ਬਦਸ਼ਗਨੀ | badshagni

ਕਿਸੇ ਵੇਲੇ ਸਾਡੇ ਸਾਂਝੇ ਘਰ ਦੀ ਠੰਡੀ ਮਿੱਠੀ ਸੁਵੇਰ ਏਦਾਂ ਦੇ ਦ੍ਰਿਸ਼ ਹਰ ਰੋਜ ਸਿਰਜਿਆ ਕਰਦੀ ਸੀ !
ਹਾਸੇ ਮਖੌਲ ਖੁਸ਼ੀਆਂ ਗ਼ਮੀਆਂ ਗੁੱਸੇ ਗਿਲੇ ਤੇ ਰੋਸੇ -ਮਨਾਉਣੀਆਂ ਦਾ ਕੇਂਦਰ ਬਿੰਦੂ ਹੋਇਆ ਕਰਦਾ ਸੀ ਇਹ ਚੋਂਕੇ ਵਾਲਾ ਮਿੱਟੀ ਦਾ ਚੁੱਲ੍ਹਾ !
ਹਰ ਸੁਵੇਰ ਰਿਜਕ ਦੇ ਸਿਰਹਾਣੇ ਬੈਠ ਅਣਗਿਣਤ ਰੌਣਕਾਂ ਦੇ ਅਖਾੜੇ ਲਗਿਆ ਕਰਦੇ ਸਨ !
ਹਰ ਵੇਲੇ ਪਿੱਤਲ ਦੀਆਂ ਗੜਵੀਆਂ ਗਲਾਸਾਂ ਪਰਾਤਾਂ ਛਿਕੂਆਂ ਕਾੜਨੀਆਂ ਚਾਟੀਆਂ ਮਧਾਣੀਆਂ ਤੇ ਰੰਗ ਬਿਰੰਗੇ ਚੰਗੇਰਾਂ ਵਿਚ ਘਿਰੀ ਰਹਿੰਦੀ ਸੀ ਇਸ ਕਰਮਾਂ ਵਾਲੇ ਚੁੱਲੇ ਦੀ ਮੱਠੀ ਮੱਠੀ ਅੱਗ !
ਤੇ ਉਸ ਅੱਗ ਵਿਚ ਬਾਲਣ ਪਾਉਂਦੀ ਮੇਰੀ ਦਾਦੀ ਦਾ ਹੋਮ ਮਨਿਸਟਰ ਵਾੰਗ ਚਾਚੀਆਂ ਤਾਈਆਂ ਵਿਚ ਪੂਰਾ ਰੋਹਬ ਹੁੰਦਾ ਸੀ… ਕੀ ਮਜਾਲ ਸੀ ਕੇ ਕੋਈ ਉਸਦੀ ਆਖੀ ਮੋੜ ਜਾਵੇ!
ਅਜੀਬ ਤਰਾਂ ਦਾ ਮਿੱਠਾ ਨਿੱਘ ਅਤੇ ਸਰੂਰ ਹੁੰਦਾ ਸੀ ਉਸ ਬੁੱਕਲ ਵਿਚ ..ਚੇਤੇ ਕਰ ਅਜੇ ਵੀ ਅਕਸਰ ਹੀ ਲੂ ਕੰਢੇ ਖੜੇ ਹੋ ਜਾਂਦੇ !
ਕਦੀ ਘੁੰਡ ਕੱਢਦੀਆਂ ਤੇ ਕਦੀ ਚੁੱਕਦੀਆਂ ਹੋਈਆਂ ਵੇਹੜੇ ਵਿਚ ਤੁਰੀਆਂ ਫਿਰਦੀਆਂ ਅਣਗਿਣਤ ਸ਼ਕਲਾਂ ਮੈਨੂੰ ਸਾਉਣ ਮਹੀਨੇ ਦੀ ਬੱਦਲਾਂ ਅਤੇ ਸੂਰਜ ਵਿਚਲੇ ਹੁੰਦੀ ਲੁਕਣਮੀਟੀ ਵਾੰਗ ਲੱਗਦੀਆਂ !
ਮਿੱਟੀ ਦੇ ਭਾਂਡੇ ਵਿਚ ਜਮਾਏ ਹੋਏ ਤਾਜੇ ਠੰਡੇ ਦਹੀਂ ਦੀਆਂ ਫੁੱਟੀਆਂ ਵਿਚ ਫੈਲਦੀ ਹੋਈ ਸੂਹੇ ਗੂੜੇ ਰੰਗ ਦੀ ਮਿੱਠੀ ਸ਼ੱਕਰ ਮੈਨੂੰ ਹਰ ਰਾਤ ਤਾਰਿਆਂ ਦੀ ਲੋ ਹੇਠ ਸੁੱਤੇ ਪਏ ਨੂੰ ਅਗਲੀ ਸੁਵੇਰ ਦਾ ਬੇਸਬਰੀ ਨਾਲ ਇੰਤਜਾਰ ਕਰਨ ਲਈ ਪ੍ਰੇਰਿਤ ਕਰਿਆ ਕਰਦੀ ਸੀ !
ਉਸ ਮੇਲੇ ਦੀ ਰੌਣਕ ਵਰਗੇ ਮਾਹੌਲ ਵਾਲੇ ਚੁੱਲੇ ਦੇ ਧੂੰਏਂ ਨਾਲ ਧੁਆਂਖੀਆਂ ਕੰਧਾਂ ਦੀ ਕਾਲਖ ਮੈਨੂੰ ਫੇਰ ਕਦੀ ਵੀ ਦੇਖਣੀ ਨਸੀਬ ਨਾ ਹੋਈ !
ਮੈਂ ਤੱਰਕੀਆਂ ਦੀ ਭਾਲ ਵਿੱਚ ਕਿਸੇ ਬੇਲਗਾਮ ਘੋੜੇ ਤੇ ਸੁਆਰ ਹੋਇਆ ਇਹ ਬੇਸ਼ਕੀਮਤੀ ਸਰਮਾਇਆ ਖੁੱਲੇ ਆਸਮਾਨ ਹੇਠ ਖੁੱਲ੍ਹਾ ਛੱਡ ਬਹੁਤ ਦੂਰ ਨਿੱਕਲ ਆਇਆ !
ਬਾਪ ਲਹਿੰਦੇ ਪੰਜਾਬ ਦੀ ਨਾਰੋਵਾਲ ਤਹਿਸੀਲ ਵੇਖਣ ਨੂੰ ਤਰਸਦਾ ਜਹਾਨੋਂ ਤੁਰ ਗਿਆ ਤੇ ਮੈਂ ਪਤਾ ਨੀ …ਖੈਰ ਛੱਡੋ ਮਾਂ ਨੇ ਇਹ ਸਭ ਕੁਝ ਲਿਖਿਆ ਪੜ ਲਿਆ ਤਾਂ ਪੰਗਾ ਪੈ ਜੋਊ ..ਆਖੂ ਕਿਓਂ ਬਦਸ਼ਗਨੀ ਵਾਲੀਆਂ ਗੱਲਾਂ ਕਰਦਾ ਜਿਊਣ ਜੋਗਿਆ!
(ਹਰਪ੍ਰੀਤ ਸਿੰਘ ਜਵੰਦਾ)
2019

Leave a Reply

Your email address will not be published. Required fields are marked *