ਕੁੰਡਲੀਆ ਸੱਪ | kundliya sapp

ਸ਼ਹੀਦੀ ਵਾਲੇ ਬਿਰਤਾਂਤ ਸੁਣਾਉਂਦੇ ਦਾਦੇ ਹੂਰੀ ਆਹ ਦੋ ਅੱਖਰ ਜਰੂਰ ਹੀ ਵਰਤਿਆ ਕਰਦੇ..!
“ਫੇਰ ਦਸਮ ਪਿਤਾ ਖਬਰ ਲਿਆਉਣ ਵਾਲੇ ਸਿੰਘ ਨੂੰ ਸੰਬੋਧਨ ਹੁੰਦੇ ਆਖਣ ਲੱਗੇ ਤਾਂ ਕੀ ਹੋਇਆ ਦਿੱਲੀ ਨੇ ਮੇਰੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ..ਮੇਰਾ ਕੁੰਢਲੀਆ ਸੱਪ ਖਾਲਸਾ ਪੰਥ ਤੇ ਅਜੇ ਜਿਉਂਦਾ ਹੈ..”!
ਮੈਂ ਓਸੇ ਵੇਲੇ ਬਾਂਹ ਫੜ ਰੋਕ ਲਿਆ ਕਰਦਾ..ਬਾਪੂ ਜੀ ਆਹ ਕੁੰਡਲੀਆ ਸੱਪ ਕੀ ਹੁੰਦਾ?
ਆਖਦੇ ਜਦੋਂ ਦਿਸਿਆ ਜਰੂਰ ਵਿਖਾਊਂ ਪੁੱਤਰ..!
ਫੇਰ ਇੱਕ ਦਿਨ ਅਚਾਨਕ ਮੇਰੇ ਕਿੰਨੇ ਸਾਰੇ ਸਵਾਲਾਂ ਦੇ ਜੁਆਬ ਦਿੱਤੇ ਬਗੈਰ ਹੀ ਰਵਾਨਗੀ ਪਾ ਗਏ!
ਕੀਰਤਪੁਰ ਸਾਬ ਤੋਂ ਵਾਪਿਸ ਪਰਤਦਿਆਂ ਰਾਹ ਵਿਚ ਰਾਹੋਂ ਲਾਗੇ ਇੱਕ ਨਿੱਕੇ ਜਿਹੇ ਢਾਬੇ ਤੇ ਕੁਝ ਖਾਣ ਬੈਠ ਗਏ..!
ਇਕ ਜੁਆਨ ਮੁਟਿਆਰ ਤੰਦੂਰ ਤੇ ਰੋਟੀਆਂ ਲਾਹ ਰਹੀ ਸੀ..ਉਸਦੀ ਮਾਂ ਕੋਲ ਜੂਠੇ ਭਾਂਡੇ ਮਾਂਝ ਰਹੀ ਸੀ ਤੇ ਬਾਰਾਂ ਤੇਰਾ ਕੂ ਸਾਲ ਦਾ ਅਮ੍ਰਿਤਧਾਰੀ ਮੁੰਡਾ..ਜੋ ਸ਼ਾਇਦ ਉਸਦਾ ਨਿੱਕਾ ਵੀਰ ਸੀ..ਭੱਜ ਭੱਜ ਫੁਲਕੇ ਵਰਤਾ ਰਿਹਾ ਸੀ..!
ਤਿੰਨ ਮੋਟਰਸਾਈਕਲਾਂ ਤੇ ਪਹਾੜਾਂ ਵੱਲੋਂ ਪਰਤੇ ਛੇ ਸੱਤ ਮੁੰਡੇ..ਆਉਂਦਿਆਂ ਸਾਰ ਸਾਰੇ ਟੇਬਲ ਮੱਲ ਲਏ..ਨਿੱਕੇ ਨੂੰ ਸੈਨਤ ਮਾਰ ਕੋਲ ਸੱਦਿਆ ਤੇ ਪੁੱਛਣ ਲੱਗੇ ਛੋਟੇ ਸਬਜੀ ਵਿੱਚ ਕੀ ਕੀ ਹੈ?
ਉਸਨੇ ਸਾਰਾ ਕੁਝ ਦਸ ਦਿੱਤਾ..ਪਰ ਏਧਰ ਓਧਰ ਵੇਖਦੀ ਮੰਡ੍ਹੀਰ ਵਿਚੋਂ ਬਹੁਤਿਆਂ ਦਾ ਧਿਆਨ ਰੋਟੀ ਲਾਹੁੰਦੀ ਮੁਟਿਆਰ ਵੱਲ ਸੀ..ਇਕ ਆਖਣ ਲੱਗਾ ਛੋਟੇ ਜਾ ਕਿਸੇ ਸਿਆਣੇ ਨੂੰ ਭੇਜ ਤੈਨੂੰ ਸਾਡੇ ਆਡਰ ਦੀ ਸਮਝ ਨਹੀਂ ਆਉਣੀ..ਪਾਰਖੂ ਅੱਖ ਮੰਡ੍ਹੀਰ ਦੀ ਰਮਝ ਪਛਾਣ ਗਈ..ਮੂੰਹ ਲਾਲ ਹੋ ਗਿਆ..ਜਾਹੋ ਜਲਾਲ ਵਿੱਚ ਆਇਆ ਆਖਣ ਲੱਗਾ..ਕੋਈ ਸਿਆਣਾ ਵੇਹਲਾ ਨਹੀਂ ਇਸ ਵੇਲੇ..ਸੇਵਾ ਲੱਗੀ ਸਾਰਿਆਂ ਦੀ..ਜੋ ਵੀ ਗੱਲ ਕਰਨੀ ਏ ਇਸ ਨਿਧਾਨ ਸਿੰਘ ਖਾਲਸੇ ਨਾਲ ਹੀ ਕਰਨੀ ਪੈਣੀ..ਨਿਧਾਨ ਸਿੰਘ ਸਭ ਕੁਝ ਦੇ ਕਾਬਿਲ ਏ..ਲੰਗਰ ਪਾਣੀ ਚਾਹਟਾ..ਜੋ ਆਖੋਗੇ ਛਕਾਵਾਂਗੇ..ਨਿਧਾਨ ਸਿੰਘ ਨੇ ਇਸ ਢਾਬੇ ਤੇ ਹੀ ਤੁਰਨਾ ਸਿਖਿਆ..!
ਸੰਨਾਟਾ ਛਾ ਗਿਆ..ਇੰਝ ਲੱਗਾ ਕੋਈ ਸ਼ਮਸ਼ੀਰ-ਏ-ਦਸਤ ਫੜੀ ਚੜ ਆਏ ਨੂੰ ਵੰਗਾਰ ਰਿਹਾ ਹੋਵੇ..ਸ਼ਹਿਰੀ ਮੰਡ੍ਹੀਰ ਨੇ ਇਕ ਦੂਜੇ ਨਾਲ ਨਜਰਾਂ ਮਿਲਾਈਆਂ ਤੇ ਬਿਨਾ ਕੁਝ ਖਾਦੇ ਪੀਤੇ ਹੀ ਨੀਵੀਂ ਪਾ ਤੁਰਦੇ ਬਣੇ..ਨਾਲ ਹੀ ਝੱਟ ਡੁੱਬ ਗਏ ਸੂਰਜ ਦੀ ਪਿੱਛੇ ਰਹਿ ਗਈ ਬਚੀ ਖੁਚੀ ਲਾਲੀ ਵਾਲੇ ਪਾਸਿਓਂ ਦੂਰ ਕਿਧਰੇ ਸਪੀਕਰ ਤੇ ਕਿਸੇ ਪਿੰਡੋਂ ਕਿਸੇ ਨੇ ਉੱਚੀ ਸਾਰੀ ਜੈਕਾਰਾ ਵੀ ਛੱਡ ਦਿੱਤਾ..ਬੋਲੇ ਸੋ ਨਿਹਾਲ..!
ਅੱਖੋਂ ਓਹਲੇ ਹੋਈ ਜਾਂਦੀ ਮੋਟਰਸਾਈਕਲਾਂ ਦੀ ਪਾਲ ਵੱਲ ਵੇਖਦੇ ਹੋਏ ਨਿਧਾਨ ਸਿੰਘ ਨੇ ਵੀ ਪੂਰੇ ਜ਼ੋਰ ਨਾਲ ਉੱਚੀ ਸਾਰੀ ਜੁਆਬ ਦੇ ਦਿੱਤਾ..ਸਤਿ ਸ੍ਰੀ ਅਕਾਲ..ਹੱਥ ਅਜੇ ਵੀ ਨਿੱਕੀ ਸ਼ਮਸ਼ੀਰ ਦੀ ਮੁੱਠ ਤੇ ਹੀ ਸਨ..ਗਰੀਬ ਦੀ ਰੱਖਿਆ ਅਤੇ ਜਾਬਰ ਦੀ ਭਖਿਆ ਕਰਦਾ ਘੋੜਿਆਂ ਦੀਆਂ ਪਿੱਠਾਂ ਤੇ ਵਿੱਚਰਦਾ ਖਾਲਸਾ..ਹਰ ਵੇਲੇ ਬੱਸ ਤਿਆਰ ਬਰ ਤਿਆਰ!
ਮੁੱਢ ਤੋਂ ਸਾਰਾ ਬਿਰਤਾਂਤ ਵੇਖਦਿਆਂ ਹੋਇਆਂ ਮੇਰੇ ਲੂ ਕੰਢੇ ਖੜੇ ਹੋ ਗਏ ਤੇ ਕੋਲ ਬੈਠੇ ਡੈਡੀ ਜੀ ਆਖਣ ਲੱਗੇ..ਦਾਦਾ ਜੀ ਜਿਸ ਕੁੰਡਲੀਏ ਖਾਲਸੇ ਦੀ ਗੱਲ ਅਕਸਰ ਹੀ ਕਰਿਆ ਕਰਦੇ ਸਨ..ਉਹ ਹੁਣੇ ਹੁਣੇ ਜੈਕਾਰੇ ਦਾ ਜੁਆਬ ਦੇ ਕੇ ਹਟਿਆ ਨਿਧਾਨ ਸਿੰਘ ਹੀ ਤਾਂ ਹੈ..ਜਾਓ ਇੱਕ ਵੇਰ ਕੋਲ ਹੋ ਕੇ ਮਿਲ ਕੇ ਆਓ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *