ਗਿਆਨੀ ਅਚਾਰ ਵਾਲਾ | gyani achaar wala

ਕੇਰਾਂ ਅਸੀਂ ਹਰਿਦਵਾਰ ਰਿਸ਼ੀਕੇਸ਼ ਘੁੰਮਣ ਗਏ। ਪਾਪਾ ਜੀ ਮਾਤਾ ਅਤੇ ਬੀਵੀ ਬੱਚੇ ਨਾਲ ਸੀ। ਸ਼ਾਮੀ ਬਜ਼ਾਰ ਖਰੀਦਦਾਰੀ ਕਰਨ ਨਿਕਲ ਗਏ।ਕਿਉਂਕਿ ਪੂਜਾ ਪਾਠ ਤੇ ਪ੍ਰੋਹਿਤ ਪੂਜਾ ਆਪਾਂ ਕਰਨੀ ਨਹੀਂ ਸੀ। ਪਰ ਬਜ਼ਾਰ ਵਿੱਚ ਵੀ ਤਾਂ ਫਿੱਕੀਆਂ ਖਿੱਲਾਂ ਨਾਰੀਅਲ ਯਾਨੀ ਪ੍ਰਸ਼ਾਦ ਦੀਆਂ ਹੀ ਦੁਕਾਨਾਂ ਸਨ। ਵਾਹਵਾ ਲੰਬਾ ਗੇੜਾ ਲਾਇਆ। ਜੁਆਕਾਂ ਨੇ ਗੋਲ ਗੱਪੇ ਖਾ ਲਏ ਤੇ ਆਸ਼ਰਮ ਨੂੰ ਵਾਪੀਸੀ ਕਰ ਲਈ। ਇੱਕ ਚੁੰਡ ਤੇ ਇੱਕ ਦੁਕਾਨ ਵੇਖੀ ਆਚਾਰ ਦੀ ਦੁਕਾਨ ਸੀ ਉਹ। ਅੰਬ ਨਿੱਬੂ ਹਰੀ ਮਿਰਚ ਲਾਲ ਮਿਰਚ ਲਸਣ ਅਦਰਕ ਔਲੇ ਡੇਲੇ ਤੁੱਕੇ ਗਾਜਰ ਗੋਭੀ ਸ਼ਲਗਮ ਢੇ ਸਾਗ ਦੀਆਂ ਗੰਦਲਾਂ ਕੋੜ ਤੁੰਮੇ ਪਤਾ ਨਹੀਂ ਕੀ ਕੁਝ। ਬਹੁਤੇ ਨਾਮ ਪਹਿਲੀ ਵਾਰੀ ਸੁਣੇ ਸਨ। ਦੁਕਾਨਦਾਰ ਦੱਸ ਦੱਸ ਕੇ ਅੱਕ ਗਿਆ। ਕਿ ਆਹ ਮੁਫ਼ਤ ਦੀ ਮਗਜ ਮਾਰੀ ਵਾਲੇ ਕਿਥੋਂ ਆ ਗਏ। ਫਿਰ ਪਾਪਾ ਜੀ ਨੇ ਪਾਈਆ ਪਾਈਆ ਆਚਾਰ ਲੈਣਾ ਸ਼ੁਰੂ ਕੀਤਾ। ਕੋਈ ਪੰਦਰਾਂ ਲਿਫਾਫੇ ਬਣਵਾ ਲਏ। ਟੂਰ ਦੌਰਾਨ ਆਚਾਰ ਬੈਗ ਵਿਚ ਹੀ ਪਿਆ ਰਿਹਾ। ਘਰੇ ਆ ਕੇ ਆਚਾਰ ਚਖਣੇ ਸ਼ੁਰੂ ਕੀਤੇ। ਪਰ ਜਲਦੀ ਹੀ ਆਚਾਰ ਨੂੰ ਉੱਲੀ ਲਗਣੀ ਸ਼ੁਰੂ ਹੋ ਗਈ।ਫਿਰ ਉਹੀ ਹੋਇਆ ਜੋ ਹੁੰਦਾ ਹੈ। ਆਚਾਰ ਸੁੱਟਣਾ ਪੈ ਗਿਆ। ਰੋਜ਼ ਇੱਕ ਅੱਧਾ ਮੁਸ਼ਕ ਮਾਰਦਾ ਲਿਫ਼ਾਫ਼ਾ ਡਸਟ ਬਿੰਨ ਵਿੱਚ ਸੁੱਟਣਾ ਪੈਂਦਾ।
ਡੱਬਵਾਲੀ ਹਰੀ ਰਾਮ ਕਾਮਰੇਡ ਦੀ ਦੁਕਾਨ ਦੇ ਨਾਲ ਇੱਕ ਗਿਆਨੀ ਆਚਾਰ ਵਾਲਾ ਆਇਆ। ਅੱਜ ਕੱਲ ਦੇ ਬਹੁਤੇ ਲੋਕ ਹਰੀ ਰਾਮ ਕਾਮਰੇਡ ਦੀ ਦੁਕਾਨ ਬਾਰੇ ਨਹੀਂ ਜਾਣਦੇ ਹੋਣੇ। ਬੀਕਾਨੇਰ ਬੈੰਕ ਨੇੜੇ ਤੇ ਬਾਂਡੀ ਕਲਾਥ ਹਾਊਸ ਨਾਲ। ਉਸਦਾ ਨਾਮ ਤਾਂ ਗਿਆਨੀ ਆਚਾਰ ਵਾਲਾ ਹੈ ਪਰ ਓਹ ਕਿਥਰੋ ਵੀ ਗਿਆਨੀ ਨਹੀਂ ਲਗਦਾ। ਨਵੀਆਂ ਨੁੱਕ ਪਲਾਸਟਿਕ ਦੀਆਂ ਬਾਲਟੀਆਂ ਰੱਖੀ ਬੈਠਾ ਹੈ। ਜਿਹੜਾ ਮਰਜੀ ਆਚਾਰ ਮੰਗ ਲਵੋ। ਜਵਾਂ ਤਾਜ਼ਾ ਮਿਲੂ। ਮੁਰੱਬੇ ਵੀ ਸਾਰੇ। ਔਲਾ ਕੈਂਡੀ ਵੀ। ਉਂਜ ਤਾਂ ਪਾਨੀਪਤ ਨੂੰ ਆਚਾਰ ਦਾ ਘਰ ਆਖਦੇ ਹਨ। ਪਰ ਅਸੀਂ ਬੇਟੇ ਨੂੰ ਅਕਸਰ ਡੱਬਵਾਲੀ ਦੇ ਗਿਆਨੀ ਕੋਲੋ ਆਚਾਰ ਲੈ ਕੇ ਭੇਜਦੇ। ਕੀ ਮਜ਼ਾਲ ਕਦੇ ਕੋਈ ਆਚਾਰ ਖਰਾਬ ਹੋ ਜਾਵੇ। ਖਾਲੀ ਲਿਫ਼ਾਫ਼ਾ ਵੀ ਅੰਦਰੋਂ ਸਾਫ ਕਰ ਦੇਈਦਾ ਹੈ। ਕੇਰਾਂ ਕੋਈ ਜਾਣ ਪਹਿਚਾਣ ਦੀ ਔਰਤ ਖੜੀ ਮਿਲ ਗਈ। ਅਸੀਂ ਵੀ ਆਚਾਰ ਲੈਣ ਹੀ ਗਏ ਸੀ ਉਥੇ। ਉਸ ਨੇ ਤਿੰਨ ਕਿੱਲੋ ਅੰਬ ਤਿੰਨ ਕਿੱਲੋ ਹਰੀ ਮਿਰਚ ਤੇ ਤਿੰਨ ਕਿਲੋ ਨਿੰਬੂਆਂ ਦਾ ਆਚਾਰ ਲਿਆ। ਅਸੀਂ ਪਾਈਆ ਪਾਈਆ ਦੇ ਗ੍ਰਾਹਕ। ਇੰਨਾ ਆਚਾਰ। ਪੁੱਛੇ ਬਿਨ ਮੈਥੋਂ ਰਹਿ ਨਾ ਹੋਇਆ। ਆਹ ਕੀ ਬਾਹਲਾ ਹੈ। ਵਾਢੀ ਸ਼ੁਰੂ ਹੋਣ ਵਾਲੀ ਹੈ। ਆਚਾਰ ਤੇ ਚਾਹੀਦਾ ਹੀ ਹੈ। ਮੈਥੋਂ ਨਹੀਂ ਘਰੇ ਆਚਾਰ ਪਾਉਣ ਦਾ ਜੱਬ ਹੁੰਦਾ। ਮੈਂ ਤਾਂ ਵਿਚਾਰੇ ਗਿਆਨੀ ਕੋਲੋ ਹੀ ਆਚਾਰ ਲੈ ਜਾਂਦੀ ਹਾਂ। ਪੂਰਾ ਨੋ ਕਿਲੋ ਆਚਾਰ ਦੇ ਲਿਫਾਫੇ ਗੱਟੇ ਵਿਚ ਪਾ ਕੇ ਉਸਨੇ ਕੋਲ ਖੜੀ ਟਰਾਲੀ ਚ ਰਖਵਾ ਲਿਆ। ਅਸੀਂ ਵੀ ਪਾਈਆ ਪਾਈਆ ਵਾਲੇ ਤਿੰਨੇ ਲਿਫਾਫੇ ਚੁੱਕ ਕੇ ਸਕੂਟੀ ਤੇ ਘਰੇ ਆ ਗਏ।
ਇਸ ਦਾ ਤੂੰ ਕੀ ਫ਼ਲਾਂਨਿਆ ਆਚਾਰ ਪਾਉਣਾ ਹੈ। ਅਕਸਰ ਲੋਕ ਕਹਿੰਦੇ ਹਨ। ਹਰ ਚੀਜ਼ ਦਾ ਆਚਾਰ ਪਾਇਆ ਜਾ ਸਕਦਾ ਹੈ। ਨੋਨ ਵੇਜ ਆਚਾਰ ਦੀ ਆਪਾਂ ਗੱਲ ਨਹੀਂ ਕਰਦੇ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *