ਹਿਸਾਬ ਕਿਤਾਬ | hisaab kitaab

ਜਦੋਂ ਵੀ ਪੰਜਾਬ ਚੱਕਰ ਲੱਗਦਾ ਤਾਂ ਉਹ ਮੈਨੂੰ ਜਰੂਰ ਮਿਲਦਾ..
ਕਿਸੇ ਸ਼ਾਇਦ ਕਿਸੇ ਡਾਕਟਰ ਦੇ ਕਲੀਨਿਕ ਤੇ ਕੰਮ ਕਰਿਆ ਕਰਦਾ ਸੀ..ਚੜ੍ਹਦੀ ਕਲਾ ਵਾਲਾ ਸਿੰਘ..ਪਿਛਲੇ ਹਫਤੇ ਫੋਨ ਆਇਆ..ਥੋੜਾ ਪ੍ਰੇਸ਼ਾਨ ਸੀ!

ਆਖਣ ਲੱਗਾ ਕਰਜਾ ਲਿਆ ਸੀ..ਮੋੜਨ ਵਿਚ ਦਿੱਕਤ ਆ ਰਹੀ ਏ..ਉੱਤੋਂ ਕੁੜੀ ਦਾ ਵਿਆਹ ਧਰ ਦਿੱਤਾ..ਅਗਲੇ ਨੇ ਵੀ ਐਨ ਮੌਕੇ ਤੇ ਵਾਪਿਸ ਮੰਗ ਲਿਆ..ਜਦੋਂ ਹਾਲਾਤ ਦੱਸਦਾ ਤਾਂ ਅੱਗੋਂ ਲਾਹ ਪਾਹ ਬਹੁਤ ਕਰਦਾ ਏ..ਹੁਣ ਸਹਿਣ ਨਹੀਂ ਹੁੰਦਾ..ਫੇਰ ਉਸਦਾ ਗੱਚ ਭਰ ਆਇਆ ਤੇ ਆਖਣ ਲੱਗਾ ਕੇ ਇੱਕ ਦਿਨ ਤਾਂ ਮਰਨ ਲਈ ਕੋਲੋਂ ਲੰਘਦੀ ਲਾਈਨ ਤੇ ਵੀ ਕਿੰਨਾ ਚਿਰ ਬੈਠ ਆਇਆ ਸਾਂ..!

ਮੈਂ ਪੁੱਛਿਆ ਕਰਜਾ ਹੈ ਕਿੰਨਾ ਤਾਂ ਆਖਣ ਲੱਗਾ ਜੀ ਸੱਤਰ ਹਜਾਰ!
ਮੈਂ ਉਸਨੂੰ ਪੱਕੀ ਕੀਤੀ ਕੇ ਖ਼ੁਦਕੁਸ਼ੀ ਪਾਪ ਏ..ਇਸ ਬਾਰੇ ਕਦੇ ਸੋਚੀ ਵੀ ਨਾ..ਮੈਂ ਅਗਲੇ ਹਫਤੇ ਆ ਰਿਹਾ ਹਾਂ..ਓਦੋਂ ਤੱਕ ਉਡੀਕ ਲਵੀਂ!

ਚੋਹਾਂ ਪੰਜਾਂ ਦਿਨਾਂ ਬਾਅਦ ਸਮਾਨ ਪੈਕ ਕਰ ਰਿਹਾ ਸਾਂ ਕੇ ਇੱਕ ਦੋਸਤ ਦਾ ਫੋਨ ਆ ਗਿਆ..
ਆਖਣ ਲੱਗਾ ਕੇ ਇੱਕ ਅਟੈਚੀ ਵੀ ਪੰਜਾਬ ਲੈਂਦਾ ਜਾਵੀਂ..ਉਸਦੇ ਅੰਦਰ ਨਾਲਦੀ ਦੇ ਨਵੇਂ ਨਕੋਰ ਸੂਟ ਤੇ ਹੋਰ ਨਿੱਕ-ਸੁੱਕ ਹੀ ਹੋਵੇਗਾ..ਓਥੇ ਕਿਸੇ ਲੋੜਵੰਦ ਨੂੰ ਦੇ ਦੇਵੀਂ..ਉਸਦਾ ਸਮਾਨ ਅੱਖਾਂ ਸਾਮਣੇ ਹੁੰਦਾ ਤੇ ਮਨ ਬੜਾ ਹੀ ਦੁਖੀ ਹੋ ਜਾਂਦਾ ਏ..!

ਜਿਕਰ ਯੋਗ ਏ ਕੇ ਉਸਦੀ ਨਾਲਦੀ ਅਜੇ ਕੁਝ ਮਹੀਨੇ ਪਹਿਲਾ ਹੀ ਇੱਕ ਐਕਸੀਡੈਂਟ ਵਿਚ ਜਹਾਨੋ ਤੁਰ ਗਈ ਸੀ..!

ਉਹ ਅਟੈਚੀ ਛੱਡ ਕੇ ਗਿਆ ਤਾਂ ਮੈਨੂੰ ਥੋੜਾ ਭਾਰਾ ਜਿਹਾ ਲੱਗਾ..ਸੋਚਿਆ ਖੋਹਲ ਕੇ ਕੁਝ ਸਮਾਨ ਆਪਣੇ ਵਾਲੇ ਵਿਚ ਰੱਖ ਲੈਂਦਾ ਹਾਂ..!

ਪਾਸੇ ਲੱਗੀ ਜੇਬ ਫਰੋਲੀ ਤਾਂ ਲਫਾਫੇ ਵਿਚ ਬੰਦ ਕੀਤੇ ਸੋ ਸੋ ਡਾਲਰ ਦੇ ਦਸ ਨੋਟ ਨਿੱਕਲੇ..
ਓਸੇ ਵੇਲੇ ਉਸਨੂੰ ਫੋਨ ਲਾਇਆ..ਅੱਗੋਂ ਆਖਣ ਲੱਗਾ ਭਰਾਵਾਂ ਮੈਨੂੰ ਤੇ ਕੋਈ ਪਤਾ ਨਹੀਂ ਉਹ ਪੈਸੇ ਕਿਓਂ ਰੱਖੇ ਨੇ..ਤੁਰ ਜਾਣ ਵਾਲੀ ਹੀ ਜਾਣੇ..ਤੂੰ ਏਦਾਂ ਕਰੀਂ ਇਹ ਪੈਸੇ ਪੰਜਾਬ ਕਿਸੇ ਲੋੜਵੰਦ ਨੂੰ ਦੇ ਦੇਵੀਂ ਤੇ ਨਾਲ ਇਹ ਕਹਾਣੀ ਜਰੂਰ ਦੱਸੀ..ਅਗਲਾ ਦੁਵਾਵਾਂ ਦੇਵੇਗਾ ਤਾਂ ਕਰਮਾਂ ਵਾਲੀ ਜਿਥੇ ਵੀ ਹੋਵੇਗੀ ਉਸਦੀ ਰੂਹ ਨੂੰ ਸੁਕੂਨ ਮਿਲੁ..!

ਇਸ ਵਾਰ ਮੇਰਾ ਗੱਚ ਭਰ ਆਇਆ ਕਿਓੰਕੇ ਉਸ ਦਿਨ ਦੇ ਰੇਟ ਮੁਤਾਬਿਕ ਇਹ 1000 ਡਾਲਰ ਓਧਰ ਪੰਜਾਬ ਦੇ ਪੂਰੇ ਸੱਤਰ ਹਜਾਰ ਬਣਦੇ ਸਨ..ਜਿਹੜੀ ਠੀਕ ਓਨੀ ਰਕਮ ਸੀ ਜਿਸਦੀ ਅਣਹੋਂਦ ਇੱਕ ਜਿੰਦਗੀ ਤੇ ਕਿੰਨੀ ਜਿਆਦਾ ਭਾਰੂ ਪੈ ਰਹੀ ਸੀ ਕੇ ਉਹ ਖ਼ੁਦਕੁਸ਼ੀ ਦੇ ਦਵਾਰ ਤੋਂ ਹੋ ਕੇ ਮੁੜਿਆ ਸੀ!

ਕਿਸਦੀ ਲੋੜ ਕਿਹੜੇ ਵੇਲੇ ਕੌਣ ਪੂਰੀ ਕਰ ਦੇਵੇ..ਇਸ ਕਿਸਮ ਦੇ ਹਿਸਾਬ ਕਿਤਾਬ ਰੱਖਣੇ ਤਾਂ ਸ਼ਾਇਦ ਅਜੇ ਬੰਦੇ ਦੇ ਵੱਸ ਨਹੀਂ ਹੋਏ!
ਕਾਸ਼ ਰੱਬ ਕਰੇ ਕੁਝ ਏਦਾਂ ਦਾ ਹੋ ਜਾਵੇ ਕੇ ਕਿਸੇ ਦੇ ਸੁਫ਼ਨੇ ਟੁੱਟਣ ਤੋਂ ਪਹਿਲਾਂ ਰਾਹ ਵਿੱਚ ਰੁਕਾਵਟ ਬਣ ਰਹੀਆਂ ਸ਼ੀਸ਼ੇ ਦੀਆਂ ਸਾਰੀਆਂ ਕੰਧਾਂ ਢਹਿ-ਢੇਰੀ ਹੋ ਜਾਵਨ!
True Story
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *