ਬਾਦਲ ਸਕੂਲ ਦੀਆਂ ਯਾਦਾਂ | badal school diyan yaada

ਜਦੋਂ ਮੈਂ ਆਪਣੀ ਨੌਕਰੀ ਦੌਰਾਨ ਆਪਣੀਆਂ ਯਾਦਾਂ ਅਤੇ ਤਜੁਰਬੇ ਲਿਖਦਾ ਹਾਂ ਤਾਂ ਮੇਰਾ ਮਕਸਦ ਕਿਸੇ ਤੇ ਟੋਂਟ ਕਸਣਾ ਯ ਕਿਸੇ ਦੀ ਬੁਰਾਈ ਕਰਨਾ ਨਹੀਂ ਹੁੰਦਾ। ਬੱਸ ਆਪਣੇ ਦਿਮਾਗ ਵਿੱਚ ਜਮਾਂ ਯਾਦਾਂ ਨੂੰ ਫਰੋਲਣਾ ਹੀ ਹੁੰਦਾ ਹੈ।
1982 ਵਿੱਚ 22 ਸਾਲ ਦੀ ਅੱਲ੍ਹੜ ਉਮਰ ਵਿੱਚ ਮੈਂ ਨੌਕਰੀ ਜੋਇਨ ਕੀਤੀ। ਸੰਸਥਾ ਵਿੱਚ ਚਾਰ ਕੁ ਦਰਜ਼ਾ ਚਾਰ ਮੁਲਾਜ਼ਮ ਸਨ। ਸ਼੍ਰੀ ਮੱਖਣ ਸਿੰਘ ਪੀਅਨ, ਰਸ਼ੀਦਾ ਬੇਗਮ ਲੇਡੀ ਪੀਅਨ, ਸਰਬਤੀ ਦੇਵੀ ਸਵੀਪਰ ਅਤੇ ਪਰਮਜੀਤ ਸਿੰਘ ਚੌਕੀਦਾਰ।
ਮੇਰੇ ਆਉਣ ਤੋਂ ਕੁਝ ਸਮੇਂ ਬਾਅਦ ਪਰਮਜੀਤ ਸਿੰਘ ਫੌਜ਼ ਵਿੱਚ ਭਰਤੀ ਹੋ ਗਿਆ ਤੇ ਨੌਕਰੀ ਛੱਡ ਗਿਆ। ਉਹ ਖੁਡੀਆਂ ਪਿੰਡ ਦਾ ਸੀ। ਸਰਬਤੀ ਦੇਵੀ ਸਵੀਪਰ ਸੀ। ਉਹ ਗਰੀਬ ਔਰਤ ਸੀ ਤੇ ਮੇਹਨਤੀ ਵੀ ਸੀ। ਚਾਹੇ ਉਹ ਉਮਰ ਦੀ ਵਾਹਵਾ ਸੀ ਪਰ ਓਹ ਹਮੇਸ਼ਾ ਪੈਰਾਂ ਵਿੱਚ ਪੰਜੇਬਾਂ ਪਾਈ ਰੱਖਦੀ। ਝਾੜੂ ਲਾਉਂਦੀ ਹੋਈ ਸਰਬਤੀ ਦੀਆਂ ਪੰਜੇਬਾਂ ਛਣਕਦੀਆਂ। ਉਹ ਛਣਕ ਛਣਕ ਕਰਦੀ ਫਿਰਦੀ। ਉਹ ਹਮੇਸ਼ਾ ਅੱਖਾਂ ਵਿੱਚ ਬਰੀਕਧਾਰੀ ਦਾ ਸੁਰਮਾ ਪਾਕੇ ਰੱਖਦੀ। ਪਰ ਕੁਝ ਕੁ ਸਾਲਾਂ ਬਾਅਦ ਉਹ ਪੂਰੀ ਹੋ ਗਈ। ਸ੍ਰੀ ਮੱਖਣ ਸਿੰਘ ਜੱਟ ਸਿੱਖ ਬਰਾੜ ਬਿਰਾਦਰੀ ਦਾ ਸੇਵਾਮੁਕਤ ਫੌਜੀ ਸੀ। ਉਸ ਨੂੰ ਐਸ ਡੀ ਐਮ ਸ੍ਰੀ ਖੁਸ਼ਬਾਜ ਸਿੰਘ ਨੇ ਉਸ ਨੂੰ ਸਕੂਲ ਸ਼ੁਰੂ ਹੁੰਦੇ ਸਾਰ ਹੀ ਪੀਅਨ ਲਗਵਾਇਆ ਸੀ। ਕਿਉਂਕਿ ਦੋਨੇ ਹੀ ਖੁੰਣਜਾਂ ਪਿੰਡ ਦੇ ਵਾਸੀ ਸਨ। ਮੱਖਣ ਸਿੰਘ ਨੂੰ ਸਾਰੇ ਫੌਜੀ ਸਾਹਿਬ ਯ ਮੱਖਣ ਬਾਈ ਜੀ ਆਖਦੇ ਸਨ। ਉਹ ਆਪਣੇ ਅਸੂਲਾਂ ਦਾ ਪੱਕਾ ਸੀ। ਡਿਊਟੀ ਤੋਂ ਅਣਗਹਿਲੀ ਕਰਦਾ ਨਹੀਂ ਸੀ ਤੇ ਫਾਲਤੂ ਚਾਪਲੂਸੀ ਯ ਵਗਾਰ ਤੋਂ ਦੂਰ ਰਹਿੰਦਾ ਸੀ। ਉਹ ਆਪਣਾ ਸਟੇਟਸ ਬਣਾਕੇ ਰੱਖਦਾ ਸੀ। ਇਸ ਲਈ ਉਹ ਕਦੇ ਕਿਸੇ ਵਿਵਾਦ ਵਿੱਚ ਨਹੀਂ ਫਸਿਆ। ਸੰਸਥਾ ਮੁਖੀ ਦੇ ਦਫਤਰ ਮੂਹਰੇ ਡਿਊਟੀ ਦੇਣੀ ਸੁਖਾਲੀ ਨਹੀਂ ਸੀ ਹੁੰਦੀ ਪਰ ਓਹ ਰੈਗੂਲਰ ਸੀ ਤੇ ਹਮੇਸ਼ਾ ਸੁਚੇਤ ਰਹਿੰਦਾ ਸੀ। ਫਿਰ ਲੜਕੀਆਂ ਦੀ ਸੁਰੱਖਿਆ ਦੇ ਮੁੱਦੇ ਨਜ਼ਰ ਉਸਦੀ ਡਿਊਟੀ ਸਕੂਲ ਦੇ ਮੇਨਗੇਟ ਤੇ ਗੇਟ ਕੀਪਰ ਵੱਜੋਂ ਲਗਾ ਦਿੱਤੀ। ਜੋ ਉਸਨੇ ਅਖੀਰ ਤੱਕ ਬਿਨਾਂ ਕਿਸੇ ਸ਼ਿਕਾਇਤ ਦੇ ਨਿਭਾਈ। ਉਹ ਸਭ ਦੀ ਕਦਰ ਕਰਦਾ ਸੀ ਤੇ ਸਭ ਉਸਦੀ ਕਦਰ ਕਰਦੇ ਸਨ। ਲੇਡੀ ਪੀਅਨ ਰਸ਼ੀਦਾ ਬੇਗਮ ਪਿੰਡ ਬਾਦਲ ਦੇ ਮੀਰ ਸ਼੍ਰੀ ਅਬਦੁਲ ਗ਼ਫ਼ੂਰ ਦੀ ਬੇਗਮ ਸੀ। ਰਸ਼ੀਦਾ ਬੇਗਮ ਨੂੰ ਸਾਰੇ ਸ਼ੀਦੋ ਹੀ ਆਖਦੇ ਸਨ। ਉਹ ਨਿਰੋਲ ਅਨਪੜ੍ਹ ਸੀ ਪਰ ਤੇਜ਼ ਸੀ। ਉਸ ਦਾ ਸਾਰੇ ਸਰਦਾਰਾਂ ਘਰੇ ਆਉਣ ਜਾਣ ਸੀ। ਸਰਦਾਰਨੀਆਂ ਉਸ ਨੂੰ ਵਿਆਹ ਸ਼ਾਦੀ ਅਤੇ ਮਰਨੇ ਤੇ ਨਾਲ ਲ਼ੈ ਕੇ ਜਾਂਦੀਆਂ ਸਨ। ਉਹ ਸੁਹਾਗ ਗਾਉਣ ਸਿੱਠਣੀਆਂ ਗਾਉਣ ਅਤੇ ਵੈਣ ਪਾਉਣ ਵਿੱਚ ਮੂਹਰੇ ਹੁੰਦੀ ਸੀ। ਉਹ ਪਿੰਡ ਦੇ ਮਰਾਸੀ ਜੋ ਸ਼ਨ। ਬਾਦਲ ਸਾਹਿਬ ਇਹਨਾਂ ਨੂੰ ਨਿੱਜੀ ਰੂਪ ਵਿੱਚ ਜਾਣਦੇ ਸਨ। ਉਂਜ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਸ਼ੀਦੋ ਬੀਬੀ ਦਾ ਘਰੋਂ ਚੋ ਭਰਾ ਲਗਦਾ ਸੀ। ਸ਼ੀਦੋ ਦਾ ਮੁੰਡਾ ਸ਼ੀਰਾ ਖਾਨ ਵੀ ਸੰਗੀਤ ਜਗਤ ਵਿੱਚ ਆਇਆ ਅਤੇ ਸ਼ਰਾਬ ਦੀ ਲਾਹਨਤ ਕਰਕੇ ਭਰ ਜਵਾਨੀ ਵਿੱਚ ਚਲਾ ਗਿਆ। ਸ਼ੀਦੋ ਦਾ ਪੋਤਾ ਖੁਦਾ ਬਖਸ਼ ਵੀ ਕਾਫੀ ਮਸ਼ਹੂਰ ਹੋਇਆ ਹੈ ਅਤੇ ਉਸਦੀਆਂ ਦੋਹਤੀਆਂ ਵੀ ਕਲਾਕਾਰ ਹਨ। ਉਂਜ ਸ਼ੀਦੋ ਭੱਜ ਭੱਜ ਕੇ ਕੰਮ ਕਰਦੀ ਤੇ ਗੱਲ ਗੱਲ ਤੇ ਗੁਰੂ ਦੀ ਸੋਂਹ ਕਹਿੰਦੀ। ਆਪਣੀ ਤਹਿ ਪੈਂਤੀ ਸਾਲ ਦੀ ਨੌਕਰੀ ਦੌਰਾਨ ਕੋਈਂ ਵੀ ਸੰਸਥਾ ਮੁਖੀ ਉਸਨੂੰ ਸਮੇ ਦੀ ਪਾਬੰਦ ਨਾ ਕਰ ਸਕਿਆ। ਫਿਰ ਵੀ ਉਹ ਡਿਊਟੀ ਤੇ ਖਰਾ ਉਤਰਦੀ। ਸਟਾਫ ਨਾਲ ਮੇਲ ਮਿਲਾਪ ਰੱਖਦੀ। ਉਹ ਬਹੁਤ ਘੱਟ ਬਿਮਾਰ ਹੁੰਦੀ। ਹਾਂ ਕਈ ਵਾਰੀ ਛੁੱਟੀ ਲੈਣ ਲਈ ਯ ਬਾਹਰ ਜਾਣ ਲਈ ਬਿਮਾਰੀ ਦਾ ਬਹਾਨਾ ਜਰੂਰ ਕਰਦੀ। ਕਹਿੰਦੇ ਕਦੇ ਕਦੇ ਕਾਲੀ ਨਾਗਣੀ ਦੀ ਡੋਜ ਲੈਂਦੀ ਸੀ। ਤੇ ਗੱਲਾਂ ਬਾਤਾਂ ਵਿੱਚ ਉਹ ਇਸ ਬਾਰੇ ਹੁੱਬਕੇ ਦੱਸਦੀ। ਸਰਦਾਰ ਲੋਕ ਆਪਣੇ ਬੱਚਿਆਂ ਦੇ ਵਿਆਹ ਤੇ ਉਸਨੂੰ ਸੋਨੇ ਦੀ ਛਾਪ ਵਗੈਰਾ ਦਿੰਦੇ। ਫਿਰ ਉਹ ਕਈ ਕਈ ਦਿਨ ਸਰਦਾਰਾਂ ਦੇ ਗੁਣ ਗਾਉਂਦੀ। ਸ਼ੀਦੋ ਦੀਆਂ ਸ਼ਾਇਦ ਪੰਜ ਯ ਛੇ ਬੇਟੀਆਂ ਸਨ ਜੋ ਆਪਣੀ ਮਾਂ ਨੂੰ ਬੀਬੀ ਬੀਬੀ ਕਹਿੰਦਿਆਂ। ਬਾਅਦ ਵਿੱਚ ਸ਼ੀਦੋ ਦੀਆਂ ਦੋਹਤੀਆਂ ਵੀ ਉਸਨੂੰ ਬੀਬੀ ਹੀ ਕਹਿੰਦੀਆਂ। ਕੁਲ ਮਿਲਾਕੇ ਸ੍ਰੀਮਤੀ ਰਸ਼ੀਦਾ ਬੇਗਮ ਦਾ ਇਕ ਕਿਰਦਾਰ ਸੀ। ਜਿਸ ਤੇ ਕਿਤਾਬ ਲਿਖੀ ਜਾ ਸਕਦੀ ਹੈ। ਬਾਅਦ ਵਿੱਚ ਆਏ ਦਰਜਾ ਚਾਰ ਮੁਲਾਜਮਾਂ ਬਾਰੇ ਚਰਚਾ ਕਰਨੀ ਵੀ ਜਰੂਰੀ ਹੈ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *