਿਕੀ ਘਸੂਸ ਛੇੜ ਦਿੰਦੇ..ਨਿੱਕੀ ਜਿਹੀ ਗੱਲ ਦਾ ਖਲਾਰ ਪੈ ਜਾਂਦਾ..
ਮੇਰੇ ਮਾਪਿਆਂ ਨੂੰ ਕਦੀ ਇਹ ਸਮਝ ਨਾ ਆਇਆ ਕੇ ਸਾਰੀ ਦੁਨੀਆ ਬੱਸ ਤਮਾਸ਼ਾ ਵੇਖਦੀ ਏ..!
ਫੇਰ ਖੁਦ ਦੋ ਬੱਚਿਆਂ ਦੀ ਮਾਂ ਬਣ ਗਈ..ਸ਼ੁਰੂ ਵਿਚ ਵਧੀਆ ਮਾਹੌਲ ਮਿਲਿਆ..ਪਰ ਫੇਰ ਮੈਨੂੰ ਨਾਲਦੇ ਵਿਚ ਆਪਣਾ ਬਾਪ ਦਿਸਣ ਲੱਗਾ..ਰੋਹਬ ਪਾਉਂਦਾ..ਨੁਕਸ ਕੱਢਦਾ..ਮੈਨੂੰ ਬੜਾ ਬੁਰਾ ਲੱਗਦਾ ਪਰ ਬੱਚਿਆਂ ਖਾਤਿਰ ਚੁੱਪ ਰਹਿੰਦੀ..ਘੜੀ ਟਲ ਜਾਇਆ ਕਰਦੀ..ਫੇਰ ਕਈ ਵਾਰ ਜਦੋਂ ਉਹ ਵੀ ਮੁਆਫੀ ਮੰਗ ਲੈਂਦਾ ਤਾਂ ਬੜਾ ਮੋਹ ਆਉਂਦਾ..ਪਰ ਫੇਰ ਵੀ ਅੰਦਰੋਂ ਅੰਦਰ ਕੋਈ ਘਾਟ ਜਿਹੀ ਮਹਿਸੂਸ ਹੁੰਦੀ ਰਹਿੰਦੀ..
ਸ਼ਾਇਦ ਲੜਾਈ ਝਗੜੇ ਦੀ ਭੇਟ ਚੜ ਗਏ ਬਚਪਨ ਦੇ ਹੁਸੀਨ ਪਲ ਚੇਤੇ ਆਉਂਦੇ ਸਨ..ਸਕੂਲ ਨੂੰ ਜਾਂਦਾ ਕੱਚਾ ਰਾਹ ਅਜੇ ਵੀ ਉਂਝ ਦਾ ਉਂਝ ਸੈਨਤਾਂ ਮਾਰਦਾ ਲੱਗਦਾ..!
ਇਸ ਅਸਲ ਵਾਪਰੀ ਦਾ ਅੰਤ ਥੋੜਾ ਦਰਦਨਾਕ ਏ ਇਸ ਲਈ ਸਾਂਝਾ ਨਹੀਂ ਕਰਾਂਗਾ ਪਰ ਏਨੀ ਗੱਲ ਜਰੂਰ ਆਖਾਂਗਾ ਕੇ ਇਹ ਕਿਆਰੀਆਂ ਵਿਚ ਉੱਗੇ ਮਹਿਕਾਂ ਵੰਡਦੇ ਖਿੜੇ ਹੋਏ ਤਾਜੇ ਸੋਹਣੇ ਫੁੱਲ ਕਿਤੇ ਸਾਡੀ ਕਲਾ ਕਲੇਸ਼ ਵਾਲੇ ਚੱਕਰ ਦੀ ਭੇਂਟ ਹੀ ਨਾ ਚੜ ਜਾਣ ਇਸ ਗੱਲ ਦਾ ਸੁਹਿਰਦ ਬੰਦੋਬਸਤ ਕਰਨਾ ਸਾਡੇ ਆਪਣੇ ਹੱਥ ਵੱਸ ਏ..!
ਸਾਡਾ ਇੱਕ ਬਜੁਰਗ ਰਿਸ਼ਤੇਦਾਰ ਹੋਇਆ ਕਰਦਾ ਸੀ..ਕਦੀ ਗੁੱਸੇ ਵਿਚ ਆ ਜਾਂਦਾ ਤਾਂ ਜੁਆਕਾਂ ਸਾਹਵੇਂ ਨਾਲਦੀ ਨੂੰ ਕਦੀ ਕੋਈ ਗੱਲ ਨੀ ਸੀ ਆਖਿਆ ਕਰਦਾ..ਬੱਸ ਦੋਹਾਂ ਨੇ ਅੰਦਰ ਵੜ ਕੇ ਗੱਲ ਮੁਕਾ ਲੈਣੀ..!
ਸੋ ਦੋਸਤੋ ਜਿੰਦਗੀ ਦੇ ਕੁਝ ਕੀਮਤੀ ਪਲ ਜਦੋਂ ਰੇਤ ਦੇ ਕਿਣਕਿਆਂ ਵਾਂਙ ਖਿੱਲਰ ਰਹੇ ਹੁੰਦੇ ਤਾਂ ਕੋਲ ਖਲੋਤਾ ਸਰਤਾਜ ਏਨੀ ਗੱਲ ਜਰੂਰ ਸਮਝਾ ਰਿਹਾ ਹੁੰਦਾ ਕੇ..
“ਬੀਤ ਜਾਣੀਆਂ ਰੁੱਤਾਂ ਹਾਣੀਆਂ..ਜੇ ਨਾ ਮਾਣੀਆਂ..ਫੇਰ ਟੋਲਦਾ ਰਹੀ”..
ਸੋ ਸੰਖੇਪ ਜਿਹੀ ਜਿੰਦਗੀ ਦੇ ਇੱਕ-ਇੱਕ ਪਲ ਦਾ ਵੱਧ ਤੋਂ ਵੱਧ ਲਾਹਾ ਲੈਣਾ ਹੀ ਸਮਝਦਾਰੀ ਏ..
ਕਿਓੰਕੇ ਜਿਸਨੂੰ ਕੋਹਾਂ ਮੀਲ ਲੰਮੀ ਸਮਝ ਏਨੇ ਖਲਾਰੇ ਪਾਈ ਬੈਠੇ ਹਾਂ..ਅਖੀਰ ਨੂੰ ਅੱਖ ਦੇ ਫੋਰ ਵਿਚ ਬੀਤ ਜਾਣੀ ਏ ਤੇ ਫੇਰ ਰਹਿ ਜਾਂਣੇ ਆਖਰੀ ਵੇਲੇ ਦੇ ਪਛਤਾਵੇ..ਗਿਲੇ ਸ਼ਿਕਵੇ ਤੇ ਜਾਂ ਫੇਰ “ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ..ਹਵਾ ਦੇ ਬੁੱਲੇ..ਤੇ ਹੋਰ ਵੀ ਬੜਾ ਕੁਝ..”
“ਮੁੱਲ ਵਿਕਦਾ ਸੱਜਣ ਮਿਲ ਜਾਵੇ..ਲੈ ਲਵਾਂ ਮੈਂ ਜਿੰਦ ਵੇਚ ਕੇ”
ਇਹ ਦੁਰਲੱਭ ਜਿੰਦਗੀ..ਇਹ ਕੀਮਤੀ ਘੜੀਆਂ..ਇਹ ਹੁਸੀਨ ਪਲ..ਅਤੇ ਹੋਰ ਵੀ ਕਿੰਨਾ ਕੁਝ ਜੇ ਦੌਲਤਾਂ ਦੇ ਢੇਰ ਲਾ ਕੇ ਦੋਬਾਰਾ ਮਿਲ ਜਾਇਆ ਕਰਦਾ ਤਾਂ ਦੁਨੀਆ ਦੇ ਕਿੰਨੇ ਸਾਰੇ “ਵਾਜਪਾਈ” ਅਤੇ “ਜੇਤਲੀ” ਅੱਜ ਜਿਉਂਦੇ ਜਾਗਦੇ ਸਟੇਜਾਂ ਤੇ ਭਾਸ਼ਣ ਦੇ ਰਹੇ ਹੁੰਦੇ..!
ਉੱਤੋਂ ਵਾਜ ਪਈ ਤੇ ਹਰੇਕ ਨੂੰ ਜਾਣਾ ਹੀ ਪੈਣਾ..ਸਾਰਾ ਕੁਝ ਵਿਚ ਵਿਚਾਲੇ ਛੱਡ..ਉਹ ਵੀ ਖਾਲੀ ਹੱਥ..ਥੋੜੇ ਟੈਚੀਆਂ ਵਾਲਾ ਸੌਖਾ ਰਹੁ ਤੇ ਜ਼ਿਆਦੇ ਸਮਾਨ ਵਾਲਾ ਹੌਕੇ ਲੈਂਦਾ ਹੋਇਆ ਅੱਖੋਂ ਓਹਲੇ ਹੋਊ..ਉਚੇ ਢੇਰ ਇੰਝ ਬਿਨਾ ਰਾਖੀ ਦੇ ਛੱਡਣੇ ਕਿਹੜੇ ਸੌਖੇ ਨੇ..
ਪਰ ਅਸਲੀਅਤ ਇਹ ਹੈ ਕੇ “ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ..ਪਤਾ ਨੀ ਸੁਵੇਰ ਦਾ..”
ਜਿੰਦਗੀ ਜਿੰਦਾਬਾਦ..ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *