ਕਾਲਜ ਡਾਇਰੀ*
ਕੋਈ ਮੌਤ ਚੁਣਦਾ ਹੈ, ਕੋਈ ਰਿਸ਼ਵਤ ਪਰ…
ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਬਰੜਵਾਲ (ਧੂਰੀ) ਦੀ ਇੱਕ ਅਧਿਆਪਕਾ ਉੱਪਰ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਨਿਰਸੰਦੇਹ, ਇਹ ਇੱਕ ਮਾੜਾ ਘਟਨਾਕ੍ਰਮ ਹੈ। ਇਸ ਨਾਲ ਅਧਿਆਪਨ ਵਰਗੇ ਕਿੱਤੇ ਦੀ ਸਾਖ਼ ਡਿੱਗਦੀ ਹੈ ਪਰ ਸਿੱਖਿਆ ਦੇ ਖੇਤਰ ‘ਚ ਇਸ ਤੋੰ ਵੀ ਵੱਡੇ ਮਸਲੇ ਪੇਸ਼ ਪੇਸ਼ ਹਨ ਜੋ ਕਿ ਖ਼ਬਰ ਤੱਕ ਨਹੀਂ ਬਣਦੇ। ਮੈੰ ਸੰਬੰਧਿਤ ਅਧਿਆਪਕਾ ਦੁਆਰਾ ਕੀਤੇ ਕੰਮ ਨੂੰ ਸਹੀ ਨਹੀਂ ਕਹਿ ਰਿਹਾ, ਪਤਾ ਲੱਗਾ ਹੈ ਕਿ ਅਧਿਆਪਕਾ ਐਡਹਾਕ ‘ਤੇ ਲੱਗੀ ਹੋਈ ਹੈ। ਖ਼ਬਰ ਮੁਤਾਬਿਕ ਵਿਆਹੀ ਹੋਈ ਹੈ ਤੇ ਇੱਕ ਬੱਚੇ ਦੀ ਮਾਂ ਵੀ ਹੈ। ਸੋ ਬਹੁਤ ਛੋਟੀ ਉਮਰ ਦੀ ਤਾਂ ਨਹੀੰ ਹੋਵੇਗੀ। ਪਤਾ ਨਹੀੰ ਕਿੰਨੇ ਕੁ ਸਾਲਾਂ ਤੋਂ ਐਡਹਾਕਇਜ਼ਮ ਦੀ ਝੰਬੀ ਹੋਵੇਗੀ। ਮੈੰ ਉਸਨੂੰ ਤਾਂ ਨਹੀਂ ਜਾਣਦਾ ਪਰ ਉਸਦੀ ਜੌਬ ਨੇਚਰ ਨਾਲ ਸਵਾ ਦਹਾਕੇ ਤੋੰ ਵੱਧ ਸਮੇੰ ਦਾ ਵਾਸਤਾ ਹੈ। ਨੈੱਟ/ ਪੀ.ਐਚ.ਡੀ. ਕਰਕੇ ਵਿਦਿਆਰਥੀ ਬੇਰੁਜ਼ਗਾਰੀ ਨਾਲ ਘੁਲ ਰਹੇ ਹਨ। ਪਿਛਲੇ 27 ਸਾਲਾਂ ਤੋੰ ਪੰਜਾਬ ਦੇ ਸਰਕਾਰੀ ਕਾਲਜਾਂ ‘ਚ ਭਰਤੀ ਨਹੀਂ ਹੋਈ। ਜੇ ਕੋਈ ਭਰਤੀ ਨਿਕਲਦੀ ਵੀ ਹੈ ਤਾਂ ਪੂਰ ਨਹੀੰ ਚੜ੍ਹਦੀ। ਦੋਸ਼ੀ ਅਫ਼ਸਰਾਂ ਨੂੰ ਸਜ਼ਾ ਦੇਣ ਦੀ ਬਜਾਇ ਮਲਾਈ ਵਾਲੇ ਵਿਭਾਗ ਦਿੱਤੇ ਜਾਂਦੇ ਨੇ ਤੇ ਬੇਰੁਜ਼ਗਾਰਾਂ ਨੂੰ ਸਜ਼ਾ ਮਿਲਦੀ ਹੈ। ਜਿਨ੍ਹਾਂ ਨੂੰ ਕਾਲਜ ‘ਚ ਨੌਕਰੀ ਮਿਲਦੀ ਹੈ ਉਹ ਰੈਗੂਲਰ ਨਹੀਂ ਹੁੰਦੀ ਸਗੋੰ ਕੰਟਰੈਕਚੂਅਲ, ਟੈਮਪਰੇਰੀ, ਐਡਹਾਕ, ਪਾਰਟ-ਟਾਇਮਰ, ਗੈਸਟ-ਫੈਕਲਟੀ (ਲੈਕਚਰ ਬੇਸਿਡ), ਗੈਸਟ-ਫੈਕਲਟੀ (ਉੱਕਾ-ਪੁੱਕਾ), ਗੈਸਟ-ਫੈਕਲਟੀ (ਫਿਕਸਡ), ਰਿਸੋਰਸ ਪਰਸਨ, ਇੰਸਟ੍ਰੱਕਟਰ, … ਫ਼ਲਾਂ ਫ਼ਲਾਂ ਹੁੰਦੀ ਹੈ। ਜਿਹੜੇ ਕਿ ਨਾਮ ਦੇ ਪ੍ਰੋਫ਼ੈਸਰ ਹੁੰਦੇ ਹਨ ਉੰਝ ਕਿਸੇ ਵੀ ਹੋਰ ਦਿਹਾੜੀਦਾਰ ਤੋਂ ਘੱਟ ਤਨਖ਼ਾਹ ‘ਤੇ ਕੰਮ ਕਰਦੇ ਹਨ। ਕਦੇ ਕਿਸੇ ਨੇ ਪੁੱਛਿਆ ਹੈ ਕਿ ਬੱਚਿਆਂ ਤੋੰ ਫ਼ੀਸ ਪੂਰੀ ਲਈ ਜਾਂਦੀ ਹੈ ਤੇ ਲੋਕ ਹੋਰ ਤਰ੍ਹਾਂ ਦੇ ਟੈਕਸ ਵੀ ਭਰਦੇ ਹਨ ਪਰ ਕਾਲਜਾਂ ‘ਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਇਹ ਅੱਧੀ ਅਧੂਰੀ ਤਨਖ਼ਾਹ ਕਿਉੰ ? ਕਾਲਜਾਂ ਦੇ ਕੱਚੇ ਅਧਿਆਪਕਾਂ ਦੇ ਵੀ ਢਿੱਡ ਹਨ, ਜੇ ਮੇਰੀ ਗੱਲ ‘ਤੇ ਯਕੀਨ ਨਹੀਂ ਤਾਂ ਪਰਦੇ ‘ਚ ਲਿਜਾ ਕੇ ਦੇਖਣਾ ਕਿ ਉਨ੍ਹਾਂ ਦੇ ਢਿੱਡ ਨਾਮ ਦਾ ਅੰਗ ਲੱਗਾ ਹੋਇਆ ਹੈ। ਉਨ੍ਹਾਂ ਦੇ ਬੱਚਿਆਂ ਦੇ ਵੀ ਚਾਅ ਹਨ। ਕੱਚੇ ਅਧਿਆਪਕਾਂ ਨੂੰ ਰੁਜ਼ਗਾਰ ਵੀ ਸੱਤ ਅੱਠ ਮਹੀਨੇ ਹੀ ਮਿਲਦਾ ਹੈ! ਕੀ ਗੱਲ ਬਾਕੀ ਮਹੀਨੇ ਉਨ੍ਹਾਂ ਨੂੰ ਭੁੱਖ ਨਹੀਂ ਲੱਗਦੀ? ਪ੍ਰਾਈਵੇਟ ਤੇ ਏਡਿਡ ਕਾਲਜਾਂ ਦੇ ਅਧਿਆਪਕਾਂ ਦਾ ਹੋਰ ਵੀ ਬੁਰਾ ਹਾਲ ਹੁੰਦਾ ਹੈ। ਦੋ ਕੁ ਸਾਲ ਪਹਿਲਾਂ ਲਹਿਰਾਗਾਗ ਦੇ ਇੱਕ ਕਾਲਜ ਕਲਰਕ ਨੇ ਤਨਖਾਹ ਨਾ ਮਿਲਣ ਕਰਕੇ ਕਾਲਜ ਦੇ ਦਫ਼ਤਰ ‘ਚ ਹੀ ਖੁਦਕੁਸ਼ੀ ਕਰ ਲਈ ਸੀ। ਪਰ ਇਹ ਕੋਈ ਖ਼ਬਰ ਨਹੀਂ ਬਣੀ ਤੇ ਨਾ ਹੀ ਯੂਨੀਵਰਸਿਟੀ ਵੱਲੋੰ ਕੋਈ ਪ੍ਰੈੱਸ ਕਾਨਫ਼ਰੰਸ ਹੋਈ। ਆਪਣੀਆਂ ਜ਼ਾਇਜ ਮੰਗਾਂ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਹੀ ਇੱਕ ਕਾਲਜ ਦੀ ਅਧਿਆਪਕਾ ਨੂੰ ਯੂਨੀਵਰਸਿਟੀ ‘ਚ ਆ ਕੇ ਆਤਮਦਾਹ ਕਰਨ ਦੀ ਚੇਤਾਵਨੀ ਦੇਣੀ ਪਈ ਸੀ। ਲੰਬੀ ਲਿਸਟ ਹੈ ਅਜਿਹੀਆਂ ਮਿਸਾਲਾਂ ਦੀ… ਯੂਨੀਵਰਸਿਟੀਆਂ ਕਾਲਜਾਂ ‘ਚ ਹੁੰਦੇ ਵੱਡੇ ਵੱਡੇ ਕਾਂਡਾਂ ‘ਤੇ ਉਦੋਂ ਪਰਦਾ ਪਾ ਦਿੱਤਾ ਜਾਂਦਾ ਹੈ ਜਦ ਰੈਗੂਲਰ ਕਰਮਚਾਰੀ ਦੀ ਗੱਲ ਆਉੰਦੀ ਹੈ। ਕੀ ਰਵੀ ਸਿੱਧੂ ਕੇਸ ‘ਚ ਇੱਕਲਾ ਰਵੀ ਸਿੱਧੂ ਦੋਸ਼ੀ ਸੀ? ਉਸ ਨਾਲ ਸ਼ਾਮਿਲ ਬਾਕੀ ਕੌਣ ਸਨ? ਜੇ ਇਨ੍ਹਾਂ ਸੰਸਥਾਵਾਂ ‘ਚ ਹੁੰਦੇ ‘ਕਾਰਨਾਮੇ’ ਦੱਸਾਂ ਤਾਂ ਲੋਕਾਂ ਦਾ ਪੜ੍ਹਾਈ ਵਰਗੀ ਚੀਜ਼ ਤੋੰ ਵਿਸ਼ਵਾਸ ਉੱਠ ਜਾਵੇਗਾ। ਕਦੇ ਫਿਰ ਸਹੀ… ਕੱਚੇ ਅਧਿਆਪਕਾਂ ਦੀ ਮਾਨਸਿਕ ਹਾਲਾਤ ਕਦੇ ਕਿਸੇ ਨੇ ਨਹੀਂ ਜਾਣੀ, ਜਦ ਰੁਜ਼ਗਾਰ ਹੀ ਸੁਰੱਖਿਅਤ ਨਹੀਂ ਤਾਂ ਅਧਿਆਪਕ ਤੋੰ ਕਿਸ ਸਮਾਜ ਦੇ ਨਿਰਮਾਣ ਦੀ ਆਸ ਕੀਤੀ ਜਾ ਸਕਦੀ ਹੈ। ਅਧਿਆਪਕ ਪੈਗੰਬਰ ਨਹੀਂ ਹੁੰਦਾ ਇੱਕ ਇਨਸਾਨ ਹੁੰਦਾ ਹੈ, ਜਿਉੰਦਾ ਜਾਗਦਾ ਇਨਸਾਨ ਜਿਸਦਾ ਪਰਿਵਾਰ ਵੀ ਹੁੰਦਾ ਹੈ। ਬਰੜਵਾਲ (ਧੂਰੀ) ਵਾਲੇ ਕਾਂਡ ‘ਤੇ ਬੋਲਣ ਤੋਂ ਪਹਿਲਾਂ ਅੰਤਰਝਾਤ ਜ਼ਰੂਰੀ ਹੈ। ਲੋੜ ਜ਼ਖ਼ਮ ਠੀਕ ਕਰਨ ਦੀ ਹੈ, ਫਿਰ ਅੰਗ ਕੱਟਣ ਦੀ ਲੋੜ ਨਹੀਂ ਪਵੇਗੀ। ਧੂਰੀ ਵਾਲਾ ਕਾਂਡ ਸਾਡੇ ਵਿਦਿਅਕ ਸਿਸਟਮ ਦੇ ਮੂੰਹ ‘ਤੇ ਵੱਜੀ ਚਪੇੜ ਹੈ। ਬੇਰੁਜ਼ਗਾਰੀ ਜਾਂ ਕੱਚੇ ਰੁਜ਼ਗਾਰ ਦਾ ਝੰਬਿਆ ਬੰਦਾ ਜਾਂ ਤਾਂ ਖੁਦਕੁਸ਼ੀ ਦਾ ਰਾਹ ਚੁਣਦਾ ਹੈ ਜਾਂ ਰਿਸ਼ਵਤ ਵਰਗਾ ਗਲਤ ਰਾਸਤਾ ਚੁਣਦਾ ਹੈ ਪਰ ਲੋੜ ਸੰਘਰਸ਼ ਦਾ ਰਾਸਤਾ ਚੁਣਨ ਦੀ ਹੈ। ਕੁਝ ਲੋਕ ਇਹ ਰਾਸਤਾ ਚੁਣਦੇ ਵੀ ਹਨ। ਤੁਸੀਂ ਕਿਹੜਾ ਰਾਸਤਾ ਚੁਣਿਆ ਹੈ?
— ਬਲਵਿੰਦਰ ਚਹਿਲ