ਪਾਠ ਦਾ ਭੋਗ | path da bhog

1971 ਦੀ ਹਿੰਦ ਪਾਕ ਜੰਗ ਤੋਂ ਕੁਝ ਮਹੀਨੇ ਪਹਿਲਾ ਅਸੀਂ ਘਰੇ ਸ੍ਰੀ ਆਖੰਡ ਪਾਠ ਕਰਵਾਇਆ ਸੀ। ਜਿਸ ਵਿੱਚ ਸਾਰੇ ਰਿਸ਼ਤੇਦਾਰ ਬੁਲਾਏ ਗਏ ਸਨ। ਤੇ ਸੱਦਾ ਦੇਣ ਲਈ ਵੀ ਬਕਾਇਦਾ ਕਾਰਡ ਵੀ ਛਪਵਾਏ ਗਏ ਸਨ। ਮੇਰੀਆਂ ਭੂਆ ਤੋ ਲੈ ਕੇ ਮੇਰੇ ਦਾਦੇ ਦੀ ਭੂਆ ਤੇ ਬਾਕੀ ਸਾਰੇ ਨਾਨਕਿਆਂ ਨੂੰ ਬੁਲਾਇਆ ਗਿਆ ਸੀ। ਸ਼੍ਰੀ ਆਖੰਡ ਪਾਠ ਵਾਸਤੇ ਗ੍ਰੰਥੀ ਸਿੰਘ ਵੀ ਮੰਡੀ ਤੋਂ ਉਚੇਚੇ ਬੁਲਾਏ ਗਏ ਸਨ। ਇਹ ਡਿਊਟੀ ਮੰਡੀ ਰਹਿੰਦੀ ਮੇਰੀ ਛੋਟੀ ਭੂਆ ਅਤੇ ਫੁਫੜ ਜੀ ਨੂੰ ਸੌਂਪੀ ਗਈ ਸੀ। ਓਹਨਾ ਗ੍ਰੰਥੀਆਂ ਦੀ ਖੂਬਸੇਵਾ ਕੀਤੀ ਗਈ। ਉਸ ਸਮੇ ਜਿਆਦਾਤਰ ਦੋ ਕਿਸਮ ਦੀਆਂ ਸਾਬਣਾਂ ਹੁੰਦੀਆਂ ਸਨ ਲਾਇਫ਼ਬੁਆਏ ਤੇ ਸਨਲਾਈਟ। ਲਾਇਫ਼ਬੁਆਏ ਨਹਾਉਣ ਵਾਸਤੇ ਤੇ ਸਨਲਾਈਟ ਕਪੜੇ ਧੋਣ ਵਾਸਤੇ। ਲਕਸ ਤੇ ਹਮਾਮ ਸਾਬੁਣ ਤਾਂ ਕਦੇ ਕਿਸੇ ਨੇ ਵੇਖੀ ਹੀ ਨਹੀ ਸੀ। ਭੂਆ ਜੀ ਦੇ ਕਹਿਣ ਤੇ ਗ੍ਰੰਥੀ ਸਿੰਘਾਂ ਲਈ ਲਕਸ ਸਾਬੁਣ ਲਿਆਂਦੀ ਗਈ। ਪਰ ਜਦੋ ਮੇਰੇ ਪਾਪਾ ਨੇ ਗ੍ਰੰਥੀਆਂ ਨੂੰ ਲਕਸ ਸਾਬੁਨ ਨਾਲ ਵੱਡੇ ਵੱਡੇ ਕਛਿਹਰੇ ਧੋਂਦੇ ਵੇਖਿਆ ਤਾਂ ਓਹ ਬਹੁਤ ਗੁੱਸੇ ਹੋਏ। ਪਰ ਗ੍ਰੰਥੀ ਦੰਦ ਕੱਢ ਕੇ ਬੇ ਸ਼ਰਮੀ ਜਿਹੀ ਨਾਲ ਹੱਸਦੇ ਰਹੇ। ਉਹ ਦਾਲਾਂ ਸਬਜ਼ੀਆਂ ਵਿੱਚ ਕਹਿਕੇ ਦੇਸੀ ਘਿਓ ਪਵਾਉਂਦੇ ਤੇ ਫਿਰ ਪਾਠ ਪੜ੍ਹਨ ਵੇਲੇ ਖੋਂ ਖੋਂ ਕਰਦੇ। ਭੋਗ ਤੋਂ ਬਾਅਦ ਸਾਰੇ ਪਿੰਡ ਵਿਚ ਸੂਜੀ ਦਾ ਕੜਾਹ ਵੰਡਿਆ ਗਿਆ ਜੋ ਬਹੁਤੇ ਲੋਕਾਂ ਨੇ ਪਹਿਲੀ ਵਾਰ ਹੀ ਖਾਧਾ ਸੀ। ਦੂਰੋਂ ਦੂਰੋਂ ਰਿਸ਼ਤੇਦਾਰ ਆਏ ਸਨ। ਤਿੰਨ ਚਾਰ ਦਿਨ ਘਰੇ ਖੂਬ ਰੋਣਕਾਂ ਲੱਗੀਆਂ ਰਹੀਆਂ। ਬਹੁਤ ਰਿਸ਼ਤੇਦਾਰ ਤਾਂ ਭੋਗ ਤੋ ਅਗਲੇ ਦਿਨ ਵਾਪਿਸ ਗਏ। ਧੀਆਂ ਭੈਣਾਂ ਤੇ ਹੋਰਾਂ ਨਜਦੀਕੀ ਕੁੜੀਆਂ ਨੂੰ ਦੇਣ ਲਈ ਸੂਟਾਂ ਦੇ ਕਪੜੇ ਦੇ ਇੱਕੋ ਨਾਲਦੇ ਇੱਕੋ ਰੰਗ ਤੇ ਡਿਜਾਇਨ ਦੇ ਥਾਨ ਲਿਆਂਦੇ ਗਾਏ। ਤਾਂ ਕਿ ਕੋਈ ਰੀਸ ਰੋਸਾ ਨਾ ਰਹੇ। ਮੇਰੇ ਚੱਕ ਸ਼ੇਰੇ ਵਾਲੇ ਫੁਫੜ ਜੀ, ਪਾਪਾ ਜੀ ਦੀ ਭੂਆ ਦੇ ਲੜਕੇ ਮੇਰੇ ਤਾਇਆ ਜੀ ਤੇ ਸੇਖੂਪੁਰ ਦਰ੍ਹੋਲੀ ਵਾਲੇ ਚੋਧਰੀ ਜਾਟ ਵਿਸ਼ੇਸ਼ ਰੂਪ ਵਿਚ ਆਪਣੀ ਆਪਣੀ ਜੀਪ ਤੇ ਆਏ। ਓਹਨਾ ਦਿਨਾਂ ਵਿੱਚ ਆਪਣੀ ਜੀਪ ਹੋਣੀ ਬਹੁਤ ਵੱਡੀ ਗੱਲ ਹੁੰਦੀ ਸੀ। ਚੋਧਰੀ ਜਾਟ ਆਪਣੇ ਨਾਲ ਦੋ ਪਿੱਤਲ ਦੀਆਂ ਟੋਕਨੀਆਂ ਦੁੱਧ ਦੀਆਂ ਭਰਕੇ ਲਿਆਏ। ਪਰ ਬਦਕਿਸਮਤੀ ਨਾਲ ਸਾਰਾ ਦੁੱਧ ਫੱਟ ਗਿਆ। ਤੇ ਓਹ ਮੱਝਾਂ ਨੂੰ ਪਿਲਾਇਆ ਗਿਆ। ਕਿਉਂਕਿ ਉਸ ਸਮੇਂ ਕਿਸੇ ਨੂੰ ਫਟੇ ਦੁੱਧ ਤੋਂ ਪਨੀਰ ਬਣਾਉਣ ਦੀ ਜਾਣਕਾਰੀ ਨਹੀ ਸੀ। ਤੇ ਨਾ ਹੀ ਅਸੀਂ ਪਨੀਰ ਬਾਰੇ ਕਦੇ ਸੁਣਿਆ ਸੀ। ਰਾਤ ਨੂੰ ਬਾਰਾਂ ਬੋਰ ਦੀ ਬੰਦੂਕ ਨਾਲ ਫਾਇਰ ਵੀ ਕੀਤੇ ਗਏ। ਇਹ ਸਾਡੇ ਲਈ ਨਵੀ ਗੱਲ ਸੀ। ਓਹ ਸਮਾਂ ਬਹੁਤ ਵਧੀਆ ਸੀ। ਸਾਰੇ ਰਿਸ਼ਤੇਦਾਰ ਖੁਸ਼ ਸਨ ਤੇ ਇਓਂ ਲਗਦਾ ਸੀ ਜਿਵੇ ਓਹ ਵਹਿਲੇ ਹੀ ਹੋਣ। ਓਹਨਾ ਨੇ ਆਪੇ ਹੀ ਰੋਟੀਆਂ ਸਬਜੀਆਂ ਬਣਾਈਆਂ ਆਪ ਹੀ ਖਾਧੀਆਂ ਤੇ ਦੂਜਿਆਂ ਨੂੰ ਖਵਾਈਆਂ। ਅੱਜ ਕੱਲ ਤੇ ਕਿਸੇ ਕੋਲੇ ਸਮਾਂ ਹੀ ਨਹੀ। ਪਹਿਲੀ ਗੱਲ ਤਾਂ ਰਿਸ਼ਤੇਦਾਰਾਂ ਕੋਲੇ ਸਮਾਂ ਹੀ ਨਹੀ। ਜੇ ਖੁਸ਼ੀ ਗਮੀ ਵਿਆਹ ਮਰਨੇ ਤੇ ਅਉਣਾ ਵੀ ਪੈ ਜਾਵੇ ਤਾਂ ਮੌਕੇ ਦੇ ਮੌਕੇ ਹੀ ਅਉਂਦੇ ਹਨ। ਵੇਖਿਆ ਗਿਆ ਹੈ ਕਿ ਨਾਨਕੇ ਵੀ ਮੈਰਿਜ ਪੇਲੇਸ ਵਿਚ ਦੋ ਘੰਟਿਆਂ ਵਿਚ ਨਾਨਕਾ ਛੱਕ ਭਰ ਕੇ ਵਾਪਿਸ ਪਰਤ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *