ਪਿੜ | pirh

ਕਦੇ ਪਿੜ ਕਿਸੇ ਪਿੰਡ ਦੀ ਪਛਾਣ ਹੋਇਆ ਕਰਦੇ ਸਨ।ਇੰਝ ਲੱਗਦਾ ਸੀ ਪਿੜ ਬਿਨਾ ਪਿੰਡ ਅਧੂਰਾ ਸੀ ਅਤੇ ਗੱਲ ਗੱਲ ਚ ਪਿੜ ਦਾ ਨਾਮ ਸਹਿਜੇ ਹੀ ਜਬਾਨ ਤੇ ਆ ਜਾਂਦਾ ਸੀ।ਹਰ ਪਿੰਡ ਵਿਚ ਅਗਵਾੜਾਂ ਮੁਤਾਬਕ ਦੋ ਚਾਰ ਪਿੜ ਹੁੰਦੇ ਸਨ।ਅੱਜ ਦੀ ਪੀੜ੍ਹੀ ਨੇ ਤਾਂ ਸ਼ਾਇਦ ਪਿੜ ਦਾ ਨਾਂ ਵੀ ਨਾ ਸੁਣਿਆ ਹੋਵੇ।ਪਿੜ ਪਿੰਡ ਦੇ ਬਾਹਰਲੇ ਪਾਸੇ ਇਕ ਨਵੇਕਲੀ ਜਿਹੀ ਵਹਿਲੀ ਜਗ੍ਹਾ ਹੁੰਦੀ ਸੀ। ਤਕਰੀਬਨ ਇਕ ਏਕੜ ਤੋਂ ਲੈ ਕੇ ਦੋ ਤਿੰਨ ਏਕੜ ਤੱਕ ਵੀ ਰਕਬਾ ਹੁੰਦਾ ਸੀ ਅਤੇ ਇਹ ਜਾ ਸਾਮਲਾਟ ਜਾਇਦਾਦ ਹੁੰਦੀ ਸੀ ਜਾਂ ਕਿਸੇ ਸਰਦੇ ਪੁੱਜਦੇ ਸਰਦਾਰ ਸਰਪੰਚ ਜਾਂ ਨੰਬਰਦਾਰ ਦੀ ਹੁੰਦੀ ਸੀ। ਇਹ ਬਿਲਕੁਲ ਸਮਤੱਲ ਅਤੇ ਪੱਕੀ ਧਰਾਤਲ ਹੁੰਦੀ ਸੀ ਰੇਤਲੀ ਬਿਲਕੁਲ ਨਹੀਂ ਇਹਨਾਂ ਪਿੜਾਂ ਦੇ ਪੱਤੀਆਂ ਜਾਂ ਅਗਵਾੜ ਦੇ ਮੁਤਾਬਕ ਨਾਂ ਵੀ ਲੋਕਾਂ ਨੇ ਬੋਲ ਚਾਲ ਵਿਚ ਸੌਖ ਲਈ ਰੱਖੇ ਹੁੰਦੇ ਸਨ ਜਿਵੇਂ ਬਰਾੜਾਂ ਦੇ ਪਿੜ ਗਿਲਾਂ ਦੇ ਪਿੜ ਜਾਂ ਨੰਬਰਦਾਰਾਂ ਦੇ ਪਿੜ ਵਗੈਰਾ ਵਗੈਰਾ। ਵੈਸੇ ਤਾਂ ਪਿੜਾਂ ਦੀ ਅਸਲ ਕੰਮ ਤਾਂ ਹਾੜ੍ਹੀ ਸਾਉਣੀ ਫਸਲ ਕੱਢਣ ਦਾ ਹੁੰਦਾ ਸੀ ਅਤੇ ਜ਼ਿਆਦਾ ਰੌਣਕ ਹਾੜ੍ਹੀਆਂ ਵਿਚ ਪਿੜਾਂ ਤੇ ਖੂਬ ਹੁੰਦੀ ਸੀ। ਉਹਨਾਂ ਸਮਿਆਂ ਵਿੱਚ ਮਸ਼ੀਨੀ ਯੁੱਗ ਦਾ ਬੋਲਬਾਲਾ ਨਹੀਂ ਸੀ ਅਤੇ ਖੇਤੀ ਆਮ ਤੌਰ ਤੇ ਬਲਦਾਂ ਦੀਆਂ ਜੋਗਾਂ ਜਾ ਊਠਾਂ ਬੋਤੀਆਂ ਤੇ ਨਿਰਭਰ ਸੀ। ਹੱਥੀਂ ਫਸਲਾਂ ਵੱਢਕੇ ਖੇਤ ਵਿਚ ਮੰਡਲੀਆਂ ਰੂਪੀ ਢੇਰ ਲਾ ਲਏ ਜਾਂਦੇ ਸਨ ਅਤੇ ਵਾਢੀ ਤੋਂ ਵਿਹਲੇ ਹੋਕੇ ਗੱਡਿਆਂ ਰਾਹੀਂ ਢੋਹ ਕੇ ਪਿੜਾਂ ਵਿੱਚ ਢੇਰ ਲਾ ਲਏ ਜਾਂਦੇ ਸਨ ਜਿਹਨਾਂ ਨੂੰ ਲਾਂਗਾ ਕਿਹਾ ਜਾਂਦਾ ਸੀ ਅਤੇ ਕਈ ਮੰਡਲੀਆਂ ਦੇ ਢੇਰ ਦੇ ਦੁਵਾਲੇ ਦੇ ਦਵਾਲੇ ਦਵਾਲੇ ਲਾਂਗਾ ਖਿਲਾਰ ਕੇ ਫਲਿਆਂ ਨਾਲ ਗੁਹਾਈ ਕੀਤੀ ਜਾਂਦੀ ਸੀ। ਫਲਾਂ ਕੰਡਿਆਲੇ ਝਾਫਿਆਂ ਵਿਚ ਕਣਕ ਦਾ ਨਾੜ ਬੜੀ ਵਿਉਂਤ ਬੰਦੀ ਨਾਲ ਝਾਫਿਆਂ ਦੀਆਂ ਸ਼ਾਖ਼ਾਂ ਵਿਚ ਦੱਬ ਕੇ ਤਿਆਰ ਕੀਤਾ ਜਾਂਦਾ ਸੀ। ਝਾਫਿਆਂ ਦੇ ਸਾਰੇ ਮੁਢਿਆਂ ਨੂੰ ਵਿਉਂਤ ਨਾਲ ਦੋ ਮੋਟੋ ਡੰਡਿਆਂ ਨਾਲ ਬੰਨਿਆ ਜਾਂਦਾ ਸੀ । ਅਕਸਰ ਇਕ ਛੋਟੇ ਅਕਾਰ ਦਾ ਫਲਾ ਅੱਠ ਕੁ ਫੁੱਟ ਚੌੜਾ ਅਤੇ ਤਕਰੀਬਨ ਅੱਠ ਦਸ ਫੁੱਟ ਪਿਛੇ ਨੂੰ ਲੰਬਾ ਹੁੰਦਾ ਸੀ।ਇਸ ਅੱਗੇ ਦੋ ਬਲਦਾਂ ਦੇ ਗਲ ਪੰਜਾਲੀ ਪਾਕੇ ਇਹਦੇ ਨਾਲ ਲਾਗੇ ਨੂੰ ਦਰੜਿਆ ਜਾਂਦਾ ਸੀ ਇਹ ਹੌਲੀ ਹੌਲੀ ਲਾਗੇਂ ਨੂੰ ਬਰੀਕ ਕਰ ਦਿੰਦਾ ਸੀ।ਇਸ ਸਾਰੇ ਕਾਸੇ ਨੂੰ ਦਰੜ ਕਹਿੰਦੇ ਸਨ।ਫੇਰ ਇਸ ਦਰੜ ਨੂੰ ਤੰਗਲੀਆਂ ਦੀ ਮੱਦਦ ਨਾਲ ਇਕੱਠਾ ਕਰਕੇ ਗੁਲਾਈ ਦੇ ਰੂਪ ਇਕ ਗੋਲ ਢੇਰ ਬਣਾ ਲਿਆ ਜਾਂਦਾ ਸੀ ਜਿਸ ਨੂੰ ਧੜ੍ਹ ਕਹਿੰਦੇ ਸਨ ਅਤੇ ਬਾਅਦ ਵਿੱਚ ਇਸ ਧੜ੍ਹ ਨੂੰ ਕੁਦਰਤੀ ਹਵਾ ਚੱਲਣ ਤੇ ਤੰਗਲੀਆਂ ਨਾਲ ਉਡਾ ਕੇ ਦਾਣੇ ਅਤੇ ਤੂੜੀ ਵੱਖ ਕਰ ਲੈਂਦੇ ਸਨ।ਇਹ ਸਾਰਾ ਕੰਮ ਪਿੜਾਂ ਵਿੱਚ ਹੁੰਦਾ ਸੀ ਇਕ ਪਿੜ ਤੇ ਦਸ ਤੋਂ ਲੈਕੇ ਅਕਾਰ ਮੁਤਾਬਕ ਪੰਦਰਾਂ ਘਰਾਂ ਦਾ ਲਾਂਗਾ ਹੁੰਦਾ ਸੀ ਅਤੇ ਇਹ ਸਾਡੀ ਸੱਭਿਆਚਾਰਕ ਸਾਂਝ ਦਾ ਸੁਨਿਹਰੀ ਯੁੱਗ ਸੀ ਰਾਤ ਨੂੰ ਤਕਰੀਬਨ ਹਰ ਘਰ ਦਾ ਇਕ ਜੀਅ ਪਿੜਾਂ ਦੀ ਰਾਖੀ ਹਿੱਤ ਪਿੜ ਤੇ ਸੌਂਦਾ ਸੀ ਜੋਂ ਅਕਸਰ ਘਰ ਦਾ ਵਡੇਰਾ ਮੈਂਬਰ ਹੀ ਹੁੰਦਾ ਸੀ ਅਤੇ ਇਹਨਾਂ ਬਜ਼ੁਰਗ ਬਾਬਿਆਂ ਨੇ ਲਹਿੰਦੀ ਰਾਤ ਤੱਕ ਆਪਸ ਵਿੱਚ ਗੱਲਾਂ ਮਾਰਨੀਆਂ ਜੋਂ ਅਕਸਰ ਉਹਨਾਂ ਦੀ ਜ਼ਿੰਦਗੀ ਦੇ ਤਜੱਰਬਿਆ ਦਾ ਨਚੌੜ ਹੁੰਦਾ ਸੀ ਅਕਸਰ ਛੋਟੇ ਬੱਚੇ ਆਪਣੇ ਬਾਬਿਆਂ ਜਾਂ ਬਾਪੂਆਂ ਨਾਲ ਪਿੜਾਂ ਤੇ ਸੌਣ ਲਈ ਨਾਲ ਚੱਲੇ ਜਾਂਦੇ ਅਤੇ ਆਪਣੇ ਬਜ਼ੁਰਗਾਂ ਦੀਆਂ ਘਾਲਣਾ ਦੇ ਕਿੱਸੇ ਸੁਣਦੇ ਅਤੇ ਜਿਹੜੇ ਉਹਨਾਂ ਨੂੰ ਪੱਲੇ ਬੰਨ ਲੈਂਦੇ ਉਹਨਾਂ ਦੇ ਸਾਰੀ ਉਮਰ ਕੰਮ ਆਉਂਦੇ ਮੇਰੀ ਖੁੱਦ ਦੀ ਜ਼ਿੰਦਗੀ ਵਿਚ ਪਿੜਾਂ ਤੇ ਬਜ਼ੁਰਗਾਂ ਦੀਆਂ ਆਪਸ ਵਿੱਚ ਕੀਤੀਆਂ ਗੱਲਾਂ ਦਾ ਅਸਰ ਹੈ ਜਿਹਨਾਂ ਨੇ ਜ਼ਿੰਦਗੀ ਦੇ ਰਾਹਾਂ ਤੇ ਜੱਗਦੇ ਦੀਵਿਆਂ ਵਾਂਗ ਰੌਸ਼ਣੀ ਬਖਸੀ ਹੈ।ਇਹ ਮੈਂ ਸੰਖੇਪ ਜਿਹੀ ਜਾਣਕਾਰੀ ਪਿੜਾਂ ਬਾਬਤ ਦੇ ਸਕਿਆ ਫਸਲਾਂ ਸਾਂਭਣ ਤੋਂ ਇਲਾਵਾ ਬੱਚਿਆਂ ਦੇ ਖੇਡ ਮੈਦਾਨ ਵੀ ਪਿੜ ਹੀ ਹੁੰਦੇ ਸਨ ਕਬੱਡੀ ਬਾਲੀਵਾਲ ਜਾਂ ਮੱਲਾਂ ਦੇ ਅਖਾੜੇ ਵੀ ਪਿੜਾਂ ਚ ਹੁੰਦੇ ਸਨ ਅਤੇ ਅੱਜ ਵਾਂਗ ਮੰਨੋਰੰਜਨ ਦੇ ਸਾਧਨ ਵੀ ਨਹੀਂ ਹੁੰਦੇ ਸਨ ਪਿੰਡਾ ਵਿਚ ਰਾਸਾਂ ਵੀ ਪਿੜਾਂ ਚ ਪੈਂਦੀਆਂ ਇਕਾ ਦੁੱਕਾ ਨਾਟਕ ਵੀ ਪਿੜਾਂ ਚ ਖੇਡੇ ਜਾਂਦੇ ਅਤੇ ਪੰਜਾਬ ਦਾ ਸੱਭ ਤੋਂ ਰੰਗਲਾ ਤਿਉਹਾਰ ਤੀਆਂ ਤੀਜ ਦੀਆਂ ਵੀ ਕਈ ਪਿੰਡਾਂ ਵਿਚ ਪਿੜਾਂ ਤੇ ਲੱਗੇ ਕਿਸੇ ਪਿੱਪਲ ਜਾ ਬਰੋਟੇ ਥੱਲੇ ਹੀ ਭਰਦੀਆਂ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਹਰ ਪਿੰਡ ਦੀ ਆਣ ਸ਼ਾਨ ਅਤੇ ਪਛਾਣ ਅੱਜ ਪਿੜ ਹਰ ਪਿੰਡ ਦੀ ਜੂਹ ਤੋਂ ਅਲੋਪ ਹੋ ਗਏ। ਕੀ ਰੰਗਲੇ ਦਿਨ ਸਨ ਜਦੋਂ ਪਿੜਾਂ ਤੇ ਰੌਣਕਾਂ ਲੱਗਦੀਆਂ ਸਨ।
ਆਪ ਜੀ ਦਾ ਹਿਤੂ।
ਬਲਰਾਜ ਸਿੰਘ ਬਰਾੜ
ਦਿਉਣ ਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

Leave a Reply

Your email address will not be published. Required fields are marked *