ਕੌਫ਼ੀ ਵਿਦ ਹਰਦਰਸ਼ਨ ਸੋਹਲ | coffee with hardasrhan sohal

ਮੇਰੀ ਅੱਜ ਦੀ ਕੌਫ਼ੀ ਦੇ ਮਹਿਮਾਨ ਉਹ ਨਿਰਾਲੀ ਸਖਸ਼ੀਅਤ ਸੀ ਜਿਸ ਬਾਰੇ ਸ਼ਬਦਾਂ ਵਿੱਚ ਲਿਖਣਾ ਥੋੜਾ ਔਖਾ ਹੈ। ਇਹ ਕਿਸੇ ਇੱਕ ਖੇਤਰ ਦੇ ਮਾਹਿਰ ਨਹੀਂ ਉਹ ਤਾਂ ਬਹੁਗੁਣੀ ਸਖਸ਼ੀਅਤ ਦੇ ਮਾਲਿਕ ਹਨ। ਜਿਸਨੂੰ ਅੰਗਰੇਜ਼ੀ ਵਿੱਚ #ਮਲਟੀਟੈਲੇੰਟਡ ਕਹਿ ਦਿੰਦੇ ਹਨ। Hardarshan Sohal ਜੀ ਨੂੰ ਇੱਕ ਸਕੂਲ ਅਧਿਆਪਕ ਯਾਨੀ ਮਾਸਟਰ ਜੀ ਆਖੀਏ ਯ ਸਹਾਇਕ ਪ੍ਰੋਫ਼ਸਰ। ਆਰਟਿਸਟ ਆਖੀਏ ਯ ਕਲਾਕਾਰ। ਇੱਕ ਵਧੀਆ ਲੇਖਕ ਦੇ ਅਹੁਦੇ ਨਾਲ ਨਿਵਾਜੀਏ ਯ ਇੱਕ ਸੁਹਿਰਦ ਪਾਠਕ ਆਖੀਏ। ਵਿੱਦਿਅਕ ਯੋਗਤਾ ਵਜੋਂ ਸੋਹਲ ਸਾਹਿਬ ਡਬਲ ਐਮ ਏ ਹਨ (ਐੱਮ ਏ ਫਾਈਨ ਆਰਟਸ ਤੇ ਐਮ ਏ ਹਿਸਟਰੀ ਆਫ ਆਰਟਸ) ਆਪਣੀ ਜਿੰਦਗੀ ਦੇ ਬਹੁਤੇ ਸਾਲ ਇਹਨਾਂ ਨੇ ਡਰਾਇੰਗ ਮਾਸਟਰ ਵਜੋਂ ਆਪਣੀ ਜਿੰਦਗੀ ਦੀ ਸ਼ੁਰੂਆਤ ਕੀਤੀ ਅਤੇ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਬੱਚਿਆਂ ਨੂੰ ਪ੍ਰਕਾਰ ਤੇ ਸਕੇਲ ਨਾਲ ਕੋਣ ਬਣਾਉਣੇ ਹੀ ਨਹੀਂ ਸਿਖਾਏ ਸਗੋਂ ਓਹਨਾ ਦੇ ਹੱਥਾਂ ਨੂੰ ਬੁਰਸ਼ ਨਾਲ ਕੈਨਵਸ ਤੇ ਉਤਾਰਨ ਦੀ ਕੋਸ਼ਿਸ਼ ਕੀਤੀ। ਸੋਹਲ ਜੀ ਨੂੰ ਸੂਬਾ ਸਰਕਾਰ ਨੇ ਆਪਣੇ ਸਟੇਟ ਅਵਾਰਡੀ ਦੇ ਸਨਮਾਨ ਨਾਲ ਵੀ ਨਿਵਾਜਿਆ ਅਤੇ ਰਾਸ਼ਟਰੀ ਆਰਟ ਸਨਮਾਨ ਵੀ ਇਹਨਾਂ ਦੀ ਝੋਲੀ ਵਿੱਚ ਹੀ ਪਿਆ। ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਮਾਸਟਰ ਜੀ ਨੇ #ਸੋਹਲ_ਆਰਟਸ ਦੇ ਬੈਨਰ ਹੇਠ ਇੱਕ ਸਥਾਈ ਅੱਡਾ ਬਣਾਇਆ ਹੈ। ਸੋਹਲ ਸਾਹਿਬ ਦੇ ਬਣਾਏ ਚਿੱਤਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਦੇਸ਼ ਦੀਆਂ ਉਮਦਾ ਆਰਟ ਗੈਲਰੀਆਂ ਵਿੱਚ ਮੌਜੂਦ ਹਨ। ਬਾਦਲ ਹਾਊਸ ਬਾਦਲ ਮੋਤੀ ਮਹਿਲ ਤੋਂ ਇਲਾਵਾ ਵੀ ਆਪ ਜੀ ਦੇ ਬਣਾਏ ਚਿੱਤਰ ਜਿੱਥੇ ਵੀ ਲੱਗੇ ਹਨ ਖ਼ੁਦ ਮੂਹੋਂ ਬੋਲਦੇ ਹਨ। ਹਰਦਰਸ਼ਨ ਸਿੰਘ ਦੇ ਬੁਰਸ਼ ਅਤੇ ਰੰਗਾਂ ਦੇ ਸੁਮੇਲ ਤੋਂ ਕੀਤੀ ਚਿੱਤਰਕਾਰੀ ਦਾ ਅਦਭੁਤ ਨਮੂਨਾ ਦੇਸ਼ ਦੇ ਕੋਣੇ ਕੋਣੇ ਵਿੱਚ ਮੌਜੂਦ ਹੈ। ਅਜਿਹੀ ਨਾਇਬ ਕਲਾ ਨੂੰ ਲੋਕ ਗੋਡ ਗਿਫਟਡ ਕਹਿੰਦੇ ਹਨ। ਇਥੇ ਹੀ ਬੱਸ ਨਹੀਂ ਸੋਹਲ ਸਾਹਿਬ ਨੂੰ ਪੁਰਾਣੀਆਂ ਤੇ ਵਿਰਾਸਤੀ ਵਸਤੂਆਂ ਇਕੱਠਾ ਕਰਨ ਦਾ ਨਿਰਾਲਾ ਸ਼ੋਂਕ ਹੈ। ਇਹ ਅਨਮੋਲ ਖਜ਼ਾਨਾ ਵਿਰਸੇ ਨਾਲ ਜੁੜੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਹਨਾਂ ਵਸਤੂਆਂ ਦੇ ਕਦਰਦਾਨ ਇਹਨਾਂ ਦੀ ਇਸ ਕੁਲੈਕਸ਼ਨ ਨੂੰ ਵੇਖਕੇ ਦੰਗ ਰਹਿ ਜਾਂਦੇ ਹਨ। ਸੇਵਾਮੁਕਤੀ ਤੋਂ ਬਾਦ ਸੋਹਲ ਸਾਹਿਬ ਨੂੰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੇ ਸਹਾਇਕ ਪ੍ਰੋਫ਼ਸਰ ਦੇ ਅਹੁਦੇ ਦਾ ਸਨਮਾਨ ਬਖਸ਼ਿਆ। ਇਸ ਕਲਾ ਦੀ ਕਲਾ ਨੇ ਇਹਨਾਂ ਨੂੰ ਮਾਸਟਰ ਤੋਂ ਪ੍ਰੋਫ਼ਸਰ ਜਿਹੇ ਰੁਤਬੇ ਨਾਲ ਨਿਵਾਜ ਦਿੱਤਾ। ਇਸ ਯੂਨੀਵਰਸਿਟੀ ਵਿੱਚ ਪਹਿਲਾਂ ਵੀ ਇਹ ਆਪਣੀਆਂ ਵਰਕਸ਼ਾਪਸ ਆਯੋਜਿਤ ਕਰਦੇ ਰਹੇ ਹਨ। ਅੱਜ ਕਲ੍ਹ ਇਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹਰਮਨ ਪਿਆਰੇ ਪ੍ਰੋਫ਼ਸਰ ਹਨ। ਇਸ ਤੋਂ ਇਲਾਵਾ ਇੱਕ ਲੇਖਕ ਦੇ ਰੂਪ ਵਿੱਚ ਇਹ ਚਾਰ ਕਿਤਾਬਾਂ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੇ ਹਨ। ਤੇ ਕੁਝ ਕੁ ਦਾ ਖੜੜਾ ਤਿਆਰ ਹੈ। ਗੱਲਾਂ ਗੱਲਾਂ ਚੋ ਜਦੋਂ ਗੱਲ ਨਿਕਲੀ ਤਾਂ ਪਤਾ ਲੱਗਿਆ ਕਿ ਇਹਨਾਂ ਦੇ ਨਾਨਕੇ ਮੇਰੇ ਜੱਦੀ ਪਿੰਡ ਘੁਮਿਆਰਾ ਹਨ। ਤੇ ਇਹ ਬਾਬਾ ਮੀਹਾਂ ਸਿੰਘ ਦੇ ਦੋਹਤੇ ਹਨ। ਤਾਂ ਮੈਨੂੰ ਅਪਣੱਤ ਜਿਹੀ ਦਾ ਅਹਿਸਾਸ ਹੋਇਆ। ਉਂਜ ਇਹ ਮੇਰੇ ਦਾਦਾ ਜੀ ਬਾਬੇ ਹਰਗੁਲਾਲ ਦੀ ਹੱਟੀ ਦੇ ਪੁਰਾਣੇ ਗ੍ਰਾਹਕ ਵੀ ਰਹੇ ਹਨ। ਜਦੋਂ ਥੋੜੀ ਜਿਹੀ ਗੱਲ ਅੱਗੇ ਵਧੀ ਤਾਂ ਇਹ ਵੀ ਪਤਾ ਚੱਲਿਆ ਕਿ ਇਹ ਮੇਰੇ ਪਾਪਾ ਜੀ ਦੇ ਖਾਸ ਦੋਸਤ ਮਾਸਟਰ ਦਰਸ਼ਨ ਸਿੰਘ ਮਿਡੂਖੇੜਾ ਦੇ ਕੁੰਵਰ ਸਾ ਹਨ। ਇਸ ਬਹੁਗੁਣੀ ਸਖਸ਼ੀਅਤ ਦੀਆਂ ਖੂਬੀਆਂ ਦਾ ਪਿਟਾਰਾ ਅਜੇ ਖਾਲੀ ਨਹੀਂ ਹੋਇਆ। ਹਰਦਰਸ਼ਨ ਜੀ ਇੱਕ ਵਧੀਆ ਲੋਕ ਗਾਇਕ ਵੀ ਹਨ। ਲੰਮੀ ਹੇਕ ਵਾਲੀਆਂ ਸਿੱਠਣੀਆਂ, ਸੁਹਾਗ, ਦੋਹੇ ਅਤੇ ਬੋਲੀਆਂ ਪਾਉਣ ਦੀ ਅਨੋਖੀ ਕਲਾ ਇਹਨਾਂ ਵਿੱਚ ਮੌਜੂਦ ਹੈ। ਗਿੱਧਾ ਭੰਗੜਾ ਅਤੇ ਮਲਵਈ ਗਿੱਧਾ ਪਾਉਣਾ ਇਹਨਾ ਦੇ ਸ਼ੌਂਕ ਵਿੱਚ ਸ਼ੁਮਾਰ ਹੈ। ਇਹਨਾਂ ਗੱਲਾਂ ਯ ਗੁਣਾ ਨੂੰ ਇਹ ਪੇਸ਼ੇ ਨਾਲ ਨਹੀਂ ਜੋੜਦੇ। ਕਿਸੇ ਵੀ ਮੇਲੇ ਚਾਹੇ ਉਹ ਤਲਵੰਡੀ ਦੀ ਵਿਸ਼ਾਖੀ ਹੋਵੇ ਮੁਕਤਸਰ ਦੀ ਮਾਘੀ ਦਾ ਮੇਲਾ ਹੋਵੇ, ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮੋਹੱਲਾ ਹੋਵੇ ਯ ਛਪਾਰ ਦਾ ਮੇਲਾ, ਤੁਰੇ ਵਾਲੀ ਪੱਗ ਬੰਨ੍ਹਕੇ ਇਹ ਆਪਣੀ ਜੁੰਡਲੀ ਨਾਲ ਕਿਤੇ ਵੀ ਨੱਚਣਾ ਸ਼ੁਰੂ ਕਰ ਦਿੰਦੇ ਹਨ। ਲੰਬੇ ਖੂੰਡੇ ਹੱਥ ਵਿੱਚ ਫੜਕੇ ਜਲੇਬੀਆਂ ਖਾਂਦੇ ਹੋਏ ‘ਹੇ ਹਾਅ ਹੇ ਹਾਅ’ ਕਰਦੇ ਲੋਕਾਂ ਦੀ ਭੀੜ ਇਕੱਠੀ ਕਰ ਲੈਂਦੇ ਹਨ। ਸੁਹਿਰਦ ਪਾਠਕ ਵਾਲੀ ਗੱਲ ਇੰਨੀ ਕੁ ਸੱਚ ਹੈ ਕਿ ਇਹ ਜਿੰਨਾ ਕੁ ਪੜ੍ਹਦੇ ਹਨ ਦਿਲ ਲਗਾਕੇ ਪੜ੍ਹਦੇ ਹਨ। ਬਰੀਕੀ ਅਤੇ ਮਨ ਦੀ ਇਕਾਗਰਤਾ ਦੇ ਨਾਲ। ਪੜ੍ਹਨ ਵਾਲਾ ਹੀ ਚੰਗਾ ਲੇਖਕ ਬਣਦਾ ਹੈ। ਮੇਰੇ ਕਹਾਣੀ ਸੰਗ੍ਰਹਿ ਇੱਕ ਸੋ ਉਂਣਜਾ ਮਾਡਲ ਟਾਊਨ ਵਿੱਚ ਵੀ ਇੰਨਾ ਨੇ ਦਿਲਚਸਪੀ ਦਿਖਾਈ।
ਉਂਜ ਸੋਹਲ ਜੀ ਨੂੰ ਘੁੰਮਣ ਅਤੇ ਉੱਚੀਆਂ ਪਹਾੜੀਆਂ ਚੋਟੀਆਂ ਸਰ ਕਰਨ ਦਾ ਸ਼ੋਂਕ ਵੀ ਹੈ। ਮੈਨੂੰ ਤਾਂ ਮਲਟੀ ਸ਼ਬਦ ਵੀ ਇੰਨਾ ਦੇ ਪੂਰਾ ਫ਼ਿੱਟ ਨਹੀਂ ਬੈਠਦਾ ਲੱਗਦਾ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *