ਮਾਸੀ ਮੂਰਤੀ | maasi moorti

ਸਾਰੇ ਗਲੀ ਮੁਹੱਲੇ ਦੇ ਜੁਆਕ ਤੇ ਸਿਆਣੇ ਤੇ ਉਹਨਾਂ ਦੀਆਂ ਬਹੁਟੀਆਂ ਉਸ ਨੂੰ ਮੂਰਤੀ ਮਾਸੀ ਹੀ ਆਖਦੇ ਹਨ। ਪਰ ਉਸਦੇ ਪੁੱਤ ਤੇ ਨੂੰਹਾਂ ਉਸਨੂੰ ਬੀਬੀ ਆਖਦੇ ਹਨ। ਓਦੋਂ ਮੂਰਤੀ ਮਾਸੀ ਸਾਡੇ ਘਰ ਦੇ ਸਾਹਮਣੇ ਹੀ ਰਹਿੰਦੀ ਸੀ ਜਦੋ ਮੈ ਮੂਰਤੀ ਮਾਸੀ ਨੂੰ ਪਹਿਲੀ ਵਾਰੀ ਵੇਖਿਆ ਸੀ। ਛੋਟਾ ਜਿਹਾ ਘਰ ਸੀ ਮਾਸੀ ਦਾ। ਇੱਕ ਦਰਵਾਜ਼ਾ ਤੇ ਇੱਕ ਕਮਰਾ ਤੇ ਥੋੜਾ ਜਿਹਾ ਵੇਹੜਾ। ਜਦੋ ਮਾਸੀ ਦਾ ਤੀਜਾ ਮੁੰਡਾ ਵਿਆਹਿਆਂ ਗਿਆ ਤਾਂ ਓਹਨਾ ਉਪਰ ਚੁਬਾਰਾ ਪਾ ਲਿਆ। ਮਾਸੀ ਦਾ ਪਰਿਵਾਰ ਵਾਹਵਾ ਵੱਡਾ ਸੀ। ਅੱਜ ਕੱਲ ਇੱਕ ਨੂੰਹ ਸੰਭਾਲਣੀ ਔਖੀ ਹੋ ਜਾਂਦੀ ਹੈ ਪਰ ਮਾਸੀ ਮੂਰਤੀ ਪੰਜ ਨੂੰਹਾਂ ਨੂੰ ਆਪਣੇ ਚੁੱਲ੍ਹੇ ਤੇ ਰੱਖੀ ਬੈਠੀ। ਸਾਰਿਆਂ ਨੂੰ ਇੱਕੋ ਵਰਗਾ ਸਮਝਦੀ। ਤੰਗੀ ਤੁਰਸ਼ੀ ਭਾਵੇਂ ਕਿੰਨੀ ਸੀ ਮਾਸੀ ਮੂਰਤੀ ਨੇ ਕਦੇ ਦਿਲ ਛੋਟਾ ਨਹੀਂ ਕੀਤਾ। ਨਾ ਹੀ ਕਦੇ ਢਿੱਲੀ ਗੱਲ ਕੀਤੀ। ਝੋਰਾ ਤਾਂ ਮਾਸੀ ਨੇ ਕਦੇ ਭੋਰਾ ਵੀ ਨਹੀਂ ਕੀਤਾ। ਮਾਸੜ ਸਾਡਾ ਨਾਲ ਦੇ ਸ਼ਹਿਰ ਸਾਈਕਲ ਮੁਰੰਮਤ ਦਾ ਕੰਮ ਕਰਨ ਜਾਂਦਾ ਸੀ ਤੇ ਰਾਤੀ ਹਨੇਰੇ ਪਏ ਮੁੜਦਾ। ਮਾਸੀ ਨੇ ਆਪਣੀ ਸੂਝ ਬੂਝ ਨਾਲ ਬੱਚੇ ਪਾਲੇ ਤੇ ਉਹ ਆਪਣੀ ਆਪਣੀ ਸਮਰੱਥਾ ਨਾਲ ਆਪਣੇ ਆਪਣੇ ਆਹਰੇ ਲੱਗ ਗਏ।ਤੇ ਰੋਟੀ ਜੋਗੇ ਹੋ ਗਏ। ਮੇਰੀ ਮਾਂ ਦਾ ਮਾਸੀ ਮੂਰਤੀ ਨਾਲ ਬਹੁਤ ਪਿਆਰ ਸੀ। ਸੁੱਖ ਮੌਕੇ ਭਾਵੇ ਮਾਸੀ ਭੋਰਾ ਲੇਟ ਹੋ ਜਾਂਦੀ ਪਰ ਦੁੱਖ ਤੇ ਮੌਕੇ ਸਭ ਤੋਂ ਪਹਿਲਾਂ ਬਹੁੜਦੀ। ਕਈ ਦਿਨਾਂ ਦੀ ਮਾਸੀ ਮੂਰਤੀ ਨੂੰ ਮਿਲਣ ਦੀ ਰੀਝ ਸੀ। ਪਰ ਸਬੱਬ ਹੀ ਨਾ ਬਣਿਆ। ਮਾਂ ਤੇ ਚਲੀ ਗਈ ਤੇ ਮਾਸੀ ਮੂਰਤੀ ਦੇ ਮੁੰਡਿਆਂ ਨੇ ਅਲਗ ਅਲਗ ਮਕਾਨ ਬਣਾ ਲਏ। ਮਾਸੀ ਵੀ ਦੂਰ ਚਲੀ ਗਈ। ਮਾਸੀ ਨੇ ਆਪਣੇ ਮੁੰਡੇ ਵੀ ਵਿਆਹ ਲਾਏ ਤੇ ਫਿਰ ਪੋਤੇ ਵੀ। ਪਰ ਮਾਸੀ ਵੇਖਣ ਵਿੱਚ ਅਜੇ ਵੀ ਉਹੋ ਜਿਹੀ ਦਿਸਦੀ ਹੈ। ਮਾਸੀ ਦਾ ਘਰ ਸ਼ਹਿਰ ਦੇ ਇੱਕ ਪਾਸੇ ਜਿਹੇ ਹੈ। ਫਿਰ ਉਸਦਾ ਪਤਾ ਨਹੀਂ ਕਿ ਕਿਸ ਪੁੱਤ ਦੇ ਘਰ ਹੋਵੇਗੀ। ਜਿਥੇ ਪੱਕੀਆਂ ਮਿਲ ਗਈਆਂ ਓਥੇ ਹੀ ਮਾਸੀ ਨੇ ਛੱਕ ਲੈਣੀਆਂ ਹਨ। ਜਿਸ ਪੁੱਤ ਪੋਤੇ ਨੇ ਭੋਰਾ ਜੋਰ ਪਾਇਆ ਮਾਸੀ ਨੇ ਉਸੇ ਘਰ ਹੀ ਸੋ ਜਾਣਾ ਹੁੰਦਾ ਹੈ। ਇੱਕ ਪੁੱਤ ਨਾਲ ਬੱਝ ਕੇ ਨਹੀਂ ਬੈਠਦੀ ਮਾਸੀ ਮੂਰਤੀ। ਉਂਜ ਮਾਸੀ ਦੇ ਮੁੰਡੇ ਵੀ ਮਿਠਬੋਲੇ ਹਨ। ਬਾਹਰ ਭਾਵੇਂ ਕਿਸੇ ਨੂੰ ਕੁਸਕਣ ਨਾ ਦੇਣ ਪਰ ਸਮਾਜ ਵਿੱਚ ਪੂਰੇ ਮਿਲਾਪੜੇ। ਦੁੱਖ ਵੇਲੇ ਸਾਥ ਦੇਣ ਵਾਲੇ। ਮੁਸੀਬਤ ਵੇਲੇ ਨਾਲ ਖੜ੍ਹਨ ਵਾਲੇ। ਕਹਿੰਦੇ ਜਦੋ ਕਿਸੇ ਨੂੰ ਸੱਚੇ ਦਿਲੋਂ ਯਾਦ ਕਰੀਏ ਤਾਂ ਰੱਬ ਵੀ ਬਹੁੜਦਾ ਹੈ ਬੰਦੇ ਦੀ ਤਾਂ ਕੀ ਮਜਾਲ। ਮਾਸੀ ਨੂੰ ਮਿਲਣ ਦੀ ਤਾਂਘ ਤਾਂ ਕਈ ਦਿਨਾਂ ਦੀ ਸੀ ਪਰ ਮੇਲ ਹੀ ਨਾ ਹੋਇਆ। ਕਈ ਦਿਨ ਹੋਏ ਛੋਟੇ ਭਾਈ ਘਰੇ ਕੋਈ ਫੰਕਸ਼ਨ ਸੀ। ਉਥੇ ਮਾਸੀ ਮੂਰਤੀ ਵੀ ਆਈ ਹੋਈ ਸੀ। ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਸਾਡੇ ਘਰੇ ਫੰਕਸ਼ਨ ਹੋਵੇ ਤੇ ਮਾਸੀ ਮੂਰਤੀ ਨਾ ਆਵੇ। ਮੇਰੀ ਮਾਂ ਦੀ ਸਹੇਲੀ ਤੇ ਗੁਰ ਭੈਣ ਮਾਸੀ ਮੂਰਤੀ ਨੂੰ ਦੂਰੋਂ ਵੇਖਿਆ ਤਾਂ ਮਨ ਗੁਲਾਬ ਵਾਂਗੂ ਖਿੜ੍ਹ ਗਿਆ। ਮਾਸੀ ਇੱਕ ਕੋਨੇ ਜਿਹੇ ਚ ਪਈ ਕੁਰਸੀ ਤੇ ਬਹਿ ਗਈ। ਮੈਂ ਇੱਕ ਦਮ ਜਾਕੇ ਮਾਸੀ ਮੂਰਤੀ ਦੇ ਪੈਰਾਂ ਵਿਚ ਹੀ ਬਹਿ ਗਿਆ। ਮਾਸੀ ਮੂਰਤੀ ਨੇ ਦੋਹਾਂ ਹੱਥਾਂ ਨਾਲ ਮੇਰਾ ਸਿਰ ਪਲੂਸਿਆ। ਮੈਨੂੰ ਲੱਗਿਆ ਜਿਵੇਂ ਮੇਰੇ ਸਾਹਮਣੇ ਮਾਸੀ ਮੂਰਤੀ ਨਹੀਂ ਮੇਰੀ ਮਾਂ ਹੀ ਬੈਠੀ ਹੋਵੇ। ਮੇਰੀ ਮਾਂ ਦੀ ਸਹੇਲੀ ਮਾਸੀ ਮੂਰਤੀ ਮੇਰੇ ਸਾਹਮਣੇ ਸੀ। ਮੈਨੂੰ ਯਾਦ ਆਇਆ ਜਦੋਂ ਕਿਸੇ ਦਾ ਗਲਾ ਪੱਕ ਜਾਂਦਾ ਸੀ। “ਜਾਓ ਮੂਰਤੀ ਕੋਲੋ ਮਾਲਿਸ਼ ਕਰਵਾ ਲਵੋ।” ਮੇਰੀ ਮਾਂ ਆਖਦੀ। ਅਸੀਂ ਸੰਗਦੇ ਨਾ ਜਾਂਦੇ । ਫਿਰ ਮੇਰੀ ਮਾਂ ਮੂਰਤੀ ਮਾਸੀ ਨੂੰ ਘਰੇ ਬੁਲਾ ਲੈਂਦੀ। ਤੇ ਮਾਸੀ ਗਲਾ ਮਲ ਦਿੰਦੀ। ਗਲਾ ਹੀ ਨਹੀਂ ਹੋਰ ਵੀ ਕੋਈ ਦੁੱਖ ਤਕਲੀਫ ਹੁੰਦੀ ਤਾਂ ਮਾਸੀ ਮੂਰਤੀ ਹੀ ਯਾਦ ਆਉਂਦੀ। ਕੋਈ ਨਾ ਕੋਈ ਔਡ਼ ਪੌੜ ਕਰ ਦਿੰਦੀ। ਤੇ ਰਮਾਣ ਆ ਜਾਂਦਾ। ਉਂਜ ਵੀ ਮਰੇ ਜੰਮੇ ਤੇ ਮਾਸੀ ਮੂਰਤੀ ਹੀ ਮੂਹਰੇ ਹੁੰਦੀ । ਚਾਹੇ ਕਿਸੇ ਘਰੇ ਵੀ ਹੋਵੇ। ਮਾਸੀ ਮੂਰਤੀ ਦਾ ਇੱਕਲੇ ਸਾਡੇ ਪਰਿਵਾਰ ਨਾਲ ਹੀ ਬਹੁਤਾ ਪਿਆਰ ਨਹੀਂ ਹੈ। ਉਹ ਤਾਂ ਸਾਰਿਆਂ ਦੀ ਮਾਸੀ ਹੈ। ਸਾਰਿਆਂ ਦੀ ਹੀ ਸਕੀ । ਹਰ ਘਰ ਨਾਲ ਹੀ ਉਸਦਾ ਉੱਨਾ ਹੀ ਮੋਹ ਹੈ। ਮਾਸੀ ਦਾ ਮਿਲਾਪੜਾ ਸੁਭਾਅ ਹੀ ਉਸਦੀ ਜਗਤ ਮਾਸੀ ਹੋਣ ਦਾ ਮੁੱਖ ਕਾਰਨ ਹੈ। ਜਦੋ ਵੱਡਿਆਂ ਦੀ ਘਾਟ ਰੜਕਦੀ ਹੈ ਤਾਂ ਮੂਰਤੀ ਮਾਸੀ ਹੀ ਯਾਦ ਆਉਂਦੀ ਹੈ। ਤੇ ਉਹ ਬਹੁੜਦੀ ਵੀ ਹੈ। ਜਗਤ ਮਾਸੀ ਜੋ ਠਹਿਰੀ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *