ਜਸਵੀਰ ਦੀ ਸੇਵਾਮੁਕਤੀ | jasvir di sewamukti

“ਦੋਸਤੋ, ਵੈਸੇ ਦੋਸਤਾਂ ਵਿੱਚ ਸਾਰੇ ਹੀ ਆ ਜਾਂਦੇ ਹਨ। ਮੇਰਾ ਮਤਲਬ ਮੇਲ ਫੀਮੇਲ ਬੱਚੇ। ਅੱਜ ਅਸੀਂ ਮੈਡਮ ਜਸਵੀਰ ਜੀ ਦੀ ਸੇਵਾਮੁਕਤੀ ਦੇ ਮੌਕੇ ਤੇ ਪਰਿਵਾਰ ਵੱਲੋਂ ਕੀਤੇ ਸਮਾਰੋਹ ਤੇ ਇਕੱਠੇ ਹੋਏ ਹਾਂ। ਸੇਵਾਮੁਕਤੀ ਭਾਵੇਂ ਸਰਕਾਰੀ ਡਿਊਟੀ ਤੋਂ ਫਾਰਗੀ ਹੁੰਦੀ ਹੈ ਪਰ ਪਰਿਵਾਰ ਤੇ ਸਮਾਜ ਦੀ ਸੇਵਾ ਜਾਰੀ ਰਹਿੰਦੀ ਹੈ।” ਸਮਾਰੋਹ ਵਿੱਚ ਲਿਮਕੇ ਦੇ ਘੂੱਟ ਭਰਦੇ ਨੂੰ ਮੈਨੂੰ ਜਸਵੀਰ ਦੀ ਛੋਟੀ ਨੂੰਹ #ਅਮਨਦੀਪ ਨੇ ਸਟੇਜ ਤੇ ਜਾਕੇ ਦੋ ਸ਼ਬਦ ਬੋਲਣ ਦੀ ਗੁਜਾਰਿਸ਼ ਕੀਤੀ ਤਾਂ ਮੈਂ ਇੱਕ ਚੰਗਾ ਤੇ ਰੈਗੂਲਰ ਬੁਲਾਰਾ ਨਾ ਹੋਣ ਦੇ ਬਾਵਜੂਦ ਇਨਕਾਰ ਨਾ ਕਰ ਸਕਿਆ।
“ਜਸਵੀਰ ਮੈਡਮ ਨਾਲ ਮੇਰਾ ਕੋਈਂ ਸਿੱਧਾ ਵਾਹ ਨਹੀਂ ਸੀ ਪਿਆ। ਇਹ ਦਸ ਪੰਦਰਾਂ ਸਾਲ ਡੱਬਵਾਲੀ ਕੁੜੀਆਂ ਦੇ ਸ਼ਕੂਲ ਵਿੱਚ ਮੇਰੀ ਬੇਗਮ Saroj Rani Insan ਦੇ ਕੁਲੀਗ ਰਹੇ ਹਨ। ਇਹਨਾਂ ਦਾ ਪੱਕਾ ਸਹੇਲਪੁਣਾ ਸੀ। ਜਿਵੇਂ ਕਿ ਪਹਿਲਾਂ ਬੁਲਾਰਿਆਂ ਨੇ ਕਿਹਾ ਹੈ ਕਿ ਡਿਊਟੀ ਦੌਰਾਨ ਇਹ ਆਪਣਾ ਕੰਮ ਤਾਂ ਕਰਦੇ ਹੀ ਸਨ ਜੋ ਵੀ ਇਹਨਾਂ ਨੂੰ ਹੋਰ ਕਿਸੇ ਯ ਆਪਣਾ ਨਿੱਜੀ ਕੰਮ ਕਹਿੰਦਾ ਤਾਂ ਇਹ ਹੱਸਕੇ ਕਰ ਦਿੰਦੇ। ਮੇਰੀ ਮੈਡਮ ਦੇ ਸਾਰੇ ਦਫ਼ਤਰੀ ਕੰਮ ਮੈਡਮ ਜਸਵੀਰ ਹੀ ਕਰਦੇ ਸਨ। ਇੰਨੀਆਂ ਝਿੜਕਾਂ ਮੈਡਮ ਜਸਵੀਰ ਨੇ Jarnail Singh Romana ਤੋਂ ਨਹੀਂ ਖਾਧੀਆਂ ਹੋਣੀਆਂ ਜਿੰਨੀਆਂ ਮੇਰੀ ਬੇਗਮ ਤੋਂ ਖਾਧੀਆਂ ਹਨ ਕਿਉਂਕਿ ਮੇਰੇ ਮੈਡਮ ਬੀਂ ਪੀ ਦੇ ਮਰੀਜ਼ ਸਨ ਉਹ ਨਾਲੇ ਕੰਮ ਕਰਾਉਂਦੇ ਨਾਲੇ ਝਿੜਕਾਂ ਦਿੰਦੇ। ਪਰ ਇਹ ਹੱਸਦੇ ਹੀ ਰਹਿੰਦੇ। ਮਜ਼ਾਲ ਹੈ ਇਹ ਕਦੇ ਗੁੱਸੇ ਹੋਏ ਹੋਣ। ਸਗੋਂ ਹੱਸ ਪੈਂਦੇ। ਉਂਜ ਵੀ ਮੈਡਮ ਜਸਵੀਰ ਸਦਾ ਹੱਸਦੇ ਹੀ ਰਹਿੰਦੇ ਹਨ ਇਹ ਇਹਨਾਂ ਦੀ ਵਿਸ਼ੇਸ਼ਤਾ ਹੈ। ਜਦੋਂ ਘਰੇ ਆਕੇ ਮੇਰੇ ਮੈਡਮ ਮੈਨੂੰ ਜਸਵੀਰ ਨਾਲ ਹੋਈ ਆਪਣੀ ਇਕ ਤਰਫਾ ਲੜਾਈ ਬਾਰੇ ਦੱਸਦੇ। ‘ਹੁਣ ਕਰਵਾਲੀ ਕੰਮ ਜਸਵੀਰ ਤੋਂ।’ ਤਾਂ ਮੈਂ ਮੇਰੀ ਮੈਡਮ ਨੂੰ ਕਹਿੰਦਾ। ਅਤੇ ਫਿਕਰ ਕਰਦਾ ਵੀ ਇਹਨਾਂ ਦਾ ਸਹੇਲਪੁਣਾ ਤਾਂ ਟੁੱਟ ਗਿਆ। ਮੈਂ ਝੁਰਦਾ। ਪਰ ਅਗਲੇ ਦਿਨ ਫਿਰ ਉਹੀ ਸੇਠੀ ਮੈਡਮ ਸੇਠੀ ਮੈਡਮ ਸ਼ੁਰੂ ਹੋ ਜਾਂਦੀ। ਜਸਵੀਰ ਦਿਲ ਚ ਰਤਾ ਮੈਲ ਰੱਖੇ ਬਿਨ ਓਹੋ ਜਿਹੀ ਹੋ ਜਾਂਦੀ। ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਇੰਨਾ ਨਰਮ ਸੁਭਾ। ਫਿਰ ਇਹ ਦੋਨੇ ਇਕੱਠੀਆਂ ਹੀ ਸਕੂਲ ਆਉਂਦੀਆਂ ਜਾਂਦੀਆਂ।”
ਰੀਗਲ ਪੈਲੇਸ ਦਾ ਹਾਲ ਖਚਾਖਚ ਭਰਿਆ ਹੋਇਆ ਸੀ। ਰਿਸ਼ਤੇਦਾਰ ਅਤੇ ਪੰਜਾਬ ਹਰਿਆਣਾ ਦੇ ਨਾਲਦੇ ਸਕੂਲਾਂ ਤੋਂ ਆਏ ਅਧਿਆਪਕ ਸਾਬਕਾ ਤੇ ਮੌਜੂਦਾ ਸਭ ਪਕੌੜਿਆਂ ਦੀਆਂ ਭਰੀਆਂ ਪਲੇਟਾਂ ਨਾਲ ਮੇਰੇ ਕਰਾਰੇ ਜਿਹੇ ਦੋ ਸ਼ਬਦ ਸੁਣਕੇ ਹੱਸ ਰਹੇ ਸਨ।
“ਇਹੋ ਜਿਹੇ ਪ੍ਰੋਗਰਾਮਾਂ ਤੇ ਸਬੰਧਿਤ ਵਿਅਕਤੀ ਦੇ ਝੂਠੇ ਸੱਚੇ ਗੁਣ ਗਾਏ ਜਾਂਦੇ ਹਨ। ਫਾਲਤੂ ਵਡੀਆਈਆਂ ਕੀਤੀਆਂ ਜਾਂਦੀਆਂ ਹਨ। ਸਾਹਮਣੇ ਬੈਠੇ ਲੋਕ ਕਹਿੰਦੇ ਹਨ ਬੱਸ ਕਰ ਯਾਰ, ਜਾਣਦੇ ਹਾਂ ਇਸ ਦੀ ਅਸਲੀਅਤ। ਪਰ ਇੱਥੇ ਮੈਂ ਕੋਈਂ ਫੋਕੇ ਫਾਇਰ ਨਹੀਂ ਕਰ ਰਿਹਾ। ਮੈਂ ਸਭ ਅੱਖੀਂ ਵੇਖੀਆਂ ਤੇ ਹੱਡੀ ਹੰਢਾਈਆਂ ਗੱਲਾਂ ਕਰ ਰਿਹਾ ਹਾਂ। ਜੋ ਸੱਚ ਹੈ ਹਕੀਕਤ ਹੈ ਤੇ ਮੈਂ ਹੀ ਨਹੀਂ ਸਭ ਹਾਜ਼ਰੀਨ ਨੇ ਵੇਖੀ ਸੁਣੀ ਹੈ।” ਹੱਥ ਵਿੱਚ ਮਾਇਕ ਫੜ੍ਹਕੇ ਮੈਂ ਖੁਲ੍ਹੀਆਂ ਗੱਲਾਂ ਕਰ ਰਿਹਾ ਸੀ ਦਰਸ਼ਕ ਮੇਰੇ ਨਾਲ ਸਹਿਮਤ ਨਜ਼ਰ ਆ ਰਹੇ ਸਨ ਤੇ ਉਹ ਗੰਭੀਰ ਸਨ। ਮੈਡਮ ਜਸਵੀਰ ਦੇ ਦੋਨੇ ਬੇਟੇ ਮਨਪ੍ਰੀਤ ਤੇ ਹਰਪ੍ਰੀਤ ਆਪਣੀ ਮੰਮੀ ਤੇ ਲੱਗਿਆ ਤਵਾ ਧਿਆਨ ਨਾਲ ਸੁਣ ਰਹੇ ਸਨ ਭਾਵੇਂ ਉਹ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਅਤੇ ਓਹਨਾ ਨੂੰ ਸਟਾਲਾਂ ਤੱਕ ਪਹੁਚਾਉਣ ਵਿੱਚ ਰੁੱਝੇ ਹੋਏ ਸਨ।
“ਇੱਕ ਗੱਲ ਹੋਰ ਚੇਤੇ ਆਗੀ। ਸੁਣਾਏ ਬਿਨ ਰਹਿ ਨਹੀਂ ਹੁੰਦਾ। ਇਹਨਾਂ ਦੇ ਬੇਟੇ ਦਾ ਵਿਆਹ ਸੀ। ਖੋਰੇ ਵੱਡੇ ਦਾ ਹੀ ਸੀ। ਪੰਦਰਾਂ ਦਿਨ ਪਹਿਲਾਂ ਇਹ ਦੋਨੇ ਜੀਅ ਆਕੇ ਸਾਨੂੰ ਨਿਉਂਦ ਗਏ। ਅਸੀਂ ਵੀ ਪੂਰੀ ਤਿਆਰੀ ਕਰ ਲਈ। ਬਰਾਤ ਤੋਂ ਪਹਿਲੀ ਰਾਤ ਇਹ ਸਾਨੂੰ ਬਰਾਤ ਜਾਣ ਲਈ ਫੋਨ ਕਰਨਾ ਭੁੱਲ ਗਏ। ਉਂਜ ਇਹ ਜਰੂਰੀ ਵੀ ਨਹੀਂ ਹੁੰਦਾ । ਮੇਰੇ ਮੈਡਮ ਗੁੱਸੇ ਹੋਗੇ ਤੇ ਮੈਂ ਵੀ ਮਾਂਹ ਦੇ ਆਟੇ ਵਾਂਗ ਆਕੜ ਗਿਆ। ਸਾਡਾ #ਸੇਠੀਪੁਣਾ ਜਾਗ ਗਿਆ। ਸਵੇਰੇ ਬਰਾਤ ਜਾਣ ਵੇਲੇ ਫੋਨ ਆਇਆ। ਅਸੀਂ ਮਿੱਠਾ ਜਿਹਾ ਜਵਾਬ ਦੇ ਦਿੱਤਾ। ਅਸੀ ਬਰਾਤ ਨਹੀਂ ਗਏ। ਇਹਨਾਂ ਨੇ ਪਤਾ ਨਹੀਂ ਦੋ ਦਿਨ ਕਿਵੇਂ ਲੰਘਾਏ। ਤੀਜੇ ਦਿਨ ਦੋਨੇ ਜੀਅ ਹੱਸਦੇ ਹੋਏ ਸਾਡੇ ਘਰ ਆਏ। ਨਾਲੇ ਤਾਂ ਬਿਨਾਂ ਕਸੂਰ ਤੋਂ ਮੁਆਫ਼ੀ ਮੰਗੀ ਤੇ ਨਾਲੇ ਤਿੰਨ ਚਾਰ ਕਿੱਲੋ ਭਾਜੀ ਦੇ ਨਾਲ ਮੈਡਮ ਨੂੰ ਵਧੀਆ ਸੂਟ ਤੇ ਮੈਨੂੰ ਡੱਬੀਆਂ ਵਾਲਾ ਖੇਸ ਦੇਕੇ ਗਏ। ਖੇਸ ਵੇਖਕੇ ਮੇਰਾ ਗੁੱਸਾ ਠੰਡਾ ਪੈ ਗਿਆ। ਇਹ ਇਹਨਾਂ ਦੋਨਾਂ ਦੀ ਕਮਾਲ ਦੀ ਸਖਸ਼ੀਅਤ ਦਾ ਨਮੂਨਾ ਹੈ। ਸ਼ਾਂਤ ਚਿੱਤ ਤੇ ਹੱਸਮੁੱਖ ਕਮਾਲ ਦੀ ਜੋੜੀ।”
ਮੈਂ ਵੇਖਿਆ ਮੇਰੀ ਮੈਡਮ ਮੈਂਨੂੰ ਮਿੱਠਾ ਜਿਹਾ ਘੂਰ ਰਹੀ ਸੀ ਕਿ ਘਰ ਦੀਆਂ ਗੱਲਾਂ ਪਬਲਿਕ ਵਿੱਚ ਕਿਉਂ ਕਰੀ ਜਾਂਦੇ ਹੋ। ਡਰਦਾ ਹੋਇਆ ਮੈਂ ਮੇਰੇ ਅਖੌਤੀ ਦੋ ਸ਼ਬਦਾਂ ਨੂੰ ਵਿਰਾਮ ਦੇਣ ਦੀ ਸੋਚਣ ਲੱਗਿਆ।
“ਮੈਡਮ ਜਸਵੀਰ ਜੀ, ਸੇਵਾਮੁਕਤੀ ਜਿੰਦਗੀ ਦਾ ਮਹੱਤਵਪੂਰਣ ਪੜਾਅ ਹੁੰਦਾ ਹੈ। ਜਨਮ ਪੜ੍ਹਾਈ ਨੌਕਰੀ ਵਿਆਹ ਵਾੰਗੂ। ਤੁਸੀਂ ਨੌਕਰੀ ਤੋਂ ਬੇਦਾਗ ਸੇਵਾਮੁਕਤ ਹੋਏ ਹੋ। ਮੈਂ ਤੁਹਾਨੂੰ ਦਿਲੀ ਵਧਾਈ ਦਿੰਦਾ ਹਾਂ। ਤੇ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ ਹਾਂ ਕਿ ਹੁਣ ਤੁਸੀਂ ਐਵੇਂ ਨਾ ਹੱਸ ਹੱਸਕੇ ਨੂੰਹਾਂ ਦੇ ਸਾਰੇ ਕੰਮ ਕਰਕੇ ਇਹਨਾਂ ਨੂੰ ਸਿਰ ਨਾ ਚੜਾਇਓ। ਉਹਨਾ ਦੇ ਕੰਮਾਂ ਚ ਬਾਹਲੀ ਦਖਲ ਅੰਦਾਜ਼ੀ ਨਾ ਕਰਿਓ। ਤੁਸੀਂ ਪੋਤੇ ਪੋਤੀਆਂ ਨਾਲ ਹੱਸ ਖੇਡਕੇ ਖੁਸ਼ੀਆਂ ਮਨਾਇਓ। ਪੋਤੇ ਪੋਤੀਆਂ ਹੀ ਜਿੰਦਗੀ ਦੀ ਅਸਲ ਕਮਾਈ ਹੁੰਦੇ ਹਨ। ਬਹੁਤ ਕੰਮ ਕਰ ਲਿਆ। ਹੁਣ ਵੇਲਾ ਹੈ ਖੁਸ਼ ਰਹਿਣ ਤੇ ਸਮਾਜ ਸੇਵਾ ਕਰਨ ਦਾ। ਬਾਕੀ ਦੀ ਖੁਸ਼ਹਾਲ ਜਿੰਦਗੀ ਲਈ ਦੁਆਵਾਂ।”
ਜਦੋਂ ਮੈਂ ਨੂੰਹਾਂ ਵਾਲੇ ਸ਼ਬਦ ਬੋਲ ਰਿਹਾ ਸੀ ਤਾਂ ਮੈਡਮ ਜਸਵੀਰ ਦੀਆਂ ਦੋਨੇ ਨੂੰਹਾਂ ਨਵਜੋਤ ਤੇ ਅਮਨ ਘੂਰ ਰਹੀਆਂ ਸਨ। ਕਿ ਐਂਕਲ ਮੰਮੀ ਨੂੰ ਕੀ ਪੁੱਠੀ ਪੱਟੀ ਪੜ੍ਹਾ ਰਹੇ ਹਨ। ਪਰ ਅੰਦਰੋਂ ਖੁਸ਼ ਸਨ ਕਿ ਮੰਮੀ ਨੇ ਕਿਹੜਾ ਆਪਣੀਆਂ ਆਦਤਾਂ ਬਦਲਣੀਆਂ ਹਨ। ਇਹ ਤਾਂ ਇਵੇਂ ਹੀ ਚੱਲੂ। ਮੈਂ ਹੱਥ ਜੋੜ ਕੇ ਸਟੇਜ ਤੋਂ ਉੱਤਰ ਆਇਆ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *