ਆਪ ਕਿਸੇ ਜਿਹੀ ਨਾਂ,ਗੱਲ ਕਰਨੋ ਰਹੀ ਨਾਂ | aap kise jehi na, gall karno rahi na

ਹਰਿਆਣਾ ਦੇ ਵਿੱਚ ਜੁਡੀਸ਼ੀਅਲ ਅਫਸਰ ਵਜੋਂ ਤਾਇਨਾਤ ਇੱਕ ਅਫਸਰ ਲੜਕੀ ਦੀ ਕਹਾਣੀ ਆਮ ਘਰਾਂ ਦੀ ਕਹਾਣੀ ਹੈ।ਔਰਤਾਂ ਪ੍ਰਤੀ ਮਰਦ ਪ੍ਰਧਾਨ ਸਮਾਜ ਦਾ ਜੋ ਨਜਰੀਆ ਹੈ ਉਹ ਤਾਅ ਹਾਲ ਵੀ ਅਤਿ ਨਿੰਦਣਯੋਗ ਹੈ।ਮੇਰੇ ਤੋਂ ਕੁਝ ਸਾਲ ਉਹ ਲੜਕੀ ਜੂਨੀਅਰ ਸੀ ਅਤੇ ਬੇਹੱਦ ਸਲੀਕੇ ਨਾਲ ਪੇਸ਼ ਆਉਣ ਵਾਲੀ ਤੇ ਬਹੁਤ ਮਿਹਨਤੀ ਸੀ।ਮੁੱਢਲੀ ਨਜਰੇ ਉਸ ਨੂੰ ਪਹਿਲੀ ਵਾਰ ਮਿਲਣ ਸਮੇਂ ਹੀ ਭਾਂਪ ਲਿਆ ਸੀ ਕਿ ਉਹ ਆਪਣੇ ਪਰਿਵਾਰ ਦਾ ਬਹੁਤ ਖਿਆਲ ਰੱਖਦੀ ਹੈ।ਪਰ ਆਪਣੇ ਸਮਾਜ ਵੱਲੋਂ ਕਨਸੋਆਂ ਲੈ ਕੇ ਜੋ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ ਉਸ ਤੋਂ ਉਹ ਬਹੁਤ ਨਿਰਾਸ਼ ਸੀ।
ਉਹ ਆਮ ਘਰ ਦੀ ਲੜਕੀ ਸੀ ਅਤੇ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ।ਬਾਹਰਵੀਂ ਤੱਕ ਦੀ ਪੜਾਈ ਉਸ ਨੇ ਅੱਵਲ ਰਹਿ ਕੇ ਪੇਂਡੂ ਸਕੂਲ ਵਿੱਚ ਪੂਰੀ ਕੀਤੀ।ਮੇਰੇ ਸੰਪਰਕ ਵਿੱਚ ਉਹ ਵਕਾਲਤ ਕਰਨ ਬਾਰੇ ਮਸ਼ਵਰਾ ਲੈਣ ਸਮੇਂ ਆਈ।ਪਹਿਲੀ ਨਜਰੇ ਹੀ ਮੈਂ ਭਾਂਪ ਲਿਆ ਸੀ ਕਿ ਉਹ ਬਹੁਤ ਮਿਹਨਤੀ ਤੇ ਪੜਾਈ ਵਿੱਚ ਬਹੁਤ ਹੁਸ਼ਿਆਰ ਹੈ।ਸਲਾਹ ਲੈਣ ਤੋਂ ਬਾਅਦ ਉਹ ਵਕਾਲਤ ਕਰਨ ਬਾਰੇ ਪੁੱਛਣ ਲੱਗੀ।ਮੈਂ ਉਸ ਨੂੰ ਕਿਹਾ ਸੀ ਕਿ ਵਕਾਲਤ ਵਕੀਲ ਦੇ ਕਿੱਤੇ ਵਜੋਂ ਤਾਂ ਘਰ ਦੀ ਖੇਤੀ ਹੈ ਜਦੋਂ ਮਰਜੀ ਕੀਤੀ ਜਾ ਸਕਦੀ ਹੈ।ਵਕਾਲਤ ਕਰਨ ਤੋਂ ਬਾਅਦ ਉਹ ਮੁਕਾਬਲੇ ਦੀ ਪ੍ਰੀਖਿਆ ਦੇ ਕੇ ਵੇਖੇ ਕੋਈ ਵੱਡੀ ਗੱਲ ਨਹੀ ਤੁਸੀਂ ਜੁਡੀਸ਼ੀਅਲ ਅਫਸਰ ਵੀ ਬਣ ਸਕਦੇ ਹੋ।ਇਸ ਗੱਲ ਨੂੰ ਉਸਨੇ ਪੱਲੇ ਬੰਨ ਲਿਆ ਸੀ।ਕਈ ਵਾਰ ਉਸ ਨੇ ਇਸ ਗੱਲ ਦਾ ਜਿਕਰ ਆਪਣੇ ਸੀਨੀਅਰ ਅਫਸਰਾਂ ਕੋਲ ਕੀਤਾ ਹੈ।ਮਿਹਨਤ ਕਰਕੇ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਉਹ ਜੁਡੀਸ਼ੀਅਲ ਅਫਸਰ ਬਣ ਗਈ ਹੈ।
ਉਹਨਾਂ ਸਮਿਆਂ ਵਿੱਚ ਮੁਕਾਬਲੇ ਦੀ ਪ੍ਰੀਖਿਆ ਦੇਣ ਲਈ ਵਕਾਲਤ ਦੇ ਤਿੰਨ ਸਾਲ ਤਜਰਬੇ ਦੀ ਜਰੂਰਤ ਹੁੰਦੀ ਸੀ ਉਸ ਨੂੰ ਮੈਂ ਆਪਣੇ ਦੋਸਤ ਕੋਲ ਬਤੌਰ ਜੂਨੀਅਰ ਕੰਮ ਕਰਨ ਲਈ ਭੇਜਿਆ ਸੀ।ਪੇਂਡੂ ਤੇ ਪਿਛੜਿਆ ਸਮਾਜ ਲੜਕੀਆਂ ਪ੍ਰਤੀ ਬਹੁਤ ਮਾੜੀ ਸੋਚ ਰੱਖਦਾ ਹੈ।ਬਾਹਰਵੀਂ ਤੱਕ ਜੋ ਕਿੱਸੇ ਕਹਾਣੀਆਂ ਵਿੱਚ ਵਿਦਿਆਰਥੀਆਂ ਨੂੰ ਪ੍ਰੇਮ ਕਹਾਣੀਆਂ ਪੜਾਈਆਂ ਜਾਂਦੀਆਂ ਹਨ ਉਹ ਵਿਦਿਆਰਥੀਆਂ ਦੇ ਮਨ ਤੇ ਗੂੜਾ ਅਸਰ ਛੱਡਦੀਆਂ ਹਨ।ਕੁਝ ਘਰਾਂ ਦੇ ਲੜਕੇ ਉਹਨਾਂ ਪ੍ਰੇਮ ਕਹਾਣੀਆਂ ਦੇ ਨਾਇਕਾਂ ਵਾਂਗੂੰ ਵਿਚਰਨ ਲੱਗਦੇ ਹਨ।ਸਭ ਤੋਂ ਪਹਿਲਾਂ ਉਸ ਦੇ ਕਾਲਜ ਵਿੱਚ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ ਇਹ ਨਿਗੂਣੀ ਕੋਸ਼ਿਸ ਉਸ ਵੱਲ ਆਕਰਸ਼ਿਤ ਹੋਏ ਅਸਫਲ ਲੜਕਿਆਂ ਵੱਲੋਂ ਕੀਤੀ ਗਈ।ਭਾਵਨਾਤਮਕ ਤੌਰ ਤੇ ਉਹ ਟੁੱਟਣਾ ਸ਼ੁਰੂ ਹੋ ਗਈ ਤੇ ਪੜਾਈ ਛੱਡਣ ਬਾਰੇ ਸੋਚਣ ਲੱਗੀ।ਪਰ ਉਸ ਨੇ ਆਪਣਾ ਦੁਖੜਾ ਆਪਣੀ ਔਰਤ ਪ੍ਰੌਫੈਸਰ ਨੂੰ ਸੁਣਾਇਆ।ਜਿਸ ਨੇ ਉਸ ਦਾ ਮਨੋਬਲ ਉੱਚਾ ਕੀਤਾ ਅਤੇ ਆਪਣੀ ਖੁਦ ਦੀ ਉਦਾਹਰਨ ਦੇ ਕੇ ਉਸ ਨੂੰ ਦੁਬਾਰਾ ਪੈਰਾਂ ਸਿਰ ਕੀਤਾ।
ਪਿੰਡ ਵਿੱਚ ਵੱਟ ਬੰਨਿਆਂ ਦੇ ਰੌਲਿਆਂ ਵਾਲੇ ਅਤੇ ਉਸ ਦੇ ਪਰਿਵਾਰ ਨਾਲ ਈਰਖਾ ਰੱਖਣ ਵਾਲੇ ਲੋਕਾਂ ਨੇ ਵੀ ਉਸ ਨੂੰ ਬਦਨਾਮ ਕਰਨ ਦੀ ਕਸਰ ਨਾਂ ਛੱਡੀ।ਪਰਿਵਾਰ ਨੇ ਵੀ ਕਈ ਵਾਰ ਉਸ ਦੀ ਪੜਾਈ ਛੁਡਾਈ ਤੇ ਉਸ ਦੇ ਰਿਸ਼ਤੇ ਵਿੱਚੋਂ ਭਰਾ ਲੱਗਦੇ ਸਰਕਾਰੀ ਮੁਲਾਜਮ ਨੇ ਉਸ ਦੀ ਪੜਾਈ ਦੁਬਾਰਾ ਚਲਾਈ।ਅਜਿਹਾ ਵਰਤਾਰਾ ਸਮਾਜ ਵਿੱਚ ਲੜਕੀਆਂ ਪ੍ਰਤੀ ਆਮ ਹੀ ਹੈ।ਸਮਾਜ ਤਹਿ ਕਰਦਾ ਹੈ ਲੜਕੀ ਨੇ ਕਿੱਥੇ ਤੇ ਕਿਸ ਨਾਲ ਹੱਸਣਾ ਹੈ,ਕਿਸ ਨਾਲ ਗੁੱਸਾ ਕਰਨਾ ਹੈ ਅਤੇ ਕਿਸ ਵੱਲ ਵੇਖਣਾ ਹੈ,ਕਿਸ ਨਾਲ ਗੱਲ ਕਰਨੀ ਹੈ।ਉਸ ਤੋਂ ਬਾਅਦ ਹੱਸਣ,ਗੁੱਸਾ ਕਰਨ,ਵੇਖਣ ਤੇ ਗੱਲਬਾਤ ਦੇ ਮਤਲਬ ਵੀ ਆਪਣੇ ਹਿਸਾਬ ਨਾਲ ਕੱਢ ਲਏ ਜਾਂਦੇ ਹਨ।ਕੁੜੀਆਂ ਲਈ ਇਹ ਬਹੁਤ ਵੱਡੀ ਸਮੱਸਿਆ ਹੁੰਦੀ ਹੈ।ਉਹਨਾਂ ਵੱਲੋਂ ਸਹੀ ਤੇ ਗਲਤ ਇਨਸਾਨ ਵਿੱਚ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ।ਸਮਾਜ ਵਿੱਚ ਮਾਣ ਸਤਿਕਾਰ ਲਈ ਜਿਉਣ ਲਈ ਉਹਨਾਂ ਨੂੰ ਬਹੁਤ ਘਾਲਣਾ ਘਾਲਣੀਆਂ ਪੈਂਦੀਆਂ ਹਨ।
ਪੜਾਈ ਦੇ ਮਾਮਲੇ ਵਿੱਚ ਉਸ ਦਾ ਕੋਈ ਸਾਨੀ ਨਹੀ ਸੀ।ਇਹ ਵੀ ਸਹਿਪਾਠੀਆਂ ਦੀ ਈਰਖਾ ਦਾ ਵੱਡਾ ਕਾਰਨ ਸੀ ਹੱਦ ਤਾਂ ਉਦੋਂ ਹੋਈ ਜਦੋਂ ਉਸ ਨੂੰ ਪੜਾਉਣ ਵਾਲੇ ਇੱਕ ਪ੍ਰੋਫੈਸਰ ਨਾਲ ਉਸ ਦਾ ਨਾਮ ਜੋੜ ਕੇ ਕੁਝ ਈਰਖਾਲੂ ਤੇ ਅਸਫਲ ਲੋਕਾਂ ਵੱਲੋਂ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ।ਜਿੰਦਗੀ ਵਿੱਚ ਉਸ ਨੇ ਹਰ ਚੁਨੌਤੀ ਦਾ ਸਾਹਮਣਾ ਕੀਤਾ।ਤੇ ਇੱਕ ਦਿਨ ਉਹ ਉਸ ਮੁਕਾਮ ਤੇ ਪਹੁੰਚ ਗਈ ਜਿੱਥੇ ਸਾਰੇ ਉਸ ਦੀ ਈਨ ਮੰਨਣ ਲੱਗ ਪਏ।ਹੁਣ ਹਰ ਕੋਈ ਉਸ ਦੀਆਂ ਸਿਫਤਾਂ ਕਰਦਾ ਨਹੀ ਥੱਕਦਾ।ਪਰ ਈਰਖਾਲੂ ਲੋਕ ਅੱਜ ਵੀ ਈਰਖਾ ਵਿੱਚ ਅੱਤ ਕਰਾ ਦਿੰਦੇ।ਉਸ ਬਾਰੇ ਕਹਿੰਦੇ ਰਹਿੰਦੇ ਕਿ “ਸਾਡੇ ਨਾਲ ਹੀ ਪੜਦੀ ਹੁੰਦੀ ਸੀ,ਆਂਉਦਾ ਜਾਂਦਾ ਕੱਖ ਨਹੀ ਸੀ ਪਤਾ ਨਹੀ ਇਹਨੂੰ ਜੱਜ ਕੀਹਨੇ ਲਾ ਦਿੱਤਾ”ਉਸ ਵਰਗੀ ਇੱਕ ਹੋਰ ਲੜਕੀ ਨੇ ਮਿਹਨਤ ਕਰਕੇ ਵੱਡਾ ਮੁਕਾਮ ਹਾਸਲ ਕੀਤਾ।ਕਿਸੇ ਵਿਆਹ ਪਾਰਟੀ ਵਿੱਚ ਇੱਕ ਅਸਫਲ ਅੱਧਖੜ ਨੇ ਕਿਹਾ’ਐਥੇ ਹੀ ਥੱਕੇ ਖਾਂਦੀ ਹੁੰਦੀ ਸੀ’ ਇਹ ਉਹ ਲੋਕ ਸਨ ਜਿੰਨਾਂ ਨੂੰ ਕਿਸੇ ਦੀ ਮਿਹਨਤ ਧੱਕੇ ਨਜਰ ਆਂਉਦੀ ਹੈ।ਅਤੇ ਉਹ ਉਸ ਦੀ ਬਰਾਬਰੀ ਨਹੀ ਕਰ ਸਕੇ ਨਾਂ ਹੀ ਦੁਬਾਰਾ ਕਰ ਸਕਦੇ ਹਨ,ਉਹਨਾਂ ਨੇ ਆਪਣੀਆਂ ਘਟੀਆ ਆਦਤਾਂ ਵਿੱਚ ਵਕਤ ਗੁਜਾਰਿਆ ਹੁੰਦਾ ਹੈ।ਉਹਨਾਂ ਲੋਕਾਂ ਦੀਆਂ ਅੱਖਾਂ ਉਸ ਦਿਨ ਖੁੱਲਦੀਆਂ ਹਨ ਜਦੋਂ ਉਹਨਾਂ ਦੀ ਆਪਣੀ ਲੜਕੀ ਨੂੰ ਅਜਿਹੀਆਂ ਸਮੱਸਿਆਵਾਂ ਦਰਪੇਸ਼ ਆਂਉਦੀਆਂ ਹਨ।ਫਿਰ ਉਹ ਸਮਾਜ ਨੂੰ ਬੁਰਾ ਭਲਾ ਕਹਿਣ ਲੱਗਦੇ ਹਨ।ਜਿਸ ਸਮਾਜ ਨੂੰ ਉਹਨਾਂ ਨੇ ਸਿਰਜਿਆ ਹੁੰਦਾ ਹੈ ਉਹ ਉਹੋ ਕੁਝ ਉਹਨਾਂ ਨੂੰ ਦੁੱਗਣਾ ਕਰਕੇ ਵਾਪਸ ਦਿੰਦਾ ਹੈ।
ਸ਼ਾਲਾ!ਅਜਿਹੇ ਲੋਕਾਂ ਨੂੰ ਸੁਮੱਤ ਆਵੇ।ਲੜਕੀਆਂ ਤਰੱਕੀ ਕਰਦੀਆਂ ਰਹਿਣ।ਸਮਾਜ ਵਿੱਚ ਨਿੱਗਰ ਸੋਚ ਵਾਲੇ ਇਨਸਾਨ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ।
ਸੱਤਪਾਲ ਸਿੰਘ ਦਿਓਲ

Leave a Reply

Your email address will not be published. Required fields are marked *